ਚੈਨ ਦੀ ਨੀਂਦ ਕਿਵੇਂ ਆਏ ?
ਸਿਹਤਮੰਦ ਸਰੀਰ ਲਈ ਪੂਰੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਰੁਝੇਵਿਆਂ ਭਰੇ, ਆਧੁਨਿਕ ਤੇ ਤਣਾਅ ਭਰੇ ਜੀਵਨ ਵਿਚ ਭਰਪੂਰ ਨੀਂਦ ਸੁਪਨੇ ਵਾਲੀ ਗੱਲ ਬਣਦੀ ਜਾ ਰਹੀ ਹੈ । ਹਰ ਮਨੁੱਖ ਸੁਖੀ ਰਹਿੰਦਿਆਂ ਵੀ ਕਿਸੇ ਨਾ ਕਿਸੇ ਕਾਰਨ ਫਿਕਰਮੰਦ ਤੇ ਪ੍ਰੇਸ਼ਾਨ ਹੈ ਜਿਸ ਕਾਰਨ ਉਸ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ । ਕਿਉਂ ਨਾ ਅਸੀਂ ਚੰਗੀ ਨੀਂਦ ਦੇ ਭੇਦ ਜਾਣੀਏ ਤੇ ਚੈਨ ਨਾਲ ਸੌਂਈਏ ।
* ਸਭ ਤੋਂ ਪਹਿਲਾਂ ਸੌਣ ਤੇ ਜਾਗਣ ਦਾ ਸਮਾਂ ਨਿਸ਼ਚਿਤ ਕਰ ਲਵੋ ਅਤੇ 6 - 7 ਘੰਟੇ ਜ਼ਰੂਰ ਸੌਂਵੋ ।
* ਪ੍ਰਵਾਰ ਵਿੱਚ ਅਤੇ ਘਰੋਂ ਬਾਹਰ ਛੋਟੀਆਂ - ਛੋਟੀਆਂ ਗੱਲਾਂ 'ਤੇ ਮਨਮੁਟਾਅ ਨਾ ਕਰੋ ਅਤੇ ਨਾ ਹੀ ਉਤੇਜਿਤ ਹੋਵੋ । ਦੂਜੇ ਨੂੰ ਗਲਤੀ ਦਾ ਅਹਿਸਾਸ ਦਿਵਾਓ । ਕਿਸੇ ਨਾਲ ਈਰਖਾ ਨਾ ਕਰੋ। ਹਮੇਸ਼ਾ ਖੁਸ਼ ਰਹੋ ਅਤੇ ਮੁਸਕਰਾਉਂਦੇ ਰਹੋ । ਭੋਜਨ ਪੌਸ਼ਟਿਕ ਤੇ ਪਚਣਯੋਗ ਹੋਵੇ ਸੌਣ ਤੋਂ 2 - 3 ਘੰਟੇ ਪਹਿਲਾਂ ਹੀ ਭੋਜਨ ਕਰੋ । ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ ।
* ਤੁਹਾਡਾ ਬਿਸਤਰਾ ਸਾਫ - ਸੁਥਰਾ, ਆਰਾਮਦੇਹ ਤੇ ਇਕਾਂਤ 'ਚ ਹੋਵੇ । ਹਵਾ ਆਉਂਦੀ ਹੋਵੇ । ਤੁਸੀਂ ਬਿਲਕੁਲ ਤਰੋਤਾਜ਼ਾ ਹੋ ਕੇ ਜਾਵੋ । ਸੌਣ ਵਾਲੇ ਕੱਪਡ਼ੇ ਪਾ ਕੇ, ਬਰੱਸ਼ ਕਰਕੇ ਅਤੇ ਹਲਕਾ ਜਿਹਾ ਟੈਲਕਮ ਪਾਊਡਰ ਲਗਾ ਕੇ ਕਮਰੇ ਦਾ ਵਾਤਾਵਰਣ ਅੱਖਾਂ ਨੂੰ ਚੰਗਾ ਲੱਗਣ ਵਾਲਾ ਬਣਾਓ ।
* ਮਨ ਵਿਚ ਹਮੇਸ਼ਾ ਚੰਗੇ ਵਿਚਾਰ ਰੱਖੋ । ਜੇ ਨੀਂਦ ਨਾ ਆਏ ਤਾਂ ਚੰਗੀ ਕਿਤਾਬ ਵਗੈਰਾ ਪੜ੍ਹ ਸਕਦੇ ਹੋ ।
* ਚਿੰਤਾ ਤੇ ਪ੍ਰੇਸ਼ਾਨੀ ਨੂੰ ਤਿਆਗ ਦਿਓ । ਇਹ ਸੋਚੋ ਕਿ ਭਵਿੱਖ ਵਿਚ ਜੋ ਵੀ ਹੋਵੇਗਾ, ਚੰਗਾ ਹੀ ਹੋਵੇਗਾ ।
* ਨੀਂਦ ਦੀਆਂ ਗੋਲੀਆਂ ਨਾ ਖਾਓ । ਜ਼ਿਆਦਾ ਦੇਰ ਤਕ ਸੌਣਾ ਸਰੀਰ ਲਈ ਠੀਕ ਨਹੀਂ ਹੁੰਦਾ ਕਿਉਂਕਿ ਇਸ ਨਾਲ ਮਨ ਤੇ ਸਰੀਰ ਵਿਚ ਆਲਸ ਵਧਦਾ ਹੈ । ਨੀਂਦ ਡੂੰਘੀ ਤੇ ਭਰਪੂਰ ਲਵੋ ਪਰ ਆਮ ਨਾਲੋਂ ਜ਼ਿਆਦਾ ਨਹੀਂ ।
* ਤੁਸੀਂ ਜ਼ਿਆਦਾ ਥੱਕੇ ਹੋਵੇ ਅਤੇ ਕਿਸੇ ਕਾਰਨ ਸੌਂ ਨਾ ਸਕੋ ਤਾਂ ਸਮਾਂ ਕੱਢ ਕੇ ਸਭ ਕੁਝ ਭੁੱਲ ਕੇ ਸੌਂ ਜਾਵੋ । ਜਦੋਂ ਤੁਹਾਡੀ ਨੀਂਦ ਪੂਰੀ ਹੋਵੇਗੀ ਤਾਂ ਤੁਸੀਂ ਖੁਦ ਨੂੰ ਸਿਹਤਮੰਦ ਤੇ ਹਲਕਾ ਮਹਿਸੂਸ ਕਰੋਗੇ ।