ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

22 ਨਵੰਬਰ 2013

ਵ੍ਹਾਈਟ ਹਾਊਸ ਵਿੱਚ ਗੁਰਪੁਰਬ ਮਨਾਇਆ

ਵਾਸ਼ਿੰਗਟਨ 21 ਨਵੰਬਰ :- ਇਥੇ ਵ੍ਹਾਈਟ ਹਾਊਸ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਸਮਾਗਮ ਵਿਚ ਅਮਰੀਕਾ ਭਰ ਤੋਂ ਉੱਘੀਆਂ ਸਿੱਖ ਹਸਤੀਆਂ ਮੌਜੂਦ ਸਨ । ਸਮਾਗਮ ਰਾਸ਼ਟਰਪਤੀ ਬਰਾਕ ਓਬਾਮਾ ਦੀ ਵਿਸ਼ੇਸ਼ ਸਕੱਤਰ ਮੇਲਿਆ ਰੋਜਰਸ ਦੀ ਅਗਵਾਈ ਵਿਚ ਕਰਵਾਇਆ ਗਿਆ । ਓਬਾਮਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵ੍ਹਾਈਟ ਹਾਊਸ ਵਿਚ ਪੁੱਜੇ ਸਿੱਖਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ।

ਸਮਾਗਮ ਵਿਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀ ਤਰਨਜੀਤ ਸਿੰਘ ਸੰਧੂ ਨੇ ਹਾਜ਼ਰ ਸੰਗਤਾਂ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਗੁਰਪੁਰਬ ਦੀਆਂ ਭੇਜੀਆਂ ਵਧਾਈਆਂ ਦਿੱਤੀਆਂ। ਸਮਾਗਮ ਨੂੰ ਭਾਰਤ-ਅਮਰੀਕੀ ਮਿੱਤਰ ਮੰਡਲ ਦੇ ਸਹਿ-ਚੇਅਰਮੈਨ ਜੋਏ ਕਰੋਲੇ, ਵ੍ਹਾਈਟ ਹਾਊਸ ਜਨਤਕ ਸਮਾਗਮ ਦਫਤਰ ਦੇ ਸਲਾਹਕਾਰ ਗੌਤਮ ਰਾਘਵਨ ਸਣੇ ਹੋਰ ਕਈ ਸ਼ਖਸੀਅਤਾਂ ਨੇ ਸੰਬੋਧਨ ਕੀਤਾ।

ਬੀਤੇ ਹਫਤੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਸੀ। ਉਨ੍ਹਾਂ ਸੁਨੇਹੇ ਵਿਚ ਕਿਹਾ ਸੀ, ‘‘ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਸਾਰਥਕ ਹਨ।

ਅਮਰੀਕਾ ਵਿਚ ਵਸੇ ਬਹੁਤੇ ਸਿੱਖਾਂ ਦੇ ਉਹ ਧੰਨਵਾਦੀ ਹਨ, ਕਿਉਂਕਿ ਅਮਰੀਕਾ ਦੀ ਤਰੱਕੀ ਤੇ ਸਰਦਾਰੀ ਵਿਚ ਉਨ੍ਹਾਂ ਦਾ ਵੀ ਵਡਮੁੱਲਾ ਯੋਗਦਾਨ ਹੈ।’’

ਇਸ ਮੌਕੇ ਸਿੱਖ ਧਾਰਮਿਕ ਅਤੇ ਸਿੱਖਿਆ ਕੌਂਸਲ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਕਿਹਾ ਕਿ ਅਸੀਂ ਇਸ ਸ਼ੁਭ ਦਿਹਾੜੇ ’ਤੇ ਰਾਸ਼ਟਰਪਤੀ ਓਬਾਮਾ ਵੱਲੋਂ ਦਿੱਤੀਆਂ ਵਧਾਈਆਂ ਲਈ ਉਨ੍ਹਾਂ ਦੇ ਧੰਨਵਾਦੀ ਹਾਂ। ਉਨ੍ਹਾਂ ਦੇ ਪ੍ਰਸ਼ਾਸਕ ਨੇ ਗੁਰਪੁਰਬ ਮੌਕੇ ਜੋ  ਸ਼ਰਧਾ ਦਿਖਾਈ ਹੈ, ਉਹ ਕਾਬਲ-ਏ-ਤਾਰੀਫ ਹੈ।’’


ਸੁਖਬੀਰ ਸਭ ਤੋਂ ਅਮੀਰ ਸਿੱਖ ਬਣਨ ਲਈ ਯਤਨਸ਼ੀਲ - ਬਾਜਵਾ

 http://sameydiawaaz.com/Archive%20News/%5B2013%5D/11/22.11.2013%20-%2003.jpg

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਵਰਕਰ (ਫੋਟੋ: ਕੁੱਲੇਵਾਲ)

ਗੜ੍ਹਸ਼ੰਕਰ 21 ਨਵੰਬਰ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਗੜ੍ਹਸ਼ੰਕਰ ਪਹੁੰਚਣ ’ਤੇ ਐਡਵੋਕੇਟ ਪੰਕਜ ਕ੍ਰਿਪਾਲ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਗਿਆ । ਸਥਾਨਕ ਦੀਪ ਕਲੋਨੀ ਵਿਖੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਜਵਾ ਨੇ ਕਾਂਗਰਸੀ ਆਗੂਆਂ ਨੂੰ ਇੱਕਜੁੱਟ ਹੋ ਕੇ ਚੱਲਣ ਲਈ ਪ੍ਰੇਰਿਆ । ਇਸ ਸਮੇਂ ਫਤਹਿ ਜੰਗ ਸਿੰਘ ਬਾਜਵਾ ਵੀ ਹਾਜ਼ਰ ਸਨ ।

ਐਡਵੋਕੇਟ ਪੰਕਜ ਕ੍ਰਿਪਾਲ ਦੇ ਨਿਵਾਸ ਸਥਾਨ ’ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਬੀਤੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੋਆਬੇ ਚੋਂ ਕਾਫ਼ੀ ਪਛੜ ਗਈ ਸੀ ਜਦੋਂ ਕਿ ਦੋਆਬਾ ਕਾਂਗਰਸ ਦਾ ਗੜ੍ਹ ਹੁੰਦਾ ਸੀ । ਉਨ੍ਹਾਂ ਨੇ ਪੰਜਾਬ ਕਾਂਗਰਸ ’ਚ ਫੁੱਟ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਭ ਨੂੰ ਨਾਲ ਜੋੜ ਕੇ ਲੋਕ ਸਭਾ ਚੋਣਾਂ ਆਪਣੇ ਦਮ ’ਤੇ ਲੜਾਂਗੇ ।

ਉਨ੍ਹਾਂ ਕਿਹਾ ਕਿ ਅਕਾਲੀ - ਭਾਜਪਾ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਗੋਂ ਸੁਖਬੀਰ ਸਿੰਘ ਬਾਦਲ ਸੰਸਾਰ ਦਾ ਸਭ ਤੋਂ ਵਧ ਅਮੀਰ ਸਿੱਖ ਬਣਨ ਦੀ ਦੌੜ ਵਿੱਚ ਸ਼ਾਮਲ ਹੈ ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਨਅਤਾਂ ਬਾਹਰ ਜਾਣ ਲਈ ਮਜਬੂਰ ਹਨ। ਖ਼ੁਦ ’ਤੇ ਲੱਗੇ ਜ਼ਮੀਨੀ ਘਪਲੇ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ।

ਇਸ ਮੌਕੇ ਵਿਧਾਇਕ ਸੁੰਦਰ ਸ਼ਾਮ ਅਰੋੜਾ, ਠਾਕੁਰ ਕਿਸ਼ਨ ਦੇਵ ਗੁੱਡੀ, ਹਰਵੇਲ ਸਿੰਘ ਸੈਣੀ ਸਾਬਕਾ ਮੈਂਬਰ ਪੀ. ਪੀ. ਸੀ. ਸੀ., ਡਾ: ਰਵਿੰਦਰ ਦੀਵਾਨ ਨੰਗਲ, ਸੁਨੀਲ ਚੌਹਾਨ, ਵਿਨੋਦ ਸੈਣੀ, ਜਗਤਾਰ ਸਿੰਘ, ਹਰਭਜਨ ਸਿੰਘ, ਨੰਬਰਦਾਰ ਮਾ: ਬਲਵੀਰ ਸਿੰਘ ਅਤੇ ਆਰ. ਪੀ. ਸੋਨੀ ਹਾਜ਼ਰ ਸਨ ।


ਕਾਂਗਰਸ ਨੂੰ ਹਜ਼ਮ ਨਹੀਂ ਹੋ ਰਹੇ ਸਾਡੇ ਸੰਗਤ ਦਰਸ਼ਨ - ਬਾਦਲ

 http://sameydiawaaz.com/Archive%20News/%5B2013%5D/11/22.11.2013%20-%2004.jpg

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਦੇ ਇਕ ਪਿੰਡ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ

ਲੰਬੀ 21 ਨਵੰਬਰ (ਇਕਬਾਲ ਸਿੰਘ ਸ਼ਾਂਤ) :- ਸੰਗਤ ਦਰਸ਼ਨ ਦੇ ਫੰਡ ਦੇ ਰਿਕਾਰਡ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਸੂਬਾਈ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਸ਼ਬਦੀ ਜੰਗ ਅੱਜ ਹੋਰ ਤੇਜ਼ ਹੋ ਗਈ। ਮੁੱਖ ਮੰਤਰੀ ਬਾਦਲ ਨੇ ਬਾਜਵਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਸੰਗਤ ਦਰਸ਼ਨਾਂ ਦਾ ਇਕ-ਇਕ ਪੈਸਾ ਸਰਕਾਰੀ ਰਿਕਾਰਡ ਦਾ ਹਿੱਸਾ ਹੈ ਅਤੇ ਇਸ ਬਾਰੇ ਸਮੁੱਚਾ ਹਿਸਾਬ-ਕਿਤਾਬ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਕੋਲ ਹੁੰਦਾ ਹੈ।

ਸ੍ਰੀ ਬਾਦਲ ਨੇ ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸਲ ਵਿੱਚ ਕਾਂਗਰਸੀਆਂ ਨੂੰ ਉਨ੍ਹਾਂ ਵੱਲੋਂ ਸੰਗਤ ਦਰਸ਼ਨਾਂ ਜ਼ਰੀਏ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣਨਾ ਹਜ਼ਮ ਨਹੀਂ ਹੁੰਦਾ ਅਤੇ ਇਹ ਆਗੂ ਹਮੇਸ਼ਾ ਹੀ ਅਖ਼ਬਾਰੀ ਸੁਰਖੀਆਂ ’ਚ ਆਉਣ ਲਈ ਸੰਗਤ ਦਰਸ਼ਨਾਂ ਬਾਰੇ ਅਜਿਹੀ ਬੇਤੁੱਕੀ ਬਿਆਨਬਾਜ਼ੀ ਦਾ ਸਹਾਰਾ ਲੈਂਦੇ ਹਨ।

ਮੁੱਖ ਮੰਤਰੀ ਨੇ ਅੱਜ ਲੰਬੀ ਹਲਕੇ ਦੇ ਪਿੰਡ ਕੱਟਿਆਂਵਾਲੀ, ਪੱਕੀ ਟਿੱਬੀ, ਗੁਰੂਸਰ ਜੋਧਾਂ, ਢਾਣੀ ਬਰਕੀ, ਢਾਣੀ ਕੁੰਦਨ ਸਿੰਘ,ਕੋਲਿਆਂਵਾਲੀ, ਛਾਪਿਆਂਵਾਲੀ, ਡੱਬਵਾਲੀ ਢਾਬ ਤੇ ਢਾਣੀ ਨੱਥਾ ਸਿੰਘ ’ਚ ਸੰਗਤ ਦਰਸ਼ਨਾਂ ਰਾਹੀਂ ਲੋਕਾਂ ਦੀ ਮੁਸ਼ਕਲਾਂ ਸੁਣੀਆਂ ਤੇ ਵਿਕਾਸ ਕਾਰਜਾਂ ਲਈ ਵੱਖ-ਵੱਖ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ।

ਮੁੱਖ ਮੰਤਰੀ ਨੇ ਪੰਜਾਬ ਦੇ ਵਿਕਾਸ ਕਾਰਜਾਂ ਤੇ ਭਲਾਈ ਸਕੀਮਾਂ ਲਈ ਸੂਬਾ ਸਰਕਾਰ ਵੱਲੋਂ ਕੇਂਦਰ ਦੀਆਂ ਗਰਾਂਟਾਂ ਵਰਤਣ ਬਾਰੇ ਉਠਾਏ ਸੁਆਲ ਨੂੰ ਖਾਰਜ ਕਰਦਿਆਂ ਆਖਿਆ ਕਿ ਅਸਲ ਵਿੱਚ ਅਕਾਲੀ ਸਰਕਾਰ ਨਹੀਂ ਸਗੋਂ ਯੂ.ਪੀ.ਏ. ਸਰਕਾਰ ਲੋਕਾਂ ਨੂੰ ਖੁਸ਼ ਕਰਨ ਲਈ ਸੂਬਿਆਂ ਦੇ ਪੈਸੇ ਦੀ ਦੁਰਵਰਤੋਂ ਕਰਕੇ ਵਾਹ-ਵਾਹ ਖੱਟ ਰਹੀ ਹੈ। ਸ੍ਰੀ ਬਾਦਲ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਆਖਿਆ ਕਿ ਕੇਂਦਰੀ ਹਾਕਮ ਕੇਂਦਰੀਕਰਨ ਦੀ ਨੀਤੀ ਰਾਹੀਂ ਸੂਬਿਆਂ ਦੇ ਹੱਕ ਹਥਿਆ ਰਹੇ ਹਨ। ਇੱਥੋਂ ਤੱਕ ਕਿ ਸਾਰੇ ਸੂਬਿਆਂ ’ਚੋਂ ਟੈਕਸ ਉਗਰਾਹ ਕੇ ਕੇਂਦਰ ਸਰਕਾਰ ਟੈਕਸਾਂ ਦਾ 67 ਫੀਸਦੀ ਹਿੱਸਾ ਆਪਣੇ ਕੋਲ ਰੱਖ ਲੈਂਦੀ ਹੈ ਜਦਕਿ ਬਾਕੀ ਬਚਦਾ ਹਿੱਸਾ ਸੂਬਿਆਂ ਨੂੰ ਦੇ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਹੀ ਰਾਜਾਂ ਦੀਆਂ ਸ਼ਕਤੀਆਂ ਨੂੰ ਹੜੱਪਿਆ ਹੈ ਜਿਸ ਕਰਕੇ ਰਾਜਾਂ ਦੇ ਵਿਕਾਸ ਲਈ ਸੂਬਿਆਂ ਨੂੰ ਕੇਂਦਰ ਸਰਕਾਰ ਤੋਂ ਮਿਲਦੇ ਫੰਡ ਵੀ ਕਾਂਗਰਸੀ ਆਪਣੇ ਖਾਤੇ ਵਿੱਚ ਜੋੜਨਾ ਚਾਹੁੰਦੇ ਹਨ।

ਨਸ਼ਿਆਂ ਦੇ ਕਾਰੋਬਾਰ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਪਾਸੋਂ ਕਰਵਾਏ ਜਾਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਪੱਧਰ ’ਤੇ ਇਸ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰ ਰਹੀ ਹੈ।

ਇਸ ਮੌਕੇ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ. ਜੇ. ਐਸ. ਚੀਮਾ, ਚੀਫ ਇੰਜੀਨੀਅਰ ਨਹਿਰੀ ਏ. ਐਸ. ਦੁੱਲਟ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ: ਮੰਗਲ ਸਿੰਘ ਸੰਧੂ, ਡੀ.ਆਈ.ਜੀ ਯੁਰਿੰਦਰ ਸਿੰਘ, ਡਿਪਟੀ ਕਮਿਸ਼ਨਰ ਪਰਮਜੀਤ ਸਿੰਘ, ਜ਼ਿਲ੍ਹਾ ਪੁਲੀਸ ਮੁਖੀ ਸੁਰਜੀਤ ਸਿੰਘ, ਏ. ਡੀ. ਸੀ. (ਵਿਕਾਸ) ਸ੍ਰੀ ਰਾਮਬੀਰ ਸਿੰਘ, ਹਰਮੇਸ਼ ਸਿੰਘ ਖੁੱਡੀਆਂ ਆਦਿ ਹਾਜ਼ਰ ਸਨ ।


ਪੰਜਾਬ ਸਰਕਾਰ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ

ਚੰਡੀਗੜ੍ਹ 21 ਨਵੰਬਰ (ਦਵਿੰਦਰ ਪਾਲ) :- ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕਰਦਿਆਂ ਮੁੱਖ ਸਕੱਤਰ ਦੀ ਜਵਾਬਤਲਬੀ ਕੀਤੀ ਹੈ। ਸੂਤਰਾਂ ਅਨੁਸਾਰ ਮੁੱਖ ਚੋਣ ਕਮਿਸ਼ਨ ਨੇ ਇਹ ਨੋਟਿਸ ਅਖ਼ਬਾਰਾਂ ਵਿੱਚ ਲੱਗੇ ਇਸ਼ਤਿਹਾਰਾਂ ਕਾਰਨ ਜਾਰੀ ਕੀਤਾ ਹੈ।

ਰਾਜ ਸਰਕਾਰ ਵਲੋਂ ਸਕੂਲੀ ਬੱਚੀਆਂ ਨੂੰ ਵੰਡੇ ਸਾਈਕਲਾਂ ਦੀਆਂ ਤਸਵੀਰਾਂ ਸਮੇਤ ਇਸ਼ਤਿਹਾਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਏ ਸਨ। ਇਹ ਇਸ਼ਤਿਹਾਰ ਅਖ਼ਬਾਰਾਂ ਦੇ ਨਵੀਂ ਦਿੱਲੀ ਐਡੀਸ਼ਨਾਂ ਵਿੱਚ ਵੀ ਪ੍ਰਕਾਸ਼ਤ ਹੋਏ, ਜਿਸ ਕਾਰਨ ਚੋਣ ਕਮਿਸ਼ਨ ਕੋਲ ਸ਼ਿਕਾਇਤ ਪਹੁੰਚੀ। ਕਮਿਸ਼ਨ ਦੇ ਪ੍ਰਮੁੱਖ ਸਕੱਤਰ ਕੇ. ਅਜੇ ਕੁਮਾਰ ਨੂੰ ਮੁੱਖ ਸਕੱਤਰ ਨੂੰ ਦਿੱਤੇ ਨੋਟਿਸ ਰਾਹੀਂ ਕਿਹਾ ਹੈ ਕਿ ਪੰਜ ਰਾਜਾਂ ਵਿੱਚ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਗੁਆਂਢੀ ਰਾਜਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਅਜਿਹੇ ਅਖ਼ਬਾਰਾਂ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਸ਼ਤਿਹਾਰ ਨਾ ਦਿੱਤੇ ਜਾਣ, ਜਿਨ੍ਹਾਂ ਅਖ਼ਬਾਰਾਂ ਦੀ ਸਰਕੂਲੇਸ਼ਨ ਚੋਣਾਂ ਨਾਲ ਸਬੰਧਤ ਰਾਜਾਂ ਵਿੱਚ ਹੋਵੇ। ਕਮਿਸ਼ਨ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰਾਂ ਰਾਹੀਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਨਵੀਂ ਦਿੱਲੀ ਵਿੱਚ ਸਰਕੂਲੇਸ਼ਨ ਵਾਲੇ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਿਤ ਹੋਏ ਹਨ।

ਚੋਣ ਕਮਿਸ਼ਨ ਨੇ 25 ਅਕਤੂਬਰ ਨੂੰ ਪ੍ਰਕਾਸ਼ਤ ਕੁਝ ਅਖ਼ਬਾਰਾਂ ਦੀਆਂ ਕਾਤਰਾਂ ਵੀ ਰਾਜ ਸਰਕਾਰ ਨੂੰ ਭੇਜੀਆਂ ਹਨ। ਇਸ ਨੋਟਿਸ ਦਾ ਜਵਾਬ 21 ਨਵੰਬਰ ਤੱਕ ਦੇਣ ਲਈ ਆਖਿਆ ਗਿਆ ਸੀ। ਸੂਤਰਾਂ ਮੁਤਾਬਕ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਇਸ਼ਤਿਹਾਰਾਂ ਬਾਰੇ ਜਵਾਬ ਤਿਆਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਤਾਂ ਗੱਠਜੋੜ ਸਰਕਾਰ ਚਲਾ ਹੀ ਰਹੇ ਹਨ, ਨਵੀਂ ਦਿੱਲੀ ਵਿੱਚ ਵੀ ਦੋਹਾਂ ਪਾਰਟੀਆਂ ਵੱਲੋਂ ਗਠਜੋੜ ਤਹਿਤ ਹੀ ਚੋਣਾਂ ਲੜੀਆਂ ਜਾ ਰਹੀਆਂ ਹਨ। ਅਕਾਲੀ ਦਲ ਕੌਮੀ ਰਾਜਧਾਨੀ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਿਹਾ ਹੈ।


ਡਰੱਗ ਕਾਂਡ

ਰਤਨ ਸਿੰਘ ਅਜਨਾਲਾ ਅਤੇ ਬੋਨੀ ਅਜਨਾਲਾ ਨੇ ਧਾਰੀ ਚੁੱਪ

ਸਿਆਸੀ ਗਤੀਵਿਧੀਆਂ ਖ਼ਤਮ

ਮੀਡੀਆ ਤੋਂ ਵੀ ਕਿਨਾਰਾ

 http://sameydiawaaz.com/Archive%20News/%5B2013%5D/11/22.11.2013%20-%2001.jpg

ਰਤਨ ਸਿੰਘ ਅਜਨਾਲਾ ਬੋਨੀ ਅਜਨਾਲਾ

ਅੰਮ੍ਰਿਤਸਰ 21 ਨਵੰਬਰ :- ਡਰੱਗ ਤਸਕਰ ਜਗਦੀਸ਼ ਸਿੰਘ ਭੋਲਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਆਗੂ ਦੇ ਸਬੰਧ ਸਿਆਸੀ ਸ਼ਖ਼ਸੀਅਤਾਂ ਨਾਲ ਹੋਣ ਦੇ ਖ਼ੁਲਾਸੇ ਮਗਰੋਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪਿਛਲੇ ਇੱਕ ਹਫ਼ਤੇ ਤੋਂ ਚੁੱਪ ਧਾਰੀ ਹੋਈ ਹੈ। ਉਨ੍ਹਾਂ ਨਾ ਸਿਰਫ਼ ਸਿਆਸੀ ਗਤੀਵਿਧੀਆਂ ਖ਼ਤਮ ਕਰ ਦਿੱਤੀਆਂ ਹਨ ਸਗੋਂ ਉਹ ਮੀਡੀਆ ਤੋਂ ਵੀ ਕਿਨਾਰਾ ਕਰ ਰਹੇ ਹਨ।

ਪਟਿਆਲਾ ਪੁਲੀਸ ਨੇ 14 ਨਵੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਦੋ ਨੌਜਵਾਨਾਂ ਮਨਜਿੰਦਰ ਸਿੰਘ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਨੂੰ ਜਗਦੀਸ਼ ਸਿੰਘ ਭੋਲਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਕੋਲੋਂ ਪੁਲੀਸ ਨੇ ਕਰੋੜਾਂ ਰੁਪਏ ਦੇ ਸਿੰਥੈਟਿਕ ਨਸ਼ੇ ਬਰਾਮਦ ਕੀਤੇ ਸਨ। ਗ੍ਰਿਫ਼ਤਾਰੀ ਤੋਂ ਬਾਅਦ ਖ਼ੁਲਾਸਾ ਹੋਇਆ ਸੀ ਕਿ ਇਹ ਦੋਵੇਂ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਸਰਗਰਮ ਹਨ ਅਤੇ ਇਨ੍ਹਾਂ ਦੇ ਕਈ ਸਿਆਸੀ ਸ਼ਖ਼ਸੀਅਤਾਂ ਨਾਲ ਨੇੜੇ ਦੇ ਸਬੰਧ ਹਨ। ਖ਼ਾਸ ਕਰਕੇ ਬਿੱਟੂ ਔਲਖ ਦੀ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨਾਲ ਕਾਫੀ ਨੇੜਤਾ ਹੈ।

ਇਹ ਵੀ ਖ਼ੁਲਾਸਾ ਹੋਇਆ ਸੀ ਕਿ ਅਜਨਾਲਾ ਪਰਿਵਾਰ ਵੱਲੋਂ ਮਿਲੀ ਸ਼ਹਿ ਕਾਰਨ ਇਹ ਨੌਜਵਾਨ ਲਾਲ ਬੱਤੀ ਵਾਲੀ ਗੱਡੀ ਅਤੇ ਗੰਨਮੈਨਾਂ ਦੀ ਵਰਤੋਂ ਕਰਦਾ ਸੀ। ਇਸ ਦੌਰਾਨ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਨੇ ਵੀ ਪੱਤਰਕਾਰ ਸੰਮੇਲਨ ਦੌਰਾਨ ਖ਼ੁਲਾਸਾ ਕੀਤਾ ਕਿ ਬਿੱਟੂ ਔਲਖ, ਜੋ ਕਿ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਸੀ ਅਤੇ ਅਜਨਾਲਾ ਪਰਿਵਾਰ ਦਾ ਸਮਰਥਨ ਪ੍ਰਾਪਤ ਸੀ, ਨੂੰ ਨਵੰਬਰ 2011 ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸਦੇ ਬਾਵਜੂਦ ਅਜਨਾਲਾ ਪਰਿਵਾਰ ਵੱਲੋਂ ਉਸਨੂੰ ਸਮਰਥਨ ਦਿੱਤਾ ਜਾ ਰਿਹਾ ਸੀ। ਉਸਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿਹਾਤੀ ਇਕਾਈ ਵਿੱਚ ਖ਼ਜ਼ਾਨਚੀ ਬਣਾ ਦਿੱਤਾ ਗਿਆ ਸੀ। ਅਜਿਹਾ ਸਿਰਫ ਲੋਪੋਕੇ ਪਰਿਵਾਰ ਨੂੰ ਸਿਆਸਤ ਵਿੱਚ ਦਬਾਉਣ ਲਈ ਕੀਤਾ ਜਾ ਰਿਹਾ ਸੀ। ਸ੍ਰੀ ਲੋਪੋਕੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਹਨ, ਵੱਲੋਂ ਇਸ ਬਾਰੇ ਪਾਰਟੀ ਪ੍ਰਧਾਨ ਨੂੰ ਵੀ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਕੁਝ ਅਜਿਹੀਆਂ ਤਸਵੀਰਾਂ ਵੀ ਮੀਡੀਆ ਸਾਹਮਣੇ ਰੱਖੀਆਂ ਸਨ, ਜਿਨ੍ਹਾਂ ਤੋਂ ਅਜਨਾਲਾ ਪਰਿਵਾਰ ਅਤੇ ਬਿੱਟੁ ਔਲਖ ਦੀ ਨੇੜਤਾ ਜੱਗ ਜ਼ਾਹਰ ਹੁੰਦੀ ਸੀ। ਇਹ ਤਸਵੀਰ ਹਾਲ ਹੀ ਵਿੱਚ 25 ਸਤੰਬਰ ਨੂੰ ਉਸ ਵੇਲੇ ਖਿੱਚੀ ਗਈ ਸੀ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਹਲਕੇ ਦਾ ਦੌਰਾ ਕੀਤਾ ਸੀ। ਇਸ ਤਸਵੀਰ ਵਿੱਚ ਬਿੱਟੂ ਔਲਖ ਵੱਲੋਂ ਉਪ ਮੁੱਖ ਮੰਤਰੀ ਦਾ ਸਵਾਗਤ ਕੀਤਾ ਜਾ ਰਿਹਾ  ਹੈ ਅਤੇ ਨਾਲ ਹੀ ਡਾ. ਅਜਨਾਲਾ ਅਤੇ ਵਿਧਾਇਕ ਬੋਨੀ ਅਜਨਾਲਾ ਵੀ ਖੜ੍ਹੇ ਹਨ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵੀ ਮੌਜੂਦ ਹਨ। ਇਹ ਖ਼ੁਲਾਸਾ ਹੋਣ ਮਗਰੋਂ ਅਜਨਾਲਾ ਪਰਿਵਾਰ ਨੇ ਚੁੱਪੀ ਧਾਰ ਲਈ ਹੈ ਅਤੇ ਇਸ ਮਾਮਲੇ ਵਿੱਚ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਸੰਸਦ ਮੈਂਬਰ ਅਤੇ ਵਿਧਾਇਕ ਦੋਵਾਂ ਵੱਲੋਂ ਸਿਆਸੀ ਗਤੀਵਿਧੀਆਂ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ ਅਤੇ ਮੀਡੀਆ ਤੋਂ ਵੀ ਸੰਕੋਚ ਵਰਤਿਆ ਜਾ ਰਿਹਾ ਹੈ।

ਇਸ ਸਬੰਧੀ ਸੰਸਦ ਮੈਂਬਰ ਅਤੇ ਵਿਧਾਇਕ ਨਾਲ ਕਈ ਵਾਰ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਸੰਸਦ ਮੈਂਬਰ ਦੇ ਨਿੱਜੀ ਸਕੱਤਰ ਨੇ ਹਰ ਵਾਰ ਇਹੀ ਜਵਾਬ ਦਿੱਤਾ ਕਿ ਉਹ ਦੂਜੇ ਨੰਬਰ ’ਤੇ ਹੋਣਗੇ ਜਦਕਿ ਦੂਜਾ ਫੋਨ ਨੰਬਰ ਬੰਦ ਕੀਤਾ ਹੋਇਆ ਹੈ। ਹਾਲ ਹੀ ਵਿੱਚ ਮੀਡੀਆ ਦੇ ਇੱਕ ਹਿੱਸੇ ਵਿੱਚ ਇਹ ਖ਼ਬਰਾਂ ਵੀ ਆਈਆਂ ਹਨ ਕਿ ਜਗਦੀਸ਼ ਭੋਲਾ ਮਾਮਲੇ ਵਿੱਚ ਡਾ. ਰਤਨ ਸਿੰਘ ਅਜਨਾਲਾ ਅਤੇ ਬੋਨੀ ਅਜਨਾਲਾ ਕੋਲੋਂ ਵੀ ਪੁੱਛਗਿੱਛ ਹੋ ਸਕਦੀ ਹੈ। ਇਸ ਬਾਰੇ ਪੰਜਾਬ ਪੁਲੀਸ ਦੇ ਬਾਰਡਰ ਰੇਂਜ ਦੇ ਆਈ.ਜੀ. ਇਸ਼ਵਰ ਚੰਦਰ ਨੇ ਆਖਿਆ ਕਿ ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲੀਸ ਵੱਲੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ ਸਮੁੱਚਾ ਮਾਮਲਾ ਪਟਿਆਲਾ ਪੁਲੀਸ ਕੋਲ ਹੈ ਅਤੇ ਉਸ ਵੱਲੋਂ ਹੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਪੰਜਾਬ ਕਾਂਗਰਸ ਵੱਲੋਂ ਅਜਨਾਲਾ ਪਰਿਵਾਰ ਦੀ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨਾਲ ਨੇੜਤਾ ਸਾਹਮਣੇ ਆਉਣ ਮਗਰੋਂ ਉੱਥੇ ਰੋਸ ਪ੍ਰਦਰਸ਼ਨ ਕਰਕੇ ਮਾਮਲੇ ਦੀ ਜਾਂਚ  ਸੀ.ਬੀ.ਆਈ. ਤੋਂ ਕਰਾਉਣ ਦੀ ਮੰਗ ਕੀਤੀ ਗਈ ਹੈ। ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਦੋਵਾਂ ਅਕਾਲੀ ਆਗੂਆਂ ਦੇ ਚੋਣ ਲੜਨ ’ਤੇ ਰੋਕ ਲਾਈ ਜਾਵੇ।


ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੀ ਕਿਸੇ ਨੇ ਨਾ ਲਈ ਸਾਰ

 http://sameydiawaaz.com/Archive%20News/%5B2013%5D/11/22.11.2013%20-%2005.jpg

ਆਜ਼ਾਦੀ ਘੁਲਾਟੀਏ ਦੀ ਬਿਮਾਰ ਪਤਨੀ ਦਲੀਪ ਕੌਰ ਤਾਮਰ ਪੱਤਰ ਦਿਖਾਉਂਦੀ ਹੋਈ

ਸ਼ੇਰਪੁਰ 21 ਨਵੰਬਰ (ਬੀਰਬਲ ਰਿਸ਼ੀ) :- ਜੰਗ - ਏ - ਅਜ਼ਾਦੀ ਦੀ ਮੋਹਰੀ ਸਫਾਂ ’ਚ ਹੋ ਕੇ ਲੜਾਈ ਲੜਨ ਵਾਲੇ ਅਜ਼ਾਦੀ ਘੁਲਾਟੀਏ ਮਰਹੂਮ ਗੁਰਦਿਆਲ ਸਿੰਘ ਦੇ ਕੱਖਾਂ ਤੋਂ ਹੌਲੇ ਹੋਏ ਪਰਿਵਾਰ ਦੀ ਕਈ ਦਹਾਕਿਆਂ ਤੋਂ ਕਿਸੇ ਰਾਜਨੀਤਕ, ਧਾਰਮਿਕ ਜਾਂ ਸਮਾਜ ਸੇਵੀ ਸੰਸਥਾ ਨੇ ਸਾਰ ਨਹੀਂ ਲਈ। ਗੁਰਬੱਤ ਦੀ ਜ਼ਿੰਦਗੀ ਬਤੀਤ ਕਰਦਿਆਂ ਇਸ ਪਰਿਵਾਰ ਦੇ ਤਿੰਨ ਮੈਂਬਰ ਮੌਤ ਕੋਲੋਂ ਜ਼ਿੰਦਗੀ ਹਾਰ ਗਏ।

ਗੁਰਦਿਆਲ ਸਿੰਘ ਦੀ ਪਤਨੀ ਦਲੀਪ ਕੌਰ ਹਾਲ ਆਬਾਦ ਗੋਬਿੰਦਪੁਰਾ ਨੇ ਸਮੇਂ ਦੀਆਂ ਸਰਕਾਰਾਂ ਨਾਲ  ਨਾਰਾਜ਼ਗੀ ਪ੍ਰਗਟ ਕਰਦਿਆਂ ਦੱਸਿਆ ਕਿ ਭਾਵੇਂ ਉਸਦੇ ਪਤੀ ਨੇ ਸੁਭਾਸ਼ ਚੰਦਰ ਬੋਸ ਦੇ ਸੰਗੀ ਸਾਥੀ ਰਹਿ ਕੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਪਾਇਆ ਪਰ ਅਫ਼ਸੋਸ ਕਿ ਅੱਜ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਖੁਦ ਗੁਲਾਮੀ ਦੇ ਸਮੇਂ ਤੋਂ ਵੀ ਭੈੜੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਅਜ਼ਾਦੀ ਦੀ ਲੜਾਈ ਲੜਨ ਬਦਲੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਇਲਾਵਾ ਦੇਸ਼ ਦੀਆਂ ਹੋਰਨਾ ਸ਼ਖ਼ਸੀਅਤਾਂ ਨੇ ਉਨ੍ਹਾਂ ਦੇ ਪਤੀ ਨੂੰ ਤਾਮਰ ਪੱਤਰ ਦੇ ਕੇ ਸਨਮਾਨਿਆ ਪਰ ਗ਼ਰੀਬੀ ਨਾਲ ਜੂਝ ਰਹੇ ਇਸ ਪਰਿਵਾਰ ਦੀ ਕਿਸੇ ਨੇ ਬਾਂਹ ਨਾ ਫੜੀ। ਇਸਦੇ ਮੱਦੇਨਜ਼ਰ ਪਰਿਵਾਰ ਦੇ ਤਿੰਨ ਜੀਅ ਕੈਂਸਰ ਦਾ ਸ਼ਿਕਾਰ ਹੋ ਕੇ ਇੱਕ-ਇੱਕ ਕਰਕੇ ਦਮ ਤੋੜ ਗਏ।

ਆਜ਼ਾਦੀ ਘੁਲਾਟੀਏ ਦੀ ਵਿਧਵਾ ਨੰੂਹ ਨੇ ਰਛਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਹੋਰ ਸਹੂਲਤਾਂ ਮਿਲਣੀਆਂ ਤਾਂ ਇੱਕ ਪਾਸੇ ਰਹੀਆਂ ਸਗੋਂ ਫਾਰਮ ਭਰਨ ਦੇ ਬਾਵਜੂਦ ਅੱਠ ਸਾਲ ਤੋਂ ਉਸਨੂੰ ਵਿਧਵਾ ਪੈਨਸ਼ਨ ਤੱਕ ਨਹੀਂ ਲੱਗ ਸਕੀ। ਦੂਜੀ ਵਿਧਵਾ ਨੰੂਹ ਬਲਜੀਤ ਕੌਰ ਦਾ ਕਹਿਣਾ ਹੈ ਕਿ ਘਰ ਵਿੱਚ ਲੰਬਾ ਸਮਾਂ ਰਹੀ ਕੈਂਸਰ ਦੀ ਬਿਮਾਰੀ ਨੇ ਉਨ੍ਹਾਂ ਨੂੰ ਕੱਖਾਂ ਤੋਂ ਹੌਲੇ ਕਰ ਦਿੱਤਾ ਹੈ। ਹੁਣ ਉਹ ਖੁਦ ਗੱਠੀਏ ਦੀ ਬਿਮਾਰੀ ਤੋਂ ਪੀੜਤ ਹੈ। ਵਿਧਵਾ ਮਲਕੀਤ ਕੌਰ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਸੁਤੰਤਰਤਾ ਸੈਨਾਨੀਆਂ ਨੂੰ ਮਿਲਦੀਆਂ ਸਮੁੱਚੀਆਂ ਸਹੂਲਤਾਂ ਪਰਿਵਾਰ ਮੈਂਬਰਾਂ ਨੂੰ ਨੌਕਰੀ ਅਤੇ ਆਰਥਿਕ ਮੱਦਦ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਸਵਾਰ ਸਕਣ।

ਫਰੀਡਮ ਫਾਈਟਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਪਰਵਿਾਰ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਮਾਮਲੇ ਨੂੰ 5 ਦਸੰਬਰ ਦੀ ਮੀਟਿੰਗ ’ਚ ਵਿਚਾਰਕੇ ਸਰਕਾਰ ਕੋਲ ਉਠਾਇਆ ਜਾਵੇਗਾ। ਐੱਸ.ਡੀ.ਐੱਮ. ਧੂਰੀ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਉਂਜ ਜੇਕਰ ਕੋਈ ਲਿਖ਼ਤੀ ਦਰਖਾਸਤ ਆਵੇਗੀ ਤਾਂ ਉਹ ਬਣਦੀ ਕਾਰਵਾਈ ਜ਼ਰੂਰ ਅਮਲ ਵਿੱਚ ਲਿਆਉਣਗੇ।


ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਤੇ ਡਾਇਰੈਕਟਰ ਤਲਬ

ਮੰਗਣ ਦੇ ਬਾਵਜੂਦ ਨਹੀ ਦਿੱਤੀ ਕਮਿਸ਼ਨ ਨੂੰ ਜਾਣਕਾਰੀ

ਚੰਡੀਗੜ੍ਹ 21 ਨਵੰਬਰ :- ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਹੁਕਮ ਅਦੂਲੀ ਦੇ ਦੋਸ਼ਾਂ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਅਤੇ ਡਾਇਰੈਕਟਰ ਨੂੰ ਤਲਬ ਕਰ ਲਿਆ ਹੈ। ਕਮਿਸ਼ਨ ਨੇ ਵਿਭਾਗ ਦੇ ਵਿੱਤ ਕਮਿਸ਼ਨਰ ਮਨਦੀਪ ਸਿੰਘ ਸੰਧੂ ਆਈ ਏ ਐਸ ਅਤੇ ਡਾਇਰੈਕਟਰ ਵੀ ਕੇ ਰਾਜੂ ਆਈ ਏ ਐਸ ਦੇ ਨਾਂ ਸੰਮਨ ਜਾਰੀ ਕਰਕੇ ਦੋ ਜਨਵਰੀ ਨੂੰ ਨਿੱਜੀ ਤੌਰ ’ਤੇ ਸਵੇਰੇ 11 ਵਜੇ ਪੇਸ਼ ਹੋਣ ਲਈ ਹੁਕਮ ਦਿੱਤੇ ਹਨ। ਡਾਇਰੈਕਟਰ ਉੱਤੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ’ਤੇ ਹੋ ਰਹੇ ਨਜਾਇਜ਼ ਕਬਜ਼ਿਆਂ ਬਾਰੇ ਰਿਪੋਰਟ ਨਾ ਦੇਣ ਦਾ ਦੋਸ਼ ਹੈ।

ਕਮਿਸ਼ਨ ਨੇ ਰਾਜ ’ਚ ਰਾਸੂਖ਼ਵਾਨ ਲੋਕਾਂ ਵੱਲੋਂ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾ ’ਤੇ ਕੀਤੇ ਜਾ ਰਹੇ ਕਬਜ਼ਿਆਂ ਨਾਲ ਸਬੰਧਤ ਵੱਖ ਵੱਖ ਪਟੀਸ਼ਨਾ ’ਤੇ ਕਾਰਵਾਈ ਕਰਦਿਆਂ ਵਿਭਾਗ ਦੇ ਡਾਇਰੈਕਟਰ ਤੋਂ ਰਿਪੋਰਟ ਮੰਗੀ ਸੀ। ਇਨ੍ਹਾਂ  ਵਿੱਚ  ਸਰਪੰਚਾਂ ਉੱਤੇ ਅਹੁਦੇ ਅਤੇ ਗਰਾਂਟ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਵੀ ਸ਼ਾਮਲ ਹਨ। ਕਮਿਸ਼ਨ ਵੱਲੋਂ ਵਿਭਾਗ ਦੇ ਡਾਇਰੈਕਟਰ ਨੂੰ ਪਹਿਲੀ ਵਾਰ ਪੰਜ ਜੁਲਾਈ ਨੂੰ ਇੱਕ ਪੱਤਰ ਭੇਜ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਸੀ। ਦਿੱਤੀ ਤਰੀਕ ’ਤੇ ਜੁਆਬ ਨਾ ਮਿਲਣ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨ ਨੇ ਅੱਠ ਅਕਤੂਬਰ ਨੂੰ ਦੁਬਾਰਾ ਲਿਖ ਦਿੱਤਾ ਸੀ ਜਿਸ ਦਾ ਉੱਤਰ ਦੇਣ ਦੀ ਵਿਭਾਗ ਵੱਲੋਂ ਅਜੇ ਤਕ ਲੋੜ ਨਹੀਂ ਸਮਝੀ ਗਈ ਹੈ। ਕਮਿਸ਼ਨ ਨੇ ਵਿਭਾਗ ਦੇ ਅਧਿਕਾਰੀਆਂ ਦੀ ਅਣਗਿਹਲੀ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਲੀ ਤਰੀਕ ਮੌਕੇ ਹਰ ਹੀਲੇ ਹਾਜ਼ਰ ਹੋਣ ਦੀ ਤਾੜਨਾ ਕਰ ਦਿੱਤੀ ਹੈ। ਕਮਿਸ਼ਨ ਵੱਲੋਂ ਦੂਜੀ ਵਾਰ ਭੇਜੇ ਪੱਤਰ ਦੀ ਕਾਪੀ ਵਿੱਤ ਕਮਿਸ਼ਨਰ ਨੂੰ ਵੀ ਭੇਜੀ ਗਈ ਸੀ ਅਤੇ ਉਹ ਵੀ ਹੁਕਮ ਤਾਮੀਲ ਕਰਾਉਣ ’ਚ ਅਸਫਲ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇਡੋਂ ਬੇਟ ਦੇ ਸਮੂਹ ਵਾਸੀਆਂ ਨੇ ਇੱਕ ਸ਼ਿਕਾਇਤ ਦਰਜ ਕਰਾ ਕੇ ਪਿੰਡ ਦੇ ਸਰਪੰਚ ਉੱਤੇ ਪੰਚਾਇਤ ਸਕੱਤਰ ਨਾਲ ਮਿਲ ਕੇ ਗਰਾਂਟਾਂ ਦਾ ਦੁਰਵਰਤੋਂ ਕਰਨ ਦੇ ਦੋਸ਼ ਲਾਏ ਸਨ। ਇਸ ਸ਼ਿਕਾਇਤ ’ਚ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਅਸਰ ਰਸੂਖ਼ ਵਾਲੇ ਬੰਦਿਆਂ ਵੱਲੋਂ ਧੱਕੇ ਨਾਲ ਕਬਜ਼ਾ ਕਰਨ ਦਾ ਇਲਜ਼ਾਮ ਵੀ ਲਾਇਆ ਗਿਆ ਸੀ। ਕਮਿਸ਼ਨ ਕੋਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕ, ਹੁਸ਼ਿਆਰਪੁਰ ਜ਼ਿਲ੍ਹੇ ਪਿੰਡ ਬੁਰਜ, ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਬੱਲਾਂ ਅਤੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਸੀਹਾਂ ਤੋਂ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਦੀਆਂ ਸ਼ਿਕਾਇਤਾਂ ਸੁਣਵਾਈ ਅਧੀਨ ਹਨ। ਕਮਿਸ਼ਨ ਨੇ  ਵੱਖ ਵੱਖ ਅਖ਼ਬਾਰਾਂ ’ਚ ਨਜਾਇਜ਼ ਕਬਜ਼ਿਆਂ ਬਾਰੇ ਛਪ ਰਹੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਵਿਭਾਗ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਸੀ।

ਕਮਿਸ਼ਨ ਕੋਲ ਦਾਇਰ ਇੱਕ ਪਟੀਸ਼ਨ ਵਿੱਚ ਪਟੀਸ਼ਨਰ ਵੱਲੋਂ ਨਜਾਇਜ਼ ਕਬਜ਼ਿਆਂ ਅਤੇ ਗਰਾਂਟਾਂ ਦੀ ਦੁਰਵਰਤੋਂ ਬਾਰੇ ਸਰਕਾਰ ਤੋਂ ਲਈ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਦੇ ਸਬੂਤ ਵੀ ਨਾਲ ਨੱਥੀ ਕੀਤੇ ਗਏ ਹਨ। ਇੱਕ ਹੋਰ ਸ਼ਿਕਾਇਤ ’ਚ ਸਮਰਾਲਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਆਰ ਟੀ ਆਈ ਰਾਹੀਂ ਦੋ ਵਾਰ ਸੂਚਨਾ ਦੇਣ ਤੋਂ ਟਾਲਾ ਵੱਟਣ ਦਾ ਦੋਸ਼ ਲਾਇਆ ਗਿਆ ਹੈ। ਕਮਿਸ਼ਨ ਕੋਲ ਪੁੱਜੀਆਂ ਸ਼ਿਕਾਇਤਾਂ ’ਚ ਮੌਕਾ ਦੇਖਣ ਅਤੇ ਬੇਨਤੀ ਸੁਣਨ ਸਮੇਤ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕੇਸ ਦੀ ਸੁਣਵਾਈ ਚੇਅਰਮੈਨ ਜਸਟਿਸ ਜਗਦੀਸ਼ ਭੱਲਾ ਅਤੇ ਮੈਂਬਰ  ਐਲ ਆਰ ਰੂਜ਼ਮ ਵੱਲੋਂ ਕੀਤੀ ਜਾਂਦੀ ਰਹੀ ਹੈ ਜਦੋਂ ਕਿ ਨਿਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ ਮੈਂਬਰ ਬਲਵਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਹਨ। ਸ਼੍ਰੀ ਬਲਵਿੰਦਰ ਸਿੰਘ ਨੇ ਜਾਰੀ ਹੁਕਮਾਂ ’ਚ ਕਿਹਾ ਹੈ ਕਿ ਸ਼੍ਰੀ ਰਾਜੂ ਦੋ ਵਾਰ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਹਨ ਅਤੇ ਉਨ੍ਹਾਂ ਨੂੰ ਹੋਰ ਮੌਕਾ ਨਹੀਂ ਦਿੱਤਾ ਜਾ ਸਕਦਾ।


ਨਸ਼ਾ ਤਸਕਰੀ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ - ਕੈਪਟਨ

 http://sameydiawaaz.com/Archive%20News/%5B2013%5D/11/22.11.2013%20-%2002.jpg

ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੈਪਟਨ ਅਮਰਿੰਦਰ ਸਿੰਘ (ਫੋਟੋ: ਰੱਤੀਆਂ)

ਮੋਗਾ 21 ਨਵੰਬਰ (ਮਹਿੰਦਰ ਸਿੰਘ ਰੱਤੀਆਂ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਇੱਥੇ ਪਾਰਟੀ ਵਰਕਰ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀ ਜਾਂਚ ਨਾਲ ਹੀ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾ ਸਕਦਾ ਹੈ।

ਕੈਪਟਨ ਨੇ ਕਿਹਾ ਕਿ ਸਿੰਥੇਟਿਕ ਡਰੱਗਜ਼ ਦੀ ਵੱਡੇ ਪੱਧਰ ’ਤੇ ਬਰਾਮਦਗੀ ਹੈਰਾਨ ਕਰਨ ਵਾਲੀ ਹੈ ਅਤੇ ਹੁਕਮਰਾਨ ਪਾਰਟੀ ਇਸ ਮਾਮਲੇ ਨੂੰ ਦਬਾਅ ਸਕਦੀ ਹੈ। ਉਨ੍ਹਾਂ ਸਾਬਕਾ ਡੀਜੀਪੀ ਸਸ਼ੀ ਕਾਂਤ ਦੀ ਰਿਪੋਰਟ ਨਸ਼ਰ ਕਰਨ ਅਤੇ ਉਸ ’ਤੇ ਵੀ ਕਾਰਵਾਈ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਸੂਬੇ ’ਚ 70 ਫ਼ੀਸਦੀ ਤੋਂ ਵੱਧ ਲੋਕ ਨਸ਼ਾ ਲੈਣ ਦੇ ਆਦੀ ਬਣ ਚੁੱਕੇ ਹਨ। ਇਸ ਲਈ ਪੰਜਾਬ ’ਚ ਡਰੱਗ ਮਾਫੀਆ ਦੀਆਂ ਫੈਲ ਚੁੱਕੀਆਂ ਜੜ੍ਹਾਂ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਉਨ੍ਹਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਸਮਾਜਿਕ ਬੁਰਾਈ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।

ਸਾਬਕਾ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਜਾਂ ਉਨ੍ਹਾਂ ਦਾ ਪੁੱਤਰ ਰਣਇੰਦਰ ਸਿੰਘ ਅਗਾਮੀ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਚੋਣ ਲੜਨ ਦੇ ਇਛੁੱਕ ਨਹੀਂ ਹਨ। ਉਨ੍ਹਾਂ ਸੂਬੇ ’ਚ ਉਦਯੋਗਾਂ ਦੀ ਤਰਸਯੋਗ ਹਾਲਤ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕੋਈ ਵੀ ਉਦਯੋਗਪਤੀ ਸੂਬੇ ’ਚ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਤੇ ਪ੍ਰੇਸ਼ਾਨੀ ਲਈ ਸੂਬਾ ਸਰਕਾਰ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਝੋਨੇ ਦੇ ਬਦਰੰਗ ਦਾਣੇ ਤੇ ਨਮੀ ਬਾਰੇ ਕੇਂਦਰ ਨਾਲ ਰਾਬਤਾ ਕਾਇਮ ਨਹੀਂ ਕੀਤਾ।

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਕੇਂਦਰ ’ਤੇ ਦਬਾਅ ਪਾਉਣ ਬਾਅਦ ਹੀ ਕੇਂਦਰੀ ਟੀਮ ਨੇ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ। ਉਨ੍ਹਾਂ ਸੂਬਾ ਸਰਕਾਰ ਵੱਲੋਂ ਲਾਏ ਪ੍ਰਾਪਰਟੀ ਟੈਕਸ ਨੂੰ ਲੋਕਾਂ ਨਾਲ ਬੇਇਨਸਾਫ਼ੀ ਦੱਸਿਆ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz