ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

14 ਨਵੰਬਰ 2013

ਰਾਹੁਲ ਨੂੰ ਚਿਤਾਵਨੀ, ਮੋਦੀ ਤੋਂ ਜਵਾਬ ਤਲਬ

ਦੋਵਾਂ ਨੇਤਾਵਾਂ ਦੀ ਬੋਲ - ਬਾਣੀ ਤੋਂ ਚੋਣ ਕਮਿਸ਼ਨ ਨਾਖ਼ੁਸ਼

 http://sameydiawaaz.com/Archive%20News/%5B2013%5D/11/14.11.2013%20-%2006.jpg

ਨਵੀਂ ਦਿੱਲੀ 13 ਨਵੰਬਰ :- ਚੋਣ ਕਮਿਸ਼ਨ ਨੇ ਅੱਜ ਰਾਹੁਲ ਗਾਂਧੀ ਵਲੋਂ ਪ੍ਰਚਾਰ ਮੁਹਿੰਮ ਦੌਰਾਨ ਕੀਤੀਆਂ ਗਈਆਂ ਕੁਝ ਟਿੱਪਣੀਆਂ ਦੀ ਸੁਰ ’ਤੇ ਨਾਪਸੰਦਗੀ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਨੂੰ ਅੱਗੇ ਤੋਂ ਸੰਜਮ ਵਰਤਣ ਲਈ ਕਿਹਾ । ਉਧਰ, ਕਮਿਸ਼ਨ ਨੇ ਕਾਂਗਰਸ ਦੇ ਚੋਣ ਨਿਸ਼ਾਨ ਦੀ ਤੁਲਨਾ ‘ਖ਼ੂਨੀ ਪੰਜੇ’ ਨਾਲ ਕਰਨ ਬਦਲੇ ਨਰਿੰਦਰ ਮੋਦੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕਰ ਦਿੱਤਾ ਹੈ । ਸ੍ਰੀ ਮੋਦੀ ਨੂੰ 16 ਨਵੰਬਰ 5 ਵਜੇ ਤਕ ਜੁਆਬ ਦੇਣ ਲਈ ਆਖਿਆ ਗਿਆ ਹੈ ।

ਸ੍ਰੀ ਗਾਂਧੀ ਨੇ ਚੋਣ ਕਮਿਸ਼ਨ ਨੂੰ ਭੇਜੇ ਆਪਣੇ ਅੱਠ ਸਫ਼ਿਆਂ ਦੇ ਜੁਆਬ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਤੋਂ ਇਨਕਾਰ ਕੀਤਾ ਸੀ। ਕਮਿਸ਼ਨ ਨੇ ਆਪਣੇ ਪੰਜ ਸਫ਼ਿਆਂ ਦੇ ਹੁਕਮਾਂ ’ਚ ਸ੍ਰੀ ਮੋਦੀ ਦੇ ਜੁਆਬ ’ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ‘‘… ਕਮਿਸ਼ਨ ਨੇ ਤੁਹਾਡੇ ਭਾਸ਼ਣਾਂ ਦੇ ਹਿੱਸਿਆਂ ’ਤੇ ਗੌਰ ਕੀਤਾ ਜੋ ਆਦਰਸ਼ ਚੋਣ ਜ਼ਾਬਤੇ ਦੇ ਅਲਫਾਜ਼ ਅਤੇ ਭਾਵਨਾ ਨਾਲ ਮੇਲ ਨਹੀਂ ਖਾਂਦੇ। ਚੋਣ ਜ਼ਾਬਤਾ ਅਜਿਹੇ ਭਾਸ਼ਣ ਅਤੇ ਬਿਆਨ ਦੇਣ ’ਤੇ ਮਨਾਹੀ ਕਰਦਾ ਹੈ ਜਿਨ੍ਹਾਂ ਨਾਲ ਵੱਖ-ਵੱਖ ਧਾਰਮਿਕ ਫਿਰਕਿਆਂ ਦਰਮਿਆਨ ਵੈਰ-ਭਾਵ ਪੈਦਾ ਹੁੰਦਾ ਹੈ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੀ ਬੇਬੁਨਿਆਦ ਦੋੋਸ਼ਾਂ ਦੇ ਆਧਾਰ ’ਤੇ ਨੁਕਤਾਚੀਨੀ ਕਰਨ ਤੋਂ ਵੀ ਵਰਜਦਾ ਹੈ।’’  ਕਮਿਸ਼ਨ ਨੇ ਕਿਹਾ ਕਿ ਉਹ ਆਪਣੇ ਨੋਟਿਸ ਦੇ ਜੁਆਬ ਵਜੋਂ ਸ੍ਰੀ ਗਾਂਧੀ ਵੱਲੋਂ ਦਿੱਤੀ ਸਫ਼ਾਈ ਤੋਂ ਸੰਤੁਸ਼ਟ ਨਹੀਂ ਹੈ। ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਰਾਹੁਲ ਗਾਂਧੀ ਦੀ ਸ਼ਿਕਾਇਤ ਕਰਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਰਾਜਸਥਾਨ ਦੇ ਚੁਰੂ ਵਿਖੇ ਰੈਲੀ ਦੌਰਾਨ ਕਿਹਾ ਸੀ ਕਿ ਮੁਜ਼ੱਫਰਨਗਰ ’ਚ ਹੋਏ ਦੰਗਿਆਂ ਦੇ ਕੁਝ ਪੀੜਤਾਂ ਨਾਲ ਪਾਕਿਸਤਾਨੀ ਏਜੰਸੀ ਆਈਐਸਆਈ ਨੇ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨੂੰ ਭੇਜੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇ ਮਿੱਥੇ ਸਮੇਂ ਤਕ ਕਮਿਸ਼ਨ ਨੂੰ ਉਨ੍ਹਾਂ ਦਾ ਜੁਆਬ ਨਹੀਂ ਮਿਲਦਾ ਤਾਂ ਇਹ ਸਮਝਿਆ ਜਾਵੇਗਾ ਕਿ ਉਨ੍ਹਾਂ ਕੋਲ ਕਹਿਣ ਲਈ ਕੁਝ ਵੀ ਨਹੀਂ ਹੈ ਅਤੇ ਕਮਿਸ਼ਨ ਉਨ੍ਹਾਂ ਨੂੰ ਕੋਈ ਹੋਰ ਹਵਾਲਾ ਦਿੱਤੇ ਬਿਨਾਂ ਢੁੱਕਵੀਂ ਕਾਰਵਾਈ ਕਰੇਗਾ।

ਚੋਣ ਕਮਿਸ਼ਨ ਨੂੰ ਸ੍ਰੀ ਮੋਦੀ ਵੱਲੋਂ 7 ਨਵੰਬਰ ਨੂੰ ਛੱਤੀਸਗੜ੍ਹ ਦੇ ਡੋਂਗਰਗੜ੍ਹ ਰਾਜਨੰਦਗਾਓਂ ਵਿਖੇ ਦਿੱਤੇ ਭਾਸ਼ਣ ਦੀ ਵੀਡੀਓ ਸੀਡੀ ਦੀ ਇਕ ਕਾਪੀ ਅਤੇ ਇਸ ਦੇ ਨਾਲ ਰਿਟਰਨਿੰਗ ਅਫਸਰ ਦੀਆਂ ਟਿੱਪਣੀਆਂ ਪ੍ਰਾਪਤ ਹੋਈਆਂ ਸਨ। ਸ੍ਰੀ  ਮੋਦੀ ਨੇ ਰਿਪੋਰਟਾਂ ਅਨੁਸਾਰ ਚੋਣ ਰੈਲੀ ਦੌਰਾਨ ਕਿਹਾ ਸੀ, ‘‘ਜਦੋਂ ਅਟਲ ਬਿਹਾਰੀ ਵਾਜਪਾਈ ਨੇ ਛੱਤੀਸਗੜ੍ਹ ਦਾ ਗਠਨ ਕੀਤਾ ਸੀ ਤਾਂ ਇਹ (ਸੂਬਾ) ਪਹਿਲੀ ਵਾਰ ਕੀਹਦੇ ਹੱਥਾਂ ’ਚ ਗਿਆ ਸੀ…ਕੀ ਤੁਸੀਂ ‘ਖੂਨੀ ਪੰਜਾ’ ਵਾਪਸ ਚਾਹੁੰਦੇ ਹੋ….. ਭੈਣੋ ਤੇ ਭਰਾਵੋ, ਇਸ ਤਰ੍ਹਾਂ ਦੀ ਗ਼ਲਤੀ ਦੁਬਾਰਾ ਨਾ ਕਰਿਓ, ਕਦੇ ਭੁੱਲ ਕੇ ਵੀ ਛੱਤੀਸਗੜ੍ਹ ਨੂੰ ‘ਜ਼ਾਲਿਮ ਪੰਜੇ’ ਵਿਚ ਨਾ ਜਾਣ ਦਿਓ।’’


ਗੁਰਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਪਹੁੰਚਿਆ

ਅਟਾਰੀ 13 ਨਵੰਬਰ :- ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਭਾਰਤੀ ਮੂਲ ਦੇ ਸਿੱਖਾਂ ਦਾ 171 ਮੈਂਬਰੀ ਜਥਾ ਸ੍ਰੀ ਹਰਬਖਸ਼ ਸਿੰਘ ਦੀ ਅਗਵਾਈ ਹੇਠ  ਅਟਾਰੀ-ਵਾਹਗਾ ਸਰਹੱਦ ਦੇ ਸੜਕ ਰਸਤੇ ਪਾਕਿਸਤਾਨ ਲਈ ਰਵਾਨਾ ਹੋਇਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ ਦੇ ਮੁਖੀ ਸ੍ਰੀ ਹਰਬਖਸ਼ ਸਿੰਘ ਨੇ ਦੱਸਿਆ ਕਿ ਜਥੇ ਵਿਚ ਸ਼ਾਮਲ ਵੱਖ-ਵੱਖ ਮੁਲਕਾਂ ਵਿਚ ਵਸਦੇ ਭਾਰਤੀ ਸਿੱਖ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 15 ਦਿਨਾਂ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੀ  ਯਾਤਰਾ ਲਈ ਵੀਜ਼ਾ ਮਿਲਿਆ ਹੈ ਅਤੇ  ਸਿੱਖ ਜਥਾ ਯਾਤਰਾ ਦੌਰਾਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ), ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਸਮੇਤ ਸਥਾਨਕ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਭਾਰਤ ਵਾਪਸ ਪਰਤੇਗਾ।


ਪੰਜਾਬ ’ਚ 25 ਨਵੰਬਰ ਤੋਂ ਵਾਧੂ ਹੋ ਜਾਵੇਗੀ ਬਿਜਲੀ - ਬਾਦਲ

 http://sameydiawaaz.com/Archive%20News/%5B2013%5D/11/14.11.2013%20-%2003.jpg

ਬਾਦਲ ਦੀ ਸ਼ਾਹਕੋਟ ਰੈਲੀ ਵਿੱਚ ਵੱਡੀ ਗਿਣਤੀ ’ਚ ਹਾਜ਼ਰ ਔਰਤਾਂ (ਫੋਟੋ: ਮਲਕੀਅਤ ਸਿੰਘ)

ਸ਼ਾਹਕੋਟ 13 ਨਵੰਬਰ (ਗੁਰਮੀਤ ਸਿੰਘ ਖੋਸਲਾ) :- ਪੰਜਾਬ ’ਚ ਅਕਾਲੀ - ਭਾਜਪਾ ਗੱਠਜੋੜ ਦੀ ਦੂਜੀ ਵਾਰ ਸਰਕਾਰ ਬਣਾਉਣ ’ਚ ਦੋਆਬੀਆਂ ਦਾ ਵਿਸ਼ੇਸ਼ ਯੋਗਦਾਨ ਹੈ । ਇਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਗਈ ਸਾਂਝੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਵਿਸ਼ਾਲ ਇਕੱਠ ਨੂੰ ਮੁਖਾਤਿਬ ਹੁੰਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਦੀ ਯੂ. ਪੀ. ਏ. ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਅੱਜ ਤੋਂ ਹੀ ਮੈਦਾਨ ’ਚ ਡੱਟ ਜਾਣ । ਕਾਨਫਰੰਸ ’ਚ ਹੋਏ ਰਿਕਾਰਡਤੋੜ ਇਕੱਠ ਤੋਂ ਗਦਗਦ ਹੋਏ ਸ੍ਰੀ ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਸੂਬੇ ’ਚ ਵੀ ਕਾਂਗਰਸ ਦੂਜੀ ਵਾਰ ਲਗਾਤਾਰ ਚੋਣ ਹਾਰੀ, ਉਸ ਸੂਬੇ ’ਚ ਕਾਂਗਰਸ ਪਾਰਟੀ ਮੁੜ ਕਦੇ ਵੀ ਸੱਤਾ ’ਚ ਨਹੀਂ ਆ ਸਕੀ । ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਹਸ਼ਰ ਵੀ ਹੁਣ ਇਸੇ ਤਰ੍ਹਾਂ ਦਾ ਹੋਵੇਗਾ ।

ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਲੰਬਾ ਸਮਾਂ ਦੇਸ਼ ਦੀ ਸੱਤਾ ’ਤੇ ਕਾਬਜ਼ ਰਹਿਣ ਵਾਲੀ ਕਾਂਗਰਸ ਸਰਕਾਰ ਨੇ ਦੇਸ਼ ਵਾਸੀਆਂ ਨੂੰ ਹੁਣ ਤੱਕ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਫਿਰਕਾਪ੍ਰਸਤੀ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਤੋਂ ਸਿਵਾਏ ਹੋਰ ਕੁਝ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿਹਾ ਕਿ ਜੇ ਰਾਜ ਸੱਤਾ ਏਨੇ ਸਮੇਂ ਤੱਕ ਠੀਕ ਹੱਥਾਂ ਵਿਚ ਦਿੱਤੀ ਹੁੰਦੀ ਤਾਂ ਹੁਣ ਤੱਕ ਦੇਸ਼ ਨੇ ਬਹੁਤ ਜ਼ਿਆਦਾ ਖੁਸ਼ਹਾਲ ਹੋ ਜਾਣਾ ਸੀ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਾਸੀ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਦੇਣ, ਗੰਦੇ ਪਾਣੀ ਦੇ ਨਿਕਾਸ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਨ ਵਾਸਤੇ ਕਰੀਬ 1700 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾਈ ਗਈ ਹੈ । ਉਨ੍ਹਾਂ ਕਿਹਾ ਕਿ ਬਿਜਲੀ ਦੇ ਉਤਪਾਦਨ ਲਈ ਪੰਜਾਬ ’ਚ ਲਗਾਏ ਗਏ ਤਿੰਨ ਥਰਮਲ ਪਲਾਂਟ 25 ਨਵੰਬਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਦੇ ਚਾਲੂ ਹੋ ਜਾਣ ਨਾਲ ਪੰਜਾਬ ’ਚ ਬਿਜਲੀ ਸਰਪਲਸ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ’ਚ ਅਤੇ ਦੇਸ਼ ਦੀ ਅਜਾਦੀ ’ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਉਸਾਰ ਕੇ ਨੌਜੁਆਨਾਂ ਨੂੰ ਸ਼ਹੀਦਾਂ ਦੇ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ । ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਹੋਣਹਾਰ ਵਿਦਿਆਰਥੀਆਂ ਨੂੰ 30 ਹਜ਼ਾਰ ਰੁਪਏ ਵਜ਼ੀਫਾ ਦਿੱਤਾ ਜਾ ਰਿਹਾ ਹੈ ।

ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਕਹਿੰਦੇ ਹੋਏ ਕਾਨਫੰਰਸ ਦੇ ਮੰਤਵ ਬਾਰੇ ਦੱਸਦਿਆਂ ਕਿਹਾ ਕਿ ਪੱਛੜੇ ਹੋਏ ਇਲਾਕੇ ’ਚ ਪੰਜਾਬ ਸਰਕਾਰ ਵਲੋਂ ਹੁਣ ਤੱਕ ਕੀਤੇ ਵਿਕਾਸ ਕੰਮਾਂ ਬਾਰੇ ਲੋਕਾਂ ਨੂੰ ਦੱਸਣ ਲਈ ਹੀ ਉਕਤ ਕਾਨਫੰਰਸ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਅੱਜ ਦੀ ਕਾਨਫੰਰਸ ’ਚ ਹੋਇਆ ਵਿਸ਼ਾਲ ਜਨਤਕ ਇਕੱਠ ਇਹ ਦਰਸਾਉਂਦਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ’ਚ ਉਹ ਜ਼ਿਲ੍ਹੇ ਅੰਦਰ ਆਉਂਦੀਆਂ ਲੋਕ ਸਭਾ ਦੀਆ ਸੀਟਾਂ ਜਿੱਤਣ ਦੇ ਸਮਰੱਥ ਹੋ ਗਏ ਹਨ । ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 5ਵੀਂ ਵਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ’ਚ ਦੋਆਬੇ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ । ਉਨ੍ਹਾਂ ਕਾਂਗਰਸ ਦੀ ਸਰਕਾਰ ਨੂੰ ਮਹਿੰਗਾਈ ਦੀ ਜਨਨੀ ਦੱਸਿਆ । ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਚਾਹੀਦਾ ਹੈ ਕਿ ਉਹ ਪੰਜਾਬ ਚੋਂ ਇਹੋ ਜਿਹੇ ਐਮ. ਪੀ. ਬਣਾ ਕੇ ਦਿੱਲੀ ਭੇਜਣ ਜੋ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਣ । ਇਸ ਮੌਕ ਕੈਬਨਿਟ ਮੰਤਰੀ ਸਰਬਣ ਸਿੰਘ ਫਿਲੋਰ, ਸੰਸਦੀ ਸਕੱਤਰ ਪਵਨ ਕੁਮਾਰ ਟੀਨੂ, ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਚੇਅਰਮੈਨ ਤਰਸ਼ਿੰਦਰ ਸਿੰਘ ਰੌਤ ਅਤੇ ਬਾਬਾ ਕਸ਼ਮੀਰਾ ਸਿੰਘ ਨੇ ਵੀ ਕਾਨਫੰਰਸ ਨੂੰ ਸੰਬੋਧਨ ਕੀਤਾ । ਇਸ ਮੋਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਭਾਜਪਾ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਦੀਪਕ ਸ਼ਰਮਾ, ਨਾਇਬ ਸਿੰਘ ਕੋਹਾੜ, ਚਰਨ ਸਿੰਘ ਸਿੰਧੜ, ਪਰਮਜੀਤ ਸਿੰਘ ਝੀਤਾ, ਸਮੇਤ ਵੱਡੀ ਗਿਣਤੀ ਹਜ਼ਾਰਾਂ ਦੀ ਤਾਦਾਦ ’ਚ ਮਰਦ ਤੇ ਔਰਤਾਂ ਹਾਜ਼ਰ ਸਨ ।

ਰੈਲੀ ’ਚ ਨਾਅਰੇਬਾਜ਼ੀ ਕਰਨ ਵਾਲੇ ਅਧਿਆਪਕਾਂ ਖ਼ਿਲਾਫ਼ ਕੇਸ ਦਰਜ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ’ਚ ਨਾਅਰੇਬਾਜ਼ੀ ਕਰਨ ਵਾਲੇ ਦੋ ਈ. ਜੀ. ਐਸ. ਅਧਿਆਪਕਾਂ ਉਪਰ ਸ਼ਾਹਕੋਟ ਪੁਲੀਸ ਵਲੋਂ ਕੇਸ ਦਰਜ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਜਿਉਂ ਹੀ ਸ੍ਰੀ ਬਾਦਲ ਇਕੱਠ ਨੂੰ ਸੰਬੋਧਨ ਕਰਨ ਲੱਗੇ ਤਾਂ ਪੰਡਾਲ ਵਿਚ ਪਹਿਲਾਂ ਹੀ ਬੈਠੇ ਈ. ਜੀ. ਐਸ. ਅਧਿਆਪਕ ਸੁਖਚੈਨ ਸਿੰਘ ਵਾਸੀ ਗੁਰਨੇ ਅਤੇ ਸ਼ਿੰਦਰਪਾਲ ਸਿੰਘ ਵਾਸੀ ਦਸ਼ਮੇਸ਼ ਨਗਰ ਜਲਾਲਾਬਾਦ (ਫਾਜ਼ਿਲਕਾ) ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ । ਨਾਅਰੇਬਾਜ਼ੀ ਹੋਣ ’ਤੇ ਬਾਦਲ ਨੇ ਆਪਣਾ ਭਾਸ਼ਣ ਵਿਚਕਾਰ ਹੀ ਰੋਕ ਕੇ ਇਸ ਦਾ ਦੋਸ਼ ਕਾਂਗਰਸ ਉਪਰ ਮੜ੍ਹ ਦਿੱਤਾ । ਪ੍ਰਤੱਖ ਗਵਾਹਾਂ ਦੇ ਦੱਸਣ ਮੁਤਾਬਕ ਬਾਹਰ ਲਿਜਾ ਕੇ ਪੁਲੀਸ ਕਰਮਚਾਰੀਆਂ ਅਤੇ ਕੁਝ ਅਕਾਲੀ ਨੌਜਵਾਨਾਂ ਨੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ । ਦੋਵੇਂ ਅਧਿਆਪਕਾ ਦੇ ਖਿਲਾਫ ਪੁਲੀਸ ਨੇ 7/51 ਦਾ ਕੇਸ ਦਰਜ ਕਰ ਲਿਆ । ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ । ਕਾਨਫੰਰਸ ਉਪਰੰਤ ਮੁੱਖ ਮੰਤਰੀ ਨੇ ਇੱਥੇ ਨਵੇਂ ਬਣੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਵੀ ਕੀਤਾ ।


ਮੋਦੀ ਦੀ ਕਿਲ੍ਹੀ ਚਾਹਲਾਂ ਰੈਲੀ ਲਈ ਪੰਜਾਬ ਸਰਕਾਰ ਸੁਰੱਖਿਆ ਪ੍ਰਬੰਧਾਂ ਵਿੱਚ ਰੁੱਝੀ

 http://sameydiawaaz.com/Archive%20News/%5B2013%5D/11/14.11.2013%20-%2004.jpg

ਪਿੰਡ ਕਿਲ੍ਹੀ ਚਾਹਲਾਂ ਵਿਖੇ ਰੈਲੀ ਵਾਲੀ ਥਾਂ ਸਥਾਪਤ ਪੁਲੀਸ ਚੌਕੀ

ਮੋਗਾ 13 ਨਵੰਬਰ (ਮਹਿੰਦਰ ਸਿੰਘ ਰੱਤੀਆਂ) :- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ 21 ਦਸੰਬਰ ਨੂੰ ਮੋਗਾ-ਲੁਧਿਆਣਾ ਸ਼ਾਹ ਰਾਹ ਸਥਿਤ ਪਿੰਡ ਕਿਲ੍ਹੀ ਚਾਹਲਾਂ ਵਿਖੇ ਪ੍ਰਸਤਾਵਿਤ ਰੈਲੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ। ਜ਼ਿਲ੍ਹਾ ਪੁਲੀਸ ਨੇ ਪ੍ਰਸਤਾਵਿਤ ਰੈਲੀ ਵਾਲੀ ਥਾਂ ਨੇੜੇ ਵਿਸੇਸ਼ ਪੁਲੀਸ ਚੌਕੀ ਸਥਾਪਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨ ਦੇ ਮਾਲਕ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

ਪੰਜਾਬ ਪੁਲੀਸ ਦੇ ਖੁਫ਼ੀਆ ਵਿੰਗ ਅਤੇ ਕੇਂਦਰੀ ਖੁਫ਼ੀਆ ਏਜੰਸੀ ਨੇ ਸ੍ਰੀ ਨਰਿੰਦਰ ਮੋਦੀ ’ਤੇ ਅਤਿਵਾਦੀ ਹਮਲੇ ਹੋਣ ਦੀ ਗੱਲ ਕਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੁਫ਼ੀਆ ਏਜੰਸੀਆਂ ਨੇ ਆਪਣੀ ਰਿਪੋਰਟ ਵਿੱਚ ਇੰਡੀਅਨ ਮੁਜਾਹਦੀਨ ਤੋਂ ਇਲਾਵਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਖ਼ਾਲਿਸਤਾਨ ਕਮਾਂਡੋ ਫੋਰਸ (ਕੇ. ਸੀ. ਐਫ) ਦੇ ਨੀਟਾ ਗਰੁੱਪ ਅਤੇ ਪੰਜਵੜ ਗੁੱਟ ਤੋਂ ਇਲਾਵਾ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐਲ. ਐਫ.) ਨਾਂ ਦੀਆਂ ਖਾੜਕੂ ਜਥੇਬੰਦੀਆਂ ਵਲੋਂ ਹਮਲੇ ਹੋਣ ਦੀ ਸੰਭਾਵਨਾ ਜਤਾਈ ਹੈ । ਸ੍ਰੀ ਮੋਦੀ ਵਲੋਂ ਸੰਬੋਧਨ ਕੀਤੇ ਜਾਣ ਲਈ ਬੁਲਟ ਪਰੂਫ਼ ਸਟੇਜ ਬਣਾਉਣ ਲਈ ਕਿਹਾ ਗਿਆ ਹੈ ।

ਖੁਫ਼ੀਆ ਏਜੰਸੀਆਂ ਨੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਗੋਧਰਾ ਕਾਂਡ ਖ਼ਿਲਾਫ਼ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਦੇ ਉਜਾੜੇ ਖ਼ਿਲਾਫ਼ ਕਾਲੀਆਂ ਝੰਡੀਆਂ ਨਾਲ ਦਿਖਾਵਾ ਕੀਤੇ ਜਾਣ ਦੀ ਵੀ ਸ਼ੰਕਾ ਜਤਾਈ ਹੈ । ਏਜੰਸੀਆਂ ਨੇ ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਯੂਥ ਕਾਂਗਰਸ ਵਲੋਂ ਵੀ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਦੇ ਉਜਾੜੇ ਖ਼ਿਲਾਫ਼ ਵਿਰੋਧ ਕੀਤਾ ਜਾ ਸਕਦਾ ਹੈ । ਜ਼ਿਕਰਯੋਗ ਹੈ ਕਿ ਬੀਤੀ 27 ਅਕਤੂਬਰ ਨੂੰ ਪਟਨਾ ਵਿਖੇ ਮੋਦੀ ਦੀ ਰੈਲੀ ਤੋਂ ਪਹਿਲਾਂ ਅਤਿਵਾਦੀਆਂ ਵਲੋਂ ਕੀਤੇ ਗਏ ਧਮਾਕਿਆਂ ਕਾਰਨ ਪੰਜਾਬ ਸਰਕਾਰ ਸੁਰੱਖਿਆ ਲਈ ਕਰੜੇ ਪ੍ਰਬੰਧ ਕਰ ਰਹੀ । ਸੂਤਰਾਂ ਦਾ ਦੱਸਣਾ ਹੈ ਕਿ ਸ੍ਰੀ ਮੋਦੀ ਲਈ ਕੀਤੇ ਸੁਰੱਖਿਆ ਇੰਤਜ਼ਾਮਾਂ ਦਾ ਨਿਰੀਖਣ ਕਰਨ ਲਈ ਗੁਜਰਾਤ ਤੋਂ ਵੀ ਸੁਰੱਖਿਆ ਦਸਤਾ ਅਗਲੇ ਹਫ਼ਤੇ ਰੈਲੀ ਸਥਾਨ ’ਤੇ  ਪਹੁੰਚ ਰਿਹਾ ਹੈ । ਦੂਜੇ ਪਾਸੇ ਭਾਜਪਾ ਆਗੂਆਂ ਨੇ ਵੀ ਰੈਲੀ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ ।


ਬਰਨਾਲਾ ਨਾਲ ਮੀਟਿੰਗ ਨਹੀਂ ਹੋਈ - ਬਾਦਲ

ਬਾਜਵਾ ਖ਼ਿਲਾਫ ਕਾਰਵਾਈ ਮੁਢਲੀ ਜਾਂਚ ਤੋਂ ਬਾਅਦ

 http://sameydiawaaz.com/Archive%20News/%5B2013%5D/11/14.11.2013%20-%2005.jpg

ਪਿੰਡ ਬਡਰੁੱਖਾਂ ਵਿਖੇ ਮਨਾਏ ਗਏ ਸ਼ੇਰ - ਏ - ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਸੰਗਰੂਰ 13 ਨਵੰਬਰ (ਮਹਿੰਦਰ ਕੌਰ ਮੰਨੂ) :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਉਨ੍ਹਾਂ ਦੀ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਸਬੰਧੀ ਕਦੇ ਕੋਈ ਮੀਟਿੰਗ ਨਹੀਂ ਹੋਈ। ਇਸ ਬਾਰੇ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਦਾ ਕੋਈ ਆਧਾਰ ਨਹੀਂ ਹੈ। ਅੱਜ ਇੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਵਸ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਮੁੱਖ ਮੰਤਰੀ ਨੇ ਕਿਹਾ ਕਿ ਬਰਨਾਲਾ ਪਰਿਵਾਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸਬੰਧੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।

ਜ਼ਮੀਨ ਘੁਟਾਲੇ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਸਮੁੱਚੇ ਲੈਂਡ ਰਿਕਾਰਡ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ, ਜੇਕਰ ਸ੍ਰੀ ਬਾਜਵਾ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਅਤੇ ਹੋਰਨਾਂ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਦੀ ਸਰਕਾਰ ਰਾਜਸੀ ਬਦਲਾਖੋਰੀ ਵਿੱਚ ਵਿਸ਼ਵਾਸ ਨਹੀਂ ਰੱਖਦੀ। ਇਹ ਸੱਭਿਆਚਾਰ ਕਾਂਗਰਸ ਦੇ ਹਿੱਸੇ ਆਇਆ ਹੈ।  ਪਿੰਡ ਬਡਰੁੱਖਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਤਿਆਰ ਕੀਤੇ ਗਏ ਪਾਰਕ ਵਿੱਚ ਕਾਂਸੀ ਦਾ ਬੁੱਤ ਲਗਾਉਣ ਵਿੱਚ ਹੋਈ ਦੇਰੀ ’ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਬੁੱਤ ਸਥਾਪਤ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਦੇ ਸਰਬਪੱਖੀ ਵਿਕਾਸ ਲਈ 30 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਦਿੱਤਾ ਅਤੇ ਮਹਾਰਾਜਾ ਦੇ ਪਰਿਵਾਰ ਨਾਲ ਸਬੰਧਤ ਦੋ ਸ਼ਖ਼ਸੀਅਤਾਂ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਸਕੂਲ ਵਿਖੇ ਉੱਘੇ ਕੋਚ ਨਰੈਣ ਸ਼ਰਮਾ ਦੀ ਯਾਦ ਵਿੱਚ ਉਸਾਰੇ ਗਏ ਬਲਾਕ ਦਾ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਇਕੱਠ ’ਚ ਸ੍ਰੀ ਬਾਦਲ ਨੇ ਕਿਹਾ ਕਿ ਰਾਜ ਸਰਕਾਰ ਨੇ ਆਪਣੀ ਮਹਾਨ ਵਿਰਾਸਤ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ’ ਆਦਿ ਅਨੇਕਾਂ ਯਾਦਗਾਰਾਂ ਦਾ ਨਿਰਮਾਣ ਕਰਾਇਆ ਹੈ।

ਸ਼ੇਰ-ਏ-ਪੰਜਾਬ ਦੇ ਜਨਮ ਦਿਵਸ ’ਤੇ ਪਿੰਡ ਬਡਰੁੱਖਾਂ ਅਤੇ ਜ਼ਿਲ੍ਹਾ ਸੰਗਰੂਰ ਵਾਸੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ‘ਰਾਮ ਰਾਜ’ ਹੋਇਆ ਹੈ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਜਾਂਦੀ ਹੈ।

ਇਸ ਤੋਂ ਪਹਿਲਾਂ ਸੰਬੋਧਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ, ਜਿਨ੍ਹਾਂ ਨੂੰ ਪੂਰੇ ਦੇਸ਼ ਨੇ ਭੁਲਾ ਦਿੱਤਾ ਸੀ। ਕਰਤਾਰਪੁਰ ਨੇੜੇ ਇੱਕ ਅਜਿਹੀ ਯਾਦਗਾਰ ਬਣਾਈ ਜਾ ਰਹੀ ਹੈ, ਜਿਸ ਵਿੱਚ ਸਾਰੇ ਸ਼ਹੀਦਾਂ ਅਤੇ ਲਹਿਰਾਂ ਦੀ ਭੂਮਿਕਾ ਨੂੰ ਦਰਸਾਇਆ ਜਾਵੇਗਾ। ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਸਰਕਾਰੀ ਖਜ਼ਾਨਾ ਖਾਲੀ ਹੋਣ ਦੀਆਂ ਅਫ਼ਵਾਹਾਂ ਉਡਾਈਆਂ ਜਾ ਰਹੀਆਂ ਹਨ ਜੇ ਅੱਜ ਇਸ ਤਰ੍ਹਾਂ ਹੁੰਦਾ ਤਾਂ ਸੜਕਾਂ ਦੀ ਉਸਾਰੀ ਸਣੇ ਹੋਰ ਸਕੀਮਾਂ ਨਾ ਚੱਲਦੀਆਂ।  ਸਮਾਗਮ ਨੂੰ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਸੰਤ ਬਲਵੀਰ ਸਿੰਘ ਘੁੰਨਸ ਅਤੇ ਭਾਰਤੀ ਜਨਤਾ ਪਾਰਟੀ ਦੇ ਸਕੱਤਰ ਜਤਿੰਦਰ ਕਾਲੜਾ ਨੇ ਵੀ ਸੰਬੋਧਨ ਕੀਤਾ।


ਸੀ. ਬੀ. ਆਈ. ਡਾਇਰੈਕਟਰ ਨੇ ਮੁਆਫ਼ੀ ਮੰਗੀ

ਜਬਰ ਜਨਾਹ ਬਾਰੇ ਕੀਤੀ ਸੀ ਗ਼ਲਤ ਟਿੱਪਣੀ

 http://sameydiawaaz.com/Archive%20News/%5B2013%5D/11/14.11.2013%20-%2009.jpg

ਨਵੀਂ ਦਿੱਲੀ 13 ਨਵੰਬਰ :- ਜਬਰ ਜਨਾਹ ਬਾਰੇ ਆਪਣੀ ਟਿੱਪਣੀ ਕਾਰਨ ਆਲੋਚਨਾ ਦਾ ਸ਼ਿਕਾਰ ਹੋ ਰਹੇ ਸੀ. ਬੀ. ਆਈ. ਦੇ ਡਾਇਰੈਕਟਰ ਰਣਜੀਤ ਸਿਨਹਾ ਨੇ ਅੱਜ ਕਿਹਾ ਹੈ ਕਿ ਜੇਕਰ ਜਾਣੇ-ਅਣਜਾਣੇ ਵਿਚ ਉਨ੍ਹਾਂ ਨੇ ਕਿਸੇ ਨੂੰ ਠੇਸ ਪਹੁੰਚਾਈ ਹੈ ਤਾਂ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਔਰਤਾਂ ਦਾ ਬੇਹੱਦ ਸਨਮਾਨ ਤੇ ਆਦਰ ਕਰਦੇ ਹਨ।ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਖੇਡਾਂ ਵਿਚ ਸੱਟੇਬਾਜ਼ੀ ਨੂੰ ਕਾਨੂੰਨੀ ਰੂਪ ਦੇਣ ਸਬੰਧੀ ਇਹ ਟਿੱਪਣੀ ਕੀਤੀ ਸੀ।

ਸ੍ਰੀ ਸਿਨਹਾ ਨੇ ਕਿਹਾ, ‘‘ਮੈਂ ਆਪਣੀ ਰਾਇ ਦਿੱਤੀ ਸੀ ਕਿ ਸੱਟੇਬਾਜ਼ੀ ਨੂੰ ਕਾਨੂੰਨੀ ਰੂਪ ਦੇ ਦੇਣਾ ਚਾਹੀਦਾ ਹੈ ਤੇ ਜੇਕਰ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਤਾਂ ਇਸ ਦਾ ਮਸਲਾ ਇਹ ਨਹੀਂ ਕਿ ਕਾਨੂੰਨ ਬਣਾਏ ਨਹੀਂ ਜਾਣੇ ਚਾਹੀਦੇ।

ਇਹ ਕਹਿਣਾ ਓਨਾ ਹੀ ਗਲਤ ਹੈ, ਜਿੰਨਾ ਇਹ ਕਹਿਣਾ ਕਿ ਜੇਕਰ ਜਬਰ ਜਨਾਹ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਪੀੜਤ ਨੂੰ ਇਸ ਦਾ ਆਨੰਦ ਲੈਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਇਸ ਟਿੱਪਣੀ ਕਾਰਨ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਇਸ ’ਤੇ ਉਹ ਮੁਆਫੀ ਚਾਹੁੰਦੇ ਹਨ। ਉਹ ਔਰਤਾਂ ਦਾ ਬੇਹੱਦ ਸਨਮਾਨ ਕਰਦੇ ਹਨ। ‘ਖੇਡਾਂ ਵਿਚ ਨੈਤਿਕਤਾ ਤੇ ਪ੍ਰਤੀਬੱਧਤਾ ਕਾਨੂੰਨ ਦੀ ਜ਼ਰੂਰਤ ਤੇ ਸੀ. ਬੀ. ਆਈ. ਦੀ ਭੂਮਿਕਾ’ ਵਿਸ਼ੇ ’ਤੇ ਬੀਤੀ ਰਾਤ ਵਿਚਾਰ ਗੋਸ਼ਟੀ ਵਿਚ ਹਿੱਸਾ ਲੈਂਦਿਆਂ ਸ੍ਰੀ ਸਿਨਹਾ ਨੇ ਕਿਹਾ ਸੀ ਕਿ ਦੇਸ਼ ਵਿਚ ਸੱਟੇਬਾਜ਼ੀ ਨੂੰ ਕਾਨੂੰਨੀ ਦਰਜਾ ਦਿੱਤੇ ਜਾਣ ਵਿਚ ਕੋਈ ਨੁਕਸਾਨ ਨਹੀਂ ਹੈ ।

ਕੌਮੀ ਮਹਿਲਾ ਕਮਿਸ਼ਨ ਨੇ ਸਿਨਹਾ ਤੋਂ ਸਪੱਸ਼ਟੀਕਰਨ ਮੰਗਿਆ: ਕੌਮੀ ਮਹਿਲਾ ਕਮਿਸ਼ਨ ਨੇ ਸੀ. ਬੀ. ਆਈ. ਦੇ ਡਾਇਰੈਕਟਰ ਰਣਜੀਤ ਸਿਨਹਾ ਤੋਂ ਉਨ੍ਹਾਂ ਵਲੋਂ ਔਰਤਾਂ ਬਾਰੇ ਕੀਤੀ ਟਿੱਪਣੀ ’ਤੇ ਸਪੱਸ਼ਟੀਕਰਨ ਮੰਗਿਆ ਹੈ । ਕਮਿਸ਼ਨ ਨੇ ਕਿਹਾ ਕਿ ਉਹ ਸ੍ਰੀ ਸਿਨਹਾ ਤੋਂ ਅਸਤੀਫਾ ਲੈਣ ਲਈ ਸਰਕਾਰ ਨੂੰ ਸਿਫਾਰਸ਼ ਕਰ ਸਕਦਾ ਹੈ । ਸੀ. ਬੀ. ਆਈ. ਦੇ ਡਾਇਰੈਕਟਰ ਨੂੰ ਨੋਟਿਸ ਜਾਰੀ ਕਰਦਿਆਂ ਕਮਿਸ਼ਨ ਨੇ ਉਨ੍ਹਾਂ ਨੂੰ 24 ਘੰਟਿਆਂ ਵਿਚ ਜੁਆਬ ਦੇਣ ਲਈ ਕਿਹਾ ਹੈ । ਕਮਿਸ਼ਨ ਮੈਂਬਰ ਨਿਰਮਲਾ ਸਾਮੰਤ ਪ੍ਰਭਾਵਲੇਕਰ ਨੇ ਕਿਹਾ, ‘‘ਉਨ੍ਹਾਂ ਨੇ ਗਲਤ ਜਿਆਨੀ ਕੀਤੀ ਹੈ । ਅਸੀਂ ਇਸ ਦਾ ਸਿਰਫ ਖੰਡਨ ਹੀ ਨਹੀਂ ਕਰਾਂਗੇ, ਸਗੋਂ ਰੋਸ ਵੀ ਪ੍ਰਗਟਾਵਾਂਗੇ।’’ ਸੀ. ਪੀ. ਐਮ. ਦੀ ਆਗੂ ਬਰਿੰਦਾ ਕਰਤ ਨੇ ਵੀ ਸ੍ਰੀ ਸਿਨਹਾ ਦੇ ਬਿਆਨ ਦੀ ਨਿਖੇਧੀ ਕੀਤੀ ਤੇ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ ।


ਚੰਡੀਗੜ੍ਹ ਵਿੱਚ ਅਪਰਾਧ ਤੇਜ਼ੀ ਨਾਲ ਵਧੇ

ਔਰਤਾਂ ਨਾਲ ਜਬਰ ਜਨਾਹ ਦੇ ਮਾਮਲਿਆਂ ਵਿੱਚ 64 ਫੀਸਦੀ ਵਾਧਾ

ਛੇੜਛਾੜ ਦੀਆਂ ਸਭ ਤੋਂ ਵਧ ਘਟਨਾਵਾਂ ਮਨੀਮਾਜਰਾ ਵਿੱਚ ਵਾਪਰੀਆਂ

ਚੰਡੀਗੜ੍ਹ 13 ਨਵੰਬਰ (ਤਰਲੋਚਨ ਸਿੰਘ) :- ਚੰਡੀਗੜ੍ਹ ਵਿਚ ਮਹਿਲਾਵਾਂ ਵਿਰੁੱਧ ਅਪਰਾਧਾਂ ਵਿਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਪਿਛਲੇ ਸਮਿਆਂ ਨਾਲੋਂ ਮਹਿਲਾਵਾਂ ਨਾਲ ਬਲਾਤਕਾਰਾਂ ਵਿਚ 64 ਫੀਸਦ ਅਤੇ ਛੇੜਛਾੜ ਤੇ ਜਿਮਸਾਨੀ ਸ਼ੋਸ਼ਣ ਦੇ ਮਾਮਲਿਆਂ ਵਿਚ 154 ਫੀਸਦ ਵਾਧਾ ਹੋਇਆ ਹੈ। ਇਸ ਤੋਂ ਇਲਾਵਾ  ਅਗਵਾ ਤੇ ਉਧਾਲਣ ਦੀਆਂ ਘਟਨਾਵਾਂ ਵਿਚ ਰਿਕਾਰਡ 233 ਫੀਸਦ ਵਾਧਾ ਹੋਇਆ ਹੈ।

ਪੁਲੀਸ ਤੋਂ ਹਾਸਲ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ 31 ਅਕਤੂਬਰ ਤੱਕ ਮਹਿਲਾਵਾਂ ਨਾਲ ਛੇੜਛਾੜ ਅਤੇ ਜਿਸਮਾਨੀ ਸ਼ੋਸ਼ਣ ਦੇ ਕੁੱਲ 69 ਕੇਸ ਦਰਜ ਕੀਤੇ ਗਏ ਸਨ,ਜਦਕਿ ਇਸ ਵਰ੍ਹੇ 31 ਅਕਤੂਬਰ ਤੱਕ ਪਿਛਲੇ ਸਾਲ ਨਾਲੋਂ 106 ਵੱਧ ਭਾਵ 175 ਕੇਸ ਦਰਜ ਕੀਤੇ ਗਏ ਹਨ ਜੋ ਪਿਛਲੇ ਸਾਲ ਨਾਲੋਂ154 ਫੀਸਦ ਵੱਧ ਹਨ। ਬਲਾਤਕਾਰ ਦੀਆਂ ਘਟਨਾਵਾਂ ’ਚ ਬੜੇ ਚਿੰਤਾਜਨਕ ਢੰਗ ਨਾਲ ਵਾਧਾ ਹੋਇਆ ਹੈ । ਪਿਛਲੇ ਵਰ੍ਹੇ 31 ਅਕਤੂਬਰ ਤੱਕ ਬਲਾਤਕਾਰ ਦੇ ਕੁੱਲ 28 ਕੇਸ ਦਰਜ ਕੀਤੇ ਗਏ ਸਨ ਜਦਕਿ ਇਸ ਵਰ੍ਹੇ ਅਜਿਹੀਆਂ 46 ਘਟਨਾਵਾਂ ਵਾਪਰੀਆਂ  ਜੋ ਪਿਛਲੇ ਵਰ੍ਹੇ ਨਾਲੋਂ 18 (64 ਫੀਸਦ) ਵੱਧ ਹਨ । ਇਸੇ ਤਰ੍ਹਾਂ ਅਕਤੂਬਰ ਤਕ ਅਗਵਾ ਤੇ ਉਧਾਲਣ ਦੀਆਂ 223 ਘਟਨਾਵਾਂ ਵਾਪਰ ਚੁੱਕੀਆਂ ਹਨ ਜਦਕਿ ਪਿਛਲੇ ਵਰ੍ਹੇ ਇਹ ਗਿਣਤੀ 67 ਸੀ। ਇਸ ਤਰ੍ਹਾਂ ਪਿਛਲੇ ਵਰ੍ਹੇ ਨਾਲੋਂ ਅਗਵਾ ਤੇ ਉਧਾਲਣ ਦੀਆਂ 233 ਫੀਸਦ ਵੱਧ ਘਟਨਾਵਾਂ ਵਾਪਰੀਆਂ ਹਨ। ਚਿੰਤਾ ਦੀ ਗੱਲ ਇਹ ਹੈ ਕਿ ਅਜਿਹੇ ਬਹੁਤੇ ਮਾਮਲਿਆਂ ਵਿਚ ਲੜਕੀਆਂ ਤੇ ਮਹਿਲਾਵਾਂ ਸ਼ਾਮਲ ਹਨ। ਇਨ੍ਹਾਂ ਵਿਚ ਵੱਡੇ ਪੱਧਰ ’ਤੇ ਨਾਬਾਲਗ ਲੜਕੀਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ । ਕਈ ਮਾਮਲਿਆਂ ਵਿਚ ਤਾਂ ਕੁਝ ਵਿਅਕਤੀਆਂ ਨੇ ਆਪਣੀਆਂ ਪਤਨੀਆਂ ਦੇ ਅਗਵਾ ਹੋਣ ਦੀਆਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹਨ ।

ਸੂਤਰਾਂ ਅਨੁਸਾਰ ਸੁਪਰੀਮ ਕੋਰਟ ਵੱਲੋਂ ਖਾਸ ਕਰਕੇ ਬੱਚਿਆਂ ਦੇ ਗੁੰਮਸ਼ੁਦਗੀ ਦੇ ਮਾਮਲਿਆਂ ਵਿਚ ਵੀ ਅਗਵਾ ਤੇ ਉਧਾਲਣ ਦੇ ਹੰਗਾਮੀ ਹਾਲਤ ਵਿਚ ਕੇਸ ਦਰਜ ਕਰਨ ਲਈ ਕਿਹਾ ਗਿਆ ਹੈ, ਜਿਸ ਤਹਿਤ ਅਜਿਹੇ ਹਰੇਕ ਮਾਮਲੇ ਵਿਚ ਅਗਵਾ ਦਾ ਕੇਸ ਦਰਜ ਕਰਨ ਕਾਰਨ ਇਹ ਅੰਕੜਾ ਵਧਿਆ ਹੈ।

ਪੁਲੀਸ ਅਨੁਸਾਰ ਲੜਕੀਆਂ ਤੇ ਮਹਿਲਾਵਾਂ ਨੂੰ ਜਾਗ੍ਰਿਤ ਕਰਨ ਦੀ ਚਲਾਈ ਮੁਹਿੰਮ ਤੋਂ ਬਾਅਦ ਹੁਣ ਔਰਤਾਂ ਦੇ ਇਨ੍ਹਾਂ ਅਨਸਰਾਂ ਵਿਰੁੱਧ ਖੁੱਲ੍ਹ ਕੇ ਸਾਹਮਣੇ ਆਉਣ ਕਾਰਨ ਛੇੜਛਾੜ ਦੇ ਕੇਸਾਂ ਵਿਚ ਭਾਰੀ ਵਾਧਾ ਹੋਇਆ ਹੈ।

ਸੂਤਰਾਂ ਅਨੁਸਾਰ ਬਲਾਤਕਾਰਾਂ ਦੇ ਕਈ ਮਾਮਲਿਆਂ ਵਿਚ ਬਾਅਦ ਵਿਚ ਸਮਝੌਤੇ ਹੋਣ ਜਾਂ ਅਦਾਲਤ ਵਿਚ ਜਾ ਕੇ ਸ਼ਿਕਾਇਤਕਰਤਾ ਦੇ ਮੁਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ। ਅਗਵਾ ਦੀਆਂ ਸਭ ਤੋਂ ਵੱਧ 50 ਘਟਨਾਵਾਂ ਮਨੀਮਾਜਰਾ ਥਾਣਾ ਖੇਤਰ ਵਿਚ ਵਾਪਰੀਆਂ ਹਨ। ਇਸੇ ਤਰ੍ਹਾਂ ਸੈਕਟਰ-31 ਥਾਣੇ ਵਿਚ 29, ਸੈਕਟਰ-34 ਥਾਣੇ ਵਿਚ 28, ਸੈਕਟਰ-39 ਥਾਣੇ ਵਿਚ 24, ਸੈਕਟਰ-26 ਥਾਣੇ ਵਿਚ 26 ਅਤੇ ਸੈਕਟਰ-11 ਥਾਣੇ ਵਿਚ ਅਗਵਾ ਦੇ 12 ਕੇਸ ਦਰਜ ਕੀਤੇ ਗਏ ਹਨ। ਸਨਅਤੀ ਖੇਤਰ ਥਾਣੇ ਵਿਚ ਵੀ ਅਗਵਾ ਦੇ 16 ਕੇਸ ਦਰਜ ਹੋਏ ਹਨ। ਬਲਾਤਕਾਰ ਦੇ ਸਭ ਤੋਂ ਵੱਧ 9 ਕੇਸ ਸੈਕਟਰ-39 ਥਾਣੇ ਵਿਚ ਦਰਜ ਹੋਏ ਹਨ। ਦੱਸਣਯੋਗ ਹੈ ਕਿ ਇਸ ਥਾਣੇ ਅਧੀਨ ਪਲਸੌਰਾ ਕਲੋਨੀ, ਡੱਡੂਮਾਜਰਾ ਕਲੋਨੀ, ਮਲੋਆ ਕਲੋਨੀ, ਸੈਕਟਰ-38, 39, 40, 41 ਅਤੇ 37 ਆਉਂਦੇ ਹਨ। ਮਨੀਮਾਜਰਾ ਤੇ ਸਨਅਤੀ ਖੇਤਰ ਥਾਣਿਆਂ ਵਿਚ 6-6, ਸੈਕਟਰ-3, ਸੈਕਟਰ-11 ਅਤੇ ਸੈਕਟਰ-34 ਥਾਣਿਆਂ ਵਿਚ ਬਲਾਤਕਾਰ ਦੇ ਚਾਰ-ਚਾਰ ਕੇਸ ਦਰਜ ਹੋਏ ਹਨ। ਸੇੈਕਟਰ-36 ਥਾਣੇ ਵਿਚ ਬਲਾਤਕਾਰ ਦੀਆਂ ਪੰਜ ਘਟਨਾਵਾਂ ਵਾਪਰੀਆਂ ਹਨ। ਮਹਿਲਾਵਾਂ ਤੇ ਔਰਤਾਂ ਨਾਲ ਛੇੜਛਾੜ ਕਰਨ ਦੀਆਂ ਸਭ ਤੋਂ ਵੱਧ ਘਟਨਾਵਾਂ ਮਨੀਮਾਜਰਾ ਥਾਣਾ ਖੇਤਰ ਵਿਚ ਵਾਪਰੀਆਂ ਹਨ। ਇਸ ਥਾਣੇ ਵਿਚ ਛੇੜਛਾੜ ਆਦਿ ਦੇ 35 ਕੇਸ ਦਰਜ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਸ ਥਾਣੇ ਅਧੀਨ ਇੰਦਰਾ ਕਲੋਨੀ, ਮੌਲੀਜੱਗਰਾਂ ਕੰਪਲੈਕਸ, ਕਿਸ਼ਨਗੜ੍ਹ, ਆਈਟੀ ਪਾਰਕ ਆਦਿ ਖੇਤਰ ਆਉਂਦੇ ਹਨ।

ਇਸ ਤੋਂ ਬਾਅਦ ਛੇੜਛਾੜ ਆਦਿ ਦੇ 25 ਕੇਸ ਸੈਕਟਰ-34 ਥਾਣੇ ਅਤੇ 23 ਕੇਸ ਸੈਕਟਰ-39 ਥਾਣੇ ਵਿਚ ਦਰਜ ਕੀਤੇ ਗਏ ਹਨ।  ਸੈਕਟਰ-11 ਤੇ ਸੈਕਟਰ-17 ਥਾਣਿਆਂ ਵਿਚ 20-20 ਕੇਸ ਦਰਜ ਕੀਤੇ ਗਏ ਹਨ। ਸਨਅਤੀ ਖੇਤਰ ਥਾਣੇ ਵਿਚ ਜਿਥੇ ਪਿਛਲੇ ਵਰ੍ਹੇ ਛੇੜਛਾੜ ਦਾ ਇਕ ਵੀ ਕੇਸ ਦਰਜ ਨਹੀਂ ਕੀਤਾ ਗਿਆ ਸੀ ਉਥੇ ਇਸ ਵਰ੍ਹੇ ਅਜਿਹੇ 17 ਕੇਸ ਦਰਜ ਕੀਤੇ ਗਏ ਹਨ। ਸੈਕਟਰ-19 ਥਾਣੇ ਅਧੀਨ ਅਜਿਹੇ ਸਭ ਤੋਂ ਘੱਟ ਚਾਰ ਕੇਸ ਦਰਜ ਹੋਏ ਹਨ। ਦੱਸਣਯੋਗ ਹੈ ਕਿ ਇਸ ਥਾਣੇ ਅਧੀਨ ਸੈਕਟਰ-18, 19, 20 ਤੇ 21 ਸੈਕਟਰ ਆਉਂਦੇ ਹਨ। ਪਿਛਲੇ ਵਰ੍ਹੇ ਇਸ ਥਾਣੇ ਵਿਚ ਛੇੜਛਾੜ ਦਾ ਇਕ ਵੀ ਕੇਸ ਦਰਜ ਨਹੀਂ ਹੋਇਆ ਸੀ।


ਕੇਰਨ ਸੈਕਟਰ ’ਚ ਘੁਸਪੈਠ ਬਾਰੇ ਫ਼ੌਜ ਦਾ ਦਾਅਵਾ ਸਰਕਾਰ ਵਲੋਂ ਰੱਦ

ਘੁਸਪੈਠ ਦੇ ਨਹੀਂ ਮਿਲੇ ਸਬੂਤ

 http://sameydiawaaz.com/Archive%20News/%5B2013%5D/11/14.11.2013%20-%2008.jpg

ਕਥਿਤ ਮੁਕਾਬਲੇ ਦੀ ਇਕ ਫਾਈਲ ਫੋਟੋ

ਨਵੀਂ ਦਿੱਲੀ 13 ਨਵੰਬਰ :- ਕੇਰਨ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਹੋਈ ਘੁਸਪੈਠ ਦੌਰਾਨ ਉਥੇ ਹੋਈਆਂ ਘਟਨਾਵਾਂ ਉਪਰ ਖੜ੍ਹੇ ਹੋਏ ਸਵਾਲਾਂ ਦਰਮਿਆਨ ਸਰਕਾਰ ਨੇ ਫੌਜ ਦੇ ਦਾਅਵੇ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਘੁਸਪੈਠ ਦੀ ਕਿਸੇ ਕੋਸ਼ਿਸ਼ ਦਾ ਕੋਈ ਸਬੂਤ ਨਹੀਂ ਹੈ।

ਸੂਤਰਾਂ ਅਨੁਸਾਰ ਹਾਲ ਹੀ ਵਿੱਚ ਇਥੇ ਹੋਈ ਉੱਚ ਪੱਧਰੀ ਸੁਰੱਖਿਆ ਬੈਠਕ ਦੌਰਾਨ ਮਹਿਸੂਸ ਕੀਤਾ ਗਿਆ ਕਿ ‘ਰਿਸੈਪਸ਼ਨ ਏਰੀਆ’ ਵਿੱਚ ਅਤਿਵਾਦੀਆਂ ਨੂੰ ਘੇਰਨ ਲਈ ਫੌਜ ਨੂੰ ਉਸ ਦੀ ਕਿਲੇਬੰਦੀ ਕਰਨੀ ਚਾਹੀਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਨਿਯੰਤਰਣ ਰੇਖਾ ਤੋਂ ਚਾਰ-ਪੰਜ ਕਿਲੋਮੀਟਰ ਤੱਕ ਭਾਰਤੀ ਖੇਤਰ ਵਿੱਚ ਫੌਜ ਉਨ੍ਹਾਂ ਅਤਿਵਾਦੀਆਂ ਨੂੰ ਫੜ ਸਕਦੀ ਹੈ, ਜੋ ਘੁਸਪੈਠ ਰੋਕੂ ਅਪਰੇਸ਼ਨ ਤੋਂ ਬਚ ਨਿਕਲਦੇ ਹਨ। ‘ਰਿਸੈਪਸ਼ਨ ਏਰੀਆ’ ਆਮ ਕਰਕੇ ਨਿਯੰਤਰਣ ਰੇਖਾ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਹੁੰਦਾ ਹੈ, ਜਿਸ ਦਾ ਗਠਨ ਫੌਜ ਉਨ੍ਹਾਂ ਸਾਰੇ ਅਤਿਵਾਦੀਆਂ ਨੂੰ ਖਤਮ ਕਰਨ ਲਈ ਕਰਦੀ ਹੈ, ਜੋ ਸਰਹੱਦ ’ਤੇ ਬਚ ਨਿਕਲਣ ਵਿੱਚ ਸਫਲ ਰਹਿੰਦੇ ਹਨ।

ਸੂਤਰਾਂ ਨੇ ਕਿਹਾ ਕਿ ਬੈਠਕ ਵਿੱਚ ਜੰਮੂ-ਕਸ਼ਮੀਰ ਤੇ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਵਿਚਾਲੇ ਵੰਡੇ ਸ਼ਾਲਭੱਟੂ ਪਿੰਡ ਵਿੱਚ ਪਾਕਿਸਤਾਨ ਦੇ ਵਿਸ਼ੇਸ਼ ਬਲਾਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਸਰਕਾਰ ਨੇ ਸ਼ੱਕੀ ਮੰਨਿਆ ਕਿਉਂਕਿ ਹੋਰ ਏਜੰਸੀ ਕੋਲ ਇਸ ਦੇ ਸਬੂਤ ਨਹੀਂ ਸਨ। 1990 ਦੇ ਦਹਾਕੇ ਵਿੱਚ ਘੁਸਪੈਠ ਲਈ ਇਹ ਪਿੰਡ ਸਭ ਤੋਂ ਬਿਹਤਰ ਰਾਹਾਂ ਵਿੱਚੋਂ ਇਕ ਸੀ। ਸੂਤਰਾਂ ਮੁਤਾਬਕ ਬੈਠਕ ਵਿੱਚ ਫੌਜ ਦੇ ਇਕ ਪ੍ਰਤੀਨਿਧੀ ਨੇ ਵੀ ਸ਼ਿਰਕਤ ਕੀਤੀ ਸੀ ਤੇ ਇਸ ਵਿੱਚ ਤਕਨੀਕੀ ਖੁਫੀਆ ਜਾਣਕਾਰੀ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ, ਜੋ ਫੌਜ ਦੇ ਕਿਸੇ ਦਾਅਵੇ ਨਾਲ ਮੇਲ ਨਹੀਂ ਖਾਂਦੀ। ਕੇਰਨ ਅਪਰੇਸ਼ਨ ਉਪਰ ਫੌਜ ਸਾਰੇ ਸ਼ੱਕ ਖਾਰਜ ਕਰ ਚੁੱਕੀ ਹੈ ਤੇ ਕਿਹਾ ਕਿ ਨਿਯੰਤਰਣ ਰੇਖਾ ਉਪਰ ਫੌਜ ਦਾ ਦਬਦਬਾ ਹੈ ਤੇ ਹਰ ਸਮੇਂ ਉਹ ਆਪਣੀਆਂ ਚੌਕੀਆਂ ਦੇ ਸੰਪਰਕ ਵਿੱਚ ਰਹਿੰਦੀ ਹੈ। ਅਗਸਤ ਦੇ ਆਖਰੀ ਹਫਤੇ ਵਿੱਚ ਸ਼ੁਰੂ ਹੋਇਆ ਕੇਰਨ ਅਪਰੇਸ਼ਨ ਕਰੀਬ ਦੋ ਹਫਤਿਆਂ ਮਗਰੋਂ ਖਤਮ ਹੋਇਆ ਸੀ। ਮੀਟਿੰਗ ਵਿੱਚ ਜੰਮੂ-ਕਸ਼ਮੀਰ ਪੁਲੀਸ ਨੇ ਦੱਸਿਆ ਕਿ ਦੋ ਹੋਰ ਇਲਾਕਿਆਂ ਮੁੱਜਰ ਡੋਰ ਤੇ ਫਤਹਿ ਗਲੀ ਵਿੱਚ ਘੁਸਪੈਠ ਦੀਆਂ ਦੋ ਵੱਡੀਆਂ ਕੋਸ਼ਿਸ਼ਾਂ ਹੋਈਆਂ ਨਾ ਕਿ ਕੇਰਨ ਸੈਕਟਰ ਵਿੱਚ। ਫੌਜ ਨੇ ਰਾਜ ਪੁਲੀਸ ਕੋਲ ਦਰਜ ਕਰਵਾਈ ਐਫਆਈਆਰ ਵਿੱਚ ਦਾਅਵਾ ਕੀਤਾ ਕਿ ਤਿੰਨ ਅਤਿਵਾਦੀ ਮਾਰੇ ਗਏ, ਪਰ ਉਨ੍ਹਾਂ ਨੇ ਸਿਰਫ਼ ਦੋ ਲਾਸ਼ਾਂ ਸੌਂਪੀਆਂ ਤੇ ਕਿਹਾ ਕਿ ਤੀਜੀ ਨੂੰ ਵੀ ਬਰਾਮਦ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਨਿਯੰਤਰਣ ਰੇਖਾ ’ਤੇ ਪਈ ਹੈ। ਇਸ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਤੇ ਬੈਠਕ ਵਿੱਚ ਆਪਣੀ ਰਿਪੋਰਟ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਕਿਹਾ ਕਿ ਇਸ ਸਾਲ 4-5 ਅਕਤੂਬਰ ਦੀ ਰਾਤ ਮਕਬੂਜ਼ਾ ਕਸ਼ਮੀਰ ਦੇ ਅੱਠਮੁਕਾਮ ਵੱਲੋਂ 9 ਅਤਿਵਾਦੀਆਂ ਦੇ ਸਮੂਹ ਨੇ ਘੁਸਪੈਠ ਕੀਤੀ, ਜਿਨ੍ਹਾਂ ਵਿੱਚੋਂ ਦੋ ਮਾਰੇ ਗਏ ਤੇ 7 ਹੋਰ ਦੌੜ ਗਏ।  ਦੂਜੀ ਘਟਨਾ ਵਿੱਚ ਫੌਜ ਨੇ ਐਫਆਈਆਰ ਵਿੱਚ ਕਿਹਾ ਸੀ ਕਿ ਚਾਰ ਅਤਿਵਾਦੀਆਂ ਨੇ ਘੁਸਪੈਠ ਕੀਤੀ ਤੇ ਕੇਰਨ ਸੈਕਟਰ ਤੋਂ 30 ਕਿਲੋਮੀਟਰ ਦੂਰ ਫਤਹਿ ਗਲੀ ਵਿੱਚ ਮਾਰੇ ਗਏ।  ਸੂਤਰਾਂ ਨੇ ਕਿਹਾ ਕਿ ਪੁਲੀਸ ਮੁਤਾਬਕ ਘਟਨਾ ਵਿੱਚ ਪੰਜ ਅਤਿਵਾਦੀ ਘੁਸਪੈਠ ਕਰਨ ਵਿੱਚ ਸਫਲ ਰਹੇ ਸਨ। ਕੇਰਨ ਸੈਕਟਰ ਵਿੱਚ ਘੁਸਪੈਠ ਬਾਰੇ ਫੌਜ ਦਾ ਦਾਅਵਾ ਨਿਗਰਾਨੀ ਹੇਠ ਆ ਗਿਆ ਸੀ ਕਿਉਂਕਿ ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਰੀਬ 30 ਅਤਿਵਾਦੀਆਂ ਨੇ ਘੁਸਪੈਠ ਕੀਤੀ ਸੀ ਤੇ ਉਨ੍ਹਾਂ ਨੂੰ ਘੇਰ ਲਿਆ ਗਿਆ ਸੀ। ਸੂਤਰਾਂ ਅਨੁਸਾਰ ਫੌਜ ਕਿਸੇ ਅਤਿਵਾਦੀ ਜਾਂ ਹਥਿਆਰ ਦਾ ਪਤਾ ਨਹੀਂ ਲਗਾ ਸਕੀ ਜਾਂ ਕੇਰਨ ਦੇ ਸ਼ਾਲ ਭੱਟੂ ਪਿੰਡ ਵਿੱਚ ਘੁਸਪੈਠ ਦੇ ਕਿਸੇ ਸੰਕੇਤ ਬਾਰੇ ਨਹੀਂ ਦੱਸ ਸਕੀ।


ਨਿਊਜ਼ੀਲੈਂਡ ‘ਚ 377 ਨਵੇਂ ਜੂਨੀਅਰ ਡਾਕਟਰਾਂ ਵਿਚ 13 ਭਾਰਤੀ ਮੂਲ ਦੇ

ਡਾਕਟਰ ਵੀ ਹਨ ਸ਼ਾਮਿਲ ਦੇਸ਼ ਭਰ ਵਿਚ ਹਨ 7200 ਤੋਂ ਵੱਧ ਡਾਕਟਰ

 http://sameydiawaaz.com/Archive%20News/%5B2013%5D/11/14.11.2013%20-%2001.jpg

ਔਕਲੈਂਡ 13 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) :- ਬੀਤੇ ਦਿਨੀਂ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਮਾਣਯੋਗ ਸ੍ਰੀ ਟੋਨੀ ਰਾਇਲ ਨੇ 377 ਨਵੇਂ ਜੂਨੀਅਰ ਡਾਕਟਰਾਂ ਨੂੰ ਸਿਹਤ ਵਿਭਾਗ ਵਿਚ ਜੀ ਆਇਆਂ ਆਖਿਆਂ। ਭਾਰਤੀਆਂ ਲਈ ਖਾਸ ਗੱਲ ਹੈ ਕਿ ਇਸ ਬੈਚ ਵਿਚ 11 ਭਾਰਤੀ ਅਤੇ 2 ਭਾਰਤੀ ਮੂਲ ਦੇ ਡਾਕਟਰ ਵੀ ਸ਼ਾਮਿਲ ਹਨ। ਇਨ੍ਹਾਂ ਡਾਕਟਰਾਂ ਸਬੰਧੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪ੍ਰਾਈਵੇਟ ਪ੍ਰੈਕਟਿਸ ਹੋਣ ਕਰਕੇ ਨਾਂਅ ਆਦਿ ਹਾਸਿਲ ਨਹੀਂ ਹੋ ਸਕੇ। ਇਸ ਵੇਲੇ ਦੇਸ਼ ਭਰ ਵਿਚ 7200 ਤੋਂ ਵੱਧ ਡਾਕਟਰ ਹਨ ਅਤੇ ਪਿਛਲੇ ਪੰਜਾਂ ਸਾਲਾਂ ਵਿਚ 1300 ਡਾਕਟਰਾਂ ਦਾ ਵਾਧਾ ਕੀਤਾ ਗਿਆ ਹੈ। ਆਬਾਦੀ ਪੱਖੋਂ ਵੇਖਿਆ ਜਾਏ ਤਾਂ ਲਗਪਗ 600 ਵਿਅਕਤੀਆਂ ਪਿੱਛੇ ਇਕ ਡਾਕਟਰ ਦਾ ਪ੍ਰਬੰਧ ਹੈ।

ਸ੍ਰੀ ਟੋਨੀ ਰਾਇਲ ਨੇ ਇਨ੍ਹਾਂ ਦੱਸਿਆ ਕਿ ਇਹ ਨਵੇਂ ਡਾਕਟਰ ਸ਼ੁਰੂ ਵਿਚ ਆਪਣੇ ਸੀਨੀਅਰ ਦੀ ਦੇਖ-ਰੇਖ ਹੇਠ ਆਪਣਾ ਡਾਕਟਰੀ ਕਿੱਤਾ ਸ਼ੁਰੂ ਕਰਨਗੇ ਅਤੇ ਤਜ਼ਰਬਾ ਹਾਸਿਲ ਕਰਕੇ ਹੋਰ ਸਿਖਿਆ ਪ੍ਰਾਪਤ ਕਰਨਗੇ। ਕੁਝ ਡਾਕਟਰਾਂ ਨੂੰ ਅਜੇ ਉਨ੍ਹਾਂ ਦੀ ਸਹੂਲਤ ਮੁਤਾਬਿਕ ਮੈਡੀਕਲ ਖੇਤਰ ਵਿਚ ਜਗ੍ਹਾ ਵੀ ਨਹੀਂ ਮਿਲੀ ਹੈ। ਨਵੇਂ ਗ੍ਰੈਜੂਏਟ ਡਾਕਟਰਾਂ ਨੂੰ ਪੂਰੇ ਦੇਸ਼ ਦੇ ਵਿਚ ਲੋਡ਼ ਮੁਤਾਬਿਕ ਲਾਇਆ ਗਿਆ ਹੈ। ਇਸ ਨਵੇਂ ਬੈਚ ਵਿਚ ਸ਼ਾਮਿਲ ਡਾਕਟਰਾਂ ਵਿਚੋਂ ਵਾਂਗਾਰਾਈ 10, ਨਾਰਥ ਸ਼ੋਰ ਅਤੇ ਵਾਇਟਾਕਰੀ 42, ਆਕਲੈਂਡ ਸਿਟੀ 42,ਮਿਡਲਮੋਰ 42, ਵਾਇਕਾਟੋ 22, ਟੌਰੰਗਾ 17, ਵਾਕਾਟਾਨੀ 5, ਰੋਟੋਰੂਆ 12, ਗਿਸਬੌਰਨ 9, ਨਿਊਪਲੇਮਾਊਥ 12, ਵਾਂਗਾਨੂਈ 4, ਪਾਮਰਸਟਨ ਨਾਰਥ 14, ਹਾਕਸਬੇਅ18, ਵਲਿੰਗਟਨ, ਕੀਨੀਪੂਰੂ, ਹੱਟ ਅਤੇ ਮਾਸਟਰਟਨ ਵਿਖੇ 43 ਡਾਕਟਰਾਂ ਨੂੰ ਲਗਾਇਆ ਗਿਆ ਹੈ। ਸਾਊਥ ਆਈਲੈਂਡ ਦੇ ਨੈਲਸਨ ਖੇਤਰ ਵਿਚ 9, ਵਾਇਰਾਨ ’ਚ 4,ਕ੍ਰਾਈਸਟਚਰਚ 42, ਡੁਨੀਡਨ 17, ਤਿਮਾਰੂ 7 ਤੇ ਇਨਵਰਕਾਰਗਿਲ 6 ਡਾਕਟਰ ਲਗਾਏ ਭੇਜੇ ਗਏ ਹਨ।

ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇਸ਼ ਦੇ ਪੱਕੇ ਵਸਨੀਕਾਂ ਨੂੰ ਡਾਕਟਰੀ ਸਹੂਲਤਾਂ ਮੁਫਤ ਦਿੱਤੀਆਂ ਜਾਂਦੀਆਂ ਹਨ।


ਮੁਸ਼ਰੱਫ ਦੀ ਦੇਸ਼ ਛੱਡਣ ਦੀ ਪਟੀਸ਼ਨ ‘ਤੇ 18 ਨਵੰਬਰ ਨੂੰ ਸੁਣਵਾਈ

http://sameydiawaaz.com/Archive%20News/%5B2013%5D/11/14.11.2013%20-%2002.jpg

ਕਰਾਚੀ 13 ਨਵੰਬਰ :- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਦੇ ਦੇਸ਼ ਤੋਂ ਬਾਹਰ ਜਾਣ ਦੀ ਪਟੀਸ਼ਨ ਦੀ ਸੁਣਵਾਈ ਸਿੰਧ ਦੇ ਹਾਈਕੋਰਟ ਵਿਚ 18 ਨਵੰਬਰ ਨੂੰ ਹੋਵੇਗੀ । ਮੁਸ਼ਰੱਫ ਦੇ ਕਾਨੂੰਨੀ ਦਲ ਨੇ ਐਕਜਿਟ ਕੰਟਰੋਲ ਸੂਚੀ (ਈ. ਐਸ. ਐਲ.) ਤੋਂ ਮੁਸ਼ਰੱਫ ਦਾ ਨਾਂ ਹਟਾਉਣ ਦੀ ਅਪੀਲ ਕਰਦੇ ਹੋਏ ਅਦਾਲਤ ਵਿਚ ਮੰਗਲਵਾਰ ਨੂੰ ਇਕ ਪਟੀਸ਼ਨ ਦਾਇਰ ਕੀਤੀ । ਈ. ਸੀ. ਐਲ. ਵਿਚ ਸ਼ਾਮਲ ਲੋਕਾਂ ਦੇ ਦੇਸ਼ ਤੋਂ ਬਾਹਰ ਜਾਣ ‘ਤੇ ਪਾਬੰਦੀ ਹੁੰਦੀ ਹੈ । ਅਦਾਲਤ ਨੇ ਇਸ ਤੋਂ ਪਹਿਲਾਂ ਆਪਣੇ ਹੁਕਮਾਂ ਵਿਚ ਸੁਣਵਾਈ ਅਦਾਲਤਾਂ ਦੀ ਆਗਿਆ ਤੋਂ ਬਿਨਾਂ ਉਨ੍ਹਾਂ ਦੇ ਦੇਸ਼ ਛੱਡਣ ‘ਤੇ ਰੋਕ ਲਗਾ ਦਿੱਤੀ ਸੀ । ਮੁਸ਼ਰੱਫ ਦੇ ਵਕੀਲ ਰਜਾ ਕਸੂਰੀ ਨੇ ਕਿਹਾ ਕਿ ਉਹ ਆਪਣੀ ਬੀਮਾਰ ਮਾਂ ਦਾ ਹਾਲ ਪਤਾ ਕਰਨ ਲਈ ਦੁਬਈ ਜਾਣਾ ਚਾਹੁੰਦੇ ਹਨ । ਇਸ ਸਾਲ ਮਈ ਵਿਚ ਹੋਈਆਂ ਚੋਣਾਂ ਤੋਂ ਪਹਿਲਾਂ ਦੇਸ਼ ਵਾਪਸ ਪਰਤੇ ਮੁਸ਼ੱਰਫ ਖਿਲਾਫ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਸਮੇਤ ਕਈ ਮਾਮਲਿਆਂ ਵਿਚ ਸੁਣਵਾਈ ਚੱਲ ਰਹੀ ਸੀ ਅਤੇ ਉਹ ਸਾਰੇ ਮਾਮਲਿਆਂ ਵਿਚ ਸੁਣਵਾਈ ਅਦਾਲਤਾਂ ਤੋਂ ਜ਼ਮਾਨਤ ਲੈਣ ਵਿਚ ਕਾਮਯਾਬ ਰਹੇ ਹਨ ।

ਕਸੂਰੀ ਨੇ ਕਿਹਾ ਕਿ ਵਿਧਾਈ ਦਲ ਨੂੰ ਪੂਰਾ ਭਰੋਸਾ ਹੈ ਕਿ ਇਸ ਮਾਮਲੇ ਵਿਚ 18 ਨਵੰਬਰ ਨੂੰ ਹੋਣ ਵਾਲੀ ਸੁਣਵਾਈ ਵਿਚ ਈ. ਸੀ. ਐਲ. ‘ਤੇ ਮੁਸ਼ਰੱਫ ਦੀ ਪਟੀਸ਼ਨ ਮਨਜ਼ੂਰ ਕਰ ਲਈ ਜਾਵੇਗੀ । ਅਦਾਲਤ ਵਿਚ ਮੁਸ਼ਰੱਫ ਦੀ ਇਹ ਪਟੀਸ਼ਨ ਦਾਇਰ ਕਰਨ ਵਾਲੇ ਮੁਸ਼ਰੱਫ ਦੇ ਕਾਨੂੰਨੀ ਸਲਾਹਕਾਰ ਏ. ਕੇ. ਹਲੇਪੋਤਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੁਸ਼ਰੱਫ ਦਾ ਨਾਂ ਈ. ਸੀ. ਐਲ. ਵਿਚ ਪਾਇਆ ਜਾਣਾ, ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਸੀ ਅਤੇ ਅਦਾਲਤ ਨੂੰ ਆਪਣੀ ਇਸ ਗੱਲ ਨੂੰ ਤੁਰੰਤ ਸੁਧਾਰ ਲੈਣਾ ਚਾਹੀਦਾ ਹੈ । ਕਸੂਰੀ ਨੇ ਕਿਹਾ ਕਿ ਮੁਸ਼ਰੱਫ ਨੂੰ ਜੇਕਰ ਦੁਬਈ ਜਾਂ ਕਿਸੇ ਹੋਰ ਦੇਸ਼ ਜਾਣ ਦੀ ਆਗਿਆ ਮਿਲ ਜਾਂਦੀ ਹੈ ਤਾਂ ਉਹ ਨਿਸ਼ਚਿਤ ਰੂਪ ਨਾਲ ਪਾਕਿਸਤਾਨ ਵਾਪਸ ਆ ਜਾਣਗੇ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz