ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005157846
ਅੱਜ
ਇਸ ਮਹੀਨੇ
592
13570

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.60
   

24 ਮਈ 2013

ਦਸਤਾਰ ਬੰਨ੍ਹ ਕੇ ਕੰਮ ਕਰਨ ਦੀ ਖੁਲ੍ਹ ਦੇਵੇਗੀ ਆਸਟਰੇਲੀਆ ਸਰਕਾਰ

ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਵੱਲੋਂ ਮੰਗ ਵਿਚਾਰਨ ਦਾ ਭਰੋਸਾ

 http://sameydiawaaz.com/Archive%20News/%5B2013%5D/05/24.05.2013%20-%2001.jpg

ਆਸਟਰੇਲੀਆ ਦੀ ਪ੍ਰਧਾਨ ਮੰਤਰੀ ਜੂਲੀਆ ਗਲਾਰਡ ਸਿੱਖ ਬੱਚੇ ਨੂੰ ਪਿਆਰ ਕਰਦੀ ਹੋਈ

ਸਿਡਨੀ 23 ਮਈ (ਤੇਜਸ਼ਦੀਪ ਸਿੰਘ ਅਜਨੌਦਾ) :- ਆਸਟਰੇਲੀਆ ਦੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ’ਚ ਕੰਮ ਦੌਰਾਨ ਤੇ ਮੋਟਰਸਾਈਕਲ ਚਲਾਉਂਦੇ ਸਮੇਂ ਸਿੱਖਾਂ ਨੂੰ ਪੱਗ ਬੰਨਣ ਦੇ ਮੁੱਦੇ ’ਤੇ ਗੌਰ ਕਰਨਗੇ।

‘ਬਲੈਕਟਾਊਨ ਸਨ’ ਨੇ ਅੱਜ ਛਾਪੀ ਰਿਪੋਰਟ ’ਚ ਗਲੈੱਨਵੁੱਡ ’ਚ ਗੁਰਦੁਆਰੇ ਮੱਥਾ ਟੇਕਣ ਪੁੱਜੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਦੇ ਹਵਾਲੇ ਨਾਲ ਕਿਹਾ ਹੈ ਕਿ ਸਰਕਾਰ ਸਿੱਖ ਭਾਈਚਾਰੇ ਨਾਲ ਵਿਚਾਰ ਕਰਕੇ ਇਸ ਵੱਲੋਂ ਧਾਰਮਿਕ ਤੇ ਸਭਿਆਚਾਰਕ ਆਧਾਰ ’ਤੇ ਲੋੜੀਂਦੀਆਂ ਤਬਦੀਲੀਆਂ ਲਈ ਕੀਤੀ ਗਈ ਬੇਨਤੀ ’ਤੇ ਵਿਚਾਰ ਕਰੇਗੀ। ਉਨ੍ਹਾਂ ਨੇ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਸਿੱਖਾਂ ਨੇ ਗਿਲਾਰਡ ਨੂੰ ਸਿੱਖਾਂ ਨੂੰ ਸਰਕਾਰੀ ਸਮਾਗਮਾਂ ਤੇ ਹੋਰ ਥਾਵਾਂ ’ਤੇ ਕਿਰਪਾਨ ਪਹਿਨਣ ਦੀ ਮਨਜ਼ੂਰੀ ਦੇਣ ਲਈ ਵੀ ਕਿਹਾ ਤੇ ਸਕੂਲਾਂ ਦੇ ਹੋਰ ਵਿਦਿਆਰਥੀਆਂ ਤੋਂ ਸਿੱਖ ਵਿਦਿਆਰਥੀਆਂ ਨੂੰ ਵੱਖਰੇ ਕਰਨ ਲਈ ਕਿਹਾ। ਗੁਰਦੁਆਰੇ ਦੇ ਬੁਲਾਰੇ ਬਲਵਿੰਦਰ ਸਿੰਘ ਚਾਹਲ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦਾ ਧਿਆਨ ਕੈਨੇਡਾ ਤੇ ਬਰਤਾਨੀਆ ਜਿਹੇ ਮੁਲਕਾਂ ਵੱਲ ਵੀ ਦਿਵਾਇਆ ਗਿਆ ਜਿੱਥੇ ਸਿੱਖ ਸਿਵਲ ਇੰਜੀਨੀਅਰ ਕੰਮ ’ਤੇ ਸਖਤ ਟੋਪ ਦੀ ਬਜਾਏ ਪੱਗ ਬੰਨਦੇ ਹਨ ਤੇ ਮੋਟਰਸਾਈਕਲ ਵੀ ਦਸਤਾਰ ਸਜਾ ਕੇ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਇਹ ਵੀ ਜ਼ਿਕਰ ਕਰਨਾ ਚਾਹੁਣਗੇ ਕਿ 2006 ਤੋਂ 2011 ਤਕ ਪੰਜਾਬੀ ਭਾਸ਼ਾ ਤੇ ਸਿੱਖ ਧਰਮ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ, ਵਧ-ਫੁਲ ਰਹੀ ਭਾਸ਼ਾ ਤੇ ਧਾਰਮਿਕ ਸਮੂਹ ਹਨ ਜੋ 205 ਫੀਸਦੀ ਦੀ ਦਰ ਨਾਲ ਵਧ ਰਹੇ ਹਨ। ਉਨ੍ਹਾਂ ਨੇ ਸਕੂਲੀ ਪਾਠਕ੍ਰਮ ਖਾਸਕਰ ਪੱਛਮੀ ਸਿਡਨੀ ਦੇ ਸਕੂਲਾਂ ਲਈ ਪੰਜਾਬੀ ਭਾਸ਼ਾ ਤੇ ਸਿੱਖ ਇਤਿਹਾਸ ਸ਼ਾਮਲ ਕਰਨ ਦੀ ਮੰਗ ਕੀਤੀ। ਸਿੱਖ ਭਾਈਚਾਰੇ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਦੇਸ਼ ’ਚ ਦਾਖਲੇ ਦੇ ਨੇਮ ਨਰਮ ਕਰਨ ਦੀ ਮੰਗ ਕੀਤੀ ਤਾਂ ਕਿ ਇਸ ਦੀਆਂ ਹੁਨਰਮੰਦ ਤੇ ਘੱਟ ਹੁਨਰਮੰਦ ਕਾਮਿਆਂ ਦੀਆਂ ਲੋੜਾਂ ਪੂਰੀਆਂ ਹੋ ਸਕਣ। ਗਲੈੱਨਵੁੱਡ ਦਾ ਗੁਰਦੁਆਰਾ ਆਸਟਰੇਲੀਆ ’ਚ ਹੀ ਨਹੀਂ ਪੂਰੇ ਅਰਧ ਗੋਲੇ ’ਚ ਸਭ ਤੋਂ ਵੱਡਾ ਹੈ।

ਪ੍ਰਧਾਨ ਮੰਤਰੀ ਗਿਲਾਰਡ ਨੇ ਆਸਟਰੇਲੀਆ ਦੇ ਭਵਿੱਖ ’ਚ ਸਿੱਖਾਂ ਦੇ ਉਸਾਰੂ ਰੋਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂਘਰ ਪਹੁੰਚ ਕੇ ਖੁਸ਼ੀ ਮਹਿਸੂਸ ਹੋਈ ਹੈ ਤੇ ਉਨ੍ਹਾਂ ਨੂੰ ਇਥੇ ਬਹੁਤ ਪਹਿਲਾਂ ਆਉਣਾ ਚਾਹੀਦਾ ਸੀ। ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ’ਚ ਸੰਗਤ ਇਸ ਮੌਕੇ ਹਾਜ਼ਰ ਸੀ। ਸਿਰ ’ਤੇ ਕਢਾਈ ਵਾਲੀ ਚੁੰਨੀ ਲੈ ਕੇ ਅਮਲੇ ਸਮੇਤ ਇਲਾਕੇ ਦੀ ਮੈਂਬਰ ਪਾਰਲੀਮੈਂਟ ਮਿਸ਼ੈਲ ਰੋਲੈਂਡ ਨਾਲ ਬਾਅਦ ਦੁਪਹਿਰ ਪਹੁੰਚੀ ਜੂਲੀਆ ਗਿਲਾਰਡ ਨੇ ਕੀਰਤਨ ਵੀ ਸਰਵਣ ਕੀਤਾ। ਮੁਲਕ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਸੀ ਕਿ ਕਿਸੇ ਆਸਟਰੇਲੀਅਨ ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਸਥਾਨਕ ਗੁਰੂਘਰ ’ਚ ਹਾਜ਼ਰੀ ਭਰੀ ਹੈ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਨੇ ਸਿੱਖ ਭਾਈਚਾਰੇ ਵੱਲੋਂ ਦਸ ਹਜ਼ਾਰ ਡਾਲਰ ਦਾ ਇਕ ਚੈੱਕ ਬੱਚਿਆਂ ਦੇ ਹਸਪਤਾਲ ਲਈ ਪ੍ਰਧਾਨ ਮੰਤਰੀ ਨੂੰ ਸੌਂਪਿਆ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤੀ।

ਮੀਡੀਆ ਦਾ ਇਕ ਹਿੱਸਾ ਭਾਵੇਂ ਪ੍ਰਧਾਨ ਮੰਤਰੀ ਦੀ ਸਿੱਖ ਭਾਈਚਾਰੇ ਨਾਲ ਨੇੜਤਾ ਨੂੰ ਚੋਣ ਵਰ੍ਹੇ ਨਾਲ ਜੋੜ ਕੇ ਦੇਖ ਰਿਹਾ ਹੈ ਪਰ ਸੰਸਥਾ ਵੱਲੋਂ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਦੇ ਆਗੂ ਵੀ ਗੁਰੂਘਰ ਆਉਣ ਦੀ ਇੱਛਾ ਪ੍ਰਗਟਾਉਂਦੇ ਹਨ ਤਾਂ ਸੰਸਥਾ ਉਨ੍ਹਾਂ ਦਾ ਵੀ ਸਵਾਗਤ ਕਰੇਗੀ। ਇਸ ਮੌਕੇ ਮਨਜੀਤ ਸਿੰਘ ਪੁਰੇਵਾਲ ਜਸਵੀਰ ਸਿੰਘ ਥਿੰਦ, ਅਮਰਜੀਤ ਸਿੰਘ ਗਿਰਨ, ਸਰਵਰਿੰਦਰ ਸਿੰਘ ਰੂਮੀ ਤੇ ਸੰਸਥਾ ਦੇ ਅਹੁਦੇਦਾਰ ਹਾਜ਼ਰ ਸਨ।


ਭਾਰਤ ਪੂਰੇ ਖ਼ਿੱਤੇ ਦੀ ਹਿਫ਼ਾਜ਼ਤ ਦੇ ਸਮਰੱਥ - ਪ੍ਰਧਾਨ ਮੰਤਰੀ

ਬਦਲ ਰਹੀ ਦੁਨੀਆ ’ਚ ਨਵੀਂ ਰੱਖਿਆ ਸੋਚ ਅਪਣਾਉਣ ’ਤੇ ਜ਼ੋਰ

 http://sameydiawaaz.com/Archive%20News/%5B2013%5D/05/24.05.2013%20-%2004.jpg

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੂਡਾ

ਸਮਾਰੋਹ ਦੌਰਾਨ ਸਲਾਹ - ਮਸ਼ਵਰਾ ਕਰਦੇ ਹੋਏ (ਫੋਟੋ: ਸਈਅਦ ਅਹਿਮਦ)

ਗੁੜਗਾਉਂ, 23 ਮਈ :- ਭਾਰਤ ਦੇ ਗੁਆਂਢ ਵਿਚ ਕਈ ਤਰ੍ਹਾਂ ਦੀਆਂ ਸੁਰੱਖਿਆ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਦੇਸ਼ ਆਪਣੀ ਰੱਖਿਆ ਕਰਨ ਦੇ ਸਮਰੱਥ ਹੋਣ ਦੇ ਨਾਲ-ਨਾਲ ਹਿੰਦ ਮਹਾਸਾਗਰ ਖੇਤਰ ਵਿਚ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦੀ ਸਥਿਤੀ ਵਿਚ ਹੈ। ਪ੍ਰਧਾਨ ਮੰਤਰੀ ਨੇ ਪਹਿਲਾਂ ਤੋਂ ਤੇਜ਼ ਰਫਤਾਰ ਨਾਲ ਦੁਨੀਆ ਵਿਚ ਆ ਰਹੇ ਬਦਲਾਅ ਦੌਰਾਨ ਚੁਣੌਤੀਆਂ ਤੇ ਮੌਕਿਆਂ ਨੂੰ ਪੂਰਾ ਕਰਨ ਲਈ ਉੱਚ ਰੱਖਿਆ ਸੰਗਠਨਾਂ ਦੀ ਰਣਨੀਤਕ ਸੋਚ ਨੂੰ ਨਵੇਂ ਸਿਰੇ ਤੋਂ ਸਥਾਪਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਗੁੜਗਾਉਂ ਦੇ ਬਾਹਰੀ ਇਲਾਕੇ ਵਿਚਲੇ ਪਿੰਡ ਬਿਕੋਲਾ ਨੇੜੇ ਭਾਰਤੀ ਕੌਮੀ ਰੱਖਿਆ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਮਗਰੋਂ ਕਿਹਾ ਕਿ ਭਾਰਤ ਕਈ ਤਰ੍ਹਾਂ ਦੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਖਾਸ ਕਰਕੇ ਇਸ ਦੇ ‘ਮੁਸ਼ਕਲ’ ਗੁਆਂਢ ਕਾਰਨ, ਜਿਥੋਂ ਕਈ ਤਰ੍ਹਾਂ ਦੀਆਂ ਰਵਾਇਤੀ, ਗੈਰ-ਰਵਾਇਤੀ ਤੇ ਰਣਨੀਤਕ ਚੁਣੌਤੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ, ‘‘ਪਿਛਲੇ ਨੌਂ ਸਾਲਾਂ ਵਿਚ ਭਾਰਤ ਦੀ ਸਮਰਥਾ ਵਧੀ ਹੈ ਤੇ ਇਹ ਠੋਸ ਆਕਾਰ ਲੈ ਚੁੱਕੀ ਹੈ। ਅਸੀਂ ਹਿੰਦ ਮਹਾਸਾਗਰ ਖੇਤਰ ਵਿਚ ਸਥਿਰਤਾ ਕਾਇਮ ਰੱਖਣ ਦੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ। ਅਸੀਂ ਆਪਣੇ ਨੇੜਲੇ ਤੇ ਉਸ ਤੋਂ ਅੱਗੇ ਦੇ ਖੇਤਰ ਦੀ ਸੁਰੱਖਿਆ ਮੁਹੱਈਆ ਕਰਾਉਣ ਦੀ ਚੰਗੀ ਸਥਿਤੀ ਵਿਚ ਹਾਂ। ਇਸੇ ਨਾਲ ਅਸੀਂ ਗੈਰ ਰਵਾਇਤੀ ਖਤਰਿਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਬਿਹਤਰ ਸਥਿਤੀ ਵਿਚ ਹਾਂ। ਖਾਸ ਤੌਰ ’ਤੇ ਸਾਈਬਰ ਤੇ ਪੁਲਾੜ ਖੇਤਰ ਵਿਚ। ਅਸੀਂ ਸਾਈਬਰ ਸੁਰੱਖਿਆ ਲਈ ਕੌਮੀ ਸਾਈਬਰ ਸੁਰੱਖਿਆ ਕੁਆਰਡੀਨੇਟਰ ਦਾ ਇਕ ਦਫਤਰ ਸਥਾਪਤ ਕਰਨ ਲਈ ਕਦਮ ਚੁੱਕ ਰਹੇ ਹਾਂ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਕਨੀਕ ਦਾ ਤੇਜ਼ੀ ਨਾਲ  ਵਿਕਾਸ ਰੱਖਿਆ ਸਮਰਥਾ ਨੂੰ ਵੀ ਨਵਾਂ ਰੂਪ ਦੇ ਰਿਹਾ ਹੈ। ਜਿਵੇਂ-ਜਿਵੇਂ ਸਾਈਬਰ ਤੇ ਪੁਲਾੜ ਦੇ ਖੇਤਰਾਂ ਵਿਚ ਦੇਸ਼ ਦੀ ਨਿਰਭਰਤਾ ਵਧੇਗੀ, ਉਵੇਂ ਉਵੇਂ ਨਵੀਆਂ ਚੁਣੌਤੀਆਂ ਉਭਰਨਗੀਆਂ। ਉਨ੍ਹਾਂ ਕਿਹਾ ਕਿ ਭਾਰਤ ਦਾ ਰੱਖਿਆ ਸਹਿਯੋਗ ਵਧਿਆ ਹੈ ਤੇ ਹੁਣ ਉਸ ਕੋਲ ਉਚ ਤਕਨੀਕ, ਪੂੰਜੀ ਤੇ ਭਾਈਵਾਲੀਆਂ ਤੱਕ ਲਾਮਿਸਾਲ ਪਹੁੰਚ ਹੈ। ਦੁਨੀਆ ਜਿਸ ਢੰਗ ਨਾਲ ਬਦਲ ਰਹੀ ਹੈ, ਅਜਿਹੀ ਪਹਿਲਾਂ ਕਦੇ ਨਹੀਂ ਬਦਲੀ। ਇਸ ਯੂਨੀਵਰਸਿਟੀ ਦੇ ਹੋਂਦ ਵਿਚ ਆਉਣ ਨਾਲ ਦੇਸ਼, ਸਰਕਾਰ ਫੌਜਾਂ ਨੂੰ ਲਾਭ ਹੋਵੇਗਾ। ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਕਿਹਾ ਕਿ ਅੱਜ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਤੋਂ ਸਾਫ ਹੈ ਕਿ ਸਰਕਾਰ ਲਈ ਕੌਮੀ ਸੁਰੱਖਿਆ ਕਿੰਨੀ ਅਹਿਮ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ, ਰੱਖਿਆ ਰਾਜ ਮੰਤਰੀ ਜਤਿੰਦਰ ਸਿੰਘ ਤੇ ਤਿੰਨ ਸੈਨਾਵਾਂ ਦੇ ਮੁਖੀ ਹਾਜ਼ਰ ਸਨ।


ਪੁਲੀਸ ਰੋਕਾਂ ਦੇ ਬਾਵਜੂਦ ਸਾਂਝੇ ਮੋਰਚੇ ਵਲੋਂ ਬਾਦਲ ਸਰਕਾਰ ਵਿਰੁੱਧ ਧਰਨਾ

 http://sameydiawaaz.com/Archive%20News/%5B2013%5D/05/24.05.2013%20-%2002.jpg

ਮਨਪ੍ਰੀਤ ਬਾਦਲ ਤੇ ਭਗਵੰਤ ਮਾਨ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਦੇ ਹੋਏ (ਫੋਟੋ: ਢਿੱਲੋਂ)

ਬਠਿੰਡਾ 23 ਮਈ (ਚਰਨਜੀਤ ਭੁੱਲਰ) :- ਸਾਂਝਾ ਮੋਰਚਾ ਅੱਜ ਪੁਲੀਸ ਰੋਕਾਂ ਦੇ ਬਾਵਜੂਦ ਬਠਿੰਡਾ ਵਿੱਚ ਸਰਕਾਰ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਾਉਣ ਵਿੱਚ ਕਾਮਯਾਬ ਰਿਹਾ। ਸਾਂਝਾ ਮੋਰਚੇ ਵੱਲੋਂ ਹਾਲੇ ਮਿੰਨੀ ਸਕੱਤਰੇਤ ਲਾਗੇ ਰੋਸ ਧਰਨਾ ਲਾਉਣ ਦੀ ਤਿਆਰੀ ਵਾਸਤੇ ਦਰੀਆਂ ਹੀ ਵਿਛਾਈਆਂ ਗਈਆਂ ਸਨ ਕਿ ਪੁਲੀਸ ਨੇ ਉਨ੍ਹਾਂ ਦਾ ਟੈਂਟ ਅਤੇ ਸਪੀਕਰ ਆਪਣੇ ਕਬਜ਼ੇ ਵਿੱਚ ਲੈ ਲਏ। ਇੱਥੋਂ ਤੱਕ ਕਿ ਕਾਰਕੁੰਨਾਂ ਨੂੰ ਉਨ੍ਹਾਂ ਦੇ ਵਾਹਨਾਂ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ। ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਦੇ ਆਉਣ ਮਗਰੋਂ ਵਰਕਰ ਬੱਸਾਂ ’ਚੋਂ ਉੱਤਰ ਆਏ। ਪੁਲੀਸ ਨੇ ਅੱਜ ਸਕੱਤਰੇਤ ਦੇ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ। ਸਰਕਟ ਹਾਊਸ ਵਾਲੀ ਸੜਕ ’ਤੇ ਬੈਰੀਕੇਡ ਲਗਾ ਕੇ ਬੰਦ ਹੀ ਕਰ ਦਿੱਤਾ ਗਿਆ। ਜਦੋਂ ਪੁਲੀਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਤਾਂ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਸਕੱਤਰੇਤ ਲਾਗੇ ਕਿੱਕਰ ਦੀ ਛਾਂ ਹੇਠ ਹੀ ਸਟੇਜ ਸ਼ੁਰੂ ਕਰ ਦਿੱਤੀ। ਸਾਂਝੇ ਮੋਰਚੇ ਦੇ ਆਗੂ ਇੰਨੀ ਗਰਮੀ ਵਿੱਚ ਕਿੱਕਰ ਦੀ ਛਾਂ ਹੇਠ ਤੰਗ ਜਗ੍ਹਾ ਵਿੱਚ ਭੁੰਜੇ ਹੀ ਬੈਠ ਗਏ। ਜ਼ਿਲ੍ਹਾ ਪੁਲੀਸ ਨੇ ਸਪੀਕਰ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਜਿਸ ਕਰਕੇ ਬਿਨਾਂ ਸਪੀਕਰ ਤੋਂ ਹੀ ਸਟੇਜ ਦੀ ਕਾਰਵਾਈ ਚੱਲੀ। ਜ਼ਿਲ੍ਹਾ ਪ੍ਰਸ਼ਾਸਨ ਦਾ ਤਰਕ ਸੀ ਕਿ ਮਿੰਨੀ ਸਕੱਤਰੇਤ ਦੇ ਆਸ ਪਾਸ ਧਰਨਾ ਲਾਉਣ ਦੀ ਮਨਾਹੀ ਹੈ ਜਿਸ ਕਰਕੇ ਇਨ੍ਹਾਂ ਧਿਰਾਂ ਨੂੰ ਧਰਨਾ ਲਗਾਉਣ ਤੋਂ ਰੋਕਿਆ ਗਿਆ ਹੈ। ਸਾਂਝੇ ਮੋਰਚੇ ਵੱਲੋਂ ਚੋਣਾਂ ਵਿੱਚ ਧਾਂਦਲੀ ਅਤੇ ਪੀਪਲਜ਼ ਪਾਰਟੀ ਦੇ ਆਗੂ ਲੱਖਾ ਸਧਾਣਾ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਅੱਜ ਰੋਸ ਧਰਨਾ ਲਗਾਇਆ ਗਿਆ। ਦੱਸਣਯੋਗ ਹੈ ਕਿ ਜਿਸ ਕਿੱਕਰ ਦੀ ਛਾਂ ਹੇਠ ਅੱਜ ਸਾਂਝੇ ਮੋਰਚੇ ਦਾ ਧਰਨਾ ਲੱਗਾ, ਉਸ ਜਗ੍ਹਾ ਦੇ ਐਨ ਪਾਸ ਹੀ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਸਾਲ ਪਹਿਲਾਂ ਕੇਂਦਰ ਸਰਕਾਰ ਦੀ ਮਹਿੰਗਾਈ ਖ਼ਿਲਾਫ਼ ਧਰਨਾ ਲਗਾਇਆ ਸੀ। ਉਸ ਸਮੇਂ ਪ੍ਰਸ਼ਾਸਨ ਨੇ ਹੀ ਧਰਨਾਕਾਰੀਆਂ ਲਈ ਪਾਣੀ ਵਗੈਰਾ ਦੇ ਪ੍ਰਬੰਧ ਕੀਤੇ ਸਨ। ਸਾਂਝੇ ਮੋਰਚੇ ਦੇ ਅੱਜ ਦੇ ਪ੍ਰੋਗਰਾਮ ਵਿੱਚ ਕਾਂਗਰਸ ਆਗੂ ਗੈਰ ਹਾਜ਼ਰ ਰਹੇ। ਹਾਲਾਂਕਿ ਪੀਪਲਜ਼ ਪਾਰਟੀ ਵੱਲੋਂ ਸਭਨਾਂ ਸਿਆਸੀ ਧਿਰਾਂ ਨੂੰ ਸੱਦਾ ਦਿੱਤਾ ਗਿਆ ਸੀ। ਵੱਡੇ ਆਗੂਆਂ ਦੀ ਥਾਂ ਸਿਰਫ ਕਾਂਗਰਸੀ ਵਰਕਰ ਪੁੱਜੇ ਹੋਏ ਸਨ। ਗਿਣਤੀ ਦੇ ਪੱਖੋਂ ਅੱਜ ਦਾ ਧਰਨਾ ਸਫਲ ਕਿਹਾ ਜਾ ਸਕਦਾ ਹੈ।

ਸਾਂਝੇ ਮੋਰਚੇ ਵਿੱਚ ਸ਼ਾਮਲ ਧਿਰਾਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਕਮਿਊਨਿਸਟ ਧਿਰਾਂ ਦੇ ਬੰਤ ਸਿੰਘ ਬਰਾੜ, ਜੋਗਿੰਦਰ ਦਿਆਲ, ਲਹਿੰਬਰ ਸਿੰਘ ਤੱਗੜ ਤੇ ਹਰਦੇਵ ਅਰਸ਼ੀ, ਅਕਾਲੀ ਦਲ (ਲੌਗੋਂਵਾਲ) ਦੇ ਬਲਦੇਵ ਸਿੰਘ ਮਾਨ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਪੰਚਾਇਤੀ ਰਾਜ ਚੋਣਾਂ ਵਿੱਚ ਹੋਈ ਧਾਂਦਲੀ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਤੋਂ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਇਹ ਚੋਣਾਂ ਨਹੀਂ ਬਲਕਿ ਪੰਜਾਬ ਦੇ ਲੋਕਾਂ ਨਾਲ ਇੱਕ ਮਜ਼ਾਕ ਸੀ। ਇਨ੍ਹਾਂ ਆਗੂਆਂ ਨੇ ਆਖਿਆ ਕਿ ਇਨ੍ਹਾਂ ਚੋਣਾਂ ਵਿੱਚ ਸਾਂਝੇ ਮੋਰਚੇ ਦਾ ਪ੍ਰਦਰਸ਼ਨ ਸ਼ਲਾਘਾ ਵਾਲਾ ਰਿਹਾ ਹੈ ਅਤੇ ਵਰਕਰਾਂ ਦੇ ਪੱਧਰ ਤੇ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦਾ ਤਜਰਬਾ ਚੰਗਾ ਰਿਹਾ ਹੈ। ਉਨ੍ਹਾਂ ਸੰਕੇਤ ਦਿੱਤੇ ਕਿ ਅਗਾਮੀ ਪੰੰਚਾਇਤੀ ਚੋਣਾਂ ਵਿੱਚ ਅਜਿਹਾ ਤਜਰਬਾ ਮੁੜ ਹੋ ਸਕਦਾ ਹੈ। ਸਾਂਝੇ ਮੋਰਚੇ ਦੇ ਆਗੂਆਂ ਨੇ ਆਖਿਆ ਕਿ ਪੰਜਾਬ ਹੁਣ ਅਰਧ ਅਤਿਵਾਦ ਵਾਲਾ ਰਾਜ ਬਣ ਗਿਆ ਹੈ ਜਿਸ ਕਰਕੇ ਕੇਂਦਰ ਨੂੰ ਫੌਰੀ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਸੰਤਾਪ ਭੋਗ ਚੁੱਕੇ ਹਨ। ਮਨਪ੍ਰੀਤ ਸਿੰਘ ਬਾਦਲ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਹਲਕਾ ਲੰਬੀ ਦੇ ਪਿੰਡ ਮਾਨਾ ਵਿੱਚ ਜਾ ਕੇ ਲੋਕਾਂ ਤੋਂ ਮੁਆਫ਼ੀ ਮੰਗੇ। ਸਾਂਝੇ ਮੋਰਚੇ ਨੇ ਅੱਜ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ। ਮਨਪ੍ਰੀਤ ਸਿੰਘ ਬਾਦਲ ਨੇ ਮੰਗ ਕੀਤੀ ਕਿ ਆਦਮਪੁਰਾ ਕਾਂਡ ਦੀ ਸੀ.ਬੀ.ਆਈ. ਤੋਂ ਜਾਂਚ ਹੋਵੇ ਕਿਉਂਕਿ ਇਸ ਕਾਂਡ ਵਿੱਚ ਸਿਆਸੀ ਆਗੂਆਂ ਦੀ ਸ਼ਮੂਲੀਅਤ ਹੈ ਅਤੇ ਉਪ ਮੁੱਖ ਮੰਤਰੀ ਪੰਜਾਬ ਦੀ ਸ਼ਹਿ ਹੈ।  ਧਰਨੇ ਵਿੱਚ ਮਨਪ੍ਰੀਤ ਸਿੰਘ ਬਾਦਲ ਅਤੇ ਕਾਮਰੇਡ ਜੋਗਿੰਦਰ ਦਿਆਲ ਨੇ ਚੋਣਾਂ ਦੌਰਾਨ ਹੋਈ ਹਿੰਸਾ ਨੂੰ ਜਮਹੂਰੀਅਤ ਲਈ ਖਤਰਾ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਮਹੂਰੀਅਤ ਬਚਾਉਣ ਤਾਂ ਜੋ ਲੋਕ ਰਾਜ ਕਾਇਮ ਰੱਖਿਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਚੋਣਾਂ ਦੌਰਾਨ ਆਪਣੀ ਜਿੱਤ ਲਈ ਹਰ ਹੀਲਾ ਵਰਤ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਚਾਇਤੀ ਰਾਜ ਸੰਸਥਾਵਾਂ ਦੀ ਮਜ਼ਬੂਤੀ ਨਹੀਂ ਚਾਹੁੰਦੀ। ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਹੈਰਾਨੀ ਤਾਂ ਅੱਜ ਇਸ ਗੱਲ ਦੀ ਹੋ ਰਹੀ ਹੈ ਕਿ ਅਸੀਂ ਧੱਕੇਸ਼ਾਹੀਆਂ ਖ਼ਿਲਾਫ਼ ਮੈਮੋਰੰਡਮ ਦੇਣ ਆਏ ਸੀ ਪਰ ਅੱਜ ਇੱਥੇ ਵੀ ਪੁਲੀਸ ਪ੍ਰਸ਼ਾਸਨ ਨੇ ਧੱਕਾ ਕੀਤਾ ਹੈ।

ਧਰਨੇ ਨੂੰ ਸੰਬੋਧਨ ਕਰਨ ਅਤੇ ਹਾਜ਼ਰ ਹੋਣ ਵਾਲਿਆਂ ਵਿੱਚ ਪੀਪਲਜ਼ ਪਾਰਟੀ ਦੇ ਆਗੂ ਸੁਖਦੇਵ ਸਿੰਘ ਚਹਿਲ, ਭਗਵੰਤ ਮਾਨ, ਹਨੀ ਫੱਤਣਵਾਲੀਆ, ਰਣਜੀਤ ਕੌਰ ਭੱਟੀ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸੁਰਜੀਤ ਸਿੰਘ, ਆਗੂ ਸੁਖਪਾਲ ਸਿੰਘ ਭੁੱਲਰ,ਸਰਬਜੀਤ ਸਿੰਘ ਜੇਠੂਕੇ ਆਦਿ ਸ਼ਾਮਲ ਸਨ। ਦੂਸਰੀ ਤਰਫ਼ ਡੀ.ਐਸ.ਪੀ. (ਸਿਟੀ) ਗੁਰਮੀਤ ਸਿੰਘ ਕਿੰਗਰਾ ਨੇ ਕਿਹਾ ਕਿ ਮਿੰਨੀ ਸਕੱਤਰੇਤ ਦੇ ਨੇੜੇ ਧਾਰਾ 144 ਲੱਗੀ ਹੋਣ ਕਰਕੇ ਧਰਨੇ ਆਦਿ ਦੇਣ ’ਤੇ ਪਾਬੰਦੀ ਹੈ ਜਿਸ ਕਰਕੇ ਅੱਜ ਧਰਨਾਕਾਰੀਆਂ ਦਾ ਸਮਾਨ ਜ਼ਬਤ ਕੀਤਾ ਗਿਆ ਹੈ।


ਦੋ ਸ਼ੱਕੀ ਵਿਅਕਤੀਆਂ ਵਲੋਂ ਲੰਡਨ ’ਚ ਸੈਨਿਕ ਦੀ ਬੇਰਹਿਮੀ ਨਾਲ ਹੱਤਿਆ

 http://sameydiawaaz.com/Archive%20News/%5B2013%5D/05/24.05.2013%20-%2008.jpg

ਲੰਡਨ ਦੇ ਵੂਲਵਿਚ ਖੇਤਰ ਵਿੱਚ ਇਸਲਾਮੀ ਦਹਿਸ਼ਤਗਰਦਾਂ ਵਲੋਂ ਬਰਤਾਨਵੀ ਫੌਜੀ ਜਵਾਨ ਦੀ ਹੱਤਿਆ

ਦੇ ਸਥਾਨ ’ਤੇ ਵੀਰਵਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚ ਰਹੀਆਂ ਮਹਿਲਾਵਾਂ (ਫੋਟੋ: ਰਾਇਟਰਜ਼)

ਲੰਡਨ 23 ਮਈ :- ਦੱਖਣੀ ਲੰਡਨ ’ਚ ਕੱਲ੍ਹ ਰਾਤੀਂ ਦੋ ਵਿਅਕਤੀਆਂ ਨੇ ਇਸਲਾਮਿਕ ਨਾਅਰੇ ਲਾਉਂਦਿਆਂ ਇਕ ਬਰਤਾਨਵੀ ਸੈਨਿਕ ਦਾ ਸਿਰ ਲਾਹ ਕੇ ਉਸ ਦੀ ਹੱਤਿਆ ਕਰ ਦਿੱਤੀ। ਉਹ ‘ਅੱਲ੍ਹਾ-ਹੂ-ਅਕਬਰ’ ਦੇ ਨਾਅਰੇ ਲਾ ਰਹੇ ਸਨ। ਹਮਲਾਵਰਾਂ ਵਿੱਚੋਂ ਇਕ ਬਰਤਾਨੀਆ ਦਾ ਜੰਮਪਲ ਨਾਇਜੀਰੀਆਈ ਮੂਲ ਦਾ ਹੈ ਤੇ ਦੂਸਰੇ ਨੂੰ ਵੀ ਹਾਲੇ ਨਾਇਜੀਰੀਆਈ ਮੂਲ ਦਾ ਹੀ ਸਮਝਿਆ ਜਾ ਰਿਹਾ ਹੈ। ਇਸ ਸਾਰੀ ਕਾਰਵਾਈ ਦੌਰਾਨ ਇਕ 48 ਸਾਲਾ ਔਰਤ ਨੇ ਇਕ ਹਮਲਾਵਰ ਨੂੰ ਗੱਲੀਂ ਲਾ ਕੇ ਇਹ ਸਾਰਾ ਕੁਝ ਹੋਣੋਂ ਰੋਕਣ ਦੇ ਬਹੁਤ ਯਤਨ ਕੀਤੇ। ਹੱਤਿਆ ਤੋਂ ਫੌਰੀ ਮਗਰੋਂ ਇਕ ਰਾਹਗੀਰ ਵੱਲੋਂ ਬਣਾਈ ਗਈ ਕਲਿੱਪ ’ਚ ਇਕ ਵਿਅਕਤੀ ਖ਼ੂਨ ਨਾਲ ਭਰੇ ਹੱਥਾਂ ਨਾਲ ਮੀਟ ਕੱਟਣ ਵਾਲਾ ਟੋਕਾ ਤੇ ਇਕ ਚਾਕੂ ਲਹਿਰਾ ਕੇ ਜ਼ੋਰ-ਜ਼ੋਰ ਦੀ ਕਹਿ ਰਿਹਾ ਸੀ ਕਿ ਉਹ ਅੱਲਾ ਦੀ ਲੜਾਈ ਜਾਰੀ ਰੱਖਣ ਲਈ ਅੱਲ੍ਹਾ ਦੀ ਸਹੁੰ ਖਾਂਦੇ ਹਨ। ਇਨ੍ਹਾਂ ’ਚੋਂ ਇਕ ਉਮਰ ਦੇ 20ਵਿਆਂ ਜਾਂ 30ਵਿਆਂ ਦੇ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਹਮਲਾ ਤਾਂ ਕਰਕੇ ਕੀਤਾ ਹੈ ਕਿਉਂਕਿ ਹਰ ਰੋਜ਼ ਮੁਸਲਮਾਨ ਮਰ ਰਹੇ ਹਨ। ਇਸ ਨੇ ਊੱਨ ਦੀ ਜੈਕੇਟ ਤੇ ਜੀਨਜ਼ ਪਾਈ ਹੋਈ ਸੀ ਤੇ ਉਸ ਦਾ ਬੋਲਣ ਦਾ ਲਹਿਜ਼ਾ ਬਰਤਾਨਵੀ ਸੀ। ਬਰਤਾਨੀਆ ਦੇ ਆਈ.ਟੀ.ਵੀ. ਨਿਊਜ਼ ਚੈਨਲ ’ਤੇ ਦਿਖਾਈ ਗਈ ਫੁਟੇਜ ਮੁਤਾਬਕ ਇਹ ਵਿਅਕਤੀ ਚੀਕ ਰਿਹਾ ਸੀ ਕਿ ਇਹ ਬਰਤਾਨਵੀ ਸੈਨਿਕ ਅੱਖ ਦੇ ਬਦਲੇ ਅੱਖ ਤੇ ਦੰਦ ਦੇ ਬਦਲੇ ਦੰਦ ਦੀ ਭਾਵਨਾ ਤਹਿਤ ਮਾਰਿਆ ਗਿਆ ਹੈ।

ਜੁਲਾਈ 2005 ’ਚ ਆਤਮਘਾਤੀਆਂ ਵੱਲੋਂ ਇੱਥੋਂ ਦੇ ਆਵਾਜਾਈ ਪ੍ਰਬੰਧ ਨੂੰ ਖੜੋਤ ’ਚ ਲਿਆਉਣ ਦੇ ਯਤਨ ਤੋਂ ਮਗਰੋਂ ਲੰਡਨ ’ਚ ਅਜਿਹੇ ਹਮਲੇ ਦੀ ਇਹ ਪਹਿਲੀ ਘਟਨਾ ਹੈ। ਪੁਲੀਸ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਦੌਰਾਨ ਦੋ ਮਸ਼ਕੂਕਾਂ ’ਤੇ ਗੋਲੀਆਂ ਚਲਾਈਆਂ ਤੇ ਮਗਰੋਂ ਇਨ੍ਹਾਂ ਜ਼ਖ਼ਮੀਆਂ ਨੂੰ ਕਾਬੂ ਕਰ ਲਿਆ ਗਿਆ। ਮਗਰੋਂ ਭਾਵੇਂ ਇਨ੍ਹਾਂ ਦ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਪਰ ਜਾਂਚ ਨਾਲ ਜੁੜੇ ਸੂਤਰਾਂ ਮੁਤਾਬਕ ਇਨ੍ਹਾਂ ਦਾ ਸੰਭਾਵੀ ਤੌਰ ’ਤੇ ਸਬੰਧ ਨਾਇਜੀਰੀਆ  ਨਾਲ ਹੋ ਸਕਦਾ ਹੈ। ਵੀਡੀਓ ਟੇਪ ’ਚ ਸਹਿਜ ਅਤੇ ਸੜਕ ਪਾਰ ਕਰਦਿਆਂ ਇਕ ਹਮਲਾਵਰ ਨੇ ਦੂਜੇ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਕਿਹਾ, ‘‘ਮੁਆਫੀ ਚਾਹੁੰਦੇ ਹਾਂ ਕਿ ਔਰਤਾਂ ਨੂੰ ਇਹ ਦ੍ਰਿਸ਼ ਦੇਖਣਾ ਪਿਆ, ਪਰ ਸਾਡੇ ਦੇਸ਼ ’ਚ ਵੀ ਔਰਤਾਂ ਨੂੰ ਇਹੋ ਕੁਝ ਦੇਖਣਾ ਪੈਂਦਾ ਹੈ। ਤੁਸੀਂ ਲੋਕ ਬਿਲਕੁਲ ਵੀ ਸੁਰੱਖਿਅਤ ਨਹੀਂ ਹੋ। ਆਪਣੀ ਸਰਕਾਰ ਬਦਲ ਦਿਓ। ਇਹ ਤੁਹਾਡੀ ਪਰਵਾਹ ਨਹੀਂ ਕਰਦੀ।’’

ਇਸ ਘਟਨਾ ਨਾਲ ਪੂਰਾ ਲੰਡਨ ਸਦਮੇ ’ਚ ਹੈ। ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਫਰਾਂਸ ਦੀ ਫੇਰੀ ਵਿੱਚੇ ਰੋਕ ਕੇ ਲੰਡਨ ਪਰਤ ਆਏ ਹਨ ਤੇ ਹੰਗਾਮੀ ਕੌਮੀ ਸੁਰੱਖਿਆ ਮੀਟਿੰਗ ਸੱਦੀ ਗਈ। ਇਹ ਹਮਲਾ ਲੰਡਨ ਦੇ ਵੂਲਵਿਚ ਵਿੱਚ ਰਾਇਲ ਆਰਟਿਲਰੀ ਬੈਰਕਾਂ ’ਚ ਹੋਇਆ। ਹਮਲੇ ਤੋਂ ਫੌਰੀ ਮਗਰੋਂ 100 ਤੋਂ ਵੱਧ ਇੰਗਲਿਸ਼ ਡਿਫੈਂਸ ਲੀਗ (ਈਡੀਐਲ) ਦੇ ਰੋਹ ’ਚ ਆਏ ਕਾਰਕੁਨ ਸੜਕਾਂ ’ਤੇ ਉਤਰ ਆਏ। ਇਨ੍ਹਾਂ ਨੇ ਇੰਗਲੈਂਡ ਦੇ ਝੰਡੇ ਚੁੱਕੇ ਹੋਏ ਸਨ। ਦੰਗਿਆਂ ਨਾਲ ਨਜਿੱਠਣ ਵਾਲੀ ਪੁਲੀਸ ਨੇ ਇਨ੍ਹਾਂ ਨੂੰ ਠੱਲ੍ਹ ਪਾਈ। ਮਰਨ ਵਾਲਾ ਬਰਤਾਨਵੀ ਸੈਨਿਕ ਸੀ ਤੇ ਉਸ ਨੇ ‘‘ਹੈਲਪ ਫਾਰ ਹੀਰੋਜ਼’’ ਦੀ ਟੀ-ਸ਼ਰਟ ਪਾਈ ਹੋਈ ਸੀ। ਇਹ ਇਕ ਚੈਰਿਟੀ ਦਾ ਨਾਮ ਹੈ ਜੋ ਜ਼ਖ਼ਮੀ ਬਰਤਾਨਵੀ ਸੈਨਿਕਾਂ ਦੀ ਮਦਦ ਕਰਦੀ ਹੈ।

ਇਸੇ ਦੌਰਾਨ ਦੋ ਬੱਚਿਆਂ ਦੀ ਮਾਂ, ਇਕ ਔਰਤ ਨੇ ਦੋਵੇਂ ਇਸਲਾਮਿਕ ਹਮਲਾਵਰਾਂ ਨੂੰ ਗੱਲੀਂ ਲਾਉਣ ਦੀ ਦਲੇਰੀ ਵੀ ਦਿਖਾਈ। ਇੰਗਰਿਡ ਲੋਆਇਊ ਕੇਨੈੱਟ (48) ਉਨ੍ਹਾਂ ਪਹਿਲੇ ਲੋਕਾਂ ’ਚ ਸ਼ੁਮਾਰ ਸੀ, ਜੋ ਘਟਨਾ ਮੌਕੇ ਉੱਥੇ ਹਾਜ਼ਰ ਸਨ। ਸਿਖਾਂਦਰੂ ਸਕਾਊਟ ਲੀਡਰ ਤੇ ਮੁੱਢਲੀ ਸਹਾਇਤਾ ਦੇਣ ’ਚ ਸਿਖਲਾਈ ਯਾਫਤਾ ਕੇਨੈੱਟ ਨੇ ਦੋਵੇਂ ਹਮਲਾਵਰਾਂ ਨੂੰ ਗੱਲੀਂ ਲਾ ਕੇ ਉਨ੍ਹਾਂ ਤੋਂ ਉਨ੍ਹਾਂ ਦੇ ਹਥਿਆਰ ਲੈਣ ਦੇ ਯਤਨ ਕੀਤੇ। ਉਨ੍ਹਾਂ ’ਚੋਂ ਇਕ ਨੇ ਉਸ ਨੂੰ ਕਿਹਾ ਸੀ, ‘‘ਅਸੀਂ ਅੱਜ ਰਾਤ ਤੋਂ ਲੰਡਨ ’ਚ ਜੰਗ ਛੇੜਨੀ ਚਾਹੁੰਦੇ ਹਾਂ।’’ ਇਸ ’ਤੇ ਕੇਨੈੱਟ ਉਸ ਨਾਲ ਗੱਲੀਂ ਪੈ ਗਈ ਤੇ ਉਸ ਦੇ ਹਥਿਆਰਾਂ ਦਾ ਜਾਇਜ਼ਾ ਨਜ਼ਰਾਂ ਨਾਲ ਹੀ ਲੈਣ ਲੱਗ ਪਈ। ਇਸ ਦੇ ਨਾਲ ਹੀ ਲੋਕ ਇਕੱਠੇ ਹੋਣ ਲੱਗ ਪਏ ਸੋ ਉਸ ਨੇ ਸੋਚਿਆ ਕਿ ਉਹ ਉਨ੍ਹਾਂ ਨੂੰ ਗੱਲੀਂ ਲਾਈ ਰੱਖੇ। ਹਮਲਾਵਰ ਨੇ ਉਸ ਨੂੰ ਕਿਹਾ ਸੀ ਕਿ ਉਸ ਨੇ ਇਸ ਸੈਨਿਕ ਨੂੰ ਇਸ ਕਰਕੇ ਮਾਰਿਆ ਕਿਉਂਕਿ ਉਸ ਨੇ ਮੁਸਲਮਾਨਾਂ ਨੂੰ ਮਾਰਿਆ ਸੀ ਤੇ ਉਹ ਅਫਗਾਨਿਸਤਾਨ ’ਚ ਮੁਸਲਮਾਨਾਂ ਦੇ ਘਾਣ ਤੋਂ ਤੰਗ ਆ ਚੁੱਕਿਆ ਹੈ। ਉਨ੍ਹਾਂ ਦਾ ਅਫਗਾਨਿਸਤਾਨ ’ਚ ਕੋਈ ਕੰਮ ਨਹੀਂ ਹੈ। ਮਰਨ ਵਾਲੇ ਦੀ ਸ਼ਨਾਖਤ ਨਹੀਂ ਦੱਸੀ ਗਈ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


http://sameydiawaaz.com/Archive%20News/%5B2013%5D/05/24.05.2013%20-%2011.jpg


ਗੁਰੂਨਾਥ ਨੂੰ ਅੱਜ ਮੁੰਬਈ ਪੁਲੀਸ ਅੱਗੇ ਪੇਸ਼ ਹੋਣ ਲਈ ਸੰਮਨ

ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਵੀ ਜਾਂਚ ਸ਼ੁਰੂ

 http://sameydiawaaz.com/Archive%20News/%5B2013%5D/05/24.05.2013%20-%2003.jpg

ਮੁੰਬਈ ਪੁਲੀਸ ਦੇ ਅਧਿਕਾਰੀ ਵੀਰਵਾਰ ਨੂੰ ਚੇੱਨਈ ਵਿੱਚ ਗੁਰੂਨਾਥ ਦੇ ਘਰ ਵਿੱਚ ਆਪਸੀ ਸਲਾਹ - ਮਸ਼ਵਰਾ ਕਰਦੇ ਹੋਏ

ਚੇੱਨਈ 23 ਮਈ :- ਆਈਪੀਐਲ ’ਚ ਸਪੌਟ ਫਿਕਸਿੰਗ ਮਾਮਲੇ ਵਿਚ ਮੁੰਬਈ ਕਰਾਈਮ ਬਰਾਂਚ ਨੇ ਚੇਨੱਈ ਸੁਪਰਕਿੰਗਜ਼ ਦੇ ਸੀਈਓ ਤੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਐਨ. ਸ੍ਰੀਨਿਵਾਸਨ ਦੇ ਜਵਾਈ ਗੁਰੂਨਾਥ ਮਾਇਅੱਪਨ ਨੂੰ ਪੁੱਛ-ਪੜਤਾਲ ਲਈ ਭਲਕੇ ਸੱਦ ਲਿਆ ਹੈ। ਦੂਜੇ ਪਾਸੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਪੌਟ ਫਿਕਸਿੰਗ ਮਾਮਲੇ ਵਿਚ ਕਾਲੇ ਧਨ ਨੂੰ ਸਫੇਦ ਕਰਨ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੱਟੇਬਾਜ਼ੀ ਦੇ ਦੋਸ਼ ਵਿਚ ਗ੍ਰਿਫਤਾਰ ਬਾਲੀਵੁੱਡ ਅਦਾਕਾਰ ਵਿੰਦੂ ਰੰਧਾਵਾ ਦੇ ਆੜੀ ਗੁਰੂਨਾਥ ਨੂੰ ਸੰਮਨ ਦੇਣ ਲਈ ਮੁੰਬਈ ਕਰਾਈਮ ਬਰਾਂਚ ਦੇ ਦੋ ਅਧਿਕਾਰੀ ਅੱਜ ਸਵੇਰੇ ਚੇਨੱਈ ਪੁੱਜੇ ਤੇ ਉਨ੍ਹਾਂ ਨੇ ਉਸ ਦੇ ਸਕੱਤਰ ਰਾਹੀਂ ਉਸ ਦੇ ਬੋਟ ਕਲੱਬ ਰਿਹਾਇਸ਼ ’ਤੇ ਸੰਮਨ ਭੇਜੇ। ਇਸ ਸੰਮਨ ਰਾਹੀਂ ਉਸ ਨੂੰ ਭਲਕੇ ਮੁੰਬਈ ਵਿਖੇ ਸਵੇਰੇ 11 ਤੋਂ ਸ਼ਾਮ 5 ਵਜੇ ਦੇ ਵਿਚਾਲੇ ਮੁੰਬਈ ਕਰਾਈਮ ਬਰਾਂਚ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਹਾਲੇ ਤੱਕ ਇਹ ਕਿਸੇ ਨੂੰ ਨਹੀਂ ਪਤਾ ਕਿ ਗੁਰੂਨਾਥ ਕਿੱਧਰ ਹੈ। ਕੁਝ ਰਿਪੋਰਟਾਂ ਮੁਤਾਬਕ ਉਹ ਕੋਲਕਾਤਾ ’ਚ ਹੈ, ਕੁਝ ਅਨੁਸਾਰ ਉਹ ਦਿੱਲੀ ਵਿਚ ਕਿੱਧਰੇ ਹੈ। ਅਜਿਹੀਆਂ ਰਿਪੋਰਟਾਂ ਵੀ ਹਨ ਕਿ ਉਹ ਮੁੰਬਈ ਵਿਚ ਹੈ।

ਗੁਰੂਨਾਥ ਦਾ ਬਚਾਅ: ਨਵੀਂ ਦਿੱਲੀ: ਆਈਪੀਐਲ ਦੇ ਚੇਅਰਮੈਨ ਤੇ ਕੇਂਦਰੀ ਮੰਤਰੀ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਗੁਰੂਨਾਥ ਖਿਲਾਫ਼ ਜਾਂਚ ਜਾਰੀ ਹੈ ਤੇ ਉਸ ਦੇ ਮੁਕੰਮਲ ਹੋਣ  ਤੋਂ ਪਹਿਲਾਂ ਲੋਕਾਂ ਨੂੰ ਕਿਸੇ ਨਤੀਜੇ ’ਤੇ ਨਹੀਂ ਪੁੱਜਣਾ ਚਾਹੀਦਾ। ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਐਨ. ਸ੍ਰੀਨਿਵਾਸਨ ਨੂੰ ਆਪਣੇ ਜਵਾਈ ਗੁਰੂਨਾਥ ਦੇ ਸਪੌਟ ਫਿਕਸਿੰਗ ’ਚ ਫਸਣ ’ਤੇ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਸੁਆਲ ਦੇ ਜੁਆਬ ਵਿਚ ਸ੍ਰੀ ਸ਼ੁਕਲਾ ਨੇ ਕਿਹਾ, ‘‘ਮੁੰਬਈ ਤੇ ਦਿੱਲੀ ਪੁਲੀਸ ਪੂਰੀ ਤਰ੍ਹਾਂ ਸਮਰੱਥ ਹਨ ਤੇ ਉਨ੍ਹਾਂ ਨੂੰ ਆਪਣੀ ਜਾਂਚ ਮੁਕੰਮਲ ਕਰਨ ਤੋਂ ਪਹਿਲਾਂ ਕੋਈ ਕਿਸੇ ਤਰ੍ਹਾਂ ਦੇ ਨਤੀਜੇ ਉਪਰ ਨਾ ਪੁੱਜੇ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਂਚ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਪੌਟ ਫਿਕਸਿੰਗ ਮਾਮਲੇ ਵਿਚ ਕੇਸ ਦਰਜ ਕਰਕੇ ਉਨ੍ਹਾਂ ਵਿੱਤੀ ਬੇਨਿਯਮੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਹੜੀਆਂ ਪੁਲੀਸ ਜਾਂਚ ਦੌਰਾਨ ਸਾਹਮਣੇ ਆਈਆਂ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਮੈਦਾਨ ਵਿਚ ਆਉਣ ਨਾਲ ਸੱਟੇਬਾਜ਼ਾਂ ਤੇ ਖਿਡਾਰੀਆਂ ਦੀ ਨਕੇਲ ਹੋਰ ਕਸੀ ਜਾਵੇਗੀ। ਏਜੰਸੀ ਵੱਲੋਂ ਕਾਲੇ ਧਨ ਨੂੰ ਸਫੇਦ ਕਰਨ ਤੇ ਹਵਾਲਾ ਫੰਡਾਂ ਦੀ ਜਾਂਚ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।


ਤਿੰਨ ਹੋਰ ਖਿਡਾਰੀ ਤੇ ਇਕ ਟੀਮ ਪੁਲੀਸ ਦੇ ਨਿਸ਼ਾਨੇ ’ਤੇ

ਨਵੀਂ ਦਿੱਲੀ 23 ਮਈ :- ਕ੍ਰਿਕਟ ਸਪੌਟ ਫਿਕਸਿੰਗ ਦੇ ਮਾਮਲੇ ’ਚ ਕਰੀਬ ਤਿੰਨ ਖਿਡਾਰੀ ਤੇ ਆਈਪੀਐਲ ਦੀ ਇਕ ਹੋਰ ਟੀਮ ਦਿੱਲੀ ਪੁਲੀਸ ਦੀ ਅੱਖ ਵਿਚ ਰੜਕ ਰਹੀ ਹੈ। ਦਿੱਲੀ ਪੁਲੀਸ ਕਮਿਸ਼ਨਰ ਨੀਰਜ ਕੁਮਾਰ ਨੇ ਅੱਜ ਇਥੇ ਦੱਸਿਆ ਕਿ ਐਸ. ਸ੍ਰੀਸ਼ਾਂਤ, ਅੰਕਿਤ ਚਵਾਨ ਤੇ ਅਜੀਤ ਚੰਦੀਲਾ ਤੋਂ ਇਲਾਵਾ ਤਿੰਨ ਹੋਰ ਕ੍ਰਿਕਟਰ ਪੁਲੀਸ ਦੀ ਨਜ਼ਰ ਵਿਚ ਹਨ। ਇਸੇ ਨਾਲ ਇਕ ਆਈਪੀਐਲ ਟੀਮ ਵੀ ਜਾਂਚ ਦੇ ਘੇਰੇ ’ਚ ਹੈ। ਇਨ੍ਹਾਂ ਦਾ ਨਾਮ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਹਾਲੇ ਜਾਂਚ ਅਧੂਰੀ ਹੈ।


ਸਪੌਟ ਫਿਕਸਿੰਗ ਕਾਰਨ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ - ਜਿਤੇਂਦਰ ਸਿੰਘ

ਗੁੜਗਾਓਂ 23 ਮਈ :- ਦੇਸ਼ ਦੇ ਖੇਡ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਹੈ ਕਿ ਆਈ ਪੀ ਐਲ ਵਿਚ ਸਪੌਟ ਫਿਕਸਿੰਗ ਕਾਰਨ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਵਿਚੋਂ ਕ੍ਰਿਕਟ ਨੂੰ ਕੱਢਣ ਲਈ ਤੇ ਕ੍ਰਿਕਟ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਲਈ ਪ੍ਰਭਾਵਸ਼ਾਲੀ ਕਾਨੂੰਨ ਬਣਾਏ ਜਾਣ ਦੀ ਲੋੜ ਹੈ।

ਖੇਡ ਮੰਤਰੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਬਹੁਤ ਸ਼ਰਮਨਾਕ ਹੈ, ਇਕ ਨੌਜਵਾਨ ਵਜੋਂ, ਖੇਡ ਪ੍ਰੇਮੀ ਵਜੋਂ ਤੇ ਦੇਸ਼ ਦੇ ਖੇਡ ਮੰਤਰੀ ਵਜੋਂ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਹੈ।’‘ਕੋਈ ਇਸ ਤਰ੍ਹਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਸਪੌਟ ਫਿਕਸਿੰਗ ਮੁੜ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਉਹ ਕ੍ਰਿਕਟ ਦੀ ਸਿਰਫ ਇਸ ਕਰਕੇ ਗੱਲ ਕਰ ਰਹੇ ਹਨ ਕਿ ਕਿਉਂਕਿ ਇਥੇ ਬੁਰਾਈ ਦਾ ਪਤਾ ਲੱਗ ਗਿਆ ਪਰ ਸਾਨੂੰ ਹੋਰ ਖੇਡਾਂ ਨੂੰ ਵੀ ਬਚਾਉਣ ਲਈ ਅੱਜ ਤੋਂ ਹੀ ਕਦਮ ਚੁੱਕਣੇ ਸ਼ੁਰੂ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ, ‘ਅਸੀਂ ਇਸ ਸਬੰਧੀ ਕਦਮ ਚੁੱਕ ਰਹੇ ਹਾਂ ਜਦੋਂ ਹੀ ਟੀਚਾ ਹਾਸਲ ਕਰ ਲਿਆ, ਕਾਰਵਾਈ ਕੀਤੀ ਜਾਵੇਗੀ।’ ਉਨ੍ਹਾਂ ਦੱਸਿਆ ਕਿ ਤਾਜ਼ਾ ਵਾਪਰੀ ਸਪੌਟ ਫਿਕਸਿੰਗ ਦੀ ਘਟਨਾ ਤੇ ਇਸ ਵਿਚ ਰਾਜਸਥਾਨ ਰਾਇਲਜ਼ ਦੇ ਖਿਡਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਕਾਨੂੰਨ ਮੰਤਰਾਲਾ ਇਸ ਬੁਰਾਈ ਨਾਲ ਨਜਿੱਠਣ ਲਈ ਐਂਟੀ ਫਿਕਸਿੰਗ ਬਿਲ ਤਿਆਰ ਕਰਨ ਵਿਚ ਲੱਗਾ ਹੈ।‘ਨਵਾਂ ਕਾਨੂੰਨ ਤਿਆਰ ਕਰਨ ਲਈ ਅਸੀਂ ਗ੍ਰਹਿ ਮੰਤਰਾਲੇ ਅਤੇ ਕਾਨੂੰਨ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਇਸ ਦਿਸ਼ਾ ਵਿਚ ਅੱਗੇ ਵਧਣ ਤੋਂ ਪਹਿਲਾਂ ਅਟਾਰਨੀ ਜਨਰਲ ਦੀ ਰਾਏ ਲੈ ਰਹੇ ਹਾਂ। ਖੇਡ ਮੰਤਰੀ ਨੇ ਕਿਹਾ ਕਿ ਲਾਜ਼ਮੀ ਹੈ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਹੋਵੇ।

ਉਨ੍ਹਾਂ ਕਿਹਾ ਕਿ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਇਹ ਦੂਜੀਆਂ ਖੇਡਾਂ ਵਿਚ ਨਾ ਵਾਪਰਦੀ ਹੋਵੇ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੋ ਇਸ ਨੂੰ ਜਾਣਦੇ ਹਨ, ਉਹ ਦੂਜੀਆਂ ਖੇਡਾਂ ਵਿਚ ਵੀ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਸੱਟੇਬਾਜ਼ਾਂ ਤੇ ਚੇਨਈ ਸੁਪਰ ਕਿੰਗਜ਼ ਦੇ ਮਾਲਕਾਂ ਵਿਚਕਾਰ ਸਬੰਧਾਂ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਜਾਂਚ ਜਾਰੀ ਹੈ ਤੇ ਉਹ ਇਸ ਮੌਕੇ ਕੁਝ ਵੀ ਨਹੀਂ ਕਹਿ ਸਕਦੇ।ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਾਲ 2000 ਵਿਚ ਮੈਚ ਫਿਕਸਿੰਗ ਸਕੈਂਡਲ ਸਾਹਮਣੇ ਆਉਣ ’ਤੇ ਕੀ ਸਰਕਾਰ ਨੂੰ ਫਿਕਸਿੰਗ ਵਿਰੋਧੀ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਸੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਕੀ ਹੋਇਆ, ਉਹ ਕੋਈ ਟਿੱਪਣੀ ਨਹੀਂ ਕਰਨਗੇ ਪਰ ਇਸ ਸਮੇਂ ਸਰਕਾਰ ਬੇਹੱਦ ਸਰਗਰਮ ਹੈ। ਇਹ ਕਾਨੂੰਨ ਨਾਲ ਸਬੰਧਤ ਮਸਲਾ ਹੈ ਤੇ ਇਸ ਦੇ ਆਲੇ-ਦੁਆਲੇ ਕਾਫੀ ਕੁਝ ਘੁੰਮ ਰਿਹਾ ਹੈ। ‘ਇਸ ਸਬੰਧੀ ਪਹਿਲਾਂ ਕਾਨੂੰਨ ਹੋਣਾ ਚਾਹੀਦਾ ਸੀ ਪਰ ਕਦੇ ਵੀ ਨਾ ਬਣਨ ਨਾਲੋਂ ਦੇਰ ਭਲੀ।’


ਸਪੌਟ ਫਿਕਸਿੰਗ ਦੇ ਦੋਸ਼ਾਂ ਨੇ ਮਾਤਮ ਫੈਲਾਇਆ - ਦਰਾਵਿੜ

http://sameydiawaaz.com/Archive%20News/%5B2013%5D/05/24.05.2013%20-%2010.jpg

ਨਵੀਂ ਦਿੱਲੀ 23 ਮਈ :- ਰਾਜਸਥਾਨ ਰਾਇਲਜ਼ ਦੇ ਕਪਤਾਨ ਰਾਹੁਲ ਦਰਾਵਿੜ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਦੀ ਸ਼ਾਖ ਨੂੰ ਤੀਲਾ-ਤੀਲਾ ਕਰਨ ਵਾਲੇ ਸਪੌਟ ਫਿਕਸਿੰਗ ਕਾਂਡ ਤੋਂ ਪੈਦਾ ਹੋਏ ਤੂਫ਼ਾਨ ਨਾਲ ਨਜਿੱਠਣਾ ਵੀ ਓਨਾ ਹੀ ਮੁਸ਼ਕਲ ਸੀ ਜਿੰਨਾ ਕਿਸੇ ਮਾਤਮ ਵਿੱਚੋਂ ਉਭਰਨਾ। ਦਰਾਵਿੜ ਨੇ ਮੈਚ ਤੋਂ ਬਾਅਦ ਸਪੌਟ ਫਿਕਸਿੰਗ ਮਾਮਲੇ ਬਾਰੇ ਕਿਹਾ, ‘‘ਮੈਂ ਝੂਠ ਨਹੀਂ ਬੋਲਾਂਗਾ, ਇਹ ਟੀਮ ਲਈ ਮੁਸ਼ਕਲ ਘੜੀ ਸੀ ਤੇ ਕਰਾਰਾ ਝਟਕਾ ਸੀ। ਇਹ ਮਾਤਮ ਦੀ ਤਰ੍ਹਾਂ ਹੀ ਸੀ। ਟੀਮ ਦਾ ਹਰ ਖਿਡਾਰੀ ਭਾਵਨਾਵਾਂ ਦੇ ਦੌਰ ਵਿੱਚੋਂ ਗੁਜ਼ਰਿਆ। ਅਸੀਂ ਇਸ ਮਾਮਲੇ ਬਾਰੇ ਖੁੱਲ੍ਹਕੇ ਗੱਲਬਾਤ ਕੀਤੀ। ਦਰਾਵਿੜ ਨੇ ਆਈ. ਪੀ. ਐਲ. ਇਲੀਮੀਨੇਟਰ ਵਿਚ ਸਨਰਾਈਜ਼ਰਜ਼ ਹੈਦਰਾਬਾਦ ਉੱਤੇ ਮਿਲੀ ਜਿੱਤ ਦਾ ਸਿਹਰਾ ਬਰੈਡ ਹੌਜ਼ ਤੇ ਮੈਚ ਤੋਂ ਪਹਿਲਾਂ ਟੀਮ ਦੀ ਰਣਨੀਤੀ ਨੂੰ ਦਿੱਤਾ।

ਸਨਰਾਈਜ਼ਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 132 ਦੌੜਾਂ ਬਣਾਈਆਂ ਤੇ ਇਸ ਦੇ ਜਵਾਬ ਵਿਚ ਰਾਜਸਥਾਨ ਰਾਇਲਜ਼ ਨੇ ਚਾਰ ਗੇਂਦਾਂ ਰਹਿੰਦਿਆਂ ਛੇ ਵਿਕਟਾਂ ’ਤੇ 135 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਅਤੇ ਦੂਜੇ ਕੁਆਲੀਫਾਈਰ ਵਿਚ ਦਾਖਲਾ ਪਾਇਆ।


ਮਾਰੂਤੀ - ਸੁਜ਼ੂਕੀ ਪਲਾਂਟ ਦੇ ‘ਅਣਮਨੁੱਖੀ’ ਹਾਲਾਤ ਕਾਰਨ ਵਿਗੜੀ ਸਥਿਤੀ

ਪੀ. ਯੂ. ਡੀ. ਆਰ. ਰਿਪੋਰਟ ਦਾ ਖ਼ੁਲਾਸਾ

 http://sameydiawaaz.com/Archive%20News/%5B2013%5D/05/24.05.2013%20-%2005.jpg

ਚੰਡੀਗਡ਼੍ਹ ਪ੍ਰੈਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੀ ਪੀ. ਯੂ. ਡੀ. ਆਰ. ਦੀ ਆਗੂ ਸ਼ਹਾਨਾ

ਭੱਟਾਚਾਰੀਆ (ਵਿਚਕਾਰ) ਨਾਲ ਬੈਠੇ ਹਨ (ਖੱਬੇ) ਸਕੱਤਰ ਅਸ਼ੀਸ਼ ਗੁਪਤਾ ਤੇ ਰੰਜਨਾ ਪਾਢੀ (ਫੋਟੋ: ਮਨੋਜ ਮਹਾਜਨ)

ਚੰਡੀਗੜ੍ਹ 23 ਮਈ :- ਪੀਪਲਜ਼ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ (ਪੀ.ਯੂ.ਡੀ.ਆਰ.)  ਨੇ ਕਿਹਾ ਹੈ ਕਿ 18 ਜੁਲਾਈ 2012 ਨੂੰ ਮਾਰੂਤੀ-ਸੁਜ਼ੂਕੀ ਇੰਡੀਆ ਲਿਮਟਿਡ (ਐੱਮ ਐੱਸ ਆਈ ਐੱਲ) ਦੀ ਮਾਨੇਸਰ ਇਕਾਈ ਵਿਚ ਹਿੰਸਾ ਲਈ  ਮੈਨੇਜਮੈਂਟ, ਸਰਕਾਰ-ਪੁਲੀਸ ਅਤੇ ਕਿਰਤ ਵਿਭਾਗ ਦੇ ਗੱਠਜੋੜ ਵੱਲੋਂ ਪੈਦਾ ਕੀਤੇ ਗਏ ਅਣਮਨੁੱਖੀ ਹਾਲਾਤ ਮੁੱਖ ਤੌਰ ’ਤੇ ਜ਼ਿੰਮੇਵਾਰ ਹਨ।  ਕਾਰਪੋਰੇਟ ਸਨਅਤਾਂ ਵਾਂਗ ਮਾਰੂਤੀ-ਸੁਜ਼ੂਕੀ ਸਨਅਤ ਦੀ ਚਾਲਕ ਸ਼ਕਤੀ ਵੀ ਮਜ਼ਦੂਰਾਂ ਦੀ ਕੀਮਤ ’ਤੇ ਪੈਦਾਵਾਰੀ ਖ਼ਰਚੇ ਵੱਧ ਤੋਂ ਵੱਧ ਘਟਾ ਕੇ ਵੱਧ ਤੋਂ ਵੱਧ ਮੁਨਾਫ਼ੇ ਕਮਾਉਣਾ ਹੈ। ‘ਚੰਗੇ ਚਾਲ-ਚਲਣ’ ਦੇ ਬੌਂਡ ਨੂੰ ਮੈਨੇਜਮੈਂਟ ਮਜ਼ਦੂਰਾਂ ਨੂੰ ਦਬਾ ਕੇ ਰੱਖਣ ਅਤੇ ਇਸ ਬਹਾਨੇ ਆਵਾਜ਼ ਉਠਾਉਣ ਵਾਲੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਦੇ ਹਥਿਆਰ ਵਜੋਂ ਵਰਤ ਰਹੀ ਹੈ ਅਤੇ ਇਹ ਝਗੜੇ ਦਾ ਮੁੱਖ ਮੁੱਦਾ ਹੈ। ਪੱਕੇ ਕਾਮਿਆਂ ਦੀ ਗਿਣਤੀ ਵੱਡੇ ਪੈਮਾਨੇ ’ਤੇ ਘਟਾ ਕੇ ਕੱਚੇ ਅਤੇ ਠੇਕੇ ਦੇ ਕਾਮਿਆਂ ਤੋਂ ਬਹੁਤ ਹੀ ਘੱਟ ਤਨਖ਼ਾਹ ’ਤੇ ਬਹੁਤ ਜ਼ਿਆਦਾ ਕੰਮ ਲਿਆ ਜਾ ਰਿਹਾ ਹੈ। ਮੈਨੇਜਮੈਂਟ ਪਲਾਂਟ ਦੀ ਪੈਦਾਵਾਰੀ ਸਮਰੱਥਾ ਤੋਂ ਵੱਡੇ ਟੀਚੇ ਰੱਖ ਕੇ ਮਜ਼ਦੂਰਾਂ ਤੋਂ ਅਣਮਨੁੱਖੀ ਹਾਲਾਤ ’ਚ ਰੋਬੋਟਾਂ ਵਾਂਗ ਕੰਮ ਕਰਾ ਰਹੀ ਹੈ।

ਇਹ ਤੱਥ ਪੀ.ਯੂ.ਡੀ.ਆਰ. ਵੱਲੋਂ ਮਜ਼ਦੂਰਾਂ (ਠੇਕੇ ਵਾਲੇ, ਪੱਕੇ ਮਜ਼ਦੂਰਾਂ ਅਤੇ ਬਰਖ਼ਾਸਤ ਕੀਤੇ ਮਜ਼ਦੂਰਾਂ), ਯੂਨੀਅਨ ਦੇ ਆਗੂਆਂ, ਉਨ੍ਹਾਂ ਦੇ ਵਕੀਲ ਅਤੇ ਕਿਰਤ ਮਹਿਕਮੇ ਦੇ ਗੁੜਗਾਉਂ ਦੇ ਅਧਿਕਾਰੀਆਂ ਅਤੇ ਵੱਖ-ਵੱਖ ਪੁਲੀਸ ਅਧਿਕਾਰੀਆਂ ਨੂੰ ਮਿਲ ਕੇ ਜਾਂ ਉਨ੍ਹਾਂ ਨਾਲ ਗੱਲਬਾਤ ਕਰਕੇ ਜੋ ਤੱਥਾਂ ਦੀ ਜਾਣਕਾਰੀ ਲਈ ਗਈ, ਉਨ੍ਹਾਂ ਦੇ ਆਧਾਰ ’ਤੇ   ਜਾਰੀ ਕੀਤੀ ਰਿਪੋਰਟ ‘ਡਰਾਈਵਿੰਗ ਫੋਰਸ’ ਵਿਚ ਪੇਸ਼ ਕੀਤੇ ਹਨ। ਪੀ.ਯੂ.ਡੀ.ਆਰ.ਦੇ ਆਗੂਆਂ ਦਾ ਕਹਿਣਾ ਹੈ ਕਿ  ਲਗਾਤਾਰ ਯਤਨ ਕਰਨ ਦੇ ਬਾਵਜੂਦ ਮੈਨੇਜਮੈਂਟ ਵਲੋਂ ਮਿਲਣ ਲਈ ਸਮਾਂ ਨਹੀਂ ਦਿੱਤਾ। ਪੀ.ਯੂ.ਡੀ.ਆਰ. ਸਮਝਦੀ ਹੈ ਕਿ ਹਰਿਆਣਾ ਸਰਕਾਰ ਅਤੇ ਪੁਲੀਸ ਦੀ ਮੈਨੇਜਮੈਂਟ ਨਾਲ ਪੂਰੀ ਮਿਲੀਭੁਗਤ ਹੈ। ਹਰਿਆਣਾ ਸਰਕਾਰ ਤੇ ਪੁਲੀਸ ਵਲੋਂ ਬਿਨਾਂ ਕਿਸੇ ਤਫ਼ਤੀਸ਼ ਦੇ ਘਟਨਾ ਲਈ ਮਜ਼ਦੂਰਾਂ ਨੂੰ  ਮਿਥ ਕੇ ਨਿਸ਼ਾਨਾ ਬਣਾਏ ਜਾਣ ਤੋਂ ਸਪਸ਼ਟ ਹੈ ਕਿ ਉਨ੍ਹਾਂ ਦਾ ਉਦੇਸ਼ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਨਹੀਂ ਸਗੋਂ ਮਜ਼ਦੂਰਾਂ ਦੀ ਜਥੇਬੰਦਕ ਤਾਕਤ ਨੂੰ ਕੁਚਲਣਾ ਹੈ। 18 ਮਈ  ਨੂੰ ਕੈਥਲ ਵਿਚ ਮਜ਼ਦੂਰਾਂ ਦੇ ਸ਼ਾਂਤਮਈ ਰੋਸ ਵਿਖਾਵੇ ਨੂੰ ਕੁਚਲਣ ਲਈ  ਪੁਲੀਸ ਤਸ਼ੱਦਦ ਦੀ ਵਰਤੋਂ ਹਕੂਮਤ ਦੇ  ਰਵੱਈਏ ਦੀ ਤਾਜ਼ਾ ਮਿਸਾਲ ਹੈ। ਸਰਕਾਰ ਸ਼ਰੇਆਮ ਮਾਰੂਤੀ-ਸੁਜ਼ੂਕੀ ਇੰਡੀਆ ਲਿਮਟਿਡ ਦੇ ਹਿੱਤ ’ਚ ਕੰਮ ਕਰ ਰਹੀ ਹੈ, ਮਜ਼ਦੂਰਾਂ ਦੇ ਟਰੇਡ ਯੂਨੀਅਨ ਬਣਾਉਣ ਦੇ ਜਮਹੂਰੀ ਹੱਕ ਨੂੰ ਕੁਚਲ ਰਹੀ ਹੈ ਅਤੇ ਕਾਨੂੰਨੀ ਤੌਰ ’ਤੇ ਰਜਿਸਟਰਡ ਯੂਨੀਅਨ ਨੂੰ ਮਾਨਤਾ ਦੇਣ ਤੋਂ ਇਨਕਾਰੀ ਹੈ। ਕਿਰਤ ਵਿਭਾਗ ਦਾ ਮੈਨੇਜਮੈਂਟ ਨਾਲ ਗੁਪਤ ਗੱਠਜੋੜ ਹੋਣ ਕਾਰਨ ਕੰਪਨੀ ਦੀਆਂ ਇਕਾਈਆਂ ਵਿਚ ਕਿਰਤ ਕਾਨੂੰਨਾਂ ਦੀਆਂ ਘੋਰ ਉਲੰਘਣਾਵਾਂ ਨੂੰ ਰੋਕਣ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਹਿੱਤ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਰਿਹਾ।

ਪੀ.ਯੂ.ਡੀ.ਆਰ.ਸਕੱਤਰ ਡੀ. ਅਸ਼ੀਸ਼ ਗੁਪਤਾ, ਸ਼ਹਾਨਾ ਭੱਟਾਚਾਰੀਆ ਤੇ ਰੰਜਨਾ ਪਾਢੀ ਨੇ ਮੰਗ ਕੀਤੀ  ਕਿ ਸੱਚ ਸਾਹਮਣੇ ਲਿਆਉਣ ਲਈ ਪੁਲੀਸ ਦੀ ਪੱਖਪਾਤੀ ਤਫ਼ਤੀਸ਼ ਨੂੰ ਤੁਰੰਤ ਰੱਦ ਕਰਕੇ ਨਿਰਪੱਖ ਜਾਂਚ ਏਜੰਸੀ ਰਾਹੀਂ 18 ਜੁਲਾਈ ਦੀ ਹਿੰਸਕ ਘਟਨਾ ਦੀ ਜਾਂਚ ਕਰਵਾਈ ਜਾਵੇ।  ਭਾੜੇ ਦੇ ਗੁੰਡਿਆਂ ਦੀ ਗ਼ੈਰਕਾਨੂੰਨੀ ਮੌਜੂਦਗੀ ਅਤੇ ਉਨ੍ਹਾਂ ਦੀ ਹਿੰਸਾ ਭੜਕਾਉਣ ’ਚ ਮੁੱਖ ਭੂਮਿਕਾ, ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਉੱਪਰ ਤਸ਼ੱਦਦ ਕਰਨ ਵਾਲੇ ਪੁਲੀਸ ਅਧਿਕਾਰੀਆਂ ਅਤੇ ਮੈਨੇਜਮੈਂਟ ਨਾਲ ਗੱਠਜੋੜ ਬਣਾ ਕੇ ਚੱਲ ਰਹੇ ਕਿਰਤ ਅਧਿਕਾਰੀਆਂ ਦੀ ਮਜ਼ਦੂਰ ਵਿਰੋਧੀ ਭੂਮਿਕਾ ਦੀ ਨਿਰਪੱਖ ਜਾਂਚ ਕਰਕੇ ਇਨ੍ਹਾਂ ਖ਼ਿਲਾਫ਼ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ।  ਕੱਢੇ ਹੋਏ ਮਜ਼ਦੂਰ ਬਹਾਲ ਕੀਤੇ ਜਾਣ। ਮੈਨੇਜਮੈਂਟ ਦੀਆਂ ਲਾਕਾਨੂੰਨੀਆਂ ਨੂੰ ਰੋਕਣ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਅਸਰਦਾਰ ਕਦਮ ਚੁੱਕੇ ਜਾਣ ਅਤੇ ਗ੍ਰਿਫ਼ਤਾਰ ਮਜ਼ਦੂਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।


ਕੋਇਟਾ ’ਚ ਬੰਬ ਧਮਾਕਾ, 12 ਮੌਤਾਂ

 http://sameydiawaaz.com/Archive%20News/%5B2013%5D/05/24.05.2013%20-%2007.jpg

ਕੋਇਟਾ ਵਿਚ ਬੰਬ ਧਮਾਕੇ ਦੇ ਸਥਾਨ ’ਤੇ ਸੁਰੱਖਿਆ ਅਧਿਕਾਰੀ ਸਬੂਤ ਜੁਟਾਉਂਦੇ ਹੋਏ (ਫੋਟੋ: ਰਾਇਟਰਜ਼)

ਇਸਲਾਮਾਬਾਦ 23 ਮਈ :- ਪਾਕਿਸਤਾਨ ਦੇ ਸ਼ਹਿਰ ਕੋਇਟਾ ਦੀ ਭੂਸਾ ਮੰਡੀ ਵਿਚ ਅੱਜ ਸਵੇਰੇ ਜ਼ਬਰਦਸਤ ਬੰਬ ਧਮਾਕਾ ਹੋਇਆ ਜਿਸ ਕਾਰਨ 12 ਵਿਅਕਤੀ ਮਾਰੇ ਗਏ ਤੇ 17 ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਇਕ ਕਾਰ ਵਿਚ ਹੋਇਆ ਜਿਸ ਵਿਚ ਕਰੀਬ ਇਕ ਸੌ ਕਿਲੋ ਧਮਾਕਾਖੇਜ਼ ਸਮੱਗਰੀ ਰੱਖੀ ਹੋਈ ਸੀ। ਕੁਝ ਮਿੰਟ ਪਹਿਲਾਂ ਇਸ ਕਾਰ ਦੇ ਨੇੜਿਓਂ ਫੌਜੀ ਜਵਾਨਾਂ ਨਾਲ ਭਰਿਆ ਵਾਹਨ ਲੰਘਿਆ ਸੀ।

ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਫੈਜ਼ ਸੁੰਬਲ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਰੈਪਿਡ ਰਿਸਪੌਂਸ ਫੋਰਸ ਦੇ ਜਵਾਨਾਂ ਨੂੰ ਰਿਮੋਟ ਕੰਟਰੋਲ ਨਾਲ ਧਮਾਕਾ ਕਰਕੇ ਨਿਸ਼ਾਨਾ ਬਣਾਇਆ ਸੀ। ਧਮਾਕੇ ਕਾਰਨ ਪੁਲੀਸ ਦੇ ਕਈ ਵਾਹਨ ਤੇ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਪੰਜ ਵਿਅਕਤੀ ਮੌਕੇ ’ਤੇ ਮਰ ਗਏ ਜਦੋਂਕਿ ਹੋਰ 7 ਵਿਅਕਤੀਆਂ ਨੇ ਹਸਪਤਾਲ ਵਿਚ ਦਮ ਤੋੜਿਆ। ਜ਼ਖ਼ਮੀਆਂ ਵਿਚ 12 ਸੁਰੱਖਿਆ ਜਵਾਨ ਹਨ। ਚੀਨ ਦੇ ਪ੍ਰਧਾਨ ਮੰਤਰੀ ਲੀ ਖਚਿਆਂਗ ਦੇ ਦੌਰੇ ਕਾਰਨ ਇਸਲਾਮਾਬਾਦ ਵਿਚ ਅੱਜ ਦੂਜੇ ਦਿਨ ਵੀ ਮੋਬਾਈਲ ਫੋਨ ਬੰਦ ਰਹੇ।


ਗਰਮੀ ਦਾ ਕਹਿਰ: ਪੰਜਾਬ ਵਿੱਚ ਪੰਜ ਮੌਤਾਂ

http://sameydiawaaz.com/Archive%20News/%5B2013%5D/05/24.05.2013%20-%2009.jpg

ਦਿੱਲੀ ਵਿੱਚ ਅੰਤਾਂ ਦੀ ਗਰਮੀ ਦੌਰਾਨ ਇਕ ਟੋਭੇ ਦੇ ਪਾਣੀ ਵਿੱਚ

ਨਹਾ ਕੇ ਤਪਸ਼ ਦਾ ਅਸਰ ਦੂਰ ਕਰ ਰਹੀ ਮੈਨਾਵਾਂ ਦੀ ਜੋੜੀ

ਚੰਡੀਗੜ੍ਹ 23 ਮਈ :- ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਗਰਮੀ ਹੋਰ ਵਧਣ ਨਾਲ ਇਹ ਮਾਰੂ ਵੀ ਸਾਬਤ ਹੋਣ ਲੱਗੀ ਹੈ। ਪੰਜਾਬ ਵਿਚ ਗਰਮੀ ਨਾਲ ਪੰਜ ਮੌਤਾਂ ਹੋਣ ਦੀ ਖਬਰ ਹੈ। ਤਰਨ ਤਾਰਨ ਵਿਚ ਇਕ, ਬਠਿੰਡਾ ਵਿਚ ਇਕ, ਪੰਜਗਰਾਈਂ ਕਲਾਂ ਵਿਚ ਇਕ ਤੇ ਮਾਹਿਲਪੁਰ ਖੇਤਰ ਵਿਚ ਗਰਮੀ ਨਾਲ ਦੋ ਮੌਤਾਂ ਹੋ ਗਈਆਂ।

ਮੌਸਮ ਵਿਭਾਗ ਨੇ ਵੀ ਪੇਸ਼ੀਨਗੋਈ ਕੀਤੀ ਹੈ ਕਿ ਦੋਵੇਂ ਰਾਜਾਂ ਵਿਚ ਅਗਲੇ ਦੋ ਦਿਨਾਂ ਦੌਰਾਨ ਗਰਮੀ ਦੀ ਲਹਿਰ ਬਦ ਤੋਂ ਬਦਤਰ ਹੋ ਸਕਦੀ ਹੈ।

ਮੌਸਮ ਦਾ ਸਖ਼ਤ ਰੁਖ਼ ਦੇਖਦਿਆਂ ਕਈ ਸਕੂਲਾਂ ਨੇ ਗਰਮੀਆਂ ਦੀਆਂ ਛੁੱਟੀਆਂ ਮਿੱਥੇ ਸਮੇਂ ਤੋਂ ਪਹਿਲਾਂ ਹੀ ਕਰ ਦਿੱਤੀਆਂ ਹਨ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਬਹੁਤੇ ਸਕੂਲ ਹਾਲੇ ਲੱਗ ਰਹੇ ਹਨ। ਪਰ ਇਨ੍ਹਾਂ ਸਮੇਂ ਬਦਲੇ ਗਏ ਹਨ। ਕਈ ਮਾਪਿਆਂ ਨੇ ਫਿਕਰ ਜ਼ਾਹਰ ਕਰਦਿਆਂ ਕਿਹਾ ਹੈ ਕਿ ਬੱਚੇ ਕਿਉਂਕਿ ਨਾਜ਼ੁਕ ਹੁੰਦੇ ਹਨ, ਉਨ੍ਹਾਂ ’ਤੇ ਮਾੜੇ ਮੌਸਮ ਦੀ ਮਾਰ ਜਲਦੀ ਪੈ ਸਕਦੀ ਹੈ, ਇਸ ਕਰਕੇ ਸਕੂਲ ਬੰਦ ਕੀਤੇ ਜਾਣ।

ਹਰਿਆਣਾ ਦੇ ਨਾਰਨੌਲ, ਕਰਨਾਲ ਤੇ ਅੰਬਾਲਾ ਵੀ ਹੋਰ ਖੇਤਰਾਂ ਦੇ ਨਾਲ ਤਿੱਖੜ ਗਰਮੀ ਦੀ ਮਾਰ ਵਿਚ ਹਨ। ਚੰਡੀਗੜ੍ਹ ਵਿਚ ਹਫਤੇ ਭਰ ਤੋਂ ਤਪਸ਼ ਪੈ ਰਹੀ ਹੈ। ਕੱਲ੍ਹ ਇਥੇ ਇਸ ਰੁੱਤ ਦਾ ਹੁਣ ਤੱਕ ਦਾ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਦੋਵੇਂ ਰਾਜਾਂ ਤੇ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 42 ਤੋਂ 46 ਡਿਗਰੀ ਸੈਲਸੀਅਸ ਵਿਚਾਲੇ ਤਾਂ ਰਹੇਗਾ। ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਅਗਲੇ ਦੋ ਦਿਨਾਂ ਦੌਰਾਨ ਸਖ਼ਤ ਗਰਮੀ ਪੈਣ ਦੀ ਪੇਸ਼ੀਨਗੋਈ ਹੈ।

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ ਤੇ ਨਾਲ ਲੱਗਦੇ ਖੇਤਰਾਂ ਵਿਚ ਤਾਪਮਾਨ 45.2 ਡਿਗਰੀ ਚੱਲ ਰਿਹਾ ਹੈ। ਸੁੰਦਰ ਨਗਰ, ਭੁੰਤਰ ਵੀ ਗਰਮੀ ਦੀ ਮਾਰ ਹੇਠ ਹਨ। ਸ਼ਿਮਲਾ ਵਿਚ ਪੈ ਰਹੀ ਗਰਮੀ ਨੇ ਸੈਲਾਨੀਆਂ ਨੂੰ ਅੰਦਰ ਹੀ ਤੜੇ ਰਹਿਣ ਲਈ ਮਜਬੂਰ ਕਰ ਦਿੱਤਾ।

ਤਰਨ ਤਾਰਨ (ਪੱਤਰ ਪ੍ਰੇਰਕ)- ਇਥੋਂ 20 ਕਿਲੋਮੀਟਰ ਦੂਰ ਪਿੰਡ ਖਾਨ ਛਾਪੜੀ ਵਿਖੇ ਇਕ 47 ਕੁ ਸਾਲਾ ਵਿਅਕਤੀ ਦੀ ਲੂਅ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਦਫ਼ਾ 174 ਅਧੀਨ ਇਕ ਰਿਪੋਰਟ ਦਰਜ ਕੀਤੀ ਹੈ।

ਮ੍ਰਿਤਕ ਦੀ ਸ਼ਨਾਖਤ ਅਮਰੀਕ ਸਿੰਘ ਵਾਸੀ ਸ਼ਕਰੀ ਵਜੋਂ ਕੀਤੀ ਗਈ ਹੈ। ਉਹ ਖਾਨ ਛਾਪੜੀ ਵਿਖੇ ਆਪਣੇ ਇਕ ਰਿਸ਼ਤੇਦਾਰ ਮਨਜੀਤ ਸਿੰਘ ਨੂੰ ਕੱਲ੍ਹ ਸ਼ਾਮ ਵੇਲੇ ਮਿਲ ਕੇ ਵਾਪਸ ਜਾ ਰਿਹਾ ਸੀ ਕਿ ਖੇਤਾਂ ਵਿਚੋਂ ਲੰਘਦਿਆਂ ਜ਼ਿਆਦਾ ਗਰਮੀ ਨਾਲ ਉਹ ਉਥੇ ਹੀ ਡਿੱਗ ਗਿਆ। ਉਹ ਕਈ ਘੰਟੇ ਉਥੇ ਹੀ ਪਿਆ ਰਿਹਾ ਜਦੋਂ ਉਸ ਦੇ ਪਰਿਵਾਰ ਵਾਲਿਆਂ ਉਸ ਦੀ ਭਾਲ ਕੀਤੀ ਤਾਂ ਉਹ ਖੇਤਾਂ ਵਿਚ ਮ੍ਰਿਤਕ ਪਾਇਆ ਗਿਆ।

ਲਾਸ਼ ਦਾ ਪੋਸਟ ਮਾਰਟਮ ਅੱਜ ਇਥੋਂ ਦੇ ਸਿਵਲ ਹਸਪਤਾਲ ਵਿਖੇ ਕੀਤਾ ਗਿਆ। ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਸੰਜੀਵਨ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।

ਪੰਜਗਰਾਈਂ ਕਲਾਂ (ਪੱਤਰ ਪ੍ਰੇਰਕ)- ਨਜ਼ਦੀਕੀ ਪਿੰਡ ਭਲੂਰ ਵਿਖੇ ਇਕ ਨੌਜਵਾਨ ਦੀ ਗਰਮੀ ਤੇ ਲੂਅ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਖੇਤਾਂ ਵਿਚ ਟਰੈਕਟਰ ਨਾਲ ਕਰਾਹਾ ਲਾ ਰਿਹਾ ਸੀ ਜਿੱਥੇ ਉਸ ਨੂੰ ਗਰਮੀ ਤੇ ਲੂਅ ਲੱਗਣ ਨਾਲ ਬੁਖਾਰ ਹੋ ਗਿਆ। ਘਰਦਿਆਂ ਨੇ ਸੰਦੀਪ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾਖਲ ਕਰਾ ਦਿੱਤਾ ਜਿੱਥੇ ਉਸ ਦੀ ਤੇਜ਼ ਬੁਖਾਰ ਹੋਣ ਕਾਰਨ ਮੌਤ ਹੋ ਗਈ।

ਮਾਹਿਲਪੁਰ (ਪੱਤਰ ਪ੍ਰੇਰਕ)- ਅੱਜ ਅਤਿ ਦੀ ਗਰਮੀ ਅਤੇ ਲੂਅ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਨਸ਼ਾ ਕਰਨ ਦੇ ਆਦੀ ਦੱਸੇ ਜਾਂਦੇ ਹਨ। ਥਾਣਾ ਮਾਹਿਲਪੁਰ ਦੇ ਪੁਲੀਸ ਅਧਿਕਾਰੀ ਬਖਸ਼ੀਸ਼ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਮਾਹਿਲਪੁਰ ਦੇ ਨਵੇਂ ਬੱਸ ਅੱਡੇ ਲਾਗੇ ਇਕ ਖਾਲੀ ਪਲਾਟ ਵਿਚ ਆਪਣੀ ਝੁੱਗੀ ਬਣਾ ਕੇ ਨਾਂਗੇ ਸਾਧੂ ਦੇ ਭੇਸ ਵਿਚ ਰਹਿ ਰਹੇ ਪਰਵਾਸੀ ਅਣਪਛਾਤੇ ਨੌਜਵਾਨ ਦੀ ਗਰਮੀ ਅਤੇ ਲੂਅ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਸਾਧੂ ਦੇ ਡੇਰੇ ਲਾਗੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਕਤ ਬਾਬਾ ਜਿਸ ਦੀ ਉਮਰ 35 ਸਾਲ ਦੇ ਕਰੀਬ ਹੈ ਆਪਣੀ ਘਰਵਾਲੀ ਦੇ ਬੱਚਿਆਂ ਸਮੇਤ ਆਪਣੇ ਇਕ ਦੋਸਤ ਨਾਲ ਫਰਾਰ ਹੋ ਜਾਣ ਤੋਂ ਬਾਅਦ ਨਾਂਗਾ ਸਾਧੂ ਬਣ ਕੇ ਇਥੇ ਰਹਿ ਰਿਹਾ ਸੀ। ਉਹ ਭੰਗ ਸਮੇਤ ਕਈ ਹੋਰ ਨਸ਼ੇ ਕਰਨ ਦਾ ਆਦੀ ਸੀ। ਉਸ ਦੇ ਸਕੇ ਸਬੰਧੀ ਉਸ ਨੂੰ ਛੱਡ ਕੇ ਉੱਤਰ ਪ੍ਰਦੇਸ਼ ਚਲੇ ਗਏ ਸਨ। ਅੱਜ ਨਸ਼ੇ ਦੀ ਹਾਲਤ ਵਿਚ ਕੜਾਕੇ ਦੀ ਗਰਮੀ ਤੇ ਲੂਅ ਲੱਗਣ ਕਾਰਨ ਝੌਂਪੜੀ ਦੇ ਬਾਹਰ ਨਗਨ ਹਾਲਤ ਵਿਚ ਹੀ ਉਸ ਦੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਸਰੀ ਮੌਤ ਲਾਗਲੇ ਪਿੰਡ ਹਵੇਲੀ ਲਾਗੇ ਪੱਤੀ ਲੱਧੇਵਾਲ ਵਿਖੇ ਰਹਿ ਰਹੇ ਪਰਵਾਸੀ ਮਜ਼ਦੂਰ ਦੀ ਹੋਈ। ਪਰਵਾਸੀ ਮਜ਼ਦੂਰ ਖੇਮਕਰਨ ਨੇ ਦੱਸਿਆ ਕਿ ਉਸ ਦਾ ਲੜਕਾ ਜੈ ਪ੍ਰਕਾਸ਼ (30) ਸ਼ਰਾਬ, ਨਸ਼ੀਲੇ ਟੀਕੇ ਅਤੇ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਖਾਣ ਅਤੇ ਪੀਣ ਦਾ ਆਦੀ ਸੀ। ਬੀਤੇ ਦਿਨ ਉਹ ਘਰੋਂ ਆਪਣੀ ਸਾਲੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਗਿਆ ਜਿੱਥੇ ਉਸ ਨੇ ਨਸ਼ੇ ਦੀ ਵੱਧ ਮਾਤਰਾ ਲੈ ਲਈ। ਉਹ ਘਰ ਪਰਤਿਆ ਤਾਂ ਕੜਾਕੇ ਦੀ ਗਰਮੀ ਅਤੇ ਧੁੱਪ ਨਾ ਸਹਾਰਦਾ ਹੋਇਆ ਤੜਫਨ ਲੱਗ ਪਿਆ। ਉਸ ਨੂੰ ਇਲਾਜ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਲੂਅ ਲੱਗਣ ਕਾਰਨ ਗੰਭੀਰ ਸਥਿਤੀ ਦੱਸ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।  ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਬਠਿੰਡਾ (ਖੇਤਰੀ ਪ੍ਰਤੀਨਿਧ)- ਅੱਜ ਇਥੇ ਤਾਪਮਾਨ ਵੱਧ ਕੇ 47 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਇਸ ਦੌਰਾਨ ਮਾਲ ਗੋਦਾਮ ਰੋਡ ਨਜ਼ਦੀਕ ਇੱਕ ਬੇਸਹਾਰਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਹਾਰਾ ਜਨਸੇਵਾ ਵਰਕਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ।


ਬੁੱਧੀਜੀਵੀਆਂ ਨੂੰ ਸਮਾਜਿਕ ਚੁਣੌਤੀਆਂ ਦੇ ਹੱਲ ਤਲਾਸ਼ਣ ਦੀ ਅਪੀਲ

 http://sameydiawaaz.com/Archive%20News/%5B2013%5D/05/24.05.2013%20-%2006.jpg

ਸੈਮੀਨਾਰ ਦੌਰਾਨ ਭਾਸ਼ਣ ਦਿੰਦੇ ਹੋਏ ਡਾ. ਸੁਰਿੰਦਰ ਧੰਜਲ

ਜਲੰਧਰ 23 ਮਈ :- ਉੱਘੇ ਦੇਸ਼ ਭਗਤ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਦੀ ਚੌਥੀ ਬਰਸੀ ਮੌਕੇ ਵਾਤਾਵਰਨ ਬਚਾਓ ਚੇਤਨਾ ਫੋਰਮ ਪੰਜਾਬ ਵੱਲੋਂ ਗ਼ਦਰ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕੀਤੀ।  ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਕੁਲਵੰਤ ਸਿੰਘ ਔਜਲਾ, ਇੰਜੀ. ਅਜੀਮਲ ਸਿੰਘ, ਨਿਰਮਲ ਸਿੰਘ ਸੰਘਾ, ਪ੍ਰੋ. ਗੋਪਾਲ ਸਿੰਘ ਬੁੱਟਰ ਤੇ ਇੰਜੀ. ਕੁਲਵੰਤਵੀਰ ਸਿੰਘ ਕਲੇਰ ਸ਼ਾਮਲ ਹੋਏ। ਸਮਾਗਮ ਦੇ ਸ਼ੁਰੂ ਵਿੱਚ ਵਾਤਾਵਰਨ ਬਚਾਓ ਚੇਤਨਾ ਫੋਰਮ ਪੰਜਾਬ ਦੇ ਕਨਵੀਨਰ ਇੰਜੀ. ਸ਼ੀਤਲ ਸਿੰਘ ਸੰਘਾ ਨੇ ਆਏ ਬੁੱਧੀਜੀਵੀਆਂ ਦਾ ਸਵਾਗਤ ਕੀਤਾ।

ਪਰਵਾਸੀ ਚਿੰਤਕ ਡਾ. ਸੁਰਿੰਦਰ ਧੰਜਲ ਨੇ ‘ਅਜੋਕੀ ਸਮਾਜ ਸੱਭਿਆਚਾਰਕ ਸਥਿਤੀ ਵਿੱਚ ਬੁੱਧੀਜੀਵੀ ਵਰਗ ਦੀ ਭੂਮਿਕਾ’ ਵਿਸ਼ੇ ’ਤੇ ਭਾਸ਼ਣ ਦਿੱਤਾ। ਡਾ. ਧੰਜਲ ਨੇ ਕਿਹਾ ਕਿ ਉਮਰ ਤੇ ਵਿਚਾਰਾਂ ਵੱਲੋਂ ਹਾਣੀ ਰਹੇ ਦੋ ਮਹਾਨ ਦੇਸ਼ ਭਗਤ ਬੁੱਧੀਜੀਵੀਆਂ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਬਾਬਾ ਭਗਤ ਸਿੰਘ ਬਿਲਗਾ ਨੇ ਆਪਣੇ ਸਮੇਂ ਦੇ ਸਮਾਜ ਸੱਭਿਆਚਾਰਕ ਹਾਲਾਤ ਵਿੱਚ ਅਹਿਮ ਤੇ ਇਤਿਹਾਸਕ ਮੁੱਲ ਵਾਲੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅਜੋਕੀ ਸਮਾਜ ਸੱਭਿਆਚਾਰਕ ਸਥਿਤੀ ਜਟਿਲ ਅਤੇ ਖਤਰਨਾਕ ਚੁਣੌਤੀਆਂ ਨਾਲ ਭਰੀ ਹੋਈ ਹੈ।  ਉਨ੍ਹਾਂ ਕਿਹਾ ਕਿ ਇਸ ਸਮੇਂ ਬੁੱਧੀਜੀਵੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਿਆਨ-ਵਿਗਿਆਨ ਅਤੇ ਤਕਨਾਲੋਜੀ ਤੋਂ ਪ੍ਰਾਪਤ ਨਵੀਆਂ ਸੋਝੀਆਂ ਨਾਲ ਸਮਾਜ ਨੂੰ ਨਵੀਂ ਸੇਧ ਦੇਣ ਅਤੇ ਇਨ੍ਹਾਂ ਸਭ ਚੁਣੌਤੀਆਂ ਦੇ ਹੱਲ ਤਲਾਸ਼ਣ ਵਿਚ ਬਣਦਾ ਯੋਗਦਾਨ ਪਾਉਣ।

ਡਾ. ਧੰਜਲ ਦੇ ਭਾਸ਼ਣ ਸਬੰਧੀ ਟਿੱਪਣੀ ਕਰਦਿਆਂ ਕਮਿਊਨਿਸਟ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਬੁੱਧੀਮਾਨ ਪ੍ਰਤਿਭਾ ਦਾ ਜਨਮ ਲੋਕ ਹਿਤੈਸ਼ੀ ਅਤੇ ਅਗਾਂਹਵਧੂ ਲਹਿਰਾਂ ਵਿੱਚੋਂ ਹੁੰਦਾ ਹੈ ਅਤੇ ਪ੍ਰਤਿਭਾਵਾਨ ਉਨ੍ਹਾਂ ਲਹਿਰਾਂ ਨੂੰ ਹੋਰ ਵਿਕਸਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਅੱਜ ਵੀ ਬੁੱਧੀਜੀਵੀਆਂ ਦੀ ਇਸ ਭੂਮਿਕਾ ਦੀ ਬਹੁਤ ਜ਼ਰੂਰਤ ਹੈ। ਬਜ਼ੁਰਗ ਦੇਸ਼ ਭਗਤ ਕਾਮਰੇਡ ਗੰਧਰਵ ਸੇਨ ਨੇ ਵੀ ਬੁੱਧੀਜੀਵੀ ਵਰਗ ਨੂੰ ਆਪਣੇ ਕਰਤੱਵ ਪਛਾਨਣ ਦੀ ਲੋੜ ’ਤੇ ਜ਼ੋਰ ਦਿੱਤਾ।

ਸਮਾਗਮ ਦੇ ਦੂਜੇ ਦੌਰ ਵਿੱਚ ਬਾਬਾ ਬਿਲਗਾ ਨੂੰ ਸਮਰਪਿਤ ਕਵੀ-ਦਰਬਾਰ ਕਰਵਾਇਆ ਗਿਆ। ਇਸ ਵਿੱਚ ਇੰਜੀ. ਮਨੋਹਰ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਕੰਗ, ਡਾ. ਰਾਮਮੂਰਤੀ, ਪ੍ਰਕਾਸ਼ ਕੌਰ ਸੰਧੂ, ਚਰਨ ਸੀਚੇਵਾਲਵੀ ਅਤੇ ਪ੍ਰੋ. ਸਰਦੂਲ ਸਿੰਘ ਔਜਲਾ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz