ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

12 ਮਈ 2013

ਤਲਾਸ਼ੀ ਸਮੇਂ ਦਸਤਾਰ ਦੇ ਅਦਬ ਦਾ ਧਿਆਨ ਰੱਖਿਆ ਜਾਵੇਗਾ

 http://sameydiawaaz.com/Archive%20News/%5B2013%5D/05/12.05.2013%20-%2005.jpg

ਇਤਾਲਵੀ ਰਾਜਦੂਤ ਦਾਨੀਅਲ ਮੈਨਰਿਨੀ ਸ੍ਰੀ ਹਰਿਮੰਦਰ ਸਾਹਿਬ ਦੇ ਦੀਦਾਰ ਕਰਨ ਮਗਰੋਂ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ 11 ਮਈ :- ਇਟਲੀ ਦੇ ਭਾਰਤ ਸਥਿਤ ਸਫੀਰ ਦਾਨੀਅਲ ਮੈਨਚਿਨੀ ਨੇ ਅੱਜ ਇਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਕਿ ਉਹ ਆਪਣੀ ਸਰਕਾਰ ਨਾਲ ਗੱਲਬਾਤ ਕਰਕੇ ਇਟਲੀ ਦੇ ਹਵਾਈ ਅੱਡਿਆਂ ‘ਤੇ ਸਿੱਖ ਵਿਅਕਤੀਆਂ ਦੀ ਤਲਾਸ਼ੀ ਸਮੇਂ ਦਸਤਾਰ ਉਤਾਰਨ ਦੇ ਰੁਝਾਨ ਨੂੰ ਬੰਦ ਕਰਾਉਣਗੇ। ਉਹ ਅੱਜ ਇਥੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ।

ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਟਲੀ ਦੇ ਹਵਾਈ ਅੱਡਿਆਂ ‘ਤੇ  ਸਿੱਖਾਂ ਦੀ ਤਲਾਸ਼ੀ ਸਮੇਂ ਦਸਤਾਰ ਉਤਾਰ ਕੇ ਅਪਮਾਨ ਕਰਨ ਦਾ ਮੁੱਦਾ ਉਭਾਰਿਆ। ਉਨ੍ਹਾਂ ਇਟਲੀ ਦੇ ਸਫੀਰ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣੂੰ ਕਰਾਇਆ ਤੇ ਦੱਸਿਆ ਕਿ ਇਹ ਸਿੱਖੀ ਪਹਿਰਾਵੇ ਦਾ ਇਕ ਅਹਿਮ ਹਿੱਸਾ ਹੈ। ਉਨ੍ਹਾਂ ਆਖਿਆ ਕਿ ਅੱਜ ਕੱਲ੍ਹ ਤਲਾਸ਼ੀ ਲਈ ਅਤਿ ਆਧੁਨਿਕ ਸਾਧਨ ਵਿਕਸਿਤ ਹੋ ਚੁੱਕੇ ਹਨ। ਇਸ ਲਈ ਦਸਤਾਰ ਉਤਾਰ ਕੇ ਤਲਾਸ਼ੀ ਲੈਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਨੂੰ ਇਟਲੀ ਦੇ ਸਫੀਰ ਨੇ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਆਪਣੀ ਸਰਕਾਰ ਅੱਗੇ ਰੱਖਣਗੇ ਤੇ ਤਲਾਸ਼ੀ ਦੇ ਹੋਰ ਢੰਗ ਤਰੀਕੇ ਅਪਣਾਉਣ ਲਈ ਕਹਿਣਗੇ। ਇਸ ਮੌਕੇ ਉਨ੍ਹਾਂ ਜਥੇਦਾਰ ਨੂੰ ਦੱਸਿਆ ਕਿ ਇਟਲੀ ਵਿੱਚ ਇਸ ਵੇਲੇ 2 ਲੱਖ 30 ਹਜ਼ਾਰ ਪੰਜਾਬੀ ਰਹਿ ਰਹੇ ਹਨ, ਜਿਨ੍ਹਾਂ ਵਿੱਚ ਵਧੇਰੇ ਸਿੱਖ ਹਨ। ਉਥੇ 50 ਦੇ ਕਰੀਬ ਗੁਰਦੁਆਰੇ ਵੀ ਹਨ। ਪੰਜਾਬੀ ਭਾਈਚਾਰੇ ਦਾ ਇਟਲੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਤੇ ਇਟਲੀ ਸਥਿਤ ਸਿੱਖ ਕਮਿਊਨਿਟੀ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਕੰਗ ਹਾਜ਼ਰ ਸਨ, ਜਿਨ੍ਹਾਂ ਦੋਭਾਸ਼ੀਏ ਦਾ ਰੋਲ ਨਿਭਾਇਆ। ਇਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਟਲੀ ਦੇ ਸਫੀਰ ਨੂੰ ਸਿਰੋਪਾਓ ਤੇ ਲੋਈ ਦੇ ਕੇ ਸਨਮਾਨਤ ਕੀਤਾ।

ਇਸ ਤੋਂ ਪਹਿਲਾਂ ਸਫੀਰ ਦਾਨੀਅਲ ਮੈਨਚਿਨੀ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੂਚਨਾ ਅਧਿਕਾਰੀ ਸ੍ਰੀ ਜਸਵਿੰਦਰ ਸਿੰਘ ਜੱਸੀ ਤੋਂ ਉਨ੍ਹਾਂ ਸਿੱਖ ਧਰਮ ਤੇ  ਹਰਿਮੰਦਰ ਸਾਹਿਬ ਦੇ ਇਹਿਤਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਪੰਜ ਕਕਾਰਾਂ, ਗੁਰਦੁਆਰਿਆਂ ਦੇ ਪ੍ਰਬੰਧ, ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ, ਸਿੱਖ ਰਹਿਤ ਮਰਿਆਦਾ ਆਦਿ ਬਾਰੇ ਪੁੱਛਿਆ। ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਵੀ ਗਏ, ਜਿਥੇ ਉਨ੍ਹਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਮਰਿਆਦਾ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਅਸੀਮ ਸ਼ਾਂਤੀ ਪ੍ਰਾਪਤ ਹੋਈ ਹੈ ਤੇ ਉਹ ਮੁੜ ਮੱਥਾ ਟੇਕਣ ਲਈ ਆਉਣ ਦੇ ਇਛੁੱਕ ਹਨ। ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।


ਚੋਣ ਨਤੀਜੇ ਖੁਸ਼ਖ਼ਬਰੀ ਲੈ ਕੇ ਆਉਣਗੇ - ਨਵਾਜ਼

ਰਾਜ ਚੇਂਗੱਪਾ ਲਾਹੌਰ ਤੋਂ

 http://sameydiawaaz.com/Archive%20News/%5B2013%5D/05/12.05.2013%20-%2001.jpg

ਪਾਕਿਸਤਾਨ ਮੁਸਲਿਮ ਲੀਗ (ਨਵਾਜ) ਦੇ ਆਗੂ ਨਵਾਜ਼ ਸ਼ਰੀਫ਼ ਲਾਹੌਰ ਵਿਖੇ ਵੋਟ ਪਾਉਣ ਪੁੱਜਦੇ ਹੋਏ (ਫੋਟੋ: ਰਾਇਟਰਜ਼)

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀ.ਐਮ.ਐਲ. (ਐਨ) ਦੇ ਮੁਖੀ ਮੀਆਂ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਜੇਕਰ ਚੋਣ ਨਤੀਜਿਆਂ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਿਆ ਤਾਂ ਉਸ ਦੀ ਪਾਰਟੀ ਸਥਿਤੀ ਤੇ ਸਮੇਂ ਨੂੰ ਧਿਆਨ ’ਚ ਰੱਖ ਕੇ ਅਗਲਾ ਕਦਮ ਚੁੱਕੇਗੀ। ਇਸੇ ਨਾਲ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਚੋਣ ਨਤੀਜੇ ਉਨ੍ਹਾਂ ਲਈ ਖੁਸ਼ਖਬਰੀ ਲੈ ਕੇ ਆਉਣਗੇ।

ਸਾਰੀਆਂ ਪਾਰਟੀਆਂ ਨਾਲ ਰਲ ਕੇ ਕੌਮੀ ਸਰਕਾਰ ਬਣਾਉਣ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਹੋਰ ਪਾਰਟੀਆਂ ਉਨ੍ਹਾਂ ਦੇ ਚੋਣ ਮਨੋਰਥ ਪੱਤਰ ਵਿਚਲੇ ਪ੍ਰੋਗਰਾਮ ਨਾਲ ਸਹਿਮਤੀ ਪ੍ਰਗਟਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਸਰਬ ਪਾਰਟੀ ਸਰਕਾਰ ਬਣਾਉਣ ’ਚ ਕੋਈ ਇਤਰਾਜ਼ ਨਹੀਂ ਹੈ। ਸਾਡਾ ਮਕਸਦ ਦੇਸ਼ ਨੂੰ ਅੱਗੇ ਲਿਜਾਣ ਦਾ ਹੈ। ਉਨ੍ਹਾਂ ਦੱਸਿਆ ਕਿ 2008 ਦੀਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ’ਤੇ ਉਨ੍ਹਾਂ ਨੇ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਸਮਰਥਨ ਦੇ ਕੇ ਸਰਕਾਰ ਬਣਵਾਈ ਸੀ ਤੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਸਰਬਸੰਮਤੀ ਨਾਲ ਚੁਣਿਆ ਗਿਆ ਸੀ। ਇਹ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਸੀ। ਸਾਡਾ ਅਜਿਹਾ ਕਰਨ ਦਾ ਮੁੱਖ ਕਾਰਨ ਤਾਨਾਸ਼ਾਹੀ ਨੂੰ ਸੱਤਾ ਤੋਂ ਪਰ੍ਹੇ ਰੱਖਣ ਦਾ ਸੀ। ਇਸ ਵਿਚ ਕਾਮਯਾਬੀ ਵੀ ਮਿਲੀ ਹੈ। ਹੁਣ ਹਾਲਾਤ ਵੱਖਰੇ ਹਨ। ਪਾਕਿਸਤਾਨ ਪੀਪਲਜ਼ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਤੇ ਜੇਕਰ ਉਸ ਨੂੰ ਮੁੜ ਸੱਤਾ ’ਚ ਭਾਈਵਾਲ ਬਣਾ ਲਿਆ ਗਿਆ ਤਾਂ ਲੋਕ ਪੀ ਐਮ ਐਲ (ਐਨ) ਨੂੰ ਕਦੇ ਵੀ ਮੁਆਫ ਨਹੀਂ ਕਰਨਗੇ।

ਕੁਝ ਸਮਾਂ ਪਹਿਲਾਂ ਚੋਣਾਂ ਹੋਣ ’ਤੇ ਪੀ ਐਮ ਐਲ (ਐਨ) ਨੂੰ ਲਾਭ ਹੋਣ ਦੇ ਸੁਆਲ ’ਤੇ ਮੀਆਂ ਨਵਾਜ਼ ਸ਼ਰੀਫ ਨੇ ਕਿਹਾ, ‘‘ਸਾਡੇ ਮੁਲਕ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਜਮਹੂਰੀ ਸਰਕਾਰ ਨੇ ਕਾਰਜਕਾਲ ਪੂਰਾ ਕੀਤਾ ਹੈ। ਮੈਨੂੰ ਯਕੀਨ ਹੈ ਕਿ ਜੇਕਰ ਚੋਣਾਂ ਪਹਿਲਾਂ ਹੁੰਦੀਆਂ ਤਾਂ ਸਾਡੀ ਪਾਰਟੀ ਨੂੰ ਲਾਭ ਮਿਲਣਾ ਸੀ, ਪਰ ਜੋ ਇਤਿਹਾਸ ਹੁਣ ਬਣਿਆ ਹੈ, ਉਹ ਲਾਜਵਾਬ ਹੈ। ਮੈਨੂੰ ਇਹ ਇਤਿਹਾਸ ਬਦਲ ’ਤੇ ਖੁਸ਼ੀ ਹੈ ਪਰ ਅਫਸੋਸ ਕੋਈ ਨਹੀਂ।

ਇਮਰਾਨ ਖਾਨ ਨਾਲ ਰਲ ਕੇ ਸਰਕਾਰ ਬਣਾਉਣ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ, ‘‘ਮੈਂ ਆਖ ਚੁੱਕਾ ਹਾਂ ਕਿ ਹਰ ਕਿਸੇ ਨੂੰ ਮਿਲ ਬੈਠ ਕੇ ਦੇਸ਼ ਦੀ ਬਿਹਤਰੀ ਵਾਲੇ ਏਜੰਡੇ ’ਤੇ ਕੰਮ ਕਰਨ ਦੀ ਲੋੜ ਹੈ। ਜੇਕਰ ਕਿਸੇ ਨਾਲ ਵੀ ਰਲ ਕੇ ਸਰਕਾਰ ਬਣਾਉਣ ਦੀ ਲੋੜ ਪਈ ਤਾਂ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ।

ਸਾਡੀ ਪਾਰਟੀ ਦਾ ਇਸ ਚੋਣ ਵਿਚ ਮੁੱਖ ਮੁੱਦਾ ਦੇਸ਼ ਦੀ ਆਰਥਿਕ ਹਾਲਤ ਦਾ ਹੈ। ਇਸ ਤੋਂ ਇਲਾਵਾ ਬਿਜਲੀ ਦੀ ਮਾੜੀ ਹਾਲਤ ਵੀ ਵੱਡਾ ਮਾਮਲਾ ਹੈ। 1990 ’ਚ ਪੀ.ਐਮ.ਐਲ.(ਐਨ) ਸੱਤਾ ’ਚ ਸੀ ਤਾਂ ਦੇਸ਼ ’ਚ ਸਰਪਲੱਸ ਬਿਜਲੀ ਸੀ। ਆਰਥਿਕਤਾ ਤੇਜ਼ੀ ਨਾਲ ਅੱਗੇ ਵਧ ਰਹੀ ਸੀ ਪਰ ਹੁਣ ਸਭ ਕੁਝ ਉਲਟ-ਪੁਲਟ ਹੋ ਗਿਆ ਹੈ। ਅਤਿਵਾਦ ਨੇ ਪਾਕਿਸਤਾਨ ਦਾ ਮੁਹਾਂਦਰਾ ਵਿਗਾੜ ਦਿੱਤਾ ਹੈ। ਇਸ ਕਾਰਨ 40 ਹਜ਼ਾਰ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ। ਦੇਸ਼ ਦੇ ਕਈ ਜਨਤਕ ਖੇਤਰ ਸਹਿਕਾਰੀ ਮਹਿਕਮੇ ਘਾਟੇ ਵਿਚ ਹਨ। ਇਨ੍ਹਾਂ ਨੂੰ ਪੈਰਾਂ ਸਿਰ ਖੜਾ ਕਰਨਾ ਸਰਕਾਰ ਦੇ ਵੱਸ ਵਿਚ ਨਹੀਂ। ਇਸ ਲਈ ਨਿੱਜੀਕਰਨ ਦੀ ਲੋੜ ਤਾਂ ਪਵੇਗੀ।

ਜਦੋਂ ਉਨ੍ਹਾਂ ਨੂੰ ਚੇਤੇ ਕਰਵਾਇਆ ਗਿਆ ਕਿ ਦੋਵਾਂ ਮੁਲਕਾਂ ਦੇ ਆਗੂਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਨਹੀਂ ਸੁਧਰ ਰਹੇ ਅਤੇ ਖੁਦ ਉਨ੍ਹਾਂ ਵੱਲੋਂ 1999 ਵਿਚ ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਇਤਿਹਾਸਕ ਲਾਹੌਰ ਯਾਤਰਾ ਦੀ ਪਹਿਲਕਦਮੀ ਨੂੰ ਲੀਹੋਂ ਲਾਹ ਦਿੱਤਾ ਗਿਆ ਤਾਂ ਸ੍ਰੀ ਸ਼ਰੀਫ ਨੇ ਕਿਹਾ, ‘‘ਅਸੀਂ ਜਿਸ ਮੁਕਾਮ ਉਤੇ 1999 ਵਿਚ ਪੁੱਜੇ ਸਾਂ ਉਹ ਬਹੁਤ ਇਤਿਹਾਸਕ ਸੀ ਅਤੇ ਮੈਨੂੰ ਜਾਪਦਾ ਹੈ ਕਿ ਸਾਨੂੰ ਆਪਣਾ ਸਫਰ ਮੁੜ ਉਥੋਂ ਹੀ ਸ਼ੁਰੂ ਕਰਨਾ ਪਵੇਗਾ ਅਤੇ ਮੈਂ ਅਜਿਹਾ ਕਰਨ ਦਾ ਚਾਹਵਾਨ ਹਾਂ।’’

ਭਾਰਤ ਅਤੇ ਪਾਕਿਸਤਾਨ ਵਿਚ ਦੋ ਇਕ-ਦੂਜੇ ਦੇ ਕੈਦੀਆਂ ਸਰਬਜੀਤ ਸਿੰਘ ਅਤੇ ਸਨਾਉਂਲ੍ਹਾ ਦੇ ਮਾਰੇ ਜਾਣ ਕਾਰਨ ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਹੋਰ ਵਿਗਾੜ ਆ ਜਾਣ ਸਬੰਧੀ ਪੁੱਛਣ ਉਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਅਫਸੋਸਨਾਕ ਘਟਨਾਵਾਂ ਹਨ ਪਰ ਇਹ ਦੋਵੇਂ ਪਾਸੇ ਹੋ ਰਹੀਆਂ ਹਨ ਜਿਨ੍ਹਾਂ ਨੂੰ ਰੋਕਣਾ ਜ਼ਰੂਰੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਤੇ ਪਾਕਿਸਤਾਨ ਵੀ ਰੂਸ ਤੇ ਅਮਰੀਕਾ ਵਾਂਗ ਇਕ-ਦੂਜੇ ਦੇ ਜਾਸੂਸਾਂ ਨੂੰ ਆਮ ਮੁਆਫੀ ਦੇ ਕੇ ਰਿਹਾਅ ਕਰਨ ਵਰਗਾ ਫੈਸਲਾ ਨਹੀਂ ਲੈ ਸਕਦੇ ਤਾਂ ਸ੍ਰੀ ਸ਼ਰੀਫ ਨੇ ਕਿਹਾ ਕਿ ਇਕ ਨਾ ਇਕ ਦਿਨ ਅਜਿਹਾ ਕਰਨਾ ਪਵੇਗਾ। ਉਨ੍ਹਾਂ ਕਿਹਾ, ‘‘ਅਸੀਂ ਅਜਿਹਾ ਛੇਤੀ ਤੋਂ ਛੇਤੀ ਕਰਨਾ ਚਾਹੁੰਦੇ ਹਾਂ ਤੇ ਚੰਗੇ ਗੁਆਂਢੀਆਂ ਵਾਂਗ ਵਿਚਰਨਾ ਚਾਹੀਦਾ ਹੈ।’’

ਪਾਕਿਸਤਾਨ ਫੌਜ ਨਾਲ ਸਬੰਧਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫੌਜ ਨਾਲ ਉਨ੍ਹਾਂ ਦੇ ਵਧੀਆ ਸਬੰਧ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਿਲ ਵਿਚ ਫੌਜ ਖ਼ਿਲਾਫ਼ ਕੁਝ ਨਹੀਂ ਹੈ। ਉਨ੍ਹਾਂ 1999 ਵਿਚ ਆਪਣੀ ਸਰਕਾਰ ਖ਼ਿਲਾਫ਼ ਹੋਏ ਰਾਜ ਪਲਟੇ ਬਾਰੇ ਬੋਲਦਿਆਂ ਕਿਹਾ ਕਿ ਇਹ ਫੌਜ ਨੇ ਨਹੀਂ ਸਗੋਂ ਜਨਰਲ ਪਰਵੇਜ਼ ਮੁਸ਼ੱਰਫ ਨੇ ਕੀਤਾ ਸੀ। ਫੌਜ ਉਤੇ ਸਿਵਲ ਸਰਕਾਰ ਦਾ ਦਬਦਬਾ ਕਾਇਮ ਕਰਨ ਦੀ ਲੋੜ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇ ਸਾਰੇ ਅਦਾਰੇ ਸੰਵਿਧਾਨ ਮੁਤਾਬਕ ਕੰਮ ਕਰਨ ਤਾਂ ਦੇਸ਼ ਵਿਚ ਕੁਝ ਵੀ ਗਲਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ, ‘‘ਅਸੀਂ ਸਾਰਿਆਂ ਨੇ ਬੜੇ ਸਬਕ ਸਿੱਖੇ ਹਨ ਤੇ ਮੈਂ ਸਮਝਦਾ ਹਾਂ ਕਿ ਅਸੀਂ ਸਾਰੇ ਅੱਗੋਂ ਸੰਵਿਧਾਨ ਦਾ ਪਾਲਣ ਕਰਾਂਗੇ। ਮੇਰੀ ਪਾਰਟੀ ਕਾਨੂੰਨ ਦੀ ਹਕੂਮਤ ਵਿਚ ਵਿਸ਼ਵਾਸ ਕਰਦੀ ਹੈ।’’

ਪ੍ਰਧਾਨ ਮੰਤਰੀ ਚੁਣੇ ਜਾਣ ਦੀ ਸੂਰਤ ਵਿਚ ਆਪਣੇ ਏਜੰਡੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਮੁਲਕ ਦੇ ਅਰਥਚਾਰੇ ਦਾ ਸੁਧਾਰ ਕਰਨਾ ਤੇ ਨਾਲ ਹੀ ਕਾਨੂੰਨ ਦੀ ਹਕੂਮਤ ਕਾਇਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਰਾਚੀ ਤੇ ਬੋਲਚਿਸਤਾਨ ਦੇ ਹਾਲਾਤ ਸੁਧਾਰ ਕੇ ਉਥੇ ਅਮਨ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਜਲਾਵਤਨੀ ਵੇਲੇ ਮਿਲੇ ਸਬਕਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ‘ਨਿਮਰਤਾ’ ਸਿੱਖੀ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਅੜੀਅਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ,  ‘‘ਜੇ ਤੁਸੀਂ ਵਤਨ ਦੀ ਸੇਵਾ ਕਰਨੀ ਹੈ ਤੇ ਖੁਸ਼ ਰਹਿਣਾ ਹੈ ਤਾਂ ਜ਼ਾਤੀ ਮੁਫਾਦਾਂ ਨੂੰ ਭੁੱਲ ਜਾਓ।’’


ਹਿੰਸਾ ਨਾ ਬੁਝਾ ਸਕੀ ਜਮਹੂਰੀਅਤ ਦੀ ਸ਼ਮ੍ਹਾਂ

ਪਾਕਿਸਤਾਨੀਆਂ ਨੇ ਬੇਖ਼ੌਫ਼ ਹੋ ਕੇ ਪਾਈਆਂ ਵੋਟਾਂ, 60 ਫੀਸਦੀ ਮਤਦਾਨ

75 ਹਜ਼ਾਰ ਸੁਰੱਖਿਆ ਜਵਾਨਾਂ ਨੇ ਰੱਖੀ ਚੌਕਸੀ

 http://sameydiawaaz.com/Archive%20News/%5B2013%5D/05/12.05.2013%20-%2003.jpg

ਲਾਹੌਰ ਦੇ ਇਕ ਚੋਣ ਬੂਥ ਉਤੇ ਵੋਟਾਂ ਪਾਉਣ ਪੁੱਜੀਆਂ ਔਰਤਾਂ।

ਦਹਿਤਪਸੰਦਾਂ ਵੱਲੋਂ ਧਮਕੀਆਂ ਦੇ ਬਾਵਜੂਦ ਲੋਕ ਹੁੰਮਹੁਮਾ ਕੇ ਵੋਟਾਂ ਪਾਉਣ ਪੁੱਜੇ (ਫੋਟੋ: ਰਾਇਟਰਜ਼)

ਇਸਲਾਮਾਬਾਦ/ਲਾਹੌਰ 11 ਮਈ :- ਪਾਕਿਸਤਾਨ ਵਿਚ ਪਹਿਲੀ ਵਾਰ ਜਮਹੂਰੀ ਢੰਗ ਸੱਤਾ ਤਬਦੀਲੀ ਲਈ ਅੱਜ ਕੌਮੀ ਅਸੈਂਬਲੀ ਤੇ ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਪਈਆਂ ਵੋਟਾਂ ਦੌਰਾਨ ਜਿਥੇ ਅਵਾਮ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਉਥੇ ਤਾਲਿਬਾਨ ਨੇ ਕਰਾਚੀ ਤੇ ਉੱਤਰ ਪੱਛਮੀ ਇਲਾਕੇ ਵਿਚ ਇਕ ਫਿਦਾਇਨ ਹਮਲੇ ਸਣੇ 7 ਧਮਾਕੇ ਕਰਕੇ ਕਰੀਬ 15 ਮਾਸੂਮ ਜਾਨਾਂ ਲੈ ਕੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ। ਚੋਣ ਨਤੀਜੇ ਭਲਕੇ ਸਵੇਰੇ ਆਉਣ ਤੋਂ ਸ਼ੁਰੂ ਹੋ ਜਾਣਗੇ।

ਤਾਲਿਬਾਨ ਵੱਲੋਂ ਵੋਟਾਂ ਨਾ ਪਾਉਣ ਦੀ ਦਿੱਤੀ ਧਮਕੀ ਨੂੰ ਦਰਕਿਨਾਰ ਕਰਦੇ ਹੋਏ ਦੇਸ਼ ਵਾਸੀ ਜਮਹੂਰੀ ਪ੍ਰਣਾਲੀ ਵਿਚ ਵਿਸ਼ਵਾਸ ਪ੍ਰਗਟਾਉਂਦੇ ਵੋਟਾਂ ਪਾਉਣ ਲਈ ਲੰਮੀਆਂ ਕਤਾਰਾਂ ਵਿਚ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਲੋਕਾਂ ਦੇ ਉਤਸ਼ਾਹ ਤੋਂ ਹੈਰਾਨ ਮੁੱਖ ਚੋਣ ਕਮਿਸ਼ਨਰ ਫਖਰੂਦੀਨ ਜੀ. ਇਬਰਾਹੀਮ ਨੇ ਕਿਹਾ, ‘‘ਮੈਂ ਕਈ ਪੋਲਿੰਗ ਸਟੇਸ਼ਨਾਂ ’ਤੇ ਗੇੜੇ ਮਾਰ ਕੇ ਆਇਆ ਹਾਂ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਮੀਦ ਤੋਂ ਵੱਧ ਲੋਕ ਵੋਟਾਂ ਪਾਉਣ ਲਈ ਘਰ ਤੋਂ ਨਿਕਲੇ। ਲੱਗਦਾ ਹੈ ਕਿ 70 ਤੋਂ 75 ਫੀਸਦ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ।’’ ਵੋਟਾਂ ਅਮਨ-ਅਮਾਨ ਨਾਲ ਸਿਰੇ ਚਾੜਨ ਲਈ 75 ਹਜ਼ਾਰ ਸੁਰੱਖਿਆ ਜਵਾਨ ਤੇ ਫੌਜੀ ਤਾਇਨਾਤ ਕੀਤੇ ਗਏ ਸਨ।

ਖੈਬਰ ਪਖਤੂਨਖਵਾ ਦੇ ਉਤਰੀ ਵਜ਼ੀਰਿਸਤਾਨ, ਉਪਰੀ ਦੀਰ ਤੇ ਸਵਾਤ ਜ਼ਿਲ੍ਹਿਆਂ ਵਿਚ ਔਰਤਾਂ ਨੂੰ ਕੱਟੜਪੰਥੀਆਂ ਨੇ ਵੋਟਾਂ ਪਾਉਣ ਤੋਂ ਰੋਕ ਦਿੱਤਾ। ਇਨ੍ਹਾਂ  ਇਲਾਕਿਆਂ ਵਿਚ ਤੜਕਸਾਰ ਮਸੀਤਾਂ ਤੋਂ ਲਾਊਡ ਸਪੀਕਰਾਂ ਤੋਂ ਔਰਤਾਂ ਨੂੰ ਪੋਲਿੰਗ ਸਟੇਸ਼ਨ ਵੱਲ ਨਾ ਜਾਣ ਦੇ ਹੁਕਮ ਸੁਣਾਏ ਗਏ। ਇਸਲਾਮਾਬਾਦ ਤੇ ਲਾਹੌਰ ਵਿਚ ਵੋਟਰਾਂ ਦਾ ਉਤਸ਼ਾਹ ਦੇਖਣਯੋਗ ਸੀ। ਲੋਕ ਲੰਮੀਆਂ ਕਤਾਰਾਂ ਵਿਚ ਖੜੇ ਵਾਰੀ ਦੀ ਉਡੀਕ ਵਿਚ ਸਨ। ਸਿਆਸੀ ਮਾਹਰਾਂ ਅਨੁਸਾਰ ਪੰਜਾਬ ਵਿਚ ਵੱਧ ਵੋਟਾਂ ਦਾ ਲਾਭ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੂੰ ਹੋਵੇਗਾ। ਸਾਬਕਾ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ, ਪੀਐਮਐਲ (ਐਨ) ਦੇ ਸੁਪਰੀਮੋ ਨਵਾਜ਼ ਸ਼ਰੀਫ, ਫੌਜ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਤੇ ਮੁੱਖ ਚੋਣ ਕਮਿਸ਼ਨਰ ਉਨ੍ਹਾਂ ਕੁਝ ਅਹਿਮ ਸ਼ਖਸ਼ੀਅਤਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਵੋਟਾਂ ਪਾ ਦਿੱਤੀਆਂ। ਮੁੱਖ ਮੁਕਾਬਲਾ ਸੱਤਾਧਾਰੀ ਪਾਕਿਸਤਾਨ ਦੀ ਪੀਪਲਜ਼ ਪਾਰਟੀ, ਪੀ ਐਮ ਐਲ (ਐਨ) ਤੇ ਤਹਿਰੀਕ-ਏ-ਇਨਸਾਫ ਵਿਚਾਲੇ ਹੈ।


ਚਾਰ ਜਥੇਬੰਦੀਆਂ ਵਲੋਂ ਵੋਟਾਂ ਦਾ ਬਾਈਕਾਟ

ਕਰਾਚੀ/ਇਸਲਾਮਾਬਾਦ :- ਕਈ ਚੋਣ ਬੂਥਾਂ ਉੱਤੇ ਹੇਰਾਫੇਰੀ ਦੇ ਮਾਮਲੇ ਨੂੰ ਲੈ ਕੇ ਮੁਹਾਜਿਰ ਕੌਮੀ ਮੂਵਮੈਂਟ (ਐਮ.ਕਿਊ.ਐਮ.), ਜਮਾਤ-ਏ-ਇਸਲਾਮੀ ਸੁੰਨੀ ਇਤਿਹਾਦ ਕੌਂਸਲ ਅਤੇ ਜਮਹੂਰੀ ਵਤਨ ਪਾਰਟੀ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਜਮਾਤ-ਏ-ਇਸਲਾਮੀ ਨੇ ਕਰਾਚੀ ਤੇ ਹੈਦਰਾਬਾਦ ਤੋਂ ਆਪਣੇ ਉਮੀਦਵਾਰਾਂ ਦੇ ਨਾਂ ਵਾਪਸ ਲੈ ਲਏ। ਜਥੇਬੰਦੀ ਦੇ ਲੀਡਰ ਮੁਨੱਵਰ ਹਸਨ ਮੁਤਾਬਕ ਪਾਰਟੀ ਸਮਰਥਕਾਂ ਤੇ ਵਰਕਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ। ਇਸ ਬਾਰੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਐਮ.ਕਿਊ.ਐਮ. ਦੇ ਸੀਨੀਅਰ ਆਗੂ ਡਾਕਟਰ ਫਾਰੂਕ ਸੱਤਾਰ ਨੇ ਦੱਸਿਆ ਕਿ ਤਕਰੀਬਨ 119 ਚੋਣ ਬੂਥਾਂ ਉੱਤੇ ਹੇਰਾਫੇਰੀ ਹੋਈ ਹੈ। ਕਈ ਬੂਥਾਂ ਉੱਤੇ ਪ੍ਰੀਜ਼ਾਈਡਿੰਗ ਅਫਸਰਾਂ ਨੇ ਗੱਲ ਵੀ ਨਹੀਂ ਸੁਣੀ।

ਸਿਆਸੀ ਮਾਹਿਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਹੁਣ ਐਮ.ਕਿਊ.ਐਮ. ਅਤੇ ਜਮਾਤ-ਏ-ਇਸਲਾਮੀ ਚੋਣ ਨਤੀਜੇ ਸਵੀਕਾਰ ਨਹੀਂ ਕਰਨਗੇ। ਇਸ ਨਾਲ ਸਿਆਸੀ ਸੰਕਟ ਦੇ ਨਾਲ-ਨਾਲ ਹਿੰਸਾ ਅਤੇ ਹੋਰ ਗੜਬੜੀ ਹੋ ਸਕਦੀ ਹੈ। ਗੌਰਤਲਬ ਹੈ ਕਿ  ਐਮ.ਕਿਊ.ਐਮ. ਦਾ ਕਰਾਚੀ ਵਿਚ ਅੱਛਾ ਖਾਸਾ ਪ੍ਰਭਾਵ ਹੈ ਅਤੇ ਇਹ ਕੌਮੀ ਤੇ ਸੂਬਾਈ ਚੋਣਾਂ ਵਿਚ ਅਹਿਮ ਰੋਲ ਅਦਾ ਕਰਦੀ ਹੈ। ਇਸ ਸ਼ਹਿਰ ਵਿਚ ਹਿੰਸਾ ਦੀਆਂ ਵਾਰਦਾਤਾਂ ਵੀ ਸਭ ਤੋਂ ਵੱਧ ਰਹੀਆਂ ਹਨ। ਇਸੇ ਦੌਰਾਨ ਮਲਾਲ ਨੇ ‘ਡਾਅਨ’ ਅਖ਼ਬਾਰ ਵਿਚ ਖ਼ਤ ਛਪਵਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਸ ਨੇ ਲਿਖਿਆ ਹੈ, ਜੇ ਅਸੀਂ ਸਿੱਖਿਆ ਬਿਜਲੀ ਤੇ ਗੈਸ ਚਾਹੁੰਦੇ ਹਾਂ ਤਾਂ ਆਓ ਦੇਸ਼ ਵਿਚ ਤਬਦੀਲੀ ਲਈ ਵੋਟਾਂ ਪਾਈਏ।


ਜ਼ਰਦਾਰੀ ਨੇ ਡਾਕ ਰਾਹੀਂ ਵੋਟ ਪਾਈ

http://sameydiawaaz.com/Archive%20News/%5B2013%5D/05/12.05.2013%20-%2002.jpg

ਇਸਲਾਮਾਬਾਦ: ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅੱਜ ਦੇਸ਼ ਦੀਆਂ ਆਮ ਚੋਣਾਂ ’ਚ ਡਾਕ ਰਾਹੀਂ ਵੋਟ ਪਾਈ। ਰਾਸ਼ਟਰਪਤੀ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਜ਼ਰਦਾਰੀ ਨੇ ਕਰਾਚੀ ਵਿਖੇ ਡਾਕ ਰਾਹੀਂ ਵੋਟ ਪਾਈ। ਦੇਸ਼ ’ਚ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਤੇ ਹਥਿਆਰਬੰਦ ਫੌਜਾਂ ਨੂੰ ਡਾਕ ਰਾਹੀਂ ਵੋਟ ਪਾਉਣ ਦਾ ਅਧਿਕਾਰ ਹੈ।


ਸਰਬਜੀਤ ਦੀਆਂ ਧੀਆਂ ਨੂੰ ਨੌਕਰੀ ਦੇਣ ਦਾ ਐਲਾਨ

ਮੁੱਖ ਮੰਤਰੀ ਵਲੋਂ ਸ਼ਹੀਦ ਨੂੰ ਸ਼ਰਧਾਂਜਲੀ

ਪਤਨੀ, ਧੀਆਂ ਤੇ ਭੈਣ ਨੂੰ 25 - 25 ਲੱਖ ਦੇ ਚੈਕ ਭੇਟ

 http://sameydiawaaz.com/Archive%20News/%5B2013%5D/05/12.05.2013%20-%2004.jpg

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭੋਗ ਸਮਾਗਮ ਮੌਕੇ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਨੂੰ ਦਿਲਾਸਾ ਦਿੰਦੇ ਹੋਏ (ਫੋਟੋ: ਸਮੀਰ ਸਹਿਗਲ)

ਭਿੱਖੀਵਿੰਡ 11 ਮਈ :- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਨੇ ਸਰਬਜੀਤ ਸਿੰਘ ਦੀ ਪਾਕਿਸਤਾਨੀ ਜੇਲ੍ਹ ਵਿਚੋਂ ਰਿਹਾਈ ਲਈ ਵਿਧਾਨ ਸਭਾ ’ਚ ਚਾਰ ਵਾਰ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਸਨ, ਜੇਕਰ ਕੇਂਦਰ ਨੇ ਸਮੇਂ ਸਿਰ ਸੰਜੀਦਗੀ ਨਾਲ ਕਾਰਵਾਈ ਕੀਤੀ ਹੁੰਦੀ ਤਾਂ ਸਰਬਜੀਤ ਸਿੰਘ ਸਹੀ ਸਲਾਮਤ ਵਤਨ ਵਾਪਸ ਆ ਸਕਦਾ ਸੀ। ਉਨ੍ਹਾਂ ਸ਼ਹੀਦ ਸਰਬਜੀਤ ਸਿੰਘ ਦੇ ਜੱਦੀ ਪਿੰਡ ਭਿੱਖੀਵਿੰਡ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਹੋਏ ਸ਼ਰਧਾਂਜਲੀ ਸਮਾਰੋਹ ’ਚ ਕਿਹਾ ਕਿ ਦੇਸ਼ ਤੇ ਕੌਮ ਦੀ ਖਾਤਰ ਸ਼ਹੀਦ ਹੋਣ ਵਾਲਿਆਂ ਦੀਆਂ ਸ਼ਹਾਦਤਾਂ ਦਾ ਮੁੱਲ ਨਹੀਂ ਤਾਰਿਆ ਜਾ ਸਕਦਾ, ਪਰ ਸ਼ਹੀਦਾਂ ਦੇ ਪਰਿਵਾਰਾਂ ਦੀ ਸੰਭਾਲ ਕਰਨਾ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਕੈਬਨਿਟ ਦੀ ਅਗਲੀ ਮੀਟਿੰਗ ਦੌਰਾਨ ਸਰਬਜੀਤ ਸਿੰਘ ਦੀ ਵੱਡੀ ਬੇਟੀ ਨੂੰ ਨਾਇਬ ਤਹਿਸੀਲਦਾਰ ਅਤੇ ਛੋਟੀ ਬੱਚੀ, ਜਿਸ ਨੇ ਆਰਟ ਐਂਡ ਕਰਾਫਟ ਦਾ ਕੋਰਸ ਕੀਤਾ ਹੈ, ਨੂੰ ਅਧਿਆਪਕ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਵੱਲੋਂ ਪਰਿਵਾਰ ਨੂੰ ਇਕ ਕਰੋੜ ਰੁਪਏ, ਜਿਸ ਵਿਚੋਂ 25 ਲੱਖ ਰੁਪਏ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ, 25 ਲੱਖ ਰੁਪਏ ਉਸ ਦੀ ਭੈਣ ਦਲਬੀਰ ਕੌਰ ਅਤੇ 25-25 ਲੱਖ ਰੁਪਏ ਦੇ ਚੈੱਕ ਉਸ ਦੀਆਂ ਦੋਹਾਂ ਬੇਟੀਆਂ ਨੂੰ ਦਿੱਤੇ ਗਏ। ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪਰਿਵਾਰ ਨੂੰ ਜਦੋਂ ਵੀ ਕਦੇ ਲੋੜ ਹੋਵੇਗੀ, ਸਰਕਾਰ ਉਨ੍ਹਾਂ ਨਾਲ ਹਮੇਸ਼ਾ ਖੜ੍ਹੀ ਰਹੇਗੀ।

ਬੀਬੀ ਦਲਬੀਰ ਕੌਰ ਵੱਲੋਂ ਪਾਕਿਸਤਾਨ ਜੇਲ੍ਹਾਂ ਵਿਚ ਬੰਦ ਭਾਰਤੀ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਕਰਨ ਦੇ ਲਏ ਸੰਕਲਪ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਬੀਬੀ ਦਲਬੀਰ ਕੌਰ ਨੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸੰਜੀਦਗੀ ਨਾਲ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕਰਦੀ ਤਾਂ ਅੱਜ ਉਸ ਦਾ ਭਰਾ ਜਿਉਂਦਾ ਹੁੰਦਾ। ਇਸ ਸਮੇਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਰਾਜ ਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ, ਮੁੱਖ ਸੰਸਦੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ, ਵਾਇਸ ਚੇਅਰਮੈਨ ਐਸ. ਸੀ. / ਐਸ. ਟੀ. ਕਮਿਸ਼ਨ ਡਾ. ਰਾਜ ਕੁਮਾਰ ਵੇਰਕਾ ਤੇ ਪ੍ਰਧਾਨ ਭਾਜਪਾ ਪੰਜਾਬ ਕਮਲ ਸ਼ਰਮਾ ਨੇ ਸ਼ਰਧਾਂਜਲੀ ਭੇਟ ਕੀਤੀ।

ਸ੍ਰੀ ਬਾਦਲ ਨੇ ਸਰਬਜੀਤ ਸਿੰਘ ਦੇ ਸਮੁੱਚੇ ਪਰਿਵਾਰ ਨੂੰ ਲੋਈ ਅਤੇ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਰਤਨ ਸਿੰਘ ਅਜਨਾਲਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਚੁਨੀ ਲਾਲ ਭਗਤ, ਗੁਲਜ਼ਾਰ ਸਿੰਘ ਰਣੀਕੇ, ਵਿਰੋਧੀ ਧਿਰ ਆਗੂ ਸੁਨੀਲ ਜਾਖੜ, ਯੂਥ ਕਾਂਗਰਸ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ, ਨਰੇਸ਼ ਕਟਾਰੀਆ, ਅਜੈਪਾਲ ਸਿੰਘ ਮੀਰਾਕੋਟ, ਵਿਧਾਇਕ ਓ. ਪੀ. ਸੋਨੀ, ਡਿਪਟੀ ਕਮਿਸ਼ਨਰ ਰਜਤ ਅਗਰਵਾਲ ਸਮੇਤ ਇਲਾਕੇ ਦੀ ਸੰਗਤ ਹਾਜ਼ਰ ਸੀ।


ਕਿਸਾਨ ਯੂਨੀਅਨ ਨੇ ਸੋਨੀਆ ਅਤੇ ਸੱਜਣ ਕੁਮਾਰ ਦਾ ਪੁਤਲਾ ਫੂਕਿਆ

 http://sameydiawaaz.com/Archive%20News/%5B2013%5D/05/12.05.2013%20-%2006.jpg

ਪਟਿਆਲਾ-ਚੀਕਾ ਮੁੱਖ ਮਾਰਗ 'ਤੇ ਪਿੰਡ ਬਲਬੇੜਾ ਵਿਖੇ ਸੋਨੀਆ ਗਾਂਧੀ ਅਤੇ ਸੱਜਣ ਕੁਮਾਰ ਦਾ ਪੁਤਲਾ ਫੂਕਦੇ ਹੋਏ ਕਿਸਾਨ ਆਗੂ (ਫੋਟੋ : ਨੌਗਾਵਾਂ)

ਦੇਵੀਗੜ੍ਹ 11 ਮਈ :- ਕਾਗਰਸੀ ਆਗੂ ਸੱਜਣ ਕੁਮਾਰ ਨੂੰ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇੱਕ ਮਾਮਲੇ ‘ਚ ਬਰੀ ਕੀਤੇ ਜਾਣ ਦੇ ਵਿਰੋੁਧ ਵਿੱਚ ਅੱਜ ਹਲਕਾ ਸਨੌਰ ਦੇ ਪਟਿਆਲਾ ਮੁੱਖ ਮਾਰਗ ਕਸਬਾ  ਬਲਬੇੜਾ ਚੌਕ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਨੋਰ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ ਦੀ ਅਗਵਾਈ ਵਿੱਚ ਇੱਕ ਘੰਟਾ ਜਾਮ ਲਾ ਕੇ ਯੂ ਪੀ ਏ ਸਰਕਾਰ ਦੀ ਚੇਅਰਪਰਸਨ  ਸੋਨੀਆ ਗਾਂਧੀ ਅਤੇ ਸੱਜਣ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨ ਆਗੁ ਸੁਖਵਿੰਦਰ ਸਿੰਘ ਤੁੱਲੇਵਾਲ ਨੇ  ਕਿਹਾ ਕਿ ਪਹਿਲਾਂ ਤਾਂ ਕੇਦਰ ਸਰਕਾਰ ਦੇ ਦਬਾਅ ਹੇਠ  29 ਸਾਲ ਇਸ ਕੇਸ ਨੂੰ ਲਟਕਾਈ ਰੱਖਿਆ ਤੇ 29  ਸਾਲ ਬਾਅਦ 1984 ਦਾ ਮੁੱਖ ਦੋਸ਼ੀ ਅਦਾਲਤ ਨੇ ਕੇਦਰ ਸਰਕਾਰ ਦੇ ਦਬਾਅ ਹੇਠ ਆ ਕੇ  ਬਰੀ ਕਰ ਦਿੱਤਾ ਜੋ ਕਿ ਸਿੱਖ ਕੋਮ ਦੇ ਜ਼ਖਮਾਂ ‘ਤੇ ਨਮਕ ਛਿੜਕਣ ਦੇ ਬਰਾਬਰ ਹੈ।¢ਜਾਮ ਲੱਗਣ ਨਾਲ   ਆਵਾਜਾਈ ‘ਚ ਭਾਰੀ ਵਿਘਨ ਪਿਆ। ਚੌਕੀ ਇੰਚਾਰਜ ਬਲਬੇੜਾ ਨਰੈਣ ਸਿੰਘ ਵੱਲੋਂ ਬੜੀ ਮੁਸ਼ਕਲ ਨਾਲ ਜਾਮ ਖੁੱਲ੍ਹਵਾਇਆ ਗਿਆ।

ਇਸ ਮੌਕੇ  ਜ਼ਿਲ੍ਹਾ ਮੀਤ ਪ੍ਰਧਾਨ ਗੁਰਮੇਲ ਸਿੰਘ ਚਰਾਸੋ ਜ਼ਿਲ੍ਹਾ ਕਮੇਟੀ ਮੈਂਬਰ ਬਲਦੇਵ ਸਿੰਘ ਬਠੋਈ ਕਲਾਂ ਹਰਭਜਨ ਸਿੰਘ ਧਰਮੇਹੜੀ, ਪਿੰਡ ਇਕਾਈ ਪ੍ਰਧਾਨ ਨਿਸ਼ਾਨ ਸਿੰਘ ਧਰਮੇਹੜੀ, ਹਰਜਿੰਦਰ ਵੜੈਚ, ਰਘਬੀਰ ਸਿੰਘ ਡਕਾਲਾ, ਕੇਸਰ ਸਿੰਘ ਚੂਹੜਪੁਰ, ਰਘਬੀਰ ਸਿੰਘ ਬਲਾਕ ਮੀਤ ਪ੍ਰਧਾਨ, ਸੁਰਜੀਤ ਸਿੰਘ ਬਲਬੇੜਾ ਅਵਤਾਰ ਸਿੰਘ, ਗੁਰਜੰਟ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਗੁਰਬਚਨ ਸਿੰਘ, ਮਹਿੰਦਰ ਸਿੰਘ ਕਰਹਾਲੀ, ਮਹਿੰਦਰ ਸਿੰਘ ਮਰਦੇਹੜੀ, ਬਲਬੀਰ ਸਿੰਘ ਮਵੀ ਸੱਪਾਂ, ਸਾਹਿਬ ਸਿੰਘ ਨੌਗਾਵਾਂ ਹਾਜ਼ਰ ਸਨ।

ਪਟਿਆਲਾ (ਖੇਤਰੀ ਪ੍ਰਤੀਨਿਧ): ਦਿੱਲੀ ਦੰਗੇ ਮਾਮਲੇ ਵਿੱਚ ਕਾਂਗਰਸ ਵੱਲੋਂ ਸੱਜਣ ਕੁਮਾਰ ਨੂੰ ਬਚਾਏ ਜਾਣ ਦੀ ਕਾਰਵਾਈ ਦੇ ਵਿਰੋਧ ‘ਚ ਕਿਸਾਨ ਯੂਨੀਅਨ (ਡਕੌਂਦਾ) ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਕਾਰਕੁਨਾਂ ਨੇ ਅੱਜ ਇਥੇ ਸਰਹਿੰਦ ਰੋਡ ‘ਤੇ ਸਥਿਤ ਪਿੰਡ ਫੱਗਣਮਾਜਰਾ ਵਿਖੇ ਧਰਨਾ ਦਿੱਤਾ ਤੇ ਆਵਾਜਾਈ ਠੱਪ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅਰਥੀ ਸਾੜੀ। ਅੱਜ ਦੇ ਇਸ ਧਰਨੇ ਕਾਰਨ ਸਰਹਿੰਦ ਰੋਡ ‘ਤੇ ਦੋਵੇਂ ਪਾਸੇ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਅਤੇ ਧਰਨੇ ਚੁੱਕੇ ਜਾਣ ਤੋਂ ਬਾਅਦ ਵੀ ਪੁਲੀਸ ਨੂੰ ਜਾਮ ਖੁਲ੍ਹਵਾਉਣ ਵਿਚ ਕਾਫੀ ਸਮਾਂ ਲੱਗਾ।  ਮੁਜ਼ਾਹਰਾਕਾਰੀਆਂ ਦੀ ਅਗਵਾਈ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ, ਨਿਰਮਲ ਸਿੰਘ ਲਚਕਾਣੀ, ਜੰਗ ਸਿੰਘ ਭਟੇੜੀ, ਬਬਲੂ ਕਸਿਆਣਾ ਅਤੇ ਸੁਰਜੀਤ ਸਿੰਘ ਨੇ ਕੀਤੀ। ਕੇਂਦਰ ਸਰਕਾਰ ਨੂੰ ਸਿੱਖ ਵਿਰੋਧੀ ਕਰਾਰ ਦਿੰਦਿਆਂ, ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦਬਾਓ ਕਾਰਨ ਹੀ ਉਥੋਂ ਦੀ ਪੁਲੀਸ ਨੇ ਉਸ ਖ਼ਿਲਾਫ਼ ਕੇਸ ਨੂੰ ਇੰਨਾ ਕਮਜ਼ੋਰ ਕੀਤਾ ਕਿ ਚਸ਼ਮਦੀਦਾਂ ਦੀ ਗਵਾਹੀ ਦੇ ਬਾਵਜੂਦ ਸੱਜਣ ਕੁਮਾਰ ਬਰੀ ਹੋ ਗਿਅ।


ਜਾਸੂਸਾਂ ਦੀ ਅਕੱਥ ਕਥਾ

ਕੁਲਦੀਪ ਮਾਨ ਅਤੇ ਜੁਗਨੂੰ ਹਾਂਡਾ (ਮੋਬਾਈਲ: 98152-13251)

http://sameydiawaaz.com/Archive%20News/%5B2013%5D/05/12.05.2013%20-%2008.jpg http://sameydiawaaz.com/Archive%20News/%5B2013%5D/05/12.05.2013%20-%2009.jpg http://sameydiawaaz.com/Archive%20News/%5B2013%5D/05/12.05.2013%20-%2010.jpg

ਮੋਹਨ ਲਾਲ ਭਾਸਕਰ

ਮੇਜਰ ਰਵਿੰਦਰ ਕੌਸ਼ਿਕ

ਉਰਫ਼ ਬਲੈਕ ਟਾਈਗਰ

ਗੁਰਬਖਸ਼ ਰਾਮ

ਪਾਕਿਸਤਾਨ ਵਿੱਚ ਇੱਧਰਲੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਵਾਸੀ ਸਰਬਜੀਤ ਸਿੰਘ ਦੀ ਦਰਦਨਾਕ ਮੌਤ ਨੇ ਸੂਬਾ ਸਰਕਾਰ ਨੂੰ ਹੀ ਨਹੀਂ ਸਗੋਂ ਕੇਂਦਰ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਹੱਦੋਂ  ਵੱਧ ਮਿਲੇ ਮਾਣ-ਸਤਿਕਾਰ ਨੇ ਸਰਬਜੀਤ ਦੇ ਪਰਿਵਾਰ ਦੇ ਜ਼ਖ਼ਮਾਂ ’ਤੇ ਭਾਵੇਂ ਮੱਲ੍ਹਮ ਲਾਈ ਹੈ ਪਰ ਦੂਜੇ ਪਾਸੇ ਉਨ੍ਹਾਂ ਪਰਿਵਾਰਾਂ ਦੇ ਜ਼ਖ਼ਮ ਹਰੇ ਕਰ ਦਿੱਤੇ ਹਨ ਜਿਨ੍ਹਾਂ ਦੀ ਅੱਜ ਤਕ ਕਿਸੇ ਨੇ ਸਾਰ ਨਹੀਂ ਲਈ। ਕਈ ਵਰ੍ਹਿਆਂ ਤੋਂ ਗੁਮਨਾਮੀ ਦੀ ਜ਼ਿੰਦਗੀ ਜੀਅ ਰਹੇ ਇਹ ਪਰਿਵਾਰ ਹੁਣ ਨਵੀਂ ਊਰਜਾ ਨਾਲ ਇਕਜੁੱਟ ਹੋ ਕੇ ਆਪਣਾ ਹੱਕ ਮੰਗਣ ਲਈ ਇੱਕ ਵਾਰ ਫਿਰ ਸਰਕਾਰ ਦੇ ਦਰਵਾਜ਼ੇ ’ਤੇ ਆ ਖੜ੍ਹੇ ਹੋਏ ਹਨ। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਤੋਂ ਸਪਾਈਨੇਜ ਵਿਕਟਮਸ ਐਸੋਸੀਏਸ਼ਨ ਨਾਂ ਦੀ ਸੰਸਥਾ ਬੀਤੇ ਦਿਨੀਂ ਖੁੱਲ੍ਹ ਕੇ ਰੋਸ ਜ਼ਾਹਰ ਕੀਤਾ ਹੈ।

ਸਰਬਜੀਤ ਦੀ ਮੌਤ ਤੋਂ ਬਾਅਦ ਮੁੜ ਕਈ ਅਹਿਮ ਸਵਾਲ ਸਾਡੇ ਸਾਹਮਣੇ ਆਏ ਹਨ। ਸਰਕਾਰਾਂ ਦੇ ਨਾਲ-ਨਾਲ ਉਹ ਖ਼ੁਫ਼ੀਆ ਏਜੰਸੀਆਂ ਵੀ ਇਸ ਲਈ ਜਵਾਬਦੇਹ ਹਨ, ਜਿਹੜੀਆਂ ਅਜੇ ਵੀ ਖ਼ਾਸ ਤੌਰ ’ਤੇ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਕਠਪੁਤਲੀ ਵਾਂਗ ਇਸਤੇਮਾਲ ਕਰ ਰਹੀਆਂ ਹਨ। ਸਵਾਲ ਇਹ ਹੈ ਕਿ ਸਾਡੀਆਂ ਸਰਕਾਰਾਂ ਫਿਰ ਕੁੰਭਕਰਨੀ ਨੀਂਦ ਸੌਂ ਜਾਣਗੀਆਂ ਜਾਂ ਫਿਰ ਆਪੋ-ਆਪਣੇ ਜੁਰਮ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਜ਼ਿੰਦਗੀ ਲੰਘਾ ਰਹੇ ਕੈਦੀਆਂ ਨੂੰ ਵਾਪਸ ਲਿਆਉਣ ਦਾ ਯਤਨ ਕਰਨਗੀਆਂ? ਕੀ ਸਰਕਾਰ ਉਨ੍ਹਾਂ ਲਈ ਵੀ ਕੁਝ ਕਰੇਗੀ, ਜੋ ਪਾਕਿਸਤਾਨ ਦੀਆਂ ਜੇਲ੍ਹਾਂ ’ਚੋਂ ਵਾਪਸ ਪਰਤ ਕੇ ਅੱਜ ਆਪਣੇ ਹੀ ਮੁਲਕ ਵਿੱਚ ਦੋ ਡੰਗ ਦੀ ਰੋਟੀ ਲਈ ਵੀ ਮੁਹਤਾਜ ਹੋ ਚੁੱਕੇ ਹਨ। ਸਰਕਾਰ ਦੇ ਨਾਲ-ਨਾਲ ਬੇਬਸ ਅਤੇ ਲਾਚਾਰ ਹੋ ਚੁੱਕੇ ਅਜਿਹੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਦਮ ਭਰਨ ਵਾਲੀਆਂ ਸਵੈ-ਸੇਵੀ ਸੰਸਥਾਵਾਂ ਉਪਰ ਉਠਣਾ ਵੀ ਲਾਜ਼ਮੀ ਹੈ।

ਫ਼ਿਰੋਜ਼ਪੁਰ ਦੀ ਬਸਤੀ ਟੈਂਕਾਂ ਵਾਲੀ ਵਿੱਚ ਰਹਿੰਦਾ ਮੋਹਨ ਲਾਲ ਭਾਸਕਰ ਕਿੱਤੇ ਵਜੋਂ ਅਧਿਆਪਕ ਸੀ। ਉਸ ਦੇ ਵਿਆਹ ਨੂੰ ਅਜੇ ਸਿਰਫ਼ ਅੱਠ ਮਹੀਨੇ ਹੋਏ ਸਨ ਜਦੋਂ 1968 ਵਿੱਚ ਉਹ ਪਾਕਿਸਤਾਨ ਅੰਦਰ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਹੋ ਗਿਆ। ਇਹ ਉਸ ਦਾ ਪਾਕਿਸਤਾਨ ਵਿੱਚ 17ਵਾਂ ਗੇੜਾ ਸੀ। ਢਾਈ ਸਾਲ ਦੀ ਇੰਟੈਰੋਗੇਸ਼ਨ ਤੋਂ ਬਾਅਦ ਉਸ ਨੂੰ ਸਜ਼ਾ-ਏ-ਮੌਤ ਸੁਣਾਈ ਗਈ। ਪਰਿਵਾਰ ਨੇ ਉਸ ਨੂੰ ਛੁਡਾਉਣ ਲਈ ਬਹੁਤ ਉਪਰਾਲੇ ਕੀਤੇ। ਅਮਿਤਾਭ ਬਚਨ ਦੇ ਪਿਤਾ ਤੇ ਪ੍ਰਸਿੱਧ ਕਵੀ ਹਰਿਵੰਸ਼ ਰਾਏ ਬੱਚਨ ਦੀ ਮਦਦ ਨਾਲ ਸੰਨ 1974 ਵਿੱਚ ਉਸ ਦੀ ਰਿਹਾਈ ਸੰਭਵ ਹੋ ਸਕੀ। ਭਾਰਤ ਵਾਪਸ ਪਰਤਣ ਤੋਂ ਬਾਅਦ ਮੋਹਨ ਲਾਲ ਭਾਸਕਰ ਨੇ ਆਪਣੇ ਮੁੜਵਸੇਬੇ ਲਈ ਦੇਸ਼ ਦੇ ਤਤਕਾਲੀਨ ਪ੍ਰਧਾਨ ਮੰਤਰੀ ਤਕ ਪਹੁੰਚ ਕੀਤੀ ਪਰ ਅੱਗੋਂ ਜੋ ਟਕੇ ਵਰਗਾ ਜਵਾਬ ਮਿਲਿਆ, ਉਸ ਦੀ ਟੀਸ ਅੱਜ ਵੀ ਪਰਿਵਾਰ ਦੇ ਚਿਹਰੇ ’ਤੇ ਸਾਫ਼ ਨਜ਼ਰ ਆਉਂਦੀ ਹੈ। ਉਨ੍ਹਾਂ ਦੀ ਸੁਪਤਨੀ ਪ੍ਰਭਾ ਭਾਸਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸਮਤ ਚੰਗੀ ਸੀ ਜੋ ਸਾਰੇ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਗਏ ਨਹੀਂ ਤਾਂ ਸ਼ਾਇਦ ਅੱਜ ਵੀ ਕਿਤੇ ਮਜ਼ਦੂਰੀ ਕਰ ਰਹੇ ਹੁੰਦੇ।

ਫ਼ਿਰੋਜ਼ਪੁਰ ਦੇ ਹੀ ਗੁਰਬਖਸ਼ ਰਾਮ ਦੀ ਗੱਲ ਕਰੀਏ ਤਾਂ ਉਸ ਨੇ ਆਪਣੀ ਸਾਰੀ ਜਵਾਨੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਗੁਜ਼ਾਰ ਦਿੱਤੀ। ਜਾਸੂਸੀ ਕਰਨ ਦੇ ਦੋਸ਼ ਹੇਠ 17 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਉਹ ਸਾਲ 2006 ਵਿੱਚ ਭਾਰਤ ਵਾਪਸ ਪਰਤਿਆ ਤਾਂ ਉਸ ਦੇ ਪਰਿਵਾਰ ਵਾਲੇ ਵੀ ਉਸ ਨੂੰ ਠੀਕ ਤਰ੍ਹਾਂ ਪਛਾਣ ਵੀ ਨਹੀਂ ਸਕੇ। ਸੱਤ ਸਾਲ ਦੀ ਜਦੋਜਹਿਦ ਤੋਂ ਬਾਅਦ ਅੱਜ ਉਹ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵਿੱਚ 4500 ਰੁਪਏ ਮਹੀਨਾ ’ਤੇ ਚੌਕੀਦਾਰ ਦੀ ਨੌਕਰੀ ਕਰ ਰਿਹਾ ਹੈ। ਉਸ ਨੇ ਇਹ ਸੋਚ ਕੇ ਵਿਆਹ ਨਹੀਂ ਕਰਵਾਇਆ ਕਿ ਏਨੀ ਕੁ ਆਮਦਨ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਿਵੇਂ ਕਰੇਗਾ?

ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਰਵਿੰਦਰ ਕੌਸ਼ਿਕ ਦੀ ਕਹਾਣੀ ਤਾਂ ਕਿਸੇ ਹਿੰਦੀ ਫ਼ਿਲਮ ਦੀ ਕਹਾਣੀ ਤੋਂ ਘੱਟ ਦਿਲਚਸਪ ਨਹੀਂ। ਕਿਹਾ ਜਾਂਦਾ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ ‘ਏਕ ਥਾ ਟਾਈਗਰ’ ਕੌਸ਼ਿਕ ਦੀ ਜ਼ਿੰਦਗੀ ’ਤੇ   ਆਧਾਰਿਤ ਸੀ। ਏਨਾ ਹੀ ਨਹੀਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਐੱਸ.ਬੀ. ਚੌਹਾਨ ਨੇ ਕੌਸ਼ਿਕ ਨੂੰ ਬਲੈਕ ਟਾਈਗਰ ਦਾ ਨਾਂ ਦਿੱਤਾ ਸੀ। ਰਾਅ ਦੇ ਏਜੰਟ ਰਹਿ ਚੁੱਕੇ ਕੌਸ਼ਿਕ ਦੀ ਮੌਤ ਵੀ ਪਾਕਿਸਤਾਨ ਦੀ ਜੇਲ੍ਹ ਵਿੱਚ ਹੋਈ ਸੀ। ਸੰਨ 1975 ਵਿੱਚ ਰਾਅ ਨੇ ਕੌਸ਼ਿਕ ਨੂੰ ਪਾਕਿਸਤਾਨ ਜਾਸੂਸੀ ਲਈ ਭੇਜਿਆ ਸੀ। ਉੱਥੇ ਪਹੁੰਚ ਕੇ ਉਸ ਨੇ ਆਪਣਾ ਨਾਂ ਨਬੀ ਅਹਿਮਦ ਸ਼ਕੀਰ ਰੱਖ ਲਿਆ ਅਤੇ ਕਰਾਚੀ ਦੇ ਲਾਅ ਕਾਲਜ ਵਿੱਚ ਦਾਖਲਾ ਲੈ ਲਿਆ। ਕੁਝ ਸਾਲਾਂ ਵਿੱਚ ਹੀ ਉਸ ਨੇ ਕਾਨੂੰਨ ਦੀ ਡਿਗਰੀ ਵੀ ਹਾਸਲ ਕਰ ਲਈ। ਫਿਰ ਉਹ ਪਾਕਿਸਤਾਨੀ ਫ਼ੌਜ ਵਿੱਚ ਭਰਤ ਹੋ ਗਿਆ ਅਤੇ ਕੁਝ ਸਾਲਾਂ ਵਿੱਚ ਹੀ ਆਪਣੀ ਕਾਬਲੀਅਤ ਸਦਕਾ ਮੇਜਰ ਬਣ ਗਿਆ। ਉਸ ਨੇ ਕਈ ਅਹਿਮ ਜਾਣਕਾਰੀਆਂ ਭਾਰਤ ਨੂੰ ਪਹੁੰਚਾਈਆਂ। ਉੱਥੇ ਹੀ ਇੱਕ ਪਾਕਿਸਤਾਨੀ ਲੜਕੀ ਅਮਾਨਤ ਨਾਲ ਉਸ ਨੂੰ ਪਿਆਰ ਹੋ ਗਿਆ ਅਤੇ ਉਸ ਨਾਲ ਸ਼ਾਦੀ ਕਰ ਲਈ। ਕੌਸ਼ਿਕ ਨੇ ਆਪਣੀ ਜ਼ਿੰਦਗੀ ਦੇ ਤੀਹ ਸਾਲ ਘਰੋਂ ਬਾਹਰ ਗੁਜ਼ਾਰੇ ਅਤੇ ਪਾਕਿਸਤਾਨੀ ਹਕੂਮਤ ਨੂੰ ਇਸ ਗੱਲ ਦਾ ਪਤਾ ਵੀ ਨਾ ਲੱਗਣ ਦਿੱਤਾ ਕਿ ਉਨ੍ਹਾਂ ਵਿੱਚ ਇੱਕ ਭਾਰਤੀ ਜਾਸੂਸ ਘੁਸਪੈਠ ਕਰ ਚੁੱਕਾ ਹੈ। ਸੰਨ 1983 ਵਿੱਚ ਰਾਅ ਨੇ ਆਪਣਾ ਇੱਕ ਏਜੰਟ ਕੌਸ਼ਿਕ ਨੂੰ ਮਿਲਣ ਲਈ ਪਾਕਿਸਤਾਨ ਭੇਜਿਆ ਜੋ ਫੜਿਆ ਗਿਆ। ਇਸ ਏਜੰਟ ਨੇ ਪੁੱਛਗਿੱਛ ਦੌਰਾਨ ਸਾਰਾ ਭੇਤ ਖੋਲ੍ਹ ਦਿੱਤਾ। ਇਸ ਤੋਂ ਪਹਿਲਾਂ ਕਿ ਪਾਕਿਸਤਾਨੀ ਫ਼ੌਜ ਕੌਸ਼ਿਕ ਨੂੰ ਗ੍ਰਿਫ਼ਤਾਰ ਕਰਦੀ ਉਹ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸ ਨੇ  ਭਾਰਤ ਤੋਂ ਮਦਦ ਮੰਗੀ ਪਰ ਸਾਡੇ ਹੁਕਮਰਾਨਾਂ ਨੇ  ਕੌਸ਼ਿਕ ਤੋਂ ਮੂੰਹ ਮੋੜ ਲਿਆ। ਆਖਰਕਾਰ ਇੱਕ ਦਿਨ ਉਹ ਫੜਿਆ ਗਿਆ ਅਤੇ ਉਸ ਨੂੰ ਸਿਆਲਕੋਟ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਕੌਸ਼ਿਕ ਦੀ ਦਲੇਰੀ ਦੇਖੋ ਕਿ ਉਸ ਨੇ ਫਿਰ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਸੰਨ 1985 ਵਿੱਚ ਕੌਸ਼ਿਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਿਸ ਨੂੰ ਬਾਅਦ ਵਿੱਚ ਉਮਰ ਕੈਦ ’ਚ ਬਦਲ ਦਿੱਤਾ ਗਿਆ। ਉਸ ਨੂੰ ਜ਼ਿਆਦਾ ਸਮਾਂ ਮੀਆਂਵਾਲੀ ਜੇਲ੍ਹ ਵਿੱਚ ਰੱਖਿਆ ਗਿਆ। ਸੰਨ 2001 ਵਿੱਚ ਟੀਬੀ ਅਤੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਅੰਮ੍ਰਿਤਸਰ ਦੇ ਬਲਬੀਰ ਸਿੰਘ ਅਤੇ ਇਸੇ ਜ਼ਿਲ੍ਹੇ ਦੇ ਕਾਬਲ ਸਿੰਘ ਦੀ ਦਾਸਤਾਂ ਸੁਣਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਕਾਬਲ ਸਿੰਘ ਨੇ ਅੱਜ ਤੋਂ ਨੌਂ ਸਾਲ ਪਹਿਲਾਂ ਸਰਕਾਰ ਤੋਂ ਨਿਰਾਸ਼ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। ਗੁਰਦਾਸਪੁਰ ਦਾ ਧਾਰੀਵਾਲ ਅਜਿਹਾ ਇਲਾਕਾ ਹੈ ਜਿੱਥੋਂ ਦੇ ਦਰਜਨਾਂ ਮੁੰਡੇ ਇਸ ਦੇਸ਼ ਦੀਆਂ ਖ਼ੁਫ਼ੀਆ ਏਜੰਸੀਆਂ ਲਈ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਕਈਆਂ ਦਾ ਤਾਂ ਅੱਜ ਤਕ ਕੋਈ ਥਹੁ ਪਤਾ ਨਹੀਂ ਲੱਗ ਰਿਹਾ। ਉਹ ਜਿਉਂਦੇ ਵੀ ਹਨ ਜਾਂ ਨਹੀਂ, ਇਹ ਦੱਸਣ ਨੂੰ ਵੀ ਕੋਈ ਤਿਆਰ ਨਹੀਂ। ਦਰ-ਦਰ ਭਟਕ ਰਹੇ ਪੀੜਤ ਪਰਿਵਾਰ ਕਿੱਥੇ ਜਾਣ? ਕਿਸ ਨੂੰ ਪੁੱਛਣ, ਕਿ ਉਨ੍ਹਾਂ ਦਾ ਪੁੱਤ, ਭਰਾ ਜਾਂ ਪਤੀ ਕਿੱਥੇ ਹੈ? ਦੂਜੇ ਪਾਸੇ ਇਹ ਖਿਆਲ ਵੀ ਮਨ ਵਿੱਚ ਆਉਂਦਾ ਹੈ ਕਿ ਏਜੰਸੀਆਂ ਦੱਸਣ ਵੀ ਤੇ ਕਿਉਂ?

ਕੇਂਦਰ ਤੇ ਰਾਜ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਏ ਇਹ ਤਾਂ ਕੁਝ ਗਿਣੇ ਚੁਣੇ ਲੋਕ ਹਨ। ਕਈ ਤਾਂ ਸਰਕਾਰੀ ਤੇ ਗ਼ੈਰ-ਸਰਕਾਰੀ ਮਦਦ ਦੀ ਝੂਠੀ ਆਸ ਤੱਕਦੇ ਇਸ ਦੁਨੀਆਂ ਤੋਂ ਹੀ ਕੂਚ ਕਰ ਗਏ ਹਨ। ਕਈ ਅਜਿਹੇ ਵੀ ਹਨ, ਜਿਨ੍ਹਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲਾ ਕੋਈ ਨਹੀਂ। ਜਿਨ੍ਹਾਂ ਦਾ ਕੋਈ ਹੈ, ਉਨ੍ਹਾਂ ਦੇ ਰਾਹ ਵਿੱਚ ਅਨਪੜ੍ਹਤਾ ਰੋੜਾ ਬਣ ਕੇ ਖੜ੍ਹੀ ਹੈ।

ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਚੁੱਕੇ ਭਾਰਤੀ ਜਾਸੂਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿੱਚ ਸਪਾਈਨੇਜ ਵਿਕਟਮਸ ਐਸੋਸੀਏਸ਼ਨ ਦਾ ਗਠਨ ਹੋ ਚੁੱਕਾ ਹੈ। ਇਸ ਦੀ ਨੀਂਹ ਜਾਸੂਸ ਮੋਹਨ ਲਾਲ ਭਾਸਕਰ ਦੇ ਪੁੱਤਰ ਗੌਰਵ ਭਾਸਕਰ ਨੇ ਰੱਖੀ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਜਾਸੂਸਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ਼ ਦਿਵਾਉਣ ਦਾ ਯਤਨ ਕਰਨਗੇ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।

ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਕੁਝ ਮੰਗਾਂ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ:

01. ਆਪਣੇ ਦੇਸ਼ ਦੀ ਖ਼ਾਤਰ ਦੂਜੇ ਦੇਸ਼ਾਂ ਵਿੱਚ ਜਾਸੂਸੀ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ। ਇਨ੍ਹਾਂ ਵਿੱਚੋਂ ਜੋ ਲੋਕ ਹੁਣ ਇਸ ਦੁਨੀਆਂ ’ਤੇ ਨਹੀਂ ਰਹੇ ਉਨ੍ਹਾਂ ਨੂੰ ਸ਼ਹੀਦ ਐਲਾਨਿਆ ਜਾਵੇ।

02. ਦੇਸ਼ ਦੀ ਸੇਵਾ ਦੌਰਾਨ ਮਾਰੇ ਗਏ ਜਾਸੂਸਾਂ ਦੇ ਪਰਿਵਾਰਾਂ ਨੂੰ ਸਰਕਾਰ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰੇ।

03. ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਉਸ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ।

04. ਜਾਸੂਸਾਂ ਵਾਸਤੇ ਇੱਕ ਸਥਾਈ ਨੀਤੀ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ।

05. ਸਰਕਾਰੀ ਨੌਕਰੀਆਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਆਜ਼ਾਦੀ ਘੁਲਾਟੀਆਂ ਅਤੇ ਸਾਬਕਾ ਫ਼ੌਜੀਆਂ ਦੀ ਤਰਜ ’ਤੇ ੳਨ੍ਹਾਂ ਦਾ ਕੋਟਾ ਵੀ ਨਿਰਧਾਰਤ ਕੀਤਾ ਜਾਵੇ।

06. ਜਾਸੂਸ ਦੀ ਮੌਤ ਤੋਂ ਬਾਅਦ ਸੈਨਿਕ ਭਲਾਈ ਬੋਰਡ ਉਸ ਦੇ ਪਰਿਵਾਰ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਉਸ ਦੀ ਹਰ ਸੰਭਵ ਮਦਦ ਕਰੇ।

07. ਵਤਨ ਵਾਪਸ ਪਰਤੇ ਜਾਸੂਸ ਨੂੰ ਪੈਨਸ਼ਨ ਦਿੱਤੀ ਜਾਵੇ ਅਤੇ ਉਸ ਦੀ ਮੌਤ ਉਪਰੰਤ ਉਸ ਦੀ ਪਤਨੀ ਨੂੰ ਪੈਨਸ਼ਨ ਦਿੱਤੀ ਜਾਵੇ।

08. ਜਾਸੂਸੀ ਲਈ ਭੇਜਣ ਤੋਂ ਪਹਿਲਾਂ ਜਾਸੂਸ ਦਾ ਘੱਟੋ-ਘੱਟ ਪੰਜਾਹ ਲੱਖ ਰੁਪਏ ਦਾ ਬੀਮਾ ਕਰਵਾਇਆ ਜਾਵੇ।

09. ਕੈਦ ਕੱਟ ਕੇ ਭਾਰਤ ਵਾਪਸ ਪਰਤੇ ਜਾਸੂਸਾਂ ਨੂੰ ਪੰਜ ਲੱਖ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਆਰਥਿਕ ਮਦਦ ਮੁਹੱਈਆ ਕਰਵਾਈ ਜਾਵੇ।

10. ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਜਾਸੂਸਾਂ ਦੀ ਰਿਹਾਈ ਲਈ ਸਰਕਾਰ ਕੌਮਾਂਤਰੀ ਪੱਧਰ ’ਤੇ ਦਬਾਅ ਬਣਾਵੇ।


ਪ੍ਰਾਣ ਨੂੰ ਘਰ ਜਾ ਕੇ ਦਿੱਤਾ ਗਿਆ ਦਾਦਾ ਸਾਹਿਬ ਫਾਲਕੇ ਪੁਰਸਕਾਰ

 http://sameydiawaaz.com/Archive%20News/%5B2013%5D/05/12.05.2013%20-%2007.jpg

ਮੁੰਬਈ 10 ਮਈ (ਏਜੰਸੀ) :- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਬਾਲੀਵੁੱਡ ਅਭਿਨੇਤਾ ਪ੍ਰਾਣ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ 'ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ | ਭਾਰਤੀ ਸਿਨੇਮਾ ਦਾ ਇਹ ਸਰਵਉੱਚ ਸਨਮਾਨ ਹੈ | 93 ਸਾਲ ਦੇ ਪ੍ਰਾਣ ਪਿਛਲੇ ਹਫ਼ਤੇ ਦਿੱਲੀ 'ਚ ਹੋਏ 60 ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਮੌਕੇ 'ਤੇ ਸਿਹਤ ਠੀਕ ਨਾ ਹੋਣ ਕਰਕੇ ਹਿੱਸਾ ਨਹੀਂ ਲੈ ਸਕੇ ਸਨ | ਪ੍ਰਾਣ ਨੂੰ ਪੁਰਸਕਾਰ ਪ੍ਰਦਾਨ ਕੀਤੇ ਜਾਣ ਦਾ ਪ੍ਰੋਗਰਾਮ ਟੈਲੀਵਿਯਨ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ | ਕੇਂਦਰੀ ਮੰਤਰੀ ਨੇ ਪ੍ਰਾਣ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਾਣ ਸਾਹਿਬ ਨੂੰ ਸਨਮਾਨਿਤ ਕਰਨਾ ਗੌਰਵ ਦੀ ਗੱਲ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤੀ ਸਿਨੇਮਾ ਨੂੰ ਉਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਅਤੇ ਪ੍ਰਾਣ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕਰਨ ਨਾਲ ਇਸ ਅਵਾਰਡ ਦੀ ਮਹੱਤਤਾ ਹੋਰ ਵੱਧ ਗਈ ਹੈ | ਪ੍ਰਾਣ ਨੇ ਆਪਣੇ ਕੈਰੀਅਰ 'ਚ 400 ਤੋਂ ਜ਼ਿਆਦਾ ਫ਼ਿਲਮਾਂ ਪੇਸ਼ ਕੀਤੀਆਂ ਹਨ ਅਤੇ ਖਲਨਾਇਕ ਅਤੇ ਨਾਇਕ ਦੇ ਨਾਲ-ਨਾਲ ਚੰਗੇ ਅਭਿਨੇਤਾ ਦਾ ਕਿਰਦਾਰ ਵੀ ਖੂਬਸੂਰਤੀ ਨਾਲ ਨਿਭਾਇਆ ਹੈ | ਨਾਇਕ ਦੇ ਰੂਪ 'ਚ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਪ੍ਰਾਣ ਨੂੰ ਫ਼ਿਲਮ 'ਮਧੂਮਿਤਾ', 'ਜ਼ਿਦੀ' ਅਤੇ 'ਰਾਮ ਔਰ ਸ਼ਾਮ' 'ਚ ਖਲਨਾਇਕ ਦੇ ਕਿਰਦਾਰ ਤੋਂ ਪਹਿਚਾਣ ਮਿਲੀ ਸੀ | ਇਸ ਮੌਕੇ 'ਤੇ ਉਨ੍ਹਾਂ ਦੇ ਪਰਿਵਾਰ ਦੇ ਇਲਾਵਾ ਫ਼ਿਲਮਕਾਰ ਕਰਨ ਜੌਹਰ ਦੀ ਮਾਂ ਹੀਰੂ ਜੌਹਰ ਅਤੇ ਫ਼ਿਲਮ ਕਲਾਕਾਰ ਵਿਸ਼ਾਲ ਮਲੋਹਤਰਾ ਸ਼ਾਮਿਲ ਸਨ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz