ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162934
ਅੱਜ
ਇਸ ਮਹੀਨੇ
636
18658

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

02 ਮਈ 2013

ਇਨਸਾਫ਼ ਲਈ ਸੜਕਾਂ ‘ਤੇ ਆਏ ਦਿੱਲੀ ਦੇ ਸਿੱਖ

ਸੱਜਣ ਕੁਮਾਰ ਨੂੰ ਬਰੀ ਕਰਨ ਖ਼ਿਲਾਫ਼ ਮੈਟਰੋ ਰੇਲਾਂ ਰੋਕੀਆਂ

ਸੋਨੀਆਂ ਦੇ ਨਿਵਾਸ ਬਾਹਰ ਧਰਨਾ ਅੱਜ

http://sameydiawaaz.com/Archive%20News/%5B2013%5D/05/02.05.2013%20-%2001.jpg

ਦਿੱਲੀ ਦੇ ਸੁਭਾਸ਼ ਨਗਰ ਮੈਟਰੋ ਸਟੇਸ਼ਨ 'ਤੇ ਰੇਲ ਰੋਕ ਕੇ ਮੁਜ਼ਾਹਰਾ ਕੀਤੇ ਜਾਣ ਦ੍ਰਿਸ਼

ਨਵੀਂ ਦਿੱਲੀ 1 ਮਈ (ਸਰਬਜੀਤ ਸਿੰਘ) :- ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਦਿੱਲੀ ਦੰਗਿਆਂ ਦੇ ਇਕ ਕੇਸ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਰੋਸ ਵਿਚ ਅੱਜ ਇਥੇ ਰੋਸ ਪ੍ਰਦਰਸ਼ਨ ਹੋਏ। ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿਚ ਸਿੱਖਾਂ ਵੱਲੋਂ ਕੀਤੇ ਪ੍ਰਦਰਸ਼ਨ ਦੌਰਾਨ ਭਾਰੀ ਤਣਾਅ ਅਤੇ ਹੰਗਾਮੇ ਦੀ ਸਥਿਤੀ ਬਣ ਗਈ। ਪ੍ਰਦਸ਼ਨਕਾਰੀਆਂ ਨੇ ਪਹਿਲਾਂ ਪੱਛਮੀ ਦਿੱਲੀ ਦੀ ਅਤਿ ਅਹਿਮ ਨਜ਼ਫਗੜ੍ਹ ਰੋਡ ‘ਤੇ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ ਅਤੇ ਬਾਅਦ ਵਿਚ ਕੁਝ ਸਮੇਂ ਲਈ ਮੈਟਰੋ ਰੇਲਾਂ ਵੀ ਰੋਕ ਦਿੱਤੀਆਂ। ਪਰ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਪ੍ਰਤੀ ਸੰਜਮ ਵਾਲਾ ਵਤੀਰਾ ਅਪਨਾਉਣ ਕਾਰਨ ਹਾਲਾਤ ਕਾਬੂ ਵਿਚ ਰਹੇ ਅਤੇ ਕਿਸੇ ਤਰ੍ਹਾਂ ਦੀ ਹਿੰਸਾ ਜਾਂ ਤੋੜ-ਫੋੜ ਦੀ ਘਟਨਾ ਨਹੀਂ ਵਾਪਰੀ। ਤਿਲਕ ਨਗਰ ਤੇ ਸੁਭਾਸ਼ ਨਗਰ ਦੇ ਮੈਟਰੋ ਸਟੇਸ਼ਨ ਕੁਝ ਸਮਾਂ ਬੰਦ ਰਹੇ ਜੋ ਬਾਅਦ ਵਿਚ ਖੋਲ੍ਹ ਦਿੱਤੇ ਗਏ। ਇਨ੍ਹਾਂ ਖੇਤਰਾਂ ਵਿਚ ਸਿੱਖਾਂ ਦੀ ਵੱਧ ਵਸੋਂ ਹੈ। ਭਲਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।

ਸਿੱਖ ਪ੍ਰਦਰਸ਼ਨਕਾਰੀ ਨਜ਼ਫਗੜ੍ਹ ਰੋਡ ‘ਤੇ ਥਾਣਾ ਤਿਲਕ ਨਗਰ ਨੂੰ ਲਗਦੀ ਇਕ ਹੋਰ ਸੜਕ ਉਪਰ ਆਪਣੀਆਂ ਤਕਰੀਰਾਂ ਰਾਹੀਂ ਲੋਕਾਂ ਨੂੰ 1984 ਵਿਚ ਵਾਪਰੇ ਸਿੱਖ ਵਿਰੋਧੀ ਹਿੰਸਕ ਕਾਂਡ ਬਾਰੇ ਜਾਣਕਾਰੀ ਦਿੰਦੇ ਰਹੇ। ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਮੈਂਬਰ ਓਂਕਾਰ ਸਿੰਘ ਥਾਪਰ ਦੇ ਸਟੇਜ ‘ਤੇ ਪੁੱਜਣ ਸਾਰ ਮਾਹੌਲ ਵਿਚ ਗਰਮੀ ਆ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਥਾਣਾ ਤਿਲਕ ਨਗਰ ਦੇ ਚੌਕ ਵਿਚ ਧਰਨਾ ਲਾ ਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਪ੍ਰਦਰਸ਼ਨਕਾਰੀ ਸੱਜਣ ਕੁਮਾਰ ਨੂੰ ਫਾਂਸੀ ਦੇਣ ਦੀ ਮੰਗ ਕਰਦੇ ਹੋਏ ਦਿੱਲੀ ਅਤੇ ਕੇਂਦਰ ਦੇ ਕਾਂਗਰਸੀ ਆਗੂਆਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਗੁਜਰਾਤ ਵਿਚ 2002 ਵਿਚ ਹੋਏ ਦੰਗਿਆਂ ਲਈ 100 ਤੋਂ ਵੱਧ ਦੋਸ਼ੀਆਂ ਲਈ ਫਾਂਸੀ ਜਾਂ ਉਮਰ ਕੈਦ ਦੀਆਂ ਸਜ਼ਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਸਿੱਖਾਂ ਨੂੰ ਇਨਸਾਫ ਦੇਣ ਵੇਲੇ ਅਦਾਲਤਾਂ ਸਬੂਤ ਨਾ ਹੋਣ ਦਾ ਬਹਾਨਾ ਬਣਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਨਿਰਦੋਸ਼ ਲੋਕਾਂ ਨੂੰ ਕਤਲ ਕਰਵਾਉਣ ਵਾਲੇ ਸੱਜਣ ਕੁਮਾਰ ਨੂੰ ਵੀ ਅਤਿਵਾਦੀ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਜੇ ਉਸ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਪ੍ਰੋ. ਭੁੱਲਰ ਵਰਗੇ ਕਈ ਮਾਮਲੇ ਸਾਹਮਣੇ ਆਉਣਗੇ। ਉਨ੍ਹਾਂ ਐਲਾਨ ਕੀਤਾ ਕਿ 1984 ਦੇ ਸ਼ਹੀਦਾਂ ਦੀ ਯਾਦ ਵਿਚ ਯਾਦਗਾਰ ਬਣਾਉਣ ਲਈ ਛੇਤੀ ਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦਾ ਇਜਲਾਸ ਸੱਦਿਆ ਜਾਵੇਗਾ ਅਤੇ ਸਰਕਾਰ ਦੇ ਹਰ ਵਿਰੋਧ ਦੇ ਬਾਵਜੂਦ ਇਸ ਯਾਦਗਾਰ ਨੂੰ ਪੂਰਾ ਕੀਤਾ ਜਾਵੇਗਾ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਕੌਮ ਅਦਾਲਤਾਂ ਅਤੇ ਪੁਲੀਸ ਦੀ ਧੱਕੇਸ਼ਾਹੀ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਡਾ. ਮਨਮੋਹਨ ਸਿੰਘ ਵਰਗੇ ਸਿੱਖ ਦੇ ਦੇਸ਼ ਦਾ ਪ੍ਰਧਾਨ ਬਣੇ ਹੋਣ ‘ਤੇ ਅਫਸੋਸ ਹੁੰਦਾ ਹੈ, ਜੋ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਬਾਰੇ ਕੋਈ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਦਾ ਪੱਖ ਪੂਰਦੇ ਹਨ।

ਸ੍ਰੀ ਸਿਰਸਾ ਨੇ ਪ੍ਰਦਰਸ਼ਨਕਾਰੀਆਂ ਨੂੰ ਮੈਟਰੋ ਰੇਲਾਂ ਠੱਪ ਕਰਨ ਦਾ ਸੱਦਾ ਦਿੱਤਾ। ਇਸ ‘ਤੇ ਪ੍ਰਦਰਸ਼ਨਕਾਰੀ ਤਿਲਕ ਨਗਰ ਥਾਣੇ ਦੇ ਨੇੜੇ ਹੀ ਸਥਿਤ ਸੁਭਾਸ਼ ਨਗਰ ਮੈਟਰੋ ਸਟੇਸ਼ਨ ਵੱਲ ਤੁਰ ਪਏ। ਭਾਰੀ ਸੰਖਿਆ ਵਿਚ ਮੌਜੂਦ ਸੁਰੱਖਿਆਕਰਮੀ ਵੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਮੈਟਰੋ ਸਟੇਸ਼ਨ ਵੱਲ ਵਧੇ ਤਾਂ ਕੁਝ ਨੌਜਵਾਨ ਦੌੜ ਕੇ ਮੈਟਰੋ ਸਟੇਸ਼ਨ ਵਿਚ ਦਾਖਲ ਹੋ ਗਏ। ਸਟੇਸ਼ਨ ‘ਤੇ ਤਾਇਨਾਤ ਕੁਝ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਦੀ ਵੱਡੀ ਗਿਣਤੀ ਕਾਰਨ ਉਹ ਉਨ੍ਹਾਂ ਨੂੰ ਰੋਕ ਨਾ ਸਕੇ। ਪ੍ਰਦਰਸ਼ਨਕਾਰੀ ਤੁਰੰਤ ਮੈਟਰੋ ਦੀ ਪਟੜੀ ‘ਤੇ ਉਤਰ ਗਏ ਅਤੇ ਪਲੇਟਫਾਰਮ ਵਿਚ ਦਾਖਲ ਹੋਣ ਜਾ ਰਹੀ ਦਵਾਰਕਾ ਤੋਂ ਵੈਸ਼ਾਲੀ ਦੀ ਮੈਟਰੋ ਰੇਲ ਨੂੰ ਜਬਰਨ ਰੋਕ ਦਿੱਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਇਲਾਵਾ ਹੋਰ ਕੋਈ ਆਗੂ ਨਹੀਂ ਸੀ ਕਿਉਂਕਿ ਬਾਕੀ ਆਗੂਆਂ ਨੂੰ ਪੁਲੀਸ ਨੇ ਸਟੇਸ਼ਨ ਕੰਪਲੈਕਸ ਵਿਚ ਦਾਖਲ ਹੋਣ ਤੋਂ ਪਹਿਲਾਂ ਬਾਹਰ ਹੀ ਰੋਕ ਲਿਆ। ਇਸ ਲਈ 15 ਕੁ ਮਿੰਟਾਂ ਬਾਅਦ ਇਹ ਪ੍ਰਦਸ਼ਨਕਾਰੀ ਵੀ ਹੇਠਾਂ ਉਤਰ ਬਾਕੀ ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਹੋ ਗਏ ਅਤੇ ਮੈਟਰੋ ਰੇਲ ਸੇਵਾ ਬਹਾਲ ਹੋ ਗਈ। ਇਥੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਕਮੇਟੀ ਵੱਲੋਂ ਭਲਕੇ ਸੋਨੀਆ ਗਾਂਧੀ ਦੇ ਘਰ ਮੂਹਰੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।

http://sameydiawaaz.com/Archive%20News/%5B2013%5D/05/02.05.2013%20-%2003.jpg

ਇਕ ਦੰਗਾ ਪੀੜਤ ਔਰਤ ਨੂੰ ਦਿਲਾਸਾ ਦੇ ਰਿਹਾ ਸਿੱਖ ਕਾਰਕੁਨ ਜਰਨੈਲ ਸਿੰਘ

ਪੁਲੀਸ ਅਧਿਕਾਰੀਆਂ ਨੇ ਕਮੇਟੀ ਦੇ ਕੁਝ ਅਹੁਦੇਦਾਰਾਂ ਨੂੰ ਜਿਪਸੀ ਵਿਚ ਬਿਠਾ ਕੇ ਮੌਕੇ ਤੋਂ ਹਟਾਉਣਾ ਚਾਹਿਆ, ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਅਤੇ ਜੀਪ ਨੂੰ ਉਥੋਂ ਲਿਜਾਣ ਨਾ ਦਿੱਤਾ। ਕੁਝ ਹੋਰ ਲੋਕਾਂ ਨੇ ਮੈਟਰੋ ਸਟੇਸ਼ਨ ਦੇ ਹੇਠਾਂ ਟਾਇਰਾਂ ਨੂੰ ਅੱਗ ਲਗਾ ਕੇ ਆਪਣੇ ਰੋਹ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਤਲੇਆਮ ਦੀ ਪੀੜਤ ਇਕ ਵਿਧਵਾ ਔਰਤ ਭਾਗੀ ਕੌਰ ਨੇ ਅੱਗ ਵਿਚ ਕੁੱਦ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੱਤਰਕਾਰ ਜਰਨੈਲ ਸਿੰਘ ਤੇ ਹੋਰ ਕਾਰਕੁਨਾਂ ਨੇ ਸਮਝਾ-ਬੁਝਾ ਕੇ ਅਜਿਹਾ ਕਰਨ ਤੋਂ ਰੋਕਿਆ।

ਪ੍ਰਦਰਸ਼ਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਅਵਤਾਰ ਸਿੰਘ ਹਿੱਤ, ਚਮਨ ਸਿੰਘ, ਤਨਵੰਤ ਸਿੰਘ, ਹਰਜਿੰਦਰ ਸਿੰਘ, ਗੁਰਬਖਸ਼ ਸਿੰਘ ਮੌਂਟੂ ਸ਼ਾਹ, ਰਵਿੰਦਰ ਸਿੰਘ ਖੁਰਾਣਾ, ਪਰਮਜੀਤ ਸਿੰਘ ਰਾਣਾ ਅਤੇ ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਸ਼ਮੂਲੀਅਤ ਕੀਤੀ।

ਜੰਮੂ, (ਪੱਤਰ ਪ੍ਰੇਰਕ): ਇੱਥੇ ਅੱਜ ਸਿੱਖਾਂ ਨੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਤੇ ਜੰਮੂ-ਕਸ਼ਮੀਰ ਮੁੱਖ ਮਾਰਗ ਉਪਰ ਆਵਾਜਾਈ ਠੱਪ ਕਰ ਦਿੱਤੀ। ਕੁਝ ਸਿੱਖ ਜਥੇਬੰਦੀਆਂ ਨੇ ਸ੍ਰੀ ਹਰਜੀਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਬਾਹਰਵਾਰ ਡਿਗਿਆਣਾ ਵਿਖੇ ਮੁੱਖ ਮਾਰਗ ਉਪਰ ਧਰਨਾ ਦਿੱਤਾ ਅਤੇ ਦਿੱਲੀ ਦੰਗਿਆਂ ਦੇ ਇਕ ਕੇਸ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਉਪਰ ਰੋਸ ਪ੍ਰਗਟਾਇਆ। ਆਗੂਆਂ ਦਾ ਕਹਿਣਾ ਸੀ ਕਿ ਦੇਸ਼ ਅੰਦਰ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈ। ਹੋਰ ਕੁਝ ਥਾਵਾਂ ਉਪਰ ਵੀ ਰੋਸ ਪ੍ਰਦਰਸ਼ਨ ਹੋਏ ਹਨ।


ਸ਼੍ਰੋਮਣੀ ਕਮੇਟੀ ਨੂੰ ਨਹੀਂ ਬਰਦਾਸ਼ਤ ਹੋਈ ਸੰਤ ਭਿੰਡਰਾਂਵਾਲਿਆਂ ਦੀ ਦੋ ਇੰਚ ਦੀ ਫੋਟੋ

ਸ਼ਹੀਦੀ ਯਾਦਗਾਰ 'ਤੇ ਲੱਗੀ ਸੰਤਾਂ ਦੀ ਫੋਟੋ ਹਟਾਈ

 http://sameydiawaaz.com/Archive%20News/%5B2013%5D/05/02.05.2013%20-%2007.jpg

ਅੰਮ੍ਰਿਤਸਰ 1 ਮਈ (ਸਤਵਿੰਦਰ ਜੱਜ) :- ਸਾਕਾ ਦਰਬਾਰ ਸਾਹਿਬ 1984 ਦੇ ਸ਼ਹੀਦਾਂ ਦੀ ਯਾਦ 'ਚ ਬਣੀ ਸ਼ਹੀਦੀ ਯਾਦਗਰ 'ਤੇ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਵਾਲਿਆਂ ਅਤੇ ਉਨ੍ਹਾਂ ਦੇ ਸ਼ਹੀਦ ਸਾਥੀਆਂ ਦੇ ਨਾਮ ਨੂੰ ਉਕਰੇ ਜਾਣ 'ਤੇ ਉੱਠੇ ਵਿਵਾਦ ਕਾਰਨ ਸਿੱਖ ਸੰਗਤਾਂ 'ਚ ਪੈਦਾ ਹੋਏ ਰੋਹ ਦੇ ਪ੍ਰਭਾਵ ਨੂੰ ਅਣਦੇਖਿਆ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੀ ਰਾਤ ਸ਼ਹੀਦੀ ਯਾਦਗਾਰ 'ਤੇ ਲੱਗੀ ਉਸ ਘੜੀ ਨੂੰ ਹਟਾ ਦਿੱਤਾ, ਜਿਸ ਘੜੀ ਵਿੱਚ ਦੋ ਇੰਚ ਦਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਫੋਟੋ ਦਾ ਸਟਿਕਰ ਲੱਗਾ ਹੋਇਆ ਸੀ । ਭਾਵੇਂ ਕਿ ਸ਼੍ਰੋਮਣੀ ਕਮੇਟੀ ਨੇ ਸੰਤਾਂ ਦੇ ਨਾਮ ਨੂੰ ਉਕਰੇ ਜਾਣ ਨੂੰ ਲੈ ਕੇ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ, ਪ੍ਰੰਤੂ ਉਸ ਤੋਂ ਪਹਿਲਾਂ ਹੀ ਸੰਤਾਂ ਦੀ ਫੋਟੋ ਵਾਲੀ ਘੜੀ ਹਟਾ ਕੇ ਸ਼੍ਰੋਮਣੀ ਕਮੇਟੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਸਿੱਖ ਵਿਰੋਧੀ ਤਾਕਤਾਂ ਦੇ ਦਬਾਅ ਥੱਲੇ ਹੈ। ਸੰਤਾਂ ਦੀ ਫੋਟੋ ਵਾਲੀ ਘੜੀ ਹਟਾਏ ਜਾਣ ਤੋਂ ਬਾਅਦ ਕੁਝ ਪ੍ਰਮੁੱਖ ਪੰਥਕ ਸਖਸ਼ੀਅਤਾਂ ਨੇ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆ ਸ਼ੰਕਾ ਪ੍ਰਗਟਾਈ ਹੈ ਕਿ ਅਜਿਹਾ ਕਰਕੇ ਸ਼੍ਰੋਮਣੀ ਕਮੇਟੀ ਨੇ ਆਪਣੀ ਮੰਨਸ਼ਾ ਜ਼ਾਹਰ ਕਰ ਦਿੱਤੀ ਹੈ ਕਿ ਉਹ ਆਪਣੇ ਆਕਿਆਂ ਦੇ ਪ੍ਰਭਾਵ ਅਨੁਸਾਰ ਭਵਿੱਖ ਵਿੱਚ ਵੀ ਸ਼ਹੀਦੀ ਯਾਦਗਾਰ ਸੰਬੰਧੀ ਸਿੱਖ ਭਾਵਨਾਵਾਂ ਦੇ ਵਿਰੁੱਧ ਕੋਈ ਵੀ ਫੈਸਲਾ ਲੈ ਸਕਦੀ ਹੈ। ਸਿੱਖ ਹਲਕਿਆਂ ਵਿੱਚ ਇਹ ਵੀ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਅਜਿਹੀਆਂ ਹਰਕਤਾਂ ਨਾਲ ਕਿਧਰੇ ਕੋਈ ਸਿੱਖ ਵਿਰੋਧੀ ਸ਼ਕਤੀਆਂ ਸਿੱਖਾਂ ਨੂੰ ਆਪਸੀ ਖਾਨਾਜੰਗੀ ਜਾਂ ਭਰਾ ਮਾਰੂ ਜੰਗ ਵੱਲ ਤਾਂ ਨਹੀਂ ਧੱਕ ਰਹੀਆਂ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਦੂਜੇ ਮੁੱਖੀ ਸ਼ਹੀਦ ਗੁਰਬਖ਼ਸ਼ ਸਿੰਘ ਜੀ ਦੀਆਂ ਯਾਦਗਾਰਾਂ ਵੀ ਸ਼ਸੋਭਿਤ ਹਨ। ਜਦ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵੀ ਉਸੇ ਹੀ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਸਨ। ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਗੁਰਬਖਸ਼ ਸਿੰਘ ਜੀ ਦੀਆਂ ਯਾਦਗਾਰਾਂ ਤੇ ਉਨਾਂ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਕੀਤੇ ਸ਼ੰਘਰਸ਼ ਅਤੇ ਸ਼ਹੀਦੀ ਦਾ ਸੰਖੇਪ ਵਿੱਚ ਇਤਿਹਾਸ ਦਰਜ ਹੈ। ਅਜਿਹਾ ਹੀ ਸ਼ਹੀਦੀ ਯਾਦਗਾਰ ਮਾਮਲੇ ਵਿੱਚ ਹੈ। ਇੱਥੇ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਲੋਂ ਕੀਤੇ ਸੰਘਰਸ਼ ਅਤੇ ਸ਼ਹਾਦਤ ਦਾ ਇਤਿਹਾਸ ਸੰਖੇਪ ਵਿੱਚ ਵਰਨਣ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਇਹ ਇਤਿਹਾਸ ਸ਼ਹੀਦੀ ਯਾਦਗਰਾਂ ਵੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਪ੍ਰਕਰਮਾਂ 'ਚ ਸ਼ਸ਼ੋਭਿਤ ਹਨ। ਸਿੱਖ ਸੰਗਤਾਂ ਵਿੱਚ ਇਹ ਵੀ ਚਰਚਾ ਹੈ ਕਿ ਕਿਧਰੇ ਸ੍ਰੋਮਣੀ ਕਮੇਟੀ ਬਾਕੀ ਯਾਦਗਾਰਾਂ ਤੇ ਲੱਗੀਆਂ ਤਸਵੀਰਾਂ ਵੀ ਤਾਂ ਨਹੀਂ ਉਤਾਰ ਦੇਵੇਗੀ? ਸੰਗਤਾਂ ਵਿੱਚ ਇਹ ਵੀ ਚਰਚਾ ਹੈ ਕਿ ਜੇਕਰ ਬਾਕੀ ਥਾਵਾਂ ਤੇ ਇਤਿਹਾਸ ਦਰਸਾਉਂਦੇ ਬੋਰਡ ਕੁਝ ਨਹੀਂ ਕਹਿੰਦੇ ਤਾਂ ਸ਼ਹੀਦੀ ਯਾਦਗਾਰ ਤੇ ਲੱਗਾ ਬੋਰਡ ਸ੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਕੀ ਕਹਿ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੰਤਾਂ ਦੀ ਫੋਟੋ ਵਾਲੀ ਘੜੀ ਹਟਾਏ ਜਾਣ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਵਿਵਾਦ ਗਰਮਾ ਸਕਦਾ ਹੈ।


ਸਿੱਖ ਨਸਲਕੁਸ਼ੀ ਕਰਨ ਵਾਲੇ ਕਾਤਲਾਂ ਦਾ ਬਰੀ ਹੋ ਜਾਣਾ ਕੌਮ ਨਾਲ ਵੱਡਾ ਧੱਕਾ - ਸਿੰਘ ਸਾਹਿਬ

http://sameydiawaaz.com/Archive%20News/%5B2013%5D/05/02.05.2013%20-%2008.jpg

ਅੰਮ੍ਰਿਤਸਰ 1 ਮਈ (ਸਤਵਿੰਦਰ ਜੱਜ, ਗਗਨਦੀਪ ਸਿੰਘ) :- ਸਿੱਖ ਨਸਲਕੁਸ਼ੀ ਕਰਨ ਵਾਲੇ ਕਾਤਲਾਂ ਦਾ ਬਰੀ ਹੋ ਜਾਣਾ ਸਿੱਖ ਕੌਮ ਨਾਲ ਕੀਤਾ ਗਿਆ ਇਕ ਵੱਡਾ ਧੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਪ੍ਰੈਸ ਨੂੰ ਦਿੱਤੇ ਇਕ ਬਿਆਨ ਵਿਚ ਕੀਤਾ ਗਿਆ। ਸਿੰਘ ਸਾਹਿਬ ਨੇ ਕਿਹਾ ਕਿ ਕੜਕੜਡੂਮਾ ਅਦਾਲਤ ਵੱਲੋਂ ਸੱਜਣ ਕੁਮਾਰ ਜਿਹੇ ਵਿਅਕਤੀ ਜਿਸ ਤੇ ਬੇਦੋਸ਼ੇ ਸਿੱਖਾਂ ਨੂੰ ਕਤਲ ਕਰਨ ਦਾ ਦੋਸ਼ ਸੀ ਬਰੀ ਕਰ ਦੇਣਾ ਇਕ ਮੰਦਭਾਗਾ ਫੈਂਸਲਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਜੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਸਿੱਖ ਨਸਲਕੁਸ਼ੀਆਂ ਕਰਨ ਵਾਲੇ ਬੇਦੋਸ਼ੇ ਹਨ ਤਾਂ ਫਿਰ ਹਜ਼ਾਰਾਂ ਸਿੱਖਾਂ ਦਾ ਕਾਤਲ ਕੋਣ ਹੈ? ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਪ੍ਰੋ: ਭੁੱਲਰ ਜਿਸਦੇ ਗੁਨਾਹ ਸਾਬਤ ਵੀ ਨਹੀਂ ਹੋਏ ਅਤੇ ਸਿਰਫ਼ ਪੁਲੀਸ ਦੀ ਤਫ਼ਤੀਸ਼ ਦੇ ਅਧਾਰ ਤੇ ਹੀ ਉਸਨੂੰ ਮੁਜ਼ਰਮ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਪਰ ਸ਼ਰੇਆਮ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਨਿਰਦੋਸ਼ ਸਾਬਤ ਕਰਕੇ ਬਰੀ ਕਰ ਦੇਣਾ ਕੇਂਦਰ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਹੈ। ਏਥੋਂ ਤੱਕ ਕਿ ਪ੍ਰੋ: ਭੁੱਲਰ ਨੂੰ ਇਕ ਜੱਜ ਵੱਲੋਂ ਬਰੀ ਵੀ ਕਰ ਦਿੱਤਾ ਗਿਆ, ਪਰ ਇਸ ਦੇ ਬਾਅਦ ਵੀ ਉਸਨੂੰ ਫਾਂਸੀ ਦੀ ਸਜ਼ਾ ਦੇਣਾ ਕੌਮ ਲਈ ਇਹ ਚੁਣੌਤੀ ਨਹੀਂ ਤਾਂ ਹੋਰ ਕੀ ਹੈ? ਸਿੰਘ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਦਾਲਤੀ ਫੈਂਸਲਿਆਂ ਤੋਂ ਸਿੱਖ ਕੌਮ ਦਾ ਵਿਸ਼ਵਾਸ ਉੱਠ ਚੁੱਕਾ ਹੈ। ਜਿਥੇ ਸਿੰਘ ਸਾਹਿਬ ਨੇ ਸਿੱਖੀ ਸਰੂਪ ਵਿਚ ਉੱਚ ਅਹੁਦਿਆਂ ਤੇ ਬੈਠੇ ਹਾਕਮਾਂ ਨੂੰ ਆਪਣੇ ਅੰਦਰ ਨੂੰ ਹਲੂਣ ਕੇ ਜਾਣ ਬੁੱਝ ਕੇ ਬੰਦ ਕੀਤੀਆਂ ਅੱਖਾਂ ਨੂੰ ਖੋਹਲ ਕੇ ਸਿੱਖਾਂ ਨਾਲ ਹੋਈ ਬੇਇਨਸਾਫੀ ਨੂੰ ਰੋਕਣ ਲਈ ਕਿਹਾ ਉਥੇ ਉਨ੍ਹਾਂ ਨੇ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਵਉੱਚ ਅਦਾਲਤ ਵਿਚ ਗੁਹਾਰ ਲਗਾ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਉਹ ਵਿਅਕਤੀ ਜੋ ਸਜ਼ਾ ਭੁਗਤਣ ਦੀ ਬਜਾਏ ਵੱਡੇ-ਵੱਡੇ ਅਹੁਦਿਆਂ ਤੇ ਬਿਰਾਜਮਾਨ ਨੇ ਉਨ੍ਹਾਂ ਖਿਲਾਫ਼ ਕਾਨੂੰਨੀ ਚਾਰਾਜੋਈ ਕਰਕੇ ਬੇਦੋਸ਼ੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਆਖਿਆ ਜਿਨ੍ਹਾਂ ਦੇ ਪ੍ਰੀਵਾਰ ਦਰ-ਦਰ ਦੀਆਂ ਠੋਕਰਾਂ ਖਾਂਦੇ ਭਟਕ ਰਹੇ ਨੇ!


ਕਾਂਗਰਸ ਦੇ ਜਨਰਲ ਸਕੱਤਰ ਵਲੋਂ ਰੋਸ ਵਜੋਂ ਅਸਤੀਫ਼ਾ

http://sameydiawaaz.com/Archive%20News/%5B2013%5D/05/02.05.2013%20-%2005.jpg

ਮੁਕੰਦਪੁਰ 1 ਮਈ (ਹਰਪਾਲ ਸਿੰਘ ਰਹਿਪਾ) :- ਨਵੰਬਰ 1984 ਵਿਚ ਦਿੱਲੀ 'ਚ ਹੋਏ ਸਿੱਖਾਂ ਦੇ ਕਤਲੇਆਮ ਦੇ ਇਕ ਮਾਮਲੇ ਵਿਚ ਮੁੱਖ ਦੋਸ਼ੀ ਅਤੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤੇ ਜਾਣ ਦੇ ਅਦਾਲਤੀ ਫ਼ੈਸਲੇ ਤੋਂ ਦੁਖੀ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਮੁਕੰਦਪੁਰ ਇਲਾਕੇ ਦੇ ਟਕਸਾਲੀ ਕਾਂਗਰਸੀ ਆਗੂ ਸੀ੍ਰ ਜਗਦੀਸ਼ ਚੰਦਰ ਬਜਾਜ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ | ਅਸਤੀਫ਼ੇ ਦੀ ਕਾਪੀ ਦਿੰਦਿਆਂ ਸੀ੍ਰ ਬਜਾਜ ਨੇ ਕਿਹਾ ਹੈ ਕਿ 29 ਸਾਲਾਂ ਦੇ ਲੰਬੇ ਅਰਸੇ ਮਗਰੋਂ ਵੀ ਦਿੱਲੀ ਸਿੱਖ-ਕਤਲੇਆਮ ਦੇ ਅਸਲ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣੀਆਂ ਸਮੁੱਚੇ ਪੰਜਾਬੀਆਂ ਨਾਲ ਸਰਾਸਰ ਧੋਖਾ ਹੈ ਅਤੇ ਇਨਸਾਫ਼ ਦੀ ਉਡੀਕ ਕਰ ਰਹੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਥਾਂ ਉਨ੍ਹਾਂ ਦੇ ਜ਼ਖ਼ਮ ਮੁੜ ਹਰੇ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਦੀ ਦੋਗਲੀ ਨੀਤੀ ਖ਼ਾਸ ਕਰਕੇ ਸਿੱਖਾਂ ਤੇ ਘੱਟ ਗਿਣਤੀਆਂ ਪ੍ਰਤੀ ਵਿਤਕਰੇ ਵਾਲੀ ਨੀਤੀ ਦੀ ਘੋਰ ਨਿੰਦਾ ਕਰਨੀ ਬਣਦੀ ਹੈ ਕਿਉਂਕਿ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਇਸ ਕੇਸ ਦੀ ਚੰਗੀ ਤਰ੍ਹਾਂ ਪੈਰਵਾਈ ਨਾ ਕੀਤੇ ਜਾਣ ਕਾਰਨ ਹੀ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤਾ ਗਿਆ ਹੈ ਅਤੇ ਇਹ ਦਿਨ ਸਿੱਖ ਇਤਿਹਾਸ ਵਿਚ ਕਾਲਾ ਦਿਨ ਬਣ ਕੇ ਆਇਆ ਹੈ |


ਸੱਜਣ ਕੁਮਾਰ ਦੇ ਬਰੀ ਹੋਣ ਨਾਲ ਸਿੱਖ ਹਿਰਦੇ ਵਲੂੰਧਰੇ - ਸੁਖਦੇਵ ਢੀਂਡਸਾ

http://sameydiawaaz.com/Archive%20News/%5B2013%5D/05/02.05.2013%20-%2009.jpg

ਚੰਡੀਗੜ੍ਹ 1 ਮਈ (ਦੀਪਕ ਸ਼ਰਮਾ) :- 1984 ਦੇ ਸਿੱਖ ਕਤਲੇਆਮ ਲਈ ਮੁੱਖ ਜ਼ਿੰਮੇਵਾਰ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰ ਦੇਣ ਨਾਲ ਸਿੱਖ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ ਹਨ ਅਤੇ ਇਸ ਨਾਲ ਸਾਬਤ ਹੋ ਗਿਆ ਹੈ ਕਿ ਦੇਸ਼ ਵਿੱਚ ਸਿੱਖਾਂ ਲਈ ਵੱਖਰਾ ਕਾਨੂੰਨ ਹੈ ਅਤੇ ਬਾਕੀ ਦੇਸ਼ ਲਈ ਵੱਖਰਾ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਢੀਂਡਸਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰ ਦੇਣ ਨਾਲ 29 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਕਤਲੇਆਮ ਪੀੜਤ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਕੀ ਪੰਜ ਦੋਸ਼ੀਆਂ ਵਿਰੁੱਧ ਦੋਸ਼ ਸਾਬਤ ਹੋ ਗਏ ਤਾਂ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨਾ ਹਜ਼ਮ ਹੋਣ ਵਾਲੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰ ਦੇਣ ਨਾਲ ਸਿੱਖਾਂ ਦਾ ਦੇਸ਼ ਦੇ ਕਾਨੂੰਨ ਵਿੱਚ ਵਿਸ਼ਵਾਸ ਘਟਿਆ ਹੈ ਅਤੇ ਸਿੱਖ ਇਹ ਮਹਿਸੂਸ ਕਰਨ ਲੱਗੇ ਹਨ ਕਿ ਸਿੱਖਾਂ ਲਈ ਦੇਸ਼ ਵਿੱਚ ਵੱਖਰਾ ਕਾਨੂੰਨ ਹੈ। ਸ. ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਦਾ ਸਿੱਖਾਂ ਦੇ ਮਾਮਲਿਆਂ ਦੀ ਅੱਗੇ ਵਧ ਕੇ ਪੈਰਵਾਈ ਕਰਦੀ ਰਹੀ ਹੈ ਅਤੇ ਹੁਣ ਵੀ ਉਹ ਪੀੜਤ ਸਿੱਖਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ।


ਲਾਹੌਰ ਹਸਪਤਾਲ 'ਚ ਸਰਬਜੀਤ ਦੀ ਮੌਤ

ਬੀਤੇ ਸ਼ੁੱਕਰਵਾਰ ਤੋਂ ਲੜ ਰਿਹਾ ਸੀ ਜ਼ਿੰਦਗੀ ਮੌਤ ਦੀ ਲੜਾਈ

ਨਿਰਾਸ਼ ਪਰਿਵਾਰ ਅੱਜ ਹੀ ਪਰਤਿਆ ਸੀ ਵਤਨ

 http://sameydiawaaz.com/Archive%20News/%5B2013%5D/05/02.05.2013%20-%2002.jpg

ਲਾਹੌਰ/ਇਸਲਾਮਾਬਾਦ 1 ਮਈ (ਏਜੰਸੀਆਂ) :- ਭਾਰਤੀ ਨਾਗਰਿਕ ਸਰਬਜੀਤ ਸਿੰਘ, ਜਿਸ ਨੂੰ ਪਿਛਲੇ ਹਫ਼ਤੇ ਜੇਲ੍ਹ ਵਿਚ ਸਾਥੀ ਕੈਦੀਆਂ ਵੱਲੋਂ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ ਅਤੇ ਉਹ ਉਸ ਸਮੇਂ ਤੋਂ ਹੀ ਕੋਮਾ ਵਿਚ ਚਲਾ ਗਿਆ ਸੀ, ਦੀ ਅੱਜ ਰਾਤ ਭਾਰਤੀ ਸਮੇਂ ਅਨੁਸਾਰ 1:30 ਵਜੇ ਲਾਹੌਰ ਦੇ ਜਿਨਾਹ ਹਸਪਤਾਲ 'ਚ ਮੌਤ ਹੋ ਗਈ | ਉਸ ਦਾ ਇਲਾਜ ਕਰ ਰਹੇ ਡਾਕਟਰਾਂ ਦੇ ਬੋਰਡ ਦੇ ਮੁਖੀ ਮਹਿਮੂਦ ਸ਼ੌਕਤ ਨੇ ਦੱਸਿਆ ਕਿ ਸਰਬਜੀਤ ਪਹਿਲਾਂ ਸਥਾਈ ਤੌਰ 'ਤੇ ਕੋਮਾ ਵਿਚ ਚਲਾ ਗਿਆ ਸੀ, ਜਿਸ ਦੀ ਅੱਜ ਰਾਤ ਮੌਤ ਹੋ ਗਈ | ਸਰਬਜੀਤ ਸਿੰਘਦਾ ਪਰਿਵਾਰ ਜੋ ਕਿ 15 ਦਿਨਾਂ ਦੇ ਵੀਜ਼ੇ 'ਤੇ ਪਾਕਿਸਤਾਨ ਗਿਆ ਹੋਇਆ ਸੀ ਸਰਬਜੀਤ ਦੀ ਵਿਗੜੀ ਹਾਲਤ ਦੇ ਮੱਦੇਨਜ਼ਰ ਅੱਜ ਹੀ ਵਤਨ ਵਾਪਸ ਪਰਤਿਆ ਸੀ ਅਤੇ ਸਰਬਜੀਤ ਨੂੰ ਭਾਰਤ ਲਿਆਉਣ ਲਈ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣ ਲਈ ਸਮਾਂ ਲਿਆ ਸੀ | ਇਸ ਤੋਂ ਪਹਿਲਾਂ ਸਰਕਾਰੀ ਸੂਤਰਾਂ ਨੇ ਦੱਸਿਆ ਸੀ ਕਿ ਸਰਬਜੀਤ ਦੀ ਵਿਗੜ ਰਹੀ ਹਾਲਤ ਕਾਰਨ ਉਸ ਦਾ ਦਿਮਾਗ 'ਡੈੱਡ' ਹੋ ਸਕਦਾ ਹੈ | ਵਰਣਨਯੋਗ ਹੈ ਕਿ ਬੀਤੇ ਸ਼ੁੱਕਰਵਾਰ ਕੋਟ ਲੱਖਪਤ ਜੇਲ੍ਹ ਵਿਚ ਕੈਦੀਆਂ ਨੇ ਉਸ ਉਪਰ ਹਮਲਾ ਕਰਕੇ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਮਾਰੀਆਂ ਸਨ | ਸੂਤਰਾਂ ਅਨੁਸਾਰ ਸਰਬਜੀਤ ਸਿੰਘ ਦਾ ਦਿਲ ਧੜਕ ਰਿਹਾ ਸੀ ਪ੍ਰੰਤੂ ਉਸ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ | ਉਹ ਮੁਕੰਮਲ ਤੌਰ 'ਤੇ ਬੇਖ਼ਬਰ ਸੀ ਤੇ ਵੈਂਟੀਲੇਟਰ ਤੋਂ ਬਿਨਾਂ ਸਾਹ ਵੀ ਨਹੀਂ ਲੈ ਸਕਦਾ ਸੀ | ਸੂਤਰਾਂ ਨੇ ਦੱਸਿਆ ਸੀ ਕਿ ਸਰਬਜੀਤ ਦੇ ਇਲਾਜ 'ਤੇ ਨਿਗਰਾਨੀ ਰੱਖ ਰਿਹਾ ਮੈਡੀਕਲ ਬੋਰਡ ਇਸ ਸਥਿਤੀ 'ਚ ਨਹੀਂ ਸੀ ਕਿ ਉਹ ਉਸ ਦੇ ਪਰਿਵਾਰ ਤੇ ਪਾਕਿ ਅਧਿਕਾਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਉਸ ਦਾ ''ਬਰੇਨ ਡੈੱਡ'' ਕਰਾਰ ਦੇ ਸਕੇ | ਪਰਿਵਾਰ ਦੀ ਰਜ਼ਾਮੰਦੀ ਤੇ ਪਾਕਿਸਤਾਨੀ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਉਸ ਨੂੰ ਵੈਂਟੀਲੇਟਰ ਤੋਂ ਨਹੀਂ ਲਾਹਿਆ ਨਹੀਂ ਜਾ ਸਕਦਾ ਸੀ | ਉਧਰ ਸਰਬਜੀਤ ਸਿੰਘ ਉਪਰ ਹਮਲੇ ਉਪਰੰਤ ਪਾਕਿਸਤਾਨੀ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਖ਼ਬਰ ਅੱਖਾਂ 'ਚ ਘੱਟਾ ਪਾਉਣ ਵਾਲੀ ਸਾਬਤ ਹੋਈ ਹੈ ਤੇ ਅਜੇ ਤੱਕ ਕਿਸੇ ਵੀ ਜੇਲ੍ਹ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ | ਹਮਲੇ ਦੇ ਤੁਰੰਤ ਬਾਅਦ ਅਧਿਕਾਰੀਆਂ ਵੱਲੋਂ ਕਿਹਾ ਗਿਆ ਸੀ ਕਿ 3 ਜਾਂ 4 ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਸਰਬਜੀਤ ਦੇ ਵਕੀਲ ਅਵੈਸ ਸ਼ੇਖ ਨੇ ਕਿਹਾ ਸੀ ਕਿ ਉਹ ਲਾਹੌਰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਬੇਨਤੀ ਕਰਨਗੇ ਕਿ ਭਾਰਤੀ ਡਾਕਟਰਾਂ ਨੂੰ ਪਾਕਿਸਤਾਨ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਉਹ ਸਰਬਜੀਤ ਦੇ ਇਲਾਜ ਵਿਚ ਮਦਦ ਕਰ ਸਕਣ |


ਅਦਾਲਤੀ ਫੈਸਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ - ਸ਼ੀਲਾ ਦੀਕਸ਼ਿਤ

http://sameydiawaaz.com/Archive%20News/%5B2013%5D/05/02.05.2013%20-%2006.jpg

ਨਵੀਂ ਦਿੱਲੀ 1 ਮਈ :- ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਿਤ ਨੇ ਕਿਹਾ ਹੈ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲ-ਏ-ਆਮ ਕੇਸ ਵਿੱਚੋਂ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਮਾਮਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ, ਜਿਹੜੇ ਲੋਕ ਫੈਸਲੇ ਨਾਲ ਅਸਹਿਮਤ ਹਨ ਉਹ ਹਾਈ ਕੋਰਟ ਤਕ ਪਹੁੰਚ ਕਰਨ।  ਉਨ੍ਹਾਂ ਕਿਹਾ, ”ਮੁੱਦੇ ਦਾ ਸਿਆਸੀਕਰਨ ਹੋ ਚੁੱਕਿਆ ਹੈ, ਜਿਸ ਦੀ ਕੋਈ ਲੋੜ ਨਹੀਂ।


ਓਬਾਮਾ ਨੇ ਸਿੱਖਾਂ ਸਮੇਤ ਏਸ਼ੀਆਈ ਲੋਕਾਂ 'ਤੇ ਵਧਦੇ ਨਸਲੀ ਹਮਲਿਆਂ ਨੂੰ ਕੀਤਾ ਸਵੀਕਾਰ

http://sameydiawaaz.com/Archive%20News/%5B2013%5D/05/02.05.2013%20-%2004.jpg

ਵਾਸ਼ਿੰਗਟਨ, 1 ਮਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਵੀਕਾਰ ਕੀਤਾ ਹੈ ਕਿ ਦੇਸ਼ ਵਿਚ ਬੀਤੇ ਦਹਾਕੇ ਦੌਰਾਨ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਖਾਸ ਕਰਕੇ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ 'ਤੇ ਨਸਲੀ ਹਮਲਿਆਂ ਵਿਚ ਵਾਧਾ ਹੋਇਆ ਹੈ | ਓਬਾਮਾ ਨੇ ਕਿਹਾ ਕਿ ਦੱਖਣੀ ਏਸ਼ੀਆਈ ਲੋਕਾਂ ਜਿਨ੍ਹਾਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਸ਼ਾਮਿਲ ਹਨ, ਨੂੰ ਕਈ ਵਾਰ ਉਨ੍ਹਾਂ ਦੀ ਚਮੜੀ ਦੇ ਰੰਗ ਜਾਂ ਉਨ੍ਹਾਂ ਦੀ ਆਸਥਾ ਦੇ ਕਾਰਨ ਨਸਲੀ ਹਿੰਸਾ ਅਤੇ ਸ਼ੱਕ ਦਾ ਸ਼ਿਕਾਰ ਹੋਣਾ ਪਿਆ ਪਰ ਏਸ਼ੀਆਈ ਲੋਕ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਡਾਕਟਰੀ ਤੋਂ ਲੈ ਕੇ ਕਾਰੋਬਾਰ ਤੱਕ ਆਪਣੇ ਖੇਤਰਾਂ ਵਿਚ ਸਿਖ਼ਰ 'ਤੇ ਪੁੱਜੇ | ਅਮਰੀਕਾ ਇਸ ਸਾਲ ਨਾਗਰਿਕ ਜ਼ਿੰਮਵਾਰੀ ਬਿੱਲ (1988) ਦੀ 25ਵੀਂ ਵਰੇ੍ਹਗੰਢ ਮਨਾ ਰਿਹਾ ਹੈ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਕਤ ਲੋਕਾਂ ਨੂੰ ਅਜੇ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਓਬਾਮਾ ਨੇ ਮਈ ਮਹੀਨੇ ਨੂੰ ਏਸ਼ੀਆਈ ਅਮਰੀਕੀ ਤੇ ਪ੍ਰਸ਼ਾਂਤ ਦੀਪਵਾਸੀ (ਏ.ਏ.ਪੀ.ਆਈ.) ਧਰੋਹਰ ਮਹੀਨਾ ਮਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਵਚਨਬੱਧ ਹੈ | ਅਸੀਂ ਏਸ਼ੀਆਈ ਲੋਕਾਂ ਦੇ ਨਾਗਰਿਕ ਅਧਿਕਾਰਾਂ ਤੇ ਆਰਥਿਕ ਅਵਸਰਾਂ ਲਈ ਪ੍ਰਤੀਬੱਧ ਹਾਂ ਅਤੇ ਸਿਹਤ ਤੇ ਸਿੱਖਿਆ ਵਿਚ ਚੰਗੇ ਨਤੀਜੇ ਚਾਹੁੰਦੇ ਹਾਂ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz