ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

04 ਮਈ 2013

ਸੱਜਣ ਕੁਮਾਰ ਮਾਮਲਾ ਸਿੱਖਾਂ ਵਲੋਂ ਦੇਸ਼ ਭਰ 'ਚ ਮੁਜ਼ਾਹਰੇ ਜਾਰੀ

http://sameydiawaaz.com/Archive%20News/%5B2013%5D/05/04.05.2013%20-%2007.jpg

http://sameydiawaaz.com/Archive%20News/%5B2013%5D/05/04.05.2013%20-%2008.jpg

ਨਵੀਂ ਦਿੱਲੀ, 3 ਮਈ (ਜਗਤਾਰ ਸਿੰਘ)-1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਫ਼ੈਸਲੇ ਖਿਲਾਫ਼ ਸਿੱਖਾਂ ਵੱਲੋਂ ਦੇਸ਼ ਭਰ ਵਿਚ ਚੌਥੇ ਦਿਨ ਵੀ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ | ਮਿਲੇ ਵੇਰਵਿਆਂ ਅਨੁਸਾਰ ਅੱਜ ਸਿੱਖਾਂ ਨੇ ਰਾਜਧਾਨੀ ਦਿੱਲੀ ਤੋਂ ਇਲਾਵਾ ਕੋਲਕਾਤਾ, ਜੈਪੁਰ, ਭੋਪਾਲ, ਹੈਦਰਾਬਾਦ , ਫਗਵਾੜਾ (ਪੰਜਾਬ) ਆਦਿ ਸ਼ਹਿਰਾਂ ਵਿਚ ਵੀ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ | ਅੱਜ ਇਕ ਪਾਸੇ ਸੱਜਣ ਕੁਮਾਰ ਕੇਸ ਦੀ ਚਸ਼ਮਦੀਦ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਜੰਤਰ ਮੰਤਰ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਦਕਿ ਦੂਜੇ ਪਾਸੇ ਰਾਜਧਾਨੀ ਦੇ ਹੀ ਜੰਗਪੁਰਾ ਇਲਾਕੇ ਵਿਚ ਸਿੱਖਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਇਲਾਕੇ ਦੀ ਆਵਾਜਾਈ ਠੱਪ ਕਰ ਦਿੱਤੀ ਗਈ |


ਸਾਨੂੰ ਨਿਆਂ ਨਹੀਂ ਮਿਲਿਆ - ਬੀਬੀ ਨਿਰਪ੍ਰੀਤ ਕੌਰ

ਚਾਰ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਨੂੰ ਨਿਆਂ ਮਿਲੇਗਾ ਪਰ ਅਦਾਲਤ ਦੁਆਰਾ ਦਿੱਤੇ ਗਏ ਫੈਸਲੇ ਨੇ ਵਿਵਸਥਾ ਵਿਚ ਉਨ੍ਹਾਂ ਦੀ ਆਸਥਾ ਨੂੰ ਹਿਲਾ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਚਾਰਜਸ਼ੀਟ ਜਿਹੜੀ ਐਫ.ਆਈ.ਆਰ. 67/87 ਨਾਲ ਸੰਬੰਧਿਤ ਹੈ, ਉਸ ਨੂੰ ਛੇਤੀ ਤੋਂ ਛੇਤੀ ਅਦਾਲਤ 'ਚ ਪੇਸ਼ ਕੀਤਾ ਜਾਵੇ | ਤਤਕਾਲੀਨ ਪੁਲਿਸ ਅਫਸਰ ਰਾਜੀਵ ਰੰਜਨ, ਜਿਸ ਨੇ ਚਾਰਜਸ਼ੀਟ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਦੇ ਖਿਲਾਫ ਕਾਰਵਾਈ ਕੀਤੀ ਜਾਵੇ | ਇਸ ਤੋਂ ਇਲਾਵਾ ਇਸ ਮਾਮਲੇ 'ਚ ਸੁਤੰਤਰ ਜਾਂਚ ਦੇ ਲਈ ਵਿਸ਼ੇਸ਼ ਜਾਂਚ ਦਲ ਗਠਤ ਕੀਤੇ ਜਾਣ ਅਤੇ ਹਾਈ ਕੋਰਟ ਵਿਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਖਿਲਾਫ ਅਪੀਲ ਕਰਨ ਅਤੇ ਮਾਮਲੇ ਦੀ ਸੁਣਵਾਈ ਅਤੇ ਤਿੰਨ ਮਹੀਨੇ ਦੇ ਅੰਦਰ ਫੈਸਲਾ ਸੁਣਾਏ ਜਾਣ ਦੀ ਮੰਗ ਕੀਤੀ |


ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਾਏ

ਇਸ ਪ੍ਰਦਰਸ਼ਨ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੁਮਾਇੰਦੇ ਵਜੋਂ ਪੁੱਜੇ ਬੀਬੀ ਬਖਸ਼ੀ ਨੇ ਕਾਂਗਰਸੀ ਸਰਕਾਰ 'ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਉਸ ਵੇਲੇ ਰਾਜੀਵ ਗਾਂਧੀ ਨੇ ਕਿਹਾ ਸੀ ਕਿ 'ਜਬ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ', ਜਿਸ ਦਾ ਮਤਲਬ ਕਾਂਗਰਸੀਆਂ ਨੂੰ ਸਪੱਸ਼ਟ ਇਸ਼ਾਰਾ ਸੀ ਕਿ ਸਿੱਖਾਂ ਦਾ ਕਤਲੇਆਮ ਕਰ ਦੇਵੋ | ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਕਿ ਇਹ ਹਮਲਾ ਸਿੱਖਾਂ 'ਤੇ ਨਹੀਂ ਲੋਕਤੰਤਰ 'ਤੇ ਹੋਇਆ ਪਰ ਕਾਂਗਰਸੀ ਸਰਕਾਰਾਂ ਵੱਲੋਂ ਸਿੱਖਾਂ ਨੂੰ ਨਿਆਂ ਦੇਣ ਦੀ ਬਜਾਏ ਸਿੱਧੇ ਰੂਪ 'ਚ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ | ਪ੍ਰਦਰਸ਼ਨ ਦੌਰਾਨ ਕੇਸ ਦੀ ਦੂਜੀ ਗਵਾਹ ਬੀਬੀ ਜਗਦੀਸ਼ ਕੌਰ, ਕਰਨੈਲ ਸਿੰਘ ਪੀਰ ਮੁਹੰਮਦ ਤੇ ਹੋਰਨਾਂ ਤੋਂ ਇਲਾਵਾ ਪੀੜਤ ਪਰਿਵਾਰ ਵੀ ਸ਼ਾਮਿਲ ਹੋਏ | ਇਸ ਮੌਕੇ ਪਾਕਿਸਤਾਨ 'ਚ ਮਾਰੇ ਗਏ ਸਰਬਜੀਤ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ |


ਜੰਗਪੁਰ ਇਲਾਕੇ 'ਚ ਪ੍ਰਦਰਸ਼ਨ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਜੱਥੇਬੰਦਕ ਸਕੱਤਰ ਜੱਥੇ: ਕੁਲਦੀਪ ਸਿੰਘ ਭੋਗਲ ਦੀ ਅਗਵਾਈ 'ਚ ਜੰਗਪੁਰਾ ਇਲਾਕੇ ਦੇ ਭੋਗਲ ਚੌਕ 'ਚ ਭਾਰੀ ਪ੍ਰਦਰਸ਼ਨ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ ਗਈ ਅਤੇ ਸੱਜਣ ਕੁਮਾਰ ਦਾ ਪੁਤਲਾ ਵੀ ਫੂਕਿਆ ਗਿਆ | ਜੱਥੇ: ਕੁਲਦੀਪ ਸਿੰਘ ਨੇ ਕਿਹਾ ਕਿ ਜਦ ਤਕ ਸੱਜਣ ਕੁਮਾਰ ਨੂੰ ਜੇਲ੍ਹ ਨਹੀਂ ਭੇਜ ਦਿੱਤਾ ਜਾਂਦਾ ਤਦ ਤੱਕ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਸਾਨੂੰ ਪਿਛਲੇ 29 ਵਰਿ੍ਹਆਂ ਤੋਂ ਇਨਸਾਫ ਦੇਣ ਦੀ ਬਜਾਏ ਕਾਂਗਰਸ ਵੱਲੋਂ ਲਗਾਤਾਰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਐਲਾਨ ਕੀਤਾ ਕਿ ਪੀੜਤਾਂ ਦੀ ਲੜਾਈ ਨੂੰ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਤੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਵਾਂਗੇ | ਇਸ ਮੌਕੇ ਪ੍ਰਧਾਨ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਸੱਜਣ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਰੋਕਣ ਲਈ ਪੁਲਿਸ ਵੱਲੋਂ ਸ: ਭੋਗਲ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ |


ਭਾਜਪਾ ਨੇਤਾ ਨੂੰ ਵਾਪਸ ਜਾਣਾ ਪਿਆ

ਇਸ ਦੌਰਾਨ ਭੁੱਖ ਹੜਤਾਲ 'ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਵੱਲੋਂ ਇਤਰਾਜ਼ ਜਤਾਉਣ 'ਤੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਜਿੰਦਰ ਗੁਪਤਾ ਨੂੰ ਧਰਨੇ ਵਾਲੀ ਥਾਂ ਤੋਂ ਵਾਪਸ ਜਾਣਾ ਪਿਆ | ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਦੀ ਰੋਸ ਮੁਜ਼ਾਹਰੇ ਵਿਚ ਹਾਜ਼ਰੀ 'ਸਿਆਸਤ' ਤੋਂ ਪ੍ਰੇਰਿਤ ਹੈ |


ਜੈਪੁਰ 'ਚ ਪ੍ਰਦਰਸ਼ਨ

ਜੈਪੁਰ, (ਏਜੰਸੀ)- ਸਿੱਖ ਵਿਰੋਧੀ ਦੰਗੇ ਮਾਮਲੇ 'ਚ ਸੱਜਣ ਕੁਮਾਰ ਦੇ ਬਰੀ ਹੋਣ 'ਤੇ ਗੁੱਸੇ ਵਿਚ ਆਏ ਸਿੱਖ ਭਾਈਚਾਰੇ ਵਲੋਂ ਇੱਥੇ ਦੇ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਸਥਾਨਕ ਆਗੂ ਅਜੇਪਾਲ ਸਿੰਘ ਦੀ ਅਗਵਾਈ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਰਾਜਾ ਪਾਰਕ ਸੜਕ ਨੂੰ ਜਾਮ ਕੀਤਾ ਗਿਆ | ਨਾਅਰੇਬਾਜ਼ੀ ਦੇ ਵਿਚਕਾਰ ਪ੍ਰਦਰਸ਼ਨਕਾਰੀਆਂ ਨੇ ਸੱਜਣ ਕੁਮਾਰ ਨੂੰ ਸਜ਼ਾ ਦੇਣ ਤੇ ਦੰਗਾ ਪੀੜਤਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਾਂਤੀ ਪੂਰਵਕ ਪ੍ਰਦਰਸ਼ਨ ਦੇ ਚੱਲਦਿਆਂ ਉਕਤ ਸੜਕ ਤੋਂ ਆਵਾਜਾਈ ਰਾਹ ਬਦਲ ਦਿੱਤਾ ਗਿਆ ਸੀ |


ਨਿਰਪ੍ਰੀਤ ਕੌਰ ਵਲੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ

 http://sameydiawaaz.com/Archive%20News/%5B2013%5D/05/04.05.2013%20-%2003.jpg

ਜੰਤਰ ਮੰਤਰ ਵਿਖੇ ਰੋਸ ਧਰਨੇ 'ਤੇ ਬੈਠੀਆਂ ਪੀੜਤ ਸਿੱਖ ਬੀਬੀਆਂ (ਫੋਟੋ: ਮਾਨਸ ਰੰਜਨ ਭੂਈ)

ਨਵੀਂ ਦਿੱਲੀ 3 ਮਈ (ਸਰਬਜੀਤ ਸਿੰਘ) :- ਨਵੰਬਰ 1984 ਦੇ ਸਿੱਖ-ਵਿਰੋਧੀ ਦੰਗਿਆਂ ਦੇ ਇਕ ਅਹਿਮ ਮਾਮਲੇ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਫੈਸਲੇ ਦਾ ਵਿਰੋਧ ਠੰਢਾ ਪੈਣ ਦਾ ਨਾਂ ਨਹੀਂ ਲੈ ਰਿਹਾ। ਇਸੇ ਕੜੀ ਵਿਚ ਇਸ ਮੁਕੱਦਮੇ ਦੀ ਚਸ਼ਮਦੀਦ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਜੰਤਰ-ਮੰਤਰ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ, ਜਦਕਿ ਦੱਖਣੀ ਦਿੱਲੀ ਦੇ ਜੰਗਪੁਰਾ ਇਲਾਕੇ ਵਿਚ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ ਗਈ। ਭੁੱਖ ਹੜਤਾਲ ‘ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਦੇ ਨਾਲ ਕੁਝ ਹੋਰ ਦੰਗਾ-ਪੀੜਤਾਂ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਹੋਰ ਕਾਰਕੁਨਾਂ ਨੇ ਸ਼ਾਮਲ ਹੋ ਕੇ ਇਕ ਦਿਨ ਦੀ ਭੁੱਖ ਹੜਤਾਲ ਰੱਖੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਨਿਰਦੋਸ਼ ਕਰਾਰ ਦੇ ਕੇ ਅਦਾਲਤ ਨੇ ਪਿਛਲੇ 29 ਵਰ੍ਹਿਆਂ ਤੋਂ ਇਸ ਕਤਲੇਆਮ ਦੀ ਪੀੜਾ ਨੂੰ ਹੰਢਾ ਰਹੇ ਪੀੜਤਾਂ ਨਾਲ ਇਕ ਭੱਦਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਨ੍ਹਾਂ ਦੀ ਪਾਰਟੀ ਸਿੱਖਾਂ ਨਾਲ ਮਿਲ ਕੇ ਨਾ-ਇਨਸਾਫ਼ੀ ਖਿਲਾਫ਼ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਲੜਾਈ ਕਿਸੇ ਧਰਮ ਦੀ ਨਹੀਂ ਬਲਕਿ ਦੇਸ਼ ਨੂੰ ਬਚਾਉਣ ਦੀ ਹੈ, ਜਿਸ ਵਿਚ ਹਰ ਵਰਗ ਦੇ ਇਨਸਾਫ-ਪ੍ਰਸਤ ਲੋਕਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਨਿਆਂ-ਵਿਵਸਥਾ ਵਿਚ ਉਨ੍ਹਾਂ ਦੀ ਆਸਥਾ ਨੂੰ ਹਿਲਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਐਫ. ਆਈ.ਆਰ. 67/87 ਨਾਲ ਸਬੰਧਿਤ ਚਾਰਜਸ਼ੀਟ ਨੂੰ ਤੁਰੰਤ ਅਦਾਲਤ ਵਿਚ ਪੇਸ਼ ਕੀਤਾ ਜਾਵੇ, ਚਾਰਜਸ਼ੀਟ ਨੂੰ ਦਬਾਉਣ ਵਾਲੇ ਪੁਲੀਸ ਅਧਿਕਾਰੀ ਰਾਜੀਵ ਰੰਜਨ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਮਾਮਲੇ ‘ਚ ਸੁਤੰਤਰ ਜਾਂਚ ਲਈ ਵਿਸ਼ੇਸ਼ ਜਾਂਚ ਦਲ ਗਠਿਤ ਕੀਤਾ ਜਾਵੇ ਅਤੇ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਖ਼ਿਲਾਫ਼ ਅਪੀਲ ਦਾਇਰ ਕਰਕੇ ਇਸ ਦਾ ਤਿੰਨ ਮਹੀਨੇ ਦੇ ਅੰਦਰ ਫੈਸਲਾ ਕੀਤਾ ਜਾਵੇ।

ਪ੍ਰਦਰਸ਼ਨ ਦੌਰਾਨ ਕੇਸ ਦੀ ਇਕ ਹੋਰ ਗਵਾਹ ਬੀਬੀ ਜਗਦੀਸ਼ ਕੌਰ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪੀੜਤ ਪਰਿਵਾਰਾਂ ਦੇ ਮੈਂਬਰ ਵੀ ਸ਼ਾਮਲ ਸਨ। ਇਸ ਮੌਕੇ ਪਾਕਿਸਤਾਨ ‘ਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਦੀ ਅਗਵਾਈ ਵਿਚ ਦੱਖਣੀ ਦਿੱਲੀ ਦੇ ਜੰਗਪੁਰਾ ਇਲਾਕੇ ਵਿਚ ਪ੍ਰਦਰਸ਼ਨ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ ਗਈ ਅਤੇ ਸੱਜਣ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜਦ ਤਕ ਸੱਜਣ ਕੁਮਾਰ ਨੂੰ ਜੇਲ੍ਹ ਨਹੀਂ ਭੇਜ ਦਿੱਤਾ ਜਾਂਦਾ, ਤਦ ਤਕ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ। ਅਕਾਲੀ ਦਲ (ਭੋਗਲ) ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਸੱਜਣ ਕੁਮਾਰ ਦੇ ਖ਼ਿਲਾਫ਼ ਪ੍ਰਦਰਸ਼ਨ ਤੋਂ ਰੋਕਣ ਲਈ ਪੁਲੀਸ ਵੱਲੋਂ ਸ੍ਰੀ ਭੋਗਲ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਉਪਰ ਦਬਾਅ ਬਣਾਇਆ ਜਾ ਰਿਹਾ ਹੈ।


ਬੀਬੀ ਨਿਰਪ੍ਰੀਤ ਕੌਰ ਦੀ ਭੁੱਖ ਹੜਤਾਲ 'ਚ ਕੇਜਰੀਵਾਲ ਹੋਏ ਸ਼ਾਮਿਲ

ਜੰਤਰ ਮੰਤਰ ਵਿਖੇ ਭੁੱਖ ਹੜਤਾਲ 'ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਦੇ ਨਾਲ ਹੋਰਨਾਂ ਪੀੜਤਾਂ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਸਮੇਤ ਉਨ੍ਹਾਂ ਦੀ ਪਾਰਟੀ 'ਆਮ ਆਦਮੀ ਪਾਰਟੀ' ਦੇ ਕਾਰਕੁਨਾਂ ਨੇ ਵੀ ਇਸ ਪ੍ਰਦਰਸ਼ਨ 'ਚ ਸ਼ਾਮਿਲ ਹੋ ਕੇ ਇਕ ਦਿਨ ਦੀ ਭੁੱਖ ਹੜਤਾਲ ਰੱਖੀ ਅਤੇ ਸਿੱਖਾਂ ਨੂੰ ਨਿਆਂ ਦਿਵਾਉਣ ਲਈ ਕੀਤੇ ਜਾ ਰਹੇ ਸੰਘਰਸ਼ 'ਚ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿੱਖਾਂ ਦੇ ਕਤਲੇਆਮ ਦੇ ਮਾਮਲੇ 'ਚ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਨਿਰਦੋਸ਼ ਕਰਾਰ ਦਿੱਤੇ ਜਾਣ ਦੀ ਘਟਨਾ ਸਿਰਫ ਪੀੜਤ ਪਰਿਵਾਰਾਂ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਜ਼ੋਰਦਾਰ ਥੱਪੜ ਹੈ | ਉਨ੍ਹਾਂ ਕਿਹਾ ਕਿ ਪਿਛਲੇ 29 ਵਰਿ੍ਹਆਂ ਤੋਂ ਇਸ ਕਤਲੇਆਮ ਦੀ ਪੀੜਾਂ ਨੂੰ ਪਿੰਡੇ 'ਤੇ ਹੰਢਾਉਾਦੇ ਆ ਰਹੇ ਪੀੜਤਾਂ ਨਾਲ ਅਦਾਲਤ ਨੇ ਇਕ ਵਾਰ ਫੇਰ ਭੱਦਾ ਮਜ਼ਾਕ ਕੀਤਾ ਹੈ | ਕੇਜਰੀਵਾਲ ਨੇ ਕਿਹਾ ਕਿ ਇਨਸਾਫ ਦੀ ਇਸ ਲੜਾਈ ਵਿਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਪੀੜਤਾਂ ਦੇ ਨਾਲ ਹੈ ਅਤੇ ਜਦ ਤੱਕ ਸਿੱਖਾਂ ਨੂੰ ਨਿਆਂ ਨਹੀਂ ਮਿਲ ਜਾਂਦਾ ਉਹ ਸਿੱਖਾਂ ਨਾਲ ਮਿਲ ਕੇ ਅਨਿਆਂ ਦੇ ਖਿਲਾਫ ਸੰਘਰਸ਼ ਜਾਰੀ ਰੱਖਣਗੇ | ਕੇਜਰੀਵਾਲ ਨੇ ਕਿਹਾ ਕਿ ਹਕੂਮਤਾਂ ਵੱਲੋਂ ਵੋਟ ਬੈਂਕ ਲਈ ਨਫ਼ਰਤ ਦੀ ਰਾਜਨੀਤੀ ਕੀਤੀ ਜਾਂਦੀ ਹੈ ਪਰ ਸਾਡੀ ਅਜਿਹੀ ਕੋਈ ਲਾਲਸਾ ਨਹੀਂ, ਅਸੀਂ ਸਿਰਫ ਪਿਆਰ ਦੀ ਰਾਜਨੀਤੀ ਕਰਨ ਆਏ ਹਾਂ | ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਲੜਾਈ ਕਿਸੇ ਧਰਮ ਦੀ ਨਹੀਂ ਬਲਕਿ ਦੇਸ਼ ਨੂੰ ਬਚਾਉਣ ਦੀ ਲੜਾਈ ਹੈ, ਜਿਸ ਵਿਚ ਸਾਰਿਆਂ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ |


ਸ੍ਰਕਾਰ ਮੰਨੇ ਕਿ ਸਭ ਕੁਝ ਸਿਆਸੀ ਇਸ਼ਾਰੇ ‘ਤੇ ਹੋਇਆ - ਕੇਜਰੀਵਾਲ

 http://sameydiawaaz.com/Archive%20News/%5B2013%5D/05/04.05.2013%20-%2009.jpg

ਸਿੱਖ ਕਤਲੇਆਮ ਦੇ ਮੁੱਦੇ ‘ਤੇ ਸਿੱਖਾਂ ਦਾ ਸਾਥ ਦੇ ਰਹੇ ਅਰਵਿੰਦ ਕੇਜਰੀਵਾਲ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਪਹਿਲਾਂ ਤਾਂ ਸਰਕਾਰ ਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਇਹ ਦੰਗੇ ਨਹੀਂ ਬਲਕਿ ਸਿਆਸੀ ਇਸ਼ਾਰੇ ‘ਤੇ ਹੋਇਆ ਭਿਆਨਕ ਕਤਲੇਆਮ ਸੀ। ਉਨ੍ਹਾਂ ਕਿਹਾ ਕਿ ਕਤਲੇਆਮ ਨੂੰ ਦੰਗੇ ਦਸ ਕੇ ਇਨਸਾਫ ਦੇਣ ਦੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਅੱਜ ਕੇਜਰੀਵਾਲ ਨੇ ਆਪਣੀ ਟੀਮ ਸਮੇਤ ਮੁੜ ਭਰੋਸਾ ਦਿਵਾਇਆ ਕਿ ਇਨਸਾਫ ਦੀ ਇਸ ਲੜਾਈ ‘ਚ ਉਹ ਹਮੇਸ਼ਾ ਸਿੱਖਾਂ ਦਾ ਸਾਥ ਦਿੰਦੇ ਰਹਿਣਗੇ। ਬੀਬੀ ਨਿਰਪ੍ਰੀਤ ਕੌਰ ਨੇ ਚਾਰ ਮੰਗਾਂ ਮੁੜ ਦੁਹਰਾਇਆ ਅਤੇ ਕਿਹਾ ਕਿ ਉਕਤ ਮੰਗਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਕਾਰਵਾਈ ਕਰਕੇ ਸਿੱਖਾਂ ਨੂੰ ਨਿਆਂ ਦਿਵਾਏ। ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਕਿ ਇਹ ਇਨਸਾਫ਼ ਦੀ ਲੜਾਈ ਹੈ ਅਤੇ ਇਹ ਹਮਲਾ ਸਿੱਖਾਂ ‘ਤੇ ਨਹੀਂ ਲੋਕਤੰਤਰ ‘ਤੇ ਹੋਇਆ ਹੈ ਪਰ ਕਾਂਗਰਸੀ ਸਰਕਾਰਾਂ ਵੱਲੋਂ ਦੋਸ਼ੀਆਂ ਦਾ ਪੱਖ ਪੂਰਿਆ ਜਾ ਰਿਹਾ ਹੈ। ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਨਸਾਫ ਦੀ ਲੜਾਈ ‘ਚ ਸਾਥ ਦੇ ਰਹੇ ਅਰਵਿੰਦ ਕੇਜਰੀਵਾਲ ਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਅੰਨਾ ਹਜ਼ਾਰੇ ਨੂੰ ਇਸ ਸੰਘਰਸ਼ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।


ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਭੈਣ ਨੇ ਦਿਖਾਈ ਚਿਖਾ ਨੂੰ ਅਗਨੀ * ਦੋਵੇਂ ਬਾਦਲ, ਪਰਨੀਤ ਕੌਰ ਤੇ ਰਾਹੁਲ ਵੀ ਹਾਜ਼ਰ

 http://sameydiawaaz.com/Archive%20News/%5B2013%5D/05/04.05.2013%20-%2002.jpg

ਸਰਬਜੀਤ ਸਿੰਘ ਦੀ ਚਿਤਾ ਨੂੰ ਅਗਨੀ ਦਿਖਾਉਂਦੀ ਹੋਈ ਬੀਬੀ ਦਲਬੀਰ ਕੌਰ (ਫੋਟੋ: ਸਮੀਰ ਸਹਿਗਲ)

ਭਿੱਖੀਵਿੰਡ (ਤਰਨ ਤਾਰਨ) 3 ਮਈ (ਜਗਤਾਰ ਸਿੰਘ ਲਾਂਬਾ/ਰਣਜੀਤ ਸਿੰਘ ਰਾਣਾ) :- ਲਾਹੌਰ ਦੀ ਕੋਟ ਲੱਖਪਤ ਜੇਲ੍ਹ ਵਿਚ ਹੋਏ ਜਾਨਲੇਵਾ ਹਮਲੇ ਕਾਰਨ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭਿੱਖੀਵਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਜ਼ਾਰਾਂ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਚਿਤਾ ਨੂੰ ਅਗਨੀ ਭੈਣ ਬੀਬੀ ਦਲਬੀਰ ਕੌਰ ਨੇ ਦਿਖਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗ ਕੀਤੀ ਕਿ ਸਰਬਜੀਤ ਦੀ ਮੌਤ ਦੀ ਅੰਤਰਰਾਸ਼ਟਰੀ ਪੱਧਰ ‘ਤੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

ਸਰਬਜੀਤ ਦਾ ਸਸਕਾਰ ਭਿੱਖੀਵਿੰਡ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਮਾਤਮੀ ਧੁੰਨਾਂ ਵਜਾਈਆਂ ਗਈਆਂ ਅਤੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਗਈ। 2 ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ। ਜਦੋਂ ਉਨ੍ਹਾਂ ਦੀ ਚਿਖਾ ਨੂੰ ਬੀਬੀ ਦਲਬੀਰ ਕੌਰ ਨੇ ਅਗਨੀ ਦਿਖਾਈ ਤਾਂ ਉਸ ਵੇਲੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਗੂੰਜ ਰਹੇ ਸਨ। ਵੱਡੀ ਗਿਣਤੀ ਵਿਚ ਲੋਕ ਸ਼ਮਸ਼ਾਨਘਾਟ ਅਤੇ ਇਸ ਦੇ ਆਲੇ ਦੁਆਲੇ ਇਕੱਠੇ ਹੋਏ ਸਨ। ਲੋਕਾਂ ਨੇ ਆਲੇ ਦੁਆਲੇ ਦੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਉਸ ਦੀਆਂ ਅੰਤਮ  ਰਸਮਾਂ ਦੇਖੀਆਂ। ਇਸ ਤੋਂ ਪਹਿਲਾਂ ਸਵੇਰੇ 10 ਵਜੇ ਲਾਸ਼, ਜੋ  ਇਕ ਤਾਬੂਤ ਵਿਚ ਬੰਦ ਸੀ, ਨੂੰ ਇਕ ਸ਼ਿੰਗਾਰੀ ਹੋਈ ਗੱਡੀ ਰਾਹੀਂ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਲੈ ਜਾਇਆ ਗਿਆ, ਜਿਥੇ ਬਾਅਦ ਦੁਪਹਿਰ ਇਕ ਵਜੇ ਤਕ ਵੱਖ-ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਭਾਵੇਂ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ, ਪਰ ਹਾਜ਼ਰ ਲੋਕਾਂ ਵੱਲੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਾਏ ਜਾ ਰਹੇ ਸਨ। ਮੰਚ ਸੰਚਾਲਣ ਕਰ ਰਹੇ ਹਲਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਲੋਕਾਂ ਨੂੰ ਗੁਰਬਾਣੀ ਦੇ ਕੀਰਤਨ ਦੌਰਾਨ ਨਾਅਰੇ ਲਾਉਣ ਤੋਂ ਕਈ ਵਾਰ ਮਨ੍ਹਾਂ ਵੀ ਕੀਤਾ, ਪਰ ਲੋਕਾਂ ਵਿਚ ਇਸ ਘਟਨਾ ਖ਼ਿਲਾਫ਼ ਅਥਾਹ ਗੁੱਸਾ ਸੀ। ਸਰਬਜੀਤ ਦੀ ਅੰਤਮ ਯਾਤਰਾ ਵਿਚ ਕਈ ਅਹਿਮ ਸ਼ਖ਼ਸੀਅਤਾਂ, ਜਿਨ੍ਹਾਂ ਵਿਚ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ, ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ, ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ,  ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸ਼ਾਮਲ ਹੋਏ।  ਸਰਬਜੀਤ ਦੀ ਮ੍ਰਿਤਕ ਦੇਹ ਬੀਤੀ ਰਾਤ ਵਿਸ਼ੇਸ਼ ਹੈਲੀਕਾਪਟਰ ਰਾਹੀਂ ਭਿੱਖੀਵਿੰਡ ਪੁੱਜੀ ਸੀ, ਜਿਥੋਂ ਉਸ ਨੂੰ ਪੋਸਟ ਮਾਰਟਮ ਲਈ ਪੱਟੀ ਦੇ ਸਿਵਲ ਹਸਪਤਾਲ ਭੇਜਿਆ ਗਿਆ। ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਪੰਜ ਮੈਂਬਰੀ ਟੀਮ ਨੇ ਲਾਸ਼ ਦਾ ਪੋਸਟ ਮਾਰਟਮ ਕੀਤਾ ਅਤੇ ਮਗਰੋਂ ਰਾਤ ਢਾਈ ਵਜੇ ਲਾਸ਼ ਮੁੜ ਭਿੱਖੀਵਿੰਡ ਉਨ੍ਹਾਂ ਦੇ ਜੱਦੀ ਘਰ ਲਿਆਂਦੀ ਗਈ, ਜਿਥੇ ਸਾਰੀ ਰਾਤ ਲੋਕਾਂ ਨੇ ਹਾਜ਼ਰੀ ਭਰੀ। ਦੇਹ ਨੂੰ ਤਾਬੂਤ ਵਿਚ ਹੀ ਰੱਖਿਆ ਗਿਆ ਸੀ ਅਤੇ ਬਾਹਰ ਨਹੀਂ ਕੱਢਿਆ ਗਿਆ। ਮੰਚ ਸੰਚਾਲਕ ਨੇ ਦੱਸਿਆ ਕਿ ਦੇਹ ਬਾਹਰ ਰੱਖਣ ਯੋਗ ਨਹੀਂ ਹੈ। ਇਸ ਮੌਕੇ ਸਰਬਜੀਤ ਦੇ ਪਰਿਵਾਰਕ ਮੈਂਬਰਾਂ ਖਾਸ ਕਰਕੇ ਬੇਟੀਆਂ ਪੂਨਮ ਅਤੇ ਸਵੱਪਨਦੀਪ ਦਾ ਬੁਰਾ ਹਾਲ ਸੀ, ਜੋ ਰੋਂਦਿਆਂ ਵਾਰ ਵਾਰ ਇਹ ਕਹਿ ਰਹੀਆਂ ਸਨ ‘ਸਾਡੇ ਪਾਪਾ ਨੂੰ ਮਾਰ ਦਿੱਤਾ ਗਿਆ, ਉਹ ਹੁਣ ਇਕੱਲੇ ਰਹਿ ਗਏ ਹਨ’।

ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਆਏ ਮੁੱਖ ਮੰਤਰੀ ਸ੍ਰੀ ਬਾਦਲ ਨੇ ਇਸ ਮੌਕੇ ਸੰਖੇਪ ਗੱਲਬਾਤ ਦੌਰਾਨ ਆਖਿਆ ਕਿ ਸਰਬਜੀਤ ਦੀ ਮੌਤ ਦੀ ਜਾਂਚ ਅੰਤਰਰਾਸ਼ਟਰੀ ਪੱਧਰ ‘ਤੇ ਕਰਵਾਈ ਜਾਣੀ ਚਾਹੀਦੀ ਹੈ। ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਭਾਰਤੀ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਅਤੇ ਇਸ ਸਬੰਧ ਵਿਚ ਪਾਕਿਸਤਾਨ ਨਾਲ ਕੂਟਨੀਤਿਕ ਪੱਧਰ ‘ਤੇ ਸਖ਼ਤੀ ਨਾਲ ਮਾਮਲਾ ਉਠਾਇਆ ਜਾਵੇ। ਸਰਬਜੀਤ ਦੀ ਮੌਤ ਸਮੁੱਚੇ ਪੰਜਾਬ ਵਾਸੀਆਂ ਲਈ ਹੀ ਨਹੀਂ ਸਗੋਂ ਦੇਸ਼ ਵਾਸੀਆਂ ਲਈ ਦੁਖਦਾਈ ਤੇ ਦਰਦਨਾਕ ਹੈ। ਪਾਕਿਸਤਾਨ ਦੀ ਜੇਲ੍ਹ ਵਿਚ ਉਨ੍ਹਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸਰਬਜੀਤ ਦੀ ਮੌਤ ਦਾ ਵਿਛੋੜਾ ਉਨ੍ਹਾਂ ਦੇ ਪਰਿਵਾਰਕ ਜੀਅ ਦੇ ਵਿਛੋੜੇ ਵਾਂਗ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਪਾਕਿਸਤਾਨੀ ਨਾਗਰਿਕਾਂ ਦੀ ਸੁਰੱਖਿਆ ਸਬੰਧੀ ਉਨ੍ਹਾਂ ਆਖਿਆ ਕਿ ਇਸ ਬਾਰੇ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਨੂੰ ਹਦਾਇਤ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਅਤੇ ਦੱਸਿਆ ਕਿ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਮਾਇਕ ਮਦਦ, ਦੋਵਾਂ ਬੇਟੀਆਂ ਨੂੰ ਸਰਕਾਰੀ ਨੌਕਰੀ ਅਤੇ ਸਰਬਜੀਤ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਪੀੜਤ ਪਰਿਵਾਰ ਨੂੰ ਮਿਲੇ ਅਤੇ ਹੌਸਲਾ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਸਰਬਜੀਤ ਦੀ ਮੌਤ ਨੇ ਦੇਸ਼ ਨੂੰ ਇਕ ਵੱਡਾ ਸਦਮਾ ਦਿੱਤਾ ਹੈ। ਇਹ ਮੌਤ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਤੇ ਯੂ.ਪੀ.ਏ. ਸਰਕਾਰ ਵੱਲੋਂ ਇਸ ਪਰਿਵਾਰ ਦੀ ਔਖੀ ਘੜੀ ਵਿਚ ਹਰ ਸੰਭਵ ਮਦਦ ਕੀਤੀ ਗਈ ਹੈ।

ਸਰਬਜੀਤ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਵਾਲੇ ਹੋਰ ਪਤਵੰਤਿਆਂ ਵਿਚ ਕੈਬਨਿਟ ਮੰਤਰੀ  ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਅਨਿਲ ਜੋਸ਼ੀ, ਚੁੰਨੀ ਲਾਲ ਭਗਤ, ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਵਿਜੇ ਇੰਦਰ ਸਿੰਗਲਾ, ਕਾਂਗਰਸ ਦੇ ਮੈਂਬਰ ਵਰਕਿੰਗ ਕਮੇਟੀ ਗੁਲਚੈਨ ਸਿੰਘ ਚਾੜਕ ਅਤੇ ਪੰਜਾਬ ਮਾਮਲਿਆਂ ਦੇ ਸਕੱਤਰ ਇੰਚਾਰਜ ਹਰੀਸ਼ ਚੌਧਰੀ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੀਤ ਚੇਅਰਮੈਨ ਰਾਜ ਕੁਮਾਰ ਵੇਰਕਾ, ਫਤਹਿਜੰਗ ਸਿੰਘ ਬਾਜਵਾ, ਵਿਧਾਇਕ ਓ.ਪੀ. ਸੋਨੀ ਤੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਸ਼ਾਮਲ ਸਨ।


ਖੋਪੜੀ, ਜਬਾੜਾ ਤੇ  ਪਸਲੀਆਂ ਟੁੱਟੀਆਂ - ਪੋਸਟਮਾਰਟਮ ਰਿਪੋਰਟ

ਅੰਮ੍ਰਿਤਸਰ 3 ਮਈ :-  ਲਾਹੌਰ ਦੀ ਕੋਟ ਲੱਖਪਤ ਜੇਲ੍ਹ ਵਿਚ ਭਾਰਤੀ ਕੈਦੀ ਸਰਬਜੀਤ ਸਿੰਘ ‘ਤੇ ਹੋਏ ਜਾਨਲੇਵਾ ਹਮਲੇ ‘ਚ ਉਸ ਦੀ ਖੋਪੜੀ ਦੀ ਹੇਠਲੇ ਹਿੱਸੇ ਦੀ ਹੱਡੀ ਚਕਨਾਚੂਰ ਹੋ ਗਈ ਸੀ। ਇਸ ਤੋਂ ਇਲਾਵਾ ਉਸ ਦੇ ਜਬਾੜੇ ਦੀਆਂ ਹੱਡੀਆਂ ਅਤੇ ਪੰਜ ਪਸਲੀਆਂ ਵੀ ਟੁੱਟੀਆਂ ਸਨ ਜਦੋਂਕਿ ਉਸ ਦੇ ਸਿਰ ਦੇ ਉਪਰ ਅਤੇ ਪਿਛਲੇ ਹਿੱਸੇ ਵਿਚ, ਦੋਵੇਂ ਪੁੜਪੁੜੀਆਂ ਉਪਰ, ਦੋਵੇਂ ਮੋਢਿਆਂ ਦੇ ਅੱਗੇ ਤੇ ਪਿੱਛੇ ਅਤੇ ਬੁੱਲ੍ਹਾਂ ਸਮੇਤ ਹੋਰ ਥਾਵਾਂ ‘ਤੇ ਸੱਟਾਂ ਦੇ ਨਿਸ਼ਾਨ ਸਨ। ਇਹ ਖੁਲਾਸਾ ਦੇਹ ਦਾ ਬੀਤੀ ਰਾਤ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਤੋਂ ਹੋਇਆ ਹੈ। ਇਹ ਖੁਲਾਸਾ ਵੀ ਕੀਤਾ ਗਿਆ ਹੈ ਕਿ ਸਰਬਜੀਤ ਦੀ ਮੌਤ ਇੱਥੇ ਲਾਸ਼ ਲਿਆਉਣ ਤੋਂ 24 ਘੰਟੇ ਪਹਿਲਾਂ ਹੀ ਹੋਈ ਸੀ ਤੇ ਉਸ ਨੂੰ ਜਾਣ-ਬੁੱਝ ਕੇ ਵੈਂਟੀਲੇਟਰ ‘ਤੇ ਨਹੀਂ ਸੀ ਰੱਖਿਆ ਗਿਆ।  ਫਿਲਹਾਲ ਪਾਕਿਸਤਾਨ ਸਰਕਾਰ ਵੱਲੋਂ ਸਰਬਜੀਤ ਦੀ ਪੋਸਟਮਾਰਟਮ ਰਿਪੋਰਟ ਅਤੇ ਇਲਾਜ ਸਬੰਧੀ ਲੋੜੀਂਦੇ ਦਸਤਾਵੇਜ਼ ਵੀ ਨਹੀਂ ਭੇਜੇ ਗਏ, ਜੋ ਹੁਣ ਉਸ ਕੋਲੋਂ ਮੰਗੇ ਜਾਣਗੇ।  ਦੇਹ ਦਾ ਪੋਸਟਮਾਰਟਮ ਪੱਟੀ ਦੇ ਸਿਵਲ ਹਸਪਤਾਲ ‘ਚ ਕੀਤਾ ਗਿਆ। ਪੋਸਟਮਾਰਟਮ ਕਰਨ ਵਾਲੀ ਪੰਜ ਮੈਂਬਰੀ ਟੀਮ ਵਿਚ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮਾਹਰ ਸ਼ਾਮਲ ਸਨ, ਜਿਨ੍ਹਾਂ ਵਿਚ ਫੋਰੈਂਸਿਕ ਮੈਡੀਸਨ ਵਿਭਾਗ ਦੇ ਮੁਖੀ ਡਾ. ਗੁਰਮਨਜੀਤ ਰਾਏ, ਸਰਜਰੀ ਵਿਭਾਗ ਦੇ ਮੁਖੀ ਡਾ. ਸੁਧੀਰ ਖਿੱਚੇ, ਮੈਡੀਸਨ ਵਿਭਾਗ ਦੇ ਮੁਖੀ ਡਾ. ਐਚ.ਐਸ. ਸੋਹਲ, ਪੈਥਾਲੋਜੀ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਅਤੇ ਐਨੇਸਥੀਜ਼ੀਆ ਵਿਭਾਗ ਦੀ ਮੁਖੀ ਡਾ. ਵੀਨਾ ਚਤਰਥ ਸ਼ਾਮਲ ਸਨ। ਇਨ੍ਹਾਂ ਡਾਕਟਰਾਂ ਦੀ ਟੀਮ ਨੇ ਅੱਜ ਇੱਥੇ ਮੈਡੀਕਲ ਕਾਲਜ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੋਸਟਮਾਰਟਮ ਰਿਪੋਰਟ ਦਾ ਖੁਲਾਸਾ ਕੀਤਾ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਐਸ.ਐਸ. ਸ਼ੇਰਗਿੱਲ ਦੀ ਹਾਜ਼ਰੀ ਵਿਚ ਪੋਸਟਮਾਰਟਮ ਟੀਮ ਦੀ ਅਗਵਾਈ ਕਰ ਰਹੇ ਡਾ. ਗੁਰਮਨਜੀਤ ਰਾਏ ਨੇ ਦੱਸਿਆ ਕਿ ਦੇਹ ਦਾ ਇੱਥੇ ਦੂਜੀ ਵਾਰ ਪੋਸਟਮਾਰਟਮ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿਖੇ ਪੋਸਟਮਾਰਟਮ ਹੋਇਆ ਸੀ। ਬੀਤੀ ਰਾਤ ਕੀਤੇ ਪੋਸਟਮਾਰਟਮ ਦੌਰਾਨ ਸਾਹਮਣੇ ਆਇਆ ਹੈ ਕਿ ਉਸ ਦੀ ਖੋਪੜੀ ਦੇ ਖੱਬੇ ਪਾਸੇ ਕੰਨ ਕੋਲ ਕਿਸੇ ਭਾਰੀ ਹਥਿਆਰ ਨਾਲ ਸੱਟ ਮਾਰੀ ਗਈ ਹੈ, ਜਿਸ ਦੇ ਸਿੱਟੇ ਵਜੋਂ ਖੋਪੜੀ ਦੇ ਥੱਲੇ ਹਿੱਸੇ ਦੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ। ਇਸ ਸੱਟ ਕਾਰਨ ਉਸ ਦੇ ਖੱਬੇ ਕੰਨ ਤੋਂ ਲੈ ਕੇ ਹੇਠਾਂ ਜਬਾੜੇ ਅਤੇ ਸੱਜੇ ਕੰਨ ਤਕ ਹੱਡੀਆਂ ਟੁੱਟ ਗਈਆਂ ਇਸ ਕਾਰਨ ਦਿਮਾਗ ਦੇ ਅੰਦਰ ਖ਼ੂਨ ਦਾ ਵਹਾਅ ਸ਼ੁਰੂ ਹੋ ਗਿਆ, ਜਿਸ ਨਾਲ ਦਿਮਾਗ ਵਿਚ ਵੱਡੇ ਪੱਧਰ ‘ਤੇ ਖੂਨ ਜੰਮ ਗਿਆ, ਜੋ ਉਸ ਦੇ ਕੋਮਾ ਵਿਚ ਜਾਣ ਦਾ ਕਾਰਨ ਬਣਿਆ। ਉਨ੍ਹਾਂ ਦੱਸਿਆ ਕਿ ਉਸ ਦੇ ਜਬਾੜੇ ਦੀਆਂ ਹੱਡੀਆਂ ਵੀ ਟੁੱਟੀਆਂ ਹੋਈਆਂ ਸਨ। ਇਸੇ ਤਰ੍ਹਾਂ ਖੱਬੇ ਪਾਸੇ ਦੀਆਂ ਤਿੰਨ  ਅਤੇ ਸੱਜੇ ਪਾਸੇ ਦੀਆਂ ਦੋ ਪਸਲੀਆਂ ਟੁੱਟੀਆਂ ਹੋਈਆਂ ਸਨ। ਉਸ ਦੇ ਸਿਰ ਉਪਰ ਅਤੇ ਸਿਰ ਦੇ ਪਿਛਲੇ ਪਾਸੇ ਵੀ ਕੁਝ ਸੱਟਾਂ ਸਨ, ਜਿਨ੍ਹਾਂ ਵਿਚੋਂ ਕੁਝ ਨੂੰ ਟਾਂਕੇ ਲਾਏ ਹੋਏ ਸਨ ਅਤੇ ਕੁਝ ਬਿਨਾਂ ਟਾਂਕਿਆਂ ਤੋਂ ਸਨ। ਉਸ ਦੇ ਦੋਵੇਂ ਮੋਢਿਆਂ ਦੇ ਦੋਵੇਂ ਪਾਸੇ ਵੀ ਸੱਟਾਂ ਦੇ ਨਿਸ਼ਾਨ ਸਨ, ਜਿਨ੍ਹਾਂ ਕਾਰਨ ਸਰੀਰ ‘ਤੇ ਨੀਲ ਪਏ ਹੋਏ ਸਨ।

ਸਰੀਰ ਵਿਚੋਂ ਪੇਟ ਦਾ ਅੰਦਰੂਨੀ ਹਿੱਸਾ, ਪਿੱਤਾ, ਦਿਲ ਅਤੇ ਦੋਵੇਂ ਗੁਰਦੇ ਵੀ ਨਹੀਂ ਸਨ, ਜਿਸ ਬਾਰੇ ਅਨੁਮਾਨ ਹੈ ਕਿ ਇਹ ਅੰਗ ਵਿਸਰਾ ਜਾਂਚ ਲਈ ਕੱਢੇ ਗਏ ਹੋਣਗੇ।  ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਲਾਸ਼ ਦੇ ਨਾਲ ਸਿਰਫ ਇਕ ਮੌਤ ਦਾ ਸਰਟੀਫਿਕੇਟ ਭੇਜਿਆ ਗਿਆ ਹੈ, ਜੋ ਲਾਹੌਰ ਦੇ ਜਿਨਾਹ ਹਸਪਤਾਲ ਦਾ ਬਣਿਆ ਹੋਇਆ ਹੈ। ਪਾਕਿਸਤਾਨ ਸਰਕਾਰ ਨੂੰ ਲਾਸ਼ ਦੇ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਅਤੇ ਹਸਪਤਾਲ ਵਿਚ ਹੋਏ ਇਲਾਜ ਦੀ ਵਿਸਥਾਰਤ ਜਾਣਕਾਰੀ ਸਬੰਧੀ ਲੋੜੀਂਦੇ ਦਸਤਾਵੇਜ਼ ਨਾਲ ਹੀ ਭੇਜਣੇ ਚਾਹੀਦੇ ਸਨ, ਜੋ ਕਿ ਹੁਣ ਪਾਕਿਸਤਾਨ ਸਰਕਾਰ ਕੋਲੋਂ ਮੰਗੇ ਜਾਣਗੇ। ਉਨ੍ਹਾਂ ਆਖਿਆ ਕਿ ਦੂਜੀ ਵਾਰ ਪੋਸਟਮਾਰਟਮ ਕਰਨ ਸਮੇਂ ਪਹਿਲੇ ਪੋਸਟ ਮਾਰਟਮ ਦੀ ਰਿਪੋਰਟ ਹੋਣਾ ਜ਼ਰੂਰੀ ਸੀ। ਉਨ੍ਹਾਂ ਦੱਸਿਆ ਕਿ ਜਿਨਾਹ ਹਸਪਤਾਲ ਵੱਲੋਂ ਭੇਜੇ ਗਏ ਮੌਤ ਦੇ ਸਰਟੀਫਿਕੇਟ ਵਿਚ ਇਹ ਦਰਜ ਹੈ ਕਿ ਉਸ ਦੇ ਸਿਰ ‘ਤੇ ਵੱਡੀ ਸੱਟ ਲੱਗੀ ਹੈ, ਜਦੋਂਕਿ ਮੌਤ ਦਾ ਕਾਰਨ ਦਿਲ ਦੀ ਧੜਕਣ ਬੰਦ ਹੋਣਾ ਦੱਸਿਆ ਗਿਆ ਹੈ। ਭਾਰਤੀ ਡਾਕਟਰਾਂ ਮੁਤਾਬਕ ਸਰਬਜੀਤ ਦੀ ਮੌਤ ਉਨ੍ਹਾਂ ਨੂੰ ਮ੍ਰਿਤਕ ਦੇਹ ਮਿਲਣ ‘ਤੇ ਲਗਪਗ 24 ਘੰਟੇ ਪਹਿਲਾਂ ਹੋਈ ਹੋਵੇਗੀ। ਉਨ੍ਹਾਂ ਇਸ ਸੰਭਾਵਨਾ ਨੂੰ ਰੱਦ ਕੀਤਾ ਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸ ਨੂੰ ਜਾਣ ਬੁੱਝ ਕੇ ਵੈਂਟੀਲੇਟਰ ‘ਤੇ ਰੱਖਿਆ ਗਿਆ। ਪੋਸਟਮਾਰਟਮ ਦੌਰਾਨ ਇਹ ਪਤਾ ਲਾਉਣ ਦਾ ਵੀ ਯਤਨ ਕੀਤਾ ਗਿਆ ਹੈ ਕਿ ਉਸ ਨੂੰ ਜ਼ਹਿਰ ਤਾਂ ਨਹੀਂ ਦਿੱਤਾ ਗਿਆ। ਇਸ ਸਬੰਧ ਵਿਚ ਵਿਸਰੇ ਨੂੰ ਅਗਲੀ ਜਾਂਚ ਲਈ ਭੇਜਿਆ ਗਿਆ ਹੈ। ਵਿਸਰੇ ਦੀ ਜਾਂਚ ਲਈ ਉਸ ਦੀਆਂ ਅੰਤੜੀਆਂ ਅਤੇ ਮਿਹਦੇ ਦਾ ਕੁਝ ਹਿੱਸਾ ਭੇਜਿਆ ਗਿਆ ਹੈ ਜਦੋਂਕਿ ਉਸ ਦੇ ਕਈ ਅੰਗ ਪਹਿਲਾਂ ਹੀ ਨਹੀਂ ਹਨ, ਜੋ ਵਿਸਰਾ ਜਾਂਚ ਲਈ ਜ਼ਰੂਰੀ ਸਨ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਹਿਸਟੋਪਥੋਲੋਜੀ ਪ੍ਰੀਖਣ ਦੀ ਰਿਪੋਰਟ ਆਉਣ ਮਗਰੋਂ ਮੌਤ ਦੇ ਸਹੀ ਕਾਰਨ ਬਾਰੇ ਸਪੱਸ਼ਟ ਹੋ ਜਾਵੇਗਾ।


ਪੰਜਾਬ ਵਿਧਾਨ ਸਭਾ ਨੇ ਸਰਬਜੀਤ ਸਿੰਘ ਨੂੰ ‘ਕੌਮੀ ਸ਼ਹੀਦ’ ਐਲਾਨਿਆ

 http://sameydiawaaz.com/Archive%20News/%5B2013%5D/05/04.05.2013%20-%2005.jpg

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਸਮਾਪਤੀ ਬਾਅਦ ਸਾਥੀ ਵਿਧਾਇਕਾਂ ਤੋਂ ਵਿਦਾਇਗੀ ਲੈਂਦੇ ਹੋਏ

ਚੰਡੀਗੜ੍ਹ 3 ਮਈ :- ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾ ਵਿਸ਼ੇਸ਼ ਸੈਸ਼ਨ ‘ਤੇ ਅੱਜ ਸਰਬਜੀਤ ਸਿੰਘ ਦੀ ਮੌਤ ਦਾ ਅਸਰ ਦਿਖਾਈ ਦਿੱਤਾ। ਸਦਨ ਨੇ ਪਾਕਿਸਤਾਨ ਵਿੱਚ ਕਤਲ ਕੀਤੇ ਗਏ ਇਸ ਭਾਰਤੀ ਨਾਗਰਿਕ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਚਰਚਾ ਕੀਤੇ ਜਾਣ ਵਾਲੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ। ਵਿਧਾਨ ਸਭਾ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਮਦਨ ਮੋਹਨ ਮਿੱਤਲ ਨੇ ਵੀ ਸਰਕਾਰੀ ਕੰਮ ਕਾਰ ਤੋਂ ਬਿਨਾਂ ਹੋਰ ਕਾਰੋਬਾਰ ਨੂੰ ਮੁਅੱਤਲ ਕਰਨ ਦਾ ਮਤਾ ਲਿਆਂਦਾ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਸਮੇਤ ਕਾਂਗਰਸ ਦੇ ਮੈਂਬਰਾਂ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਨਾਲ ਮੁਲਾਕਾਤ ਕਰਕੇ ਕਿਹਾ ਕਿ ਜੇਕਰ ਸਦਨ ਦੇ ਨੇਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਸੇ ਮੁੱਦੇ ‘ਤੇ ਸਦਨ ਵਿੱਚ ਬੋਲਣਗੇ ਤਾਂ ਕਾਂਗਰਸ ਦੇ ਮੈਂਬਰਾਂ ਨੂੰ ਵੀ ਬਰਾਬਰ ਦਾ ਮੌਕਾ ਦਿੱਤਾ ਜਾਵੇ। ਦੋਹਾਂ ਧਿਰਾਂ ਦਰਮਿਆਨ ਇਹੀ ਸਹਿਮਤੀ ਹੋਈ ਕਿ ਸਰਬਜੀਤ ਸਿੰਘ ਦੀ ਮੌਤ ਦਾ ਮੁੱਦਾ ਨਾਜ਼ੁਕ ਹੈ। ਇਸ ਲਈ ਉਸ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸਦਨ ਉਠਾ ਦਿੱਤਾ ਜਾਵੇ। ਸਦਨ ਵਿੱਚ ਪਹਿਲਾਂ ਤਾਂ ਸਰਬਜੀਤ ਸਿੰਘ ਸਮੇਤ ਹੋਰਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਮੁੜ ਸਦਨ ਜੁੜਨ ‘ਤੇ ਮੁੱਖ ਮੰਤਰੀ ਨੇ ਸਦਨ ਵਿੱਚ ਮਤਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਸਦਨ ਦੀ ਕਾਰਵਾਈ 14 ਮਿੰਟ ਹੀ ਚੱਲੀ। ਸ੍ਰੀ ਬਾਦਲ ਨੇ ਜਿਹੜਾ ਮਤਾ ਪੇਸ਼ ਕੀਤਾ ਉਸ ਵਿੱਚ ਵਿਧਾਨ ਸਭਾ ਨੇ ਅੱਜ ਸਰਬਜੀਤ ਸਿੰਘ ਨੂੰ  ‘ਕੌਮੀ ਸ਼ਹੀਦ’ ਕਰਾਰ ਦਿੱਤਾ। ਮੁੱਖ ਮੰਤਰੀ ਨੇ ਮਤੇ ਰਾਹੀਂ ਕਿਹਾ ਕਿ ਵਿਧਾਨ ਸਭਾ ਦਾ ਅੱਜ ਦਾ ਇਹ ਹੰਗਾਮੀ ਇਜਲਾਸ ਪਾਕਿਸਤਾਨ ਦੀ ਜੇਲ੍ਹ ਵਿਚ ਹੋਏ  ਕਤਲ ਉਤੇ ਦੱੁਖ ਦਾ ਪ੍ਰਗਟਾਵਾ ਕਰਦਾ ਹੈ। ਇਹ ਇਜਲਾਸ ਉਨ੍ਹਾਂ ਨੂੰ ਦੇਸ਼ ਦਾ ਸ਼ਹੀਦ ਸਮਝਦੇ ਹੋਏ ਉਨ੍ਹਾਂ ਨੂੰ ਭਰਪੂਰ ਸ਼ਰਧਾਂਜ਼ਲੀ ਭੇਟ ਕਰਦਾ ਹੈ। ਇਜਲਾਸ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਸਰਬਜੀਤ ਸਿੰਘ ਦੀ ਸ਼ਹਾਦਤ ਦੇ ਕਾਰਨਾਂ ਦੀ ਕਿਸੇ ਨਿਰਪੱਖ ਅੰਤਰਰਾਸ਼ਟਰੀ ਏਜੰਸੀ ਤੋਂ ਜਾਂਚ ਕਰਵਾਉਣ ਲਈ ਅੰਤਰਰਾਸ਼ਟਰੀ ਦਬਾਅ ਬਣਾਇਆ ਜਾਏ। ਇਹ ਇਜਲਾਸ ਕੇਂਦਰ ਸਰਕਾਰ ਤੋਂ ਇਹ ਮੰਗ ਵੀ ਕਰਦਾ ਹੈ ਕਿ  ਉਹ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿਚ ਭਾਰਤੀ ਅਤੇ ਭਾਰਤੀ ਮੂਲ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਤੇ ਪ੍ਰਭਾਵਸ਼ਾਲੀ ਕੂਟਨੀਤਿਕ ਪਹਿਲ-ਕਦਮੀ ਕਰੇ। ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਮੁੱਖ ਮੰਤਰੀ ਵੱਲੋਂ ਲਿਆਂਦੇ ਮਤੇ ਦੀ ਪ੍ਰੋੜਤਾ ਕੀਤੀ ਤੇ ਸਪੀਕਰ ਨੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰਨ ਦਾ ਐਲਾਨ ਕਰ ਦਿੱਤਾ।

ਬਾਦਲਾਂ ਵੱਲੋਂ ਵਿਰੋਧੀ ਆਗੂਆਂ ਨਾਲ ਨਿੱਘੀ ਮਿਲਣੀ: ਸਦਨ ਦੇ ਉਠ ਜਾਣ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਜਾਖੜ, ਸੀਨੀਅਰ ਆਗੂ ਲਾਲ ਸਿੰਘ ਤੇ ਰਾਜਿੰਦਰ ਕੌਰ ਭੱਠਲ ਆਦਿ ਗਰਮ ਜੋਸ਼ੀ ਨਾਲ ਮਿਲ ਰਹੇ ਸਨ। ਵਿਧਾਨ ਸਭਾ ਵਿੱਚ ਪਿਛਲੇ ਦੋ ਸੈਸ਼ਨਾਂ ਦਸੰਬਰ ਮਹੀਨੇ ਸਰਦ ਰੁੱਤ ਸੈਸ਼ਨ ਤੇ ਉਸ ਤੋਂ ਬਾਅਦ ਬਜਟ ਸੈਸ਼ਨ ਦੌਰਾਨ ਤਲਖੀ ਵਾਲਾ ਮਹੌਲ ਹੀ ਰਿਹਾ ਹੈ। ਪੰਜਾਬ ਵਿਧਾਨ ਸਭਾ ਨੇ ਜਿਨ੍ਹਾਂ ਹੋਰਨਾਂ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਨ੍ਹਾਂ ਵਿੱਚ ਸਾਬਕਾ ਸੰਸਦ ਮੈਂਬਰ ਸੁਰਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਰਮੇਸ਼ ਚੰਦਰ ਡੋਗਰਾ, ਉਘੀ ਗਾਇਕਾ ਸ਼ਮਸ਼ਾਦ ਬੇਗਮ ਸ਼ਾਮਲ ਹਨ।


ਜੰਮੂ ਦੀ ਜੇਲ੍ਹ ’ਚ ਪਾਕਿਸਤਾਨੀ ਕੈਦੀ ’ਤੇ ਹਮਲਾ, ਅਤਿ ਨਾਜ਼ੁਕ ਹਾਲਤ ’ਚ ਹਸਪਤਾਲ ’ਚ ਭਰਤੀ

http://sameydiawaaz.com/Archive%20News/%5B2013%5D/05/04.05.2013%20-%2001.jpg  http://sameydiawaaz.com/Archive%20News/%5B2013%5D/05/04.05.2013%20-%2004.jpg

ਜੰਮੂ 3 ਮਈ :- ਸਰਬਜੀਤ ਦੀ ਮੌਤ ਦਾ ਖਮਿਆਜ਼ਾ ਹੁਣ ਭਾਰਤੀ ਜੇਲ੍ਹਾਂ ’ਚ ਬੰਦ ਪਾਕਿਸਤਾਨੀ ਕੈਦੀਆਂ ਨੂੰ ਭੁਗਤਣਾ ਪੈ ਰਿਹਾ ਹੈ।ਸਰਬਜੀਤ ਦਾ ਅਜੇ ਅੰਤਿਮ ਸੰਸਕਾਰ ਵੀ ਨਹੀਂ ਹੋਇਆ ਸੀ ਕਿ ਜੰਮੂ ਦੀ ਕੋਟ ਬਲਵਲ ਜੇਲ ‘ਚ ਬੰਦ ਇਕ ਪਾਕਿਸਤਾਨੀ ਕੈਦੀ ‘ਤੇ ਕੁਝ ਭਾਰਤੀ ਕੈਦੀਆਂ ਨੇ ਹਮਲਾ ਕਰ ਦਿੱਤਾ। ਉਸ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਵਾਲਾ ਕੈਦੀ ਉਤਰਾਖੰਡ ਦਾ ਹੈ ਅਤੇ ਉਹ ਹੱਤਿਆ ਦਾ ਦੋਸ਼ੀ ਹੈ। ਫਿਲਹਾਲ ਇਹ ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਹਮਲਾ  ਲਾਹੌਰ ਦੀ ਜੇਲ ‘ਚ ਭਾਰਤੀ ਕੈਦੀ ਸਰਬਜੀਤ ਸਿੰਘ ‘ਤੇ ਹੋਏ ਹਮਲੇ ਨੂੰ ਲੈ ਕੇ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹੈ। ਜ਼ਖਮੀ ਪਾਕਿਸਤਾਨੀ ਕੈਦੀ ਦੀ ਪਛਾਣ ਸਨਾਊਲਾਹ ਦੇ ਰੂਪ ‘ਚ ਹੋਈ ਹੈ। ਪਹਿਲਾਂ ਉਸ ਨੂੰ ਜੰਮੂ ਦੇ ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ (ਜੀ. ਐਮ. ਸੀ.) ‘ਚ ਦਾਖਲ ਲਿਜਾਇਆ ਗਿਆ, ਜਿੱਥੋਂ ਉਸਦੀ ਬਹੁਤ ਹੀ ਗਭੰੀ੍ਰ ਹਾਲਤ ਨੂੰ ਵੇਖਿਦਆਂ ਹੋਇਆਂ ਪੀ.ਜੀ,ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਉਹ ਹੁਣ ਕੋਮਾ ‘ਚ ਹੈ। ਸਨਾਊਲਾਹ ਜੰਮੂ ਦੀ ਕੋਟ ਬਲਵਲ ਜੇਲ ‘ਚ ਪਿਛਲੇ 17 ਸਾਲਾਂ ਤੋਂ ਬੰਦ ਹੈ। ਸਰਬਜੀਤ ‘ਤੇ ਹੋਏ ਹਮਲੇ ਤੋਂ ਬਾਅਦ ਵੀਰਵਾਰ ਨੂੰ ਹੀ ਗ੍ਰਹਿ ਮੰਤਰਾਲੇ ਨੇ ਸਭ ਸੂਬਿਆਂ ਨੂੰ ਭਾਰਤੀ ਜੇਲਾਂ ‘ਚ ਬੰਦ ਲਗਭਗ 200 ਪਾਕਿਸਤਾਨੀ ਕੈਦੀਆਂ ਲਈ ਸੁਰੱਖਿਆ ਵਿਵਸਥਾ ਵਧਾਏ ਜਾਣ ਦਾ ਹੁਕਮ ਦਿੱਤਾ ਸੀ। ਜੰਮੂ ਤੇ ਕਸ਼ਮੀਰ ਸਰਕਾਰ ਨੇ ਕੋਟ ਬਲਵਲ ਜੇਲ੍ਹ ਦੇ ਸੁਪਰਡੈਂਟ ਰਜਨੀ ਸਹਿਗਲ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਘਟਨਾ ਦੀ ਜਾਂਚ ਦਾ ਹੁਕਮ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਵਾਸੀ ਸਨਾਉੱਲਾ ਨੂੰ ਬੇਹੋਸ਼ੀ ਹਾਲਤ ਵਿਚ ਸਰਕਾਰੀ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਪੀ ਜੀ. ਆਈ. ਚੰਡੀਗੜ੍ਹ ਭੇਜ ਦਿੱਤਾ। ਸਨਾਉੱਲਾ ‘ਤੇ ਹਮਲਾ ਕਰਨ ਵਾਲੇ ਕੈਦੀ ਵਿਨੋਦ ਕੁਮਾਰ ਖਿਲਾਫ ਹਮਲੇ ਦਾ ਕੇਸ ਦਰਜ ਕਰ ਲਿਆ ਹੈ ਜਿਹੜਾ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਸਾਬਕਾ ਫ਼ੌਜੀ ਕੁਮਾਰ ਉੱਤਰਾਖੰਡ ਦਾ ਰਹਿਣ ਵਾਲਾ ਹੈ। ਸਨਾਉਲਾ ਅਪ੍ਰੈਲ 1999 ਵਿਚ ਅੱਤਵਾਦੀ ਕਾਰਵਾਈਆਂ ਨਾਲ ਸਬੰਧਤ ਪੰਜ ਮਾਮਲਿਆਂ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਸੀ। ਪਾਕਿਸਤਾਨ ਵਿਚ 49 ਸਾਲਾ ਸਰਬਜੀਤ ਦੀ ਮੌਤ ਪਿੱਛੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਜੇਲ੍ਹਾਂ ਵਿਚ ਚੌਕਸੀ ਵਧਾ ਦੇਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕਿਸੇ ਵੀ ਪਾਕਿਸਤਾਨੀ ਕੈਦੀ ‘ਤੇ ਹਮਲਾ ਨਾ ਹੋਵੇ। ਭਾਰਤੀ ਜੇਲ੍ਹਾਂ ਵਿਚ 220 ਪਾਕਿਸਤਾਨੀ ਮਛੇਰੇ ਬੰਦ ਹਨ। ਇਸੇ ਤਰ੍ਹਾਂ ਪਾਕਿਸਤਾਨੀ ਜੇਲ੍ਹਾਂ ਵਿਚ ਇੰਨੇ ਹੀ ਭਾਰਤੀ ਬੰਦ ਹਨ।


ਪਾਕਿ ਕੈਦੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ

ਜੰਮੂ ਵਿਚ ਆਪਣੇ ਨਾਗਰਿਕਾਂ ‘ਤੇ ਹਮਲਿਆਂ ਲਈ ਚਿੰਤਾ ਜ਼ਾਹਿਰ ਕਰਦਿਆਂ ਪਾਕਿਸਤਾਨ ਨੇ ਅੱਜ ਭਾਰਤ ਨੂੰ ਕਿਹਾ ਕਿ ਉਹ ਜੇਲ੍ਹਾਂ ਵਿਚ ਬੰਦ ਉਸ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਵੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਐਜ਼ਾਜ਼ ਅਹਿਮਦ ਚੌਧਰੀ ਨੇ ਕਿਹਾ ਕਿ ਸਾਨੂੰ ਸਨਾਉੱਲਾ ‘ਤੇ ਹਮਲੇ ਨੂੰ ਲੈ ਕੇ ਗੰਭੀਰ ਚਿੰਤਾ ਹੈ, ਅਸੀਂ ਭਾਰਤ ਸਰਕਾਰ ਨੂੰ ਭਾਰਤੀ ਜੇਲ੍ਹਾਂ ਵਿਚ ਬੰਦ ਸਾਰੇ ਪਾਕਿਸਤਾਨੀ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਸ ਦੀ ਜ਼ਿੰਮੇਵਾਰੀ ਨੂੰ ਚੇਤੇ ਕਰਵਾਉਂਦੇ ਹਾਂ। ਸ੍ਰੀ ਚੌਧਰੀ ਨੇ ਸਨਾਉੱਲਾ ‘ਤੇ ਹਮਲੇ ਨੂੰ ਸਰਬਜੀਤ ਸਿੰਘ ਦੀ ਮੌਤ ਦੀ ਜਵਾਬੀ ਕਾਰਵਾਈ ਆਖਿਆ ਹੈ ਅਤੇ ਕਿਹਾ ਕਿ ਇਹ ਨਿੰਦਣਯੋਗ ਹੈ।


ਲਾਸ ਏਂਜਲਸ ਵਿੱਚ ਲੱਗੀ ਭਿਆਨਕ ਅੱਗ

 http://sameydiawaaz.com/Archive%20News/%5B2013%5D/05/04.05.2013%20-%2006.jpg

ਅਮਰੀਕੀ ਰਾਜ ਕੈਲੇਫੋਰਨੀਆ ਵਿਚ ਪੈਂਦੇ ਸ਼ਹਿਰ ਥਾਊਜ਼ ਐਂਡ ਓਕਸ ਨੇੜੇ ਵੀਰਵਾਰ ਨੂੰ ਲੱਗੀ ਭਿਆਨਕ ਅੱਗ ਦਾ ਦ੍ਰਿਸ਼ (ਫੋਟੋ: ਏ.ਪੀ.)

ਲਾਸ ਏਂਜਲਸ 3 ਮਈ :- ਲਾਸ ਏਂਜਲਸ ਦੇ ਬਾਹਰਵਾਰ ਪਹਾੜੀ ਪੇਂਡੂ ਖੇਤਰ ‘ਚ ਭਾਰੀ ਅੱਗ ਲੱਗ ਗਈ ਹੈ, ਜਿਸ ਕਾਰਨ ਕੈਲੀਫੋਰਨੀਆ ਦੇ ਖੂਬਸੂਰਤ ਦ੍ਰਿਸ਼ਾਂਵਲੀ ਪੇਸ਼ ਕਰਦੇ ਤੱਟੀ ਹਾਈਵੇ ਨੂੰ ਬੰਦ ਕਰਨਾ ਪਿਆ ਹੈ ਤੇ ਸੈਂਕੜੇ ਲੋਕਾਂ ਨੂੰ ਇਸ ਖੇਤਰ ਵਿੱਚੋਂ ਕੱਢ ਲਿਆ ਗਿਆ ਹੈ।

ਤੇਜ਼ ਹਵਾ ਰਾਹੀਂ ਅੱਗੇ ਵਧੀ ਇਹ ਅੱਗ ਕੱਲ੍ਹ ਛੋਟੀਆਂ ਖੁਸ਼ਕ ਝਾੜੀਆਂ ਤੋਂ ਸ਼ੁਰੂ ਹੋਈ ਸੀ ਤੇ ਦੇਖਦਿਆਂ ਹੀ ਦੇਖਦਿਆਂ ਪ੍ਰਸ਼ਾਂਤ ਮਹਾਂਸਾਗਰ ਵੱਲ ਵੱਧ ਗਈ ਤੇ 32 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਇਸ ਨੇ ਲੂਹ ਸੁੱਟਿਆ ਤੇ 2000 ਘਰਾਂ ਲਈ ਖ਼ਤਰਾ ਖੜ੍ਹਾ ਕਰ ਦਿੱਤਾ। ਟੀਵੀ ਫੁਟੇਜ ‘ਚ ਇਕ ਅਲਹਿਦਾ ਜਿਹੀ ਖੱਡ ‘ਚ ਇਕ ਘਰ ਸੜਦਾ ਨਜ਼ਰ ਆ ਰਿਹਾ ਸੀ ਤੇ 600 ਦੇ ਕਰੀਬ ਅੱਗ ਬੁਝਾਊ ਕਾਮੇ ਇੰਨੇ ਵੱਡੇ ਖੇਤਰ ‘ਚ ਦਹਿਕ ਰਹੀ ਅੱਗ ‘ਤੇ ਕਾਬੂ ਪਾਉਣ ਲਈ ਟਿੱਲ ਲਾ ਰਹੇ ਸਨ। ਵੈਂਟੁਰਾ ਕੰਟਰੀ ਫਾਇਰ ਡਿਪਾਰਟਮੈਂਟ ਦੇ ਤਰਜਮਾਨ ਟੌਮ ਕਰੂਸ਼ਚਕੇ ਨੇ ਐਨਬੀਸੀ-4 ਟੀਵੀ ‘ਤੇ ਦੱਸਿਆ ਕਿ ਇਹ ਹਾਲਾਤ ਬੜੇ ਨਾਟਕੀ ਹਨ ਤੇ ਅੱਗ ਬੁਝਾਊ ਅਮਲੇ ਲਈ ਬੇਹੱਦ ਖ਼ਤਰਨਾਕ ਹਨ। ਇਹ ਅੱਗ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਇਸ ਬਾਰੇ ਜਾਣੂ ਕਰਾਇਆ ਜਾ ਰਿਹਾ ਹੈ। ਇਹ ਅੱਗ ਹਾਲੇ ਵੀ ਅੱਗੇ ਵਧ ਰਹੀ ਹੈ। ਤੇਜ਼ ਹਵਾਵਾਂ ਨਾਲ ਭਿਆਨਕ ਰੂਪ ਧਾਰਦਿਆਂ ਇਸ ਨੇ ਲਾਸ ਏਂਜਲਸ ਦੇ ਉੱਤਰ ਪੱਛਮ ‘ਚ ਵੈਂਟੁਰਾ ਕਾਊਂਟੀ ‘ਚ ਪਹਾੜੀਆਂ ਤੇ ਖੱਡਾਂ ਵਿਚਲੀ ਬਨਾਸਪਤੀ ਸਾੜ ਦਿੱਤੀ ਹੈ ਤੇ ਨਿਊਬਰੀ ਪਾਰਕ ਤੇ ਕਮਾਰਿਲੋ, ਮੈਲਿਬੂ ‘ਚ ਘਰਾਂ ਲਈ ਵੀ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਟਵਿੱਟਰ ‘ਤੇ ਜਾਣਕਾਰੀ ਪਾਈ ਹੈ ਕਿ ਪ੍ਰਸ਼ਾਂਤ ਤੱਟ ਦਾ 13 ਕਿਲੋਮੀਟਰ ਲੰਮਾ ਹਾਈਵੇ ਸੈਕਸ਼ਨ (ਮੈਲਿਬੂ ਦੇ ਪੱਛਮ ‘ਚ 10 ਕਿਲੋਮੀਟਰ ਤੋਂ ਲੈ ਕੇ) ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਕਮਾਰਿਲੋ ਸਪਰਿੰਗਜ਼ ਵਿੱਚ ਅੱਗ ਲੱਗੀ ਹੋਈ ਹੈ।

ਸ਼ੈਨੇਲ ਆਈਲੈਂਡਜ਼ ਸਥਿਤ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਅੱਗ ਲੱਗਣ ਕਾਰਨ ਸੰਘਣੇ ਧੰੂਏਂ ਦੇ ਕੈਂਪਸ ਵੱਲ ਆਉਣ ਕਾਰਨ ਸਾਰੀਆਂ ਜਮਾਤਾਂ ਤੇ ਹੋਰ ਸਰਗਰਮੀਆਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਹੈਲੀਕਾਪਟਰ ਨੇੜਲੀ ਝੀਲ ਤੋਂ ਲਿਆ ਕੇ ਪਾਣੀ ਅੱਗ ਵਾਲੀ ਥਾਂ ਵਰਸਾ ਰਹੇ ਹਨ। ਗਰਮੀਆਂ ਦੀ ਰੁੱਤੇ ਪੱਛਮੀ ਅਮਰੀਕਾ ‘ਚ ਜੰਗਲਾਂ ‘ਚ ਅੱਗ ਲੱਗਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਹਨ।


ਬੋਸਟਨ ਧਮਾਕਿਆਂ ਦੇ ਦੋਸ਼ੀਆਂ ਨੇ ਆਜ਼ਾਦੀ ਦਿਵਸ ਮੌਕੇ ਚਲਾਉਣੇ ਸਨ ਬੰਬ

ਵਾਸ਼ਿੰਗਟਨ 3 ਮਈ :- ਚੇਚਨ ‘ਚ ਜਨਮੇ ਬੋਸਟਨ ‘ਚ ਬੰਬ ਧਮਾਕਾ ਕਰਨ ਵਾਲਿਆਂ ਦੀ ਅਮਰੀਕਾ ਦੇ ਆਜ਼ਾਦੀ ਦਿਵਸ ‘ਤੇ 4 ਜੁਲਾਈ ਨੂੰ ਆਤਮਘਾਤੀ ਹਮਲਾ ਕਰਨ ਦੀ ਯੋਜਨਾ ਸੀ, ਪਰ ਉਨ੍ਹਾਂ ਨੇ ਇਹ ਹਮਲੇ ਪਹਿਲਾਂ ਹੀ ਕਰਨ ਦਾ ਫੈਸਲਾ ਕਰ ਲਿਆ, ਕਿਉਂਕਿ ਉਨ੍ਹਾਂ ਵੱਲੋਂ ਘਰ ‘ਚ ਹੀ ਤਿਆਰ ਪ੍ਰੈਸ਼ਰ ਕੁੱਕਰ ਬੰਬ, ਆਸ ਨਾਲੋਂ ਪਹਿਲਾਂ ਤਿਆਰ ਹੋ ਗਏ ਸਨ।

ਇਹ ਅਹਿਮ ਜਾਣਕਾਰੀ ਹਮਲਾਵਰਾਂ ‘ਚੋਂ ਬਚੇ ਇੱਕੋ-ਇਕ ਮੁਲਜ਼ਮ ਦਜ਼ੋਖ਼ਰ ਤਸਰਨਾਇਵ (19) ਨੇ ਸੰਘੀ ਜਾਂਚਕਾਰਾਂ ਨੂੰ ਪੁੱਛ-ਪੜਤਾਲ ਦੌਰਾਨ ਦਿੱਤੀ। ਦਜ਼ੋਖਰ ਨੂੰ 18 ਅਪਰੈਲ ਨੂੰ ਬੋਸਟਨ ਨੇੜਿਓਂ ਫੜਿਆ ਗਿਆ ਸੀ ਤੇ ਉਸ ਵਿਰੁੱਧ ਵਿਆਪਕ ਤਬਾਹੀ ਵਾਲਾ ਹਥਿਆਰ ਵਰਤਣ ਦੇ ਦੋਸ਼ ਲੱਗੇ ਹਨ। ਜੇਕਰ ਉਹ ਦੋਸ਼ੀ ਸਿੱਧ ਹੋ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਹੋ ਸਕਦੀ ਹੈ। ਪੁਲੀਸ ਨੇ ਉਸ ਦੇ ਵੱਡੇ ਭਰਾ ਤਮੇਰਲਨ ਤਸਰਨਾਇਵ (29) ਨੂੰ ਬੋਸਟਨ ਧਮਾਕਿਆਂ ਤੋਂ ਤਿੰਨ ਦਿਨ ਮਗਰੋਂ 18 ਅਪਰੈਲ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।

ਤਸਰਨਾਇਵ ਤੇ ਦਜ਼ੋਖ਼ਰ ਨੇ ਪਹਿਲਾਂ ਇਹ ਆਤਮਘਾਤੀ ਹਮਲੇ 4 ਜੁਲਾਈ ਨੂੰ ਕਰਨ ਦੀ ਯੋਜਨਾ ਬਣਾਈ ਸੀ। ਇਹ ਜਾਣਕਾਰੀ ਇਕ ਅਮਰੀਕੀ ਅਧਿਕਾਰੀ ਨੇ ਦਿੱਤੀ ਸੀ। ਮਗਰੋਂ ਪੁੱਛ-ਪੜਤਾਲ ਦੌਰਾਨ ਦਜ਼ੋਖ਼ਰ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਬੰਬ ਮਿੱਥੇ ਸਮੇਂ ਨਾਲੋਂ ਪਹਿਲਾਂ ਤਿਆਰ ਹੋਣ ਕਰਕੇ ਉਨ੍ਹਾਂ ਨੇ ਇਹ ਹਮਲਾ ਅਗਾਊਂ ਕਰ ਲਿਆ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੇ 4 ਜੁਲਾਈ ਨੂੰ ਕਿਹੜੇ ਖਾਸ ਸਥਾਨ ‘ਤੇ ਹਮਲਾ ਕਰਨਾ ਸੀ। ਪਰ ਉਸ ਦਿਨ ਦੇਸ਼ ‘ਚ ਸਭ ਤੋਂ ਵੱਡੇ ਜਸ਼ਨ ਬੋਸਟਨ ਵਿਚ ਹੀ ਹੁੰਦੇ ਹਨ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz