ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

07 ਮਈ 2013

ਸ਼ਹੀਦੀ ਯਾਦਗਾਰ ਵਿਵਾਦ ਹੋਰ ਡੂੰਘਾ ਹੋਇਆ

 http://sameydiawaaz.com/Archive%20News/%5B2013%5D/05/07.05.2013%20-%2001.jpg

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਤੇ ਹੋਰ ਆਗੂ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਦੇ

ਜਥੇਦਾਰ ਗਿਆਨੇੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ 6 ਮਈ (ਜਗਤਾਰ ਸਿੰਘ ਲਾਂਬਾ) :- ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੇ ਰੱਖੇ ਨਾਂ ਅਤੇ ਉਥੇ ਲਾਏ ਗਏ ਇਤਿਹਾਸ ਬੋਰਡ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਵਿਚਾਲੇ ਚੱਲ ਰਿਹਾ ਵਿਵਾਦ ਅੱਜ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਗਈ ਕਿ ਯਾਦਗਾਰ ਦੇ ਨਾਂ ਅਤੇ ਇਤਿਹਾਸ ਬੋਰਡਾਂ ਨੂੰ ਜਿਵੇਂ ਦਾ ਤਿਵੇਂ ਰੱਖਿਆ ਜਾਵੇ। ਇਸ ਮਾਮਲੇ ਨੂੰ ਵਿਚਾਰਨ ਲਈ ਜਥੇਦਾਰ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 15 ਮਈ ਨੂੰ ਸੱਦ ਲਈ ਹੈ।

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ (ਧੁੰਮਾ) ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਇਨ੍ਹਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇਕੱਠ ਦਮਦਮੀ ਟਕਸਾਲ ਦੇ ਮੁੱਖ ਕੇਂਦਰ ਚੌਕ ਮਹਿਤਾ ਵਿਖੇ ਹੋਇਆ। ਮੀਟਿੰਗ ਤੋਂ ਬਾਅਦ ਉਥੋਂ ਇਕ ਵੱਡਾ ਕਾਫਲਾ ਅਕਾਲ ਤਖ਼ਤ ਵੱਲ ਰਵਾਨਾ ਹੋਇਆ। ਇਸ ਕਾਫਲੇ ਵਿਚ ਵੱਖ-ਵੱਖ ਜਥੇਬੰਦੀਆਂ ਦੇ 70 ਤੋਂ ਵੱਧ ਨੁਮਾਇੰਦੇ ਸ਼ਾਮਲ ਸਨ।

ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਇਸ ਬਾਰੇ ਵੇਰਵੇ ਦਿੰਦਿਆਂ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੇ ਮੰਗ ਪੱਤਰ ਦੇ ਕੇ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਸਿੱਖ ਕੌਮ ਨੂੰ ਦੁਫੇੜ ਤੋਂ ਬਚਾਉਣ ਲਈ ਸ਼ਹੀਦੀ ਯਾਦਗਾਰ ਦੇ ਨਾਵਾਂ ਵਾਲੇ ਬੋਰਡ ਅਤੇ ਇਤਿਹਾਸ ਦੀ ਜਾਣਕਾਰੀ ਦੇਣ ਵਾਲਾ ਬੋਰਡ ਜਿਵੇਂ ਦਾ ਤਿਵੇਂ ਕਾਇਮ ਰੱਖਿਆ ਜਾਵੇ। ਉਨ੍ਹਾਂ ਜਥੇਦਾਰ ਨੂੰ ਦੱਸਿਆ ਕਿ ਦਰਬਾਰ ਸਾਹਿਬ ਕੰਪਲੈਕਸ ਸਮੂਹ ਵਿਚ ਦਮਦਮੀ ਟਕਸਾਲ ਦੇ ਹੋਰਨਾਂ ਮੁਖੀਆਂ ਦੇ ਨਾਵਾਂ ਉਪਰ ਵੀ ਯਾਦਗਾਰ ਬਣੀਆਂ ਹਨ। ਉਨ੍ਹਾਂ ਨੇ ਵੀ ਸ੍ਰੀ ਹਰਿਮੰਦਰ ਸਾਹਿਬ ’ਤੇ  ਹਮਲਿਆਂ ਦਾ ਵਿਰੋਧ ਕਰਦਿਆਂ ਸ਼ਹਾਦਤਾਂ ਦਿੱਤੀਆਂ ਸਨ। ਇਨ੍ਹਾਂ ਵਿਚ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖਸ਼ ਸਿੰਘ ਸ਼ਾਮਲ ਹਨ। ਇਨ੍ਹਾਂ ਦੀ ਤਰਜ਼ ’ਤੇ ਹੀ ਸਾਕਾ ਨੀਲਾ ਤਾਰਾ ਜੂਨ 1984 ਦੀ ਯਾਦਗਾਰ ਦਾ ਨਾਂ ਵੀ ਰੱਖਿਆ ਗਿਆ ਹੈ ਅਤੇ ਇਸੇ ਤਰ੍ਹਾਂ ਇਤਿਹਾਸ ਦਰਸਾਉਂਦਾ ਬੋਰਡ ਵੀ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਯਾਦਗਾਰ ਦਾ ਨਾਂ ਰੱਖਣ ਅਤੇ ਇਤਿਹਾਸ ਬੋਰਡ ਲਾਉਣ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ। ਅਜਿਹਾ ਹੀ ਫੈਸਲਾ ਯਾਦਗਾਰ ਸਬੰਧੀ ਬਣਾਈ ਗਈ ਸਬ ਕਮੇਟੀ ਵਲੋਂ ਕੀਤਾ ਜਾ ਚੁੱਕਾ ਹੈ।  ਅਜਿਹਾ ਹੀ ਫੈਸਲਾ ਯਾਦਗਾਰ ਸਬੰਧੀ ਬਣਾਈ ਗਈ ਸਬ ਕਮੇਟੀ ਵਲੋਂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਨ੍ਹਾਂ ਮਤਿਆਂ ਦੀਆਂ ਕਾਪੀਆਂ ਵੀ ਮੰਗ ਪੱਤਰ ਦੇ ਨਾਲ ਨੱਥੀ ਕੀਤੀਆਂ ਹਨ।

ਉਨ੍ਹਾਂ ਨੇ 27 ਅਪਰੈਲ ਦੀ ਰਾਤ ਨੂੰ ਵਾਪਰੀ ਉਸ ਘਟਨਾ ਦਾ ਵੀ ਹਵਾਲਾ ਦਿੱਤਾ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਵਲੋਂ ਰਾਤ ਸਮੇਂ ਇਤਿਹਾਸ ਬੋਰਡ ਨੂੰ ਹਟਾਉਣ ਦਾ ਯਤਨ ਕੀਤਾ ਗਿਆ। ਉਸ ਵੇਲੇ ਦਮਦਮੀ ਟਕਸਾਲ ਦੇ ਕੁਝ ਸੇਵਕਾਂ ਅਤੇ ਸੰਗਤਾਂ ਦੇ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਯਾਦਗਾਰ ਵਿਚੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਘੜੀ ਹਟਾਉਣ ਦਾ ਵੀ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਯਾਦਗਾਰ ਦੇ ਨਾਂ ਵਾਲੀਆਂ ਸਿੱਲਾਂ ਅਤੇ ਇਤਿਹਾਸ ਦਰਸਾਉਂਦੇ ਬੋਰਡ ਨਾਲ ਛੇੜਛਾੜ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦੋਸ਼ ਲਾਇਆ ਕਿ ਯਾਦਗਾਰ ਦੇ ਮਾਮਲੇ ਵਿਚ ਭਾਜਪਾ ਅਤੇ ਕਾਂਗਰਸ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਬੇਲੋੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਦੋਵਾਂ ਸਿਆਸੀ ਪਾਰਟੀਆਂ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਦਮਦਮੀ ਟਕਸਾਲ ਦੇ ਸ਼ਹੀਦੀ ਯਾਦਗਾਰ ਦਾ ਪ੍ਰਬੰਧ ਭਾਵੇਂ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਹੈ, ਫਿਰ ਵੀ ਇਸ ਦਾ ਪ੍ਰਬੰਧ ਧਾਰਮਿਕ ਪ੍ਰੰਪਰਾਵਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ।  ਮੰਗ ਪੱਤਰ ਦੇਣ ਵਾਲਿਆਂ ਵਿਚ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਬਾਬਾ ਨਰਿੰਦਰ ਸਿੰਘ ਬੁੱਢਾ ਦਲ, ਬਾਬਾ ਬਲਬੀਰ ਸਿੰਘ (ਲੰਮੇਜੱਟਪੁਰੇ ਵਾਲੇ), ਬਾਬਾ ਜੋਗਿੰਦਰ ਸਿੰਘ ਕਾਰ ਸੇਵਾ ਆਨੰਦਪੁਰ ਸਾਹਿਬ, ਬਾਬਾ ਸੁਖਚੈਨ ਸਿੰਘ, ਬਾਬਾ ਲਾਲ ਸਿੰਘ (ਪ੍ਰਧਾਨ, ਇੰਟਰਨੈਸ਼ਨਲ ਸੰਤ ਸਮਾਜ), ਮਹੰਤ ਰੇਸ਼ਮ ਸਿੰਘ ਸੇਖਵਾਂ ਫਿਰੋਜ਼ਪੁਰ, ਮਹੰਤ ਸੁਖਵਿੰਦਰ ਸਿੰਘ ਕੋਟ ਫੱਤਾ, ਮਹੰਤ ਮਹਿੰਦਰ ਸਿੰਘ ਬਠਿੰਡਾ ਤੇ ਬਾਬਾ ਗੁਰਮੀਤ ਸਿੰਘ ਚੰਨ ਵਾਲੇ ਆਦਿ ਸ਼ਾਮਲ ਸਨ।


ਸੱਜਣ ਕੁਮਾਰ ਨੂੰ ਬਰੀ ਕਰਨ ਵਿਰੁੱਧ ਦਿੱਲੀ ’ਚ ਰੋਸ ਵਿਖਾਵੇ ਜਾਰੀ

 http://sameydiawaaz.com/Archive%20News/%5B2013%5D/05/07.05.2013%20-%2005.jpg

ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਸਿੱਖ ਕਾਰਕੁਨ ਚੁਰਾਸੀ ਦੇ ਦੰਗਿਆਂ ਸਬੰਧੀ ਕੇਸ ਵਿੱਚ ਸੱਜਣ ਕੁਮਾਰ

ਨੂੰ ਬਰੀ ਕੀਤੇ ਜਾਣ ਵਿਰੁੱਧ ਪਾਰਲੀਮੈਂਟ ਹਾਊਸ ਨੇੜੇ ਨਾਅਰੇਬਾਜ਼ੀ ਕਰਦੇ ਹੋਏ (ਫੋਟੋ: ਮਾਨਸ ਰੰਜਨ ਭੂਈ)

ਨਵੀਂ ਦਿੱਲੀ 6 ਮਈ :- ਦਿੱਲੀ ਵਿੱਚ 1984 ਵਿੱਚ ਹੋਏ ਸਿੱਖਾਂ ਵਿਰੋਧੀ ਦੰਗਿਆਂ ਦੇ ਮੁਲਜ਼ਮ ਸੱਜਣ ਕੁਮਾਰ ਨੂੰ ਦੰਗਿਆਂ ਦੇ ਦੋਸ਼ ਤੋਂ ਬਰੀ ਕਰਨ ਦੇ ਫੈਸਲੇ ਵਿਰੁੱਧ ਰੋਸ ਵਜੋਂ ਅੱਜ ਸੰਸਦ ਭਵਨ ਨੇੜੇ ਕੋਈ ਦੋ ਸੌ ਤੋਂ ਵੱਧ ਸਿੱਖਾਂ ਨੇ ਮੁਜ਼ਾਹਰਾ ਕਰਕੇ ਕੋਈ ਇਕ ਘੰਟੇ ਲਈ ਆਵਾਜਾਈ ਠੱਪ ਕੀਤੀ। ਮੁਜ਼ਾਹਰਾਕਾਰੀ ਸੱਜਣ ਕੁਮਾਰ ਨੂੰ ਫਾਹੇ ਲਾਉਣ ਦੀ ਮੰਗ ਕਰ ਰਹੇ ਸਨ।

ਹੱਥਾਂ ਵਿੱਚ ਤਖਤੀਆਂ ਚੁੱਕੀ ਮੁਜ਼ਾਹਰਾਕਾਰੀ ਸੰਸਦ ਭਵਨ ਤੋਂ ਕੁਝ ਮੀਟਰ ਦੀ ਦੂਰੀ ’ਤੇ ਪੈਂਦੇ ਵਿਜੈ ਚੌਕ ਵਿੱਚ ਧਰਨਾ ਦੇ ਕੇ ਬੈਠ ਗਏ। ਧਰਨਾਕਾਰੀਆਂ ਵਿੱਚ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਲ ਸਨ। ਇਥੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਸਨ। ਦੋ ਤੋਂ ਢਾਈ ਸੌ ਦੇ ਦਰਮਿਆਨ ਮੁਜ਼ਾਹਰਾਕਾਰੀਆਂ ਨੇ ਇਥੇ ਕੋਈ ਇਕ ਘੰਟੇ ਲਈ ਟਰੈਫਿਕ ਜਾਮ ਕੀਤੀ। ਪੁਲੀਸ ਇਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਨੇੜਲੇ ਥਾਣੇ ਵਿੱਚ ਲੈ ਗਈ।

ਸਿੱਖਾਂ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁੱਧ ਪਿਛਲੇ ਮੰਗਲਵਾਰ ਤੋਂ ਦਿੱਲੀ ਵਿੱਚ ਸਿੱਖਾਂ ਵੱਲੋਂ ਰੋਜ਼ਾਨਾ ਰੋਸ ਮਾਰਚ ਕੀਤੇ ਜਾ ਰਹੇ ਹਨ। ਪੁਲੀਸ ਨੇ ਇਹਤਿਆਤ ਵਜੋਂ ਅੱਜ ਸਾਊਥ ਬਲਾਕ ਤੋਂ ਰਾਸ਼ਟਰਪਤੀ ਭਵਨ ਤਕ ਰਾਜਪਥ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਰਾਇਸੀਨਾ ਰੋਡ ਅਤੇ ਵਿਜੈ ਚੌਕ ਦਾ ਕੁਝ ਹਿੱਸਾ ਵੀ ਆਵਾਜਾਈ ਲਈ ਬੰਦ ਕੀਤਾ ਹੋਇਆ ਸੀ। ਬਹੁਤ ਸਾਰੇ ਸੰਸਦ ਮੈਂਬਰ ਵਿਜੈ ਚੌਕ ਤੋਂ ਤੁਰ ਕੇ ਸੰਸਦ ਭਵਨ ਜਾਂਦੇ ਦੇਖੇ ਗਏ।

ਪਿਛਲੇ ਹਫਤੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਕਈ ਵਾਰੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗ਼ਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿਵਾਸ ਮੂਹਰੇ ਮੁਜ਼ਾਹਰੇ ਕਰਕੇ ਦਿੱਲੀ ਦੰਗਿਆਂ ਦੇ ਮੁਲਜ਼ਮ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਅਤੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ’84 ਦੇ ਦੰਗਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰਨ ਦੀ ਮੰਗ ਕੀਤੀ।

ਇਸੇ ਦੌਰਾਨ ’84 ਦੰਗਿਆਂ ਦੀ ਪੀੜਤ ਨਿਰਪ੍ਰੀਤ ਕੌਰ ਵੱਲੋਂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁੱਧ ਕੀਤੀ ਜਾ ਰਹੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਈ। ਨਿਰਪ੍ਰੀਤ ਕੌਰ, ਜਿਸ ਦੇ ਪਿਤਾ ਇਨ੍ਹਾਂ ਦੰਗਿਆਂ ਵਿੱਚ ਮਾਰੇ ਗਏ ਸਨ, ਨੇ ਕੱਲ੍ਹ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਦੰਗਿਆਂ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੀ ਮੰਗ ਕੀਤੀ ਹੈ। ਉਸ ਨੇ ਇਹ ਵੀ ਮੰਗ ਕੀਤੀ ਹੈ ਕਿ ਸੀਬੀਆਈ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਦਾਇਰ ਕਰੇ।

http://sameydiawaaz.com/Archive%20News/%5B2013%5D/05/07.05.2013%20-%2006.jpg

ਦਿੱਲੀ ਵਿੱਚ ਜੰਤਰ ਮੰਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ

ਸਾਂਝੇ ਤੌਰ ’ਤੇ ਚੱਲ ਰਹੀ ਭੁੱਖ ਹੜਤਾਲ ਵਿੱਚ ਸ਼ਾਮਲ ਪੰਥਕ ਧਿਰਾਂ ਨੂੰ

ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਸੰਬੋਧਨ ਕਰਦੇ ਹੋਏ (ਫੋਟੋ: ਭੂਈ)

ਇਸ ਤੋਂ ਪਹਿਲਾਂ, ਅਕਾਲੀ ਦਲ ਬਾਦਲ, ਦਿੱਲੀ ਪ੍ਰਦੇਸ਼ ਦੀ ਇਸਤਰੀ ਵਿੰਗ ਵੱਲੋਂ ਜੰਤਰ-ਮੰਤਰ ਵਿਖੇ ਭੁੱਖ ਹੜਤਾਲ ’ਤੇ ਬੈਠੀ ਸੱਜਣ ਕੁਮਾਰ ਮਾਮਲੇ ਦੀ ਗਵਾਹ ਬੀਬੀ ਨਿਰਪ੍ਰੀਤ ਕੌਰ ਦੇ ਧਰਨੇ ਵਾਲੀ ਥਾਂ ਉਤੇ ਪ੍ਰਦਰਸ਼ਨ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ। ਪਾਰਟੀ ਆਗੂਆਂ ਨੇ ਜੰਤਰ-ਮੰਤਰ ਵਿਖੇ ਕੁਝ ਸਮਰਥਕ ਭੇਜ ਕੇ ਪੁਲੀਸ ਦਾ ਧਿਆਨ ਉਨ੍ਹਾਂ ਵੱਲ ਕੇਂਦਰਿਤ ਕਰਵਾ ਦਿੱਤਾ ਜਦਕਿ ਖੁਦ ਪਾਰਟੀ ਆਗੂ ਅਤੇ ਜ਼ਿਆਦਾਤਰ ਪ੍ਰਦਰਸ਼ਨਕਾਰੀ ਚੁਪ-ਚੁਪੀਤੇ ਢੰਗ ਨਾਲ ਵਿਜੈ ਚੌਕ ਪਹੁੰਚ ਗਏ, ਜਿਥੇ ਰੋਸ ਪ੍ਰਦਰਸ਼ਨ ਕਰਕੇ ਉਨ੍ਹਾਂ ਸੁਰੱਖਿਆ ਏਜੰਸੀਆਂ ਵਿਚ ਭੜਥੂ ਪਾ ਦਿੱਤਾ।

ਦੂਜੇ ਪਾਸੇ ਜੰਤਰ-ਮੰਤਰ ਵਿਖੇ ਸ਼ੁੱਕਰਵਾਰ ਤੋਂ ਭੁੱਖ ਹੜਤਾਲ ’ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਦੀ ਸਿਹਤ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈ। ਪਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਨਿਰਪ੍ਰੀਤ ਕੌਰ ਨੇ ਅੱਜ ਵੀ ਦਾਅਵਾ ਕੀਤਾ ਕਿ ਜਦੋਂ ਤੱਕ ਸਰਕਾਰ ਸੱਜਣ ਕੁਮਾਰ ਮਾਮਲੇ ਨਾਲ ਸਬੰਧਿਤ ਉਨ੍ਹਾਂ ਦੀਆਂ ਚਾਰ ਮੰਗਾਂ ਨਹੀਂ ਮੰਨਦੀ, ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇ। ਬੀਬੀ ਨਿਰਪ੍ਰੀਤ ਕੌਰ ਦੇ ਸਮਰਥਨ ਵਿਚ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਦੀਆਂ ਅਹੁਦੇਦਾਰਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।


ਸੱਜਣ ਕੁਮਾਰ ਨੂੰ ਬਰੀ ਕਰਨ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਰੇਲਾਂ ਰੋਕੀਆਂ

ਫਗਵਾੜਾ, 6 ਮਈ :- ਦਿੱਲੀ ਦੰਗਿਆਂ ’ਚ ਕਥਿਤ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਰੋਸ ਵਜੋਂ ਸ਼ਹਿਰ ਦੀਆਂ ਕਈ ਸਿੱਖ ਜਥੇਬੰਦੀਆਂ ਨੇ ਰੇਲਵੇ ਸਟੇਸ਼ਨ ’ਤੇ ਆਵਾਜਾਈ ਠੱਪ ਕੀਤੀ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਆਗੂ ਭਾਈ ਮਨਜੀਤ ਸਿੰਘ ਦੀ ਅਗਵਾਈ ਹੇਠ ਕਾਫ਼ਲਾ ਗੁਰਦੁਆਰਾ ਪ੍ਰੇਮ ਨਗਰ ਤੋਂ ਸ਼ੁਰੂ ਹੋ ਕੇ ਰੇਲਵੇ ਸਟੇਸ਼ਨ ’ਤੇ ਪੁੱਜਾ, ਜਿੱਥੇ ਸ਼ਾਮੀਂ ਰੇਲਵੇ ਲਾਈਨਾਂ ’ਤੇ ਧਰਨਾ ਦੇ ਦਿੱਤਾ, ਜਿਸ ਕਾਰਨ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈਸ ਨੂੰ ਪਲੇਟਫਾਰਮ ਦੇ ਸ਼ੁਰੂ ਹੁੰਦੇ ਰੁਕਣਾ ਪਿਆ ਤੇ ਮੁਜ਼ਾਹਰਾਕਾਰੀਆਂ ਨੇ ਕੇਂਦਰ ਸਰਕਾਰ ਤੇ ਸੱਜਣ ਕੁਮਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸੱਜਣ ਕੁਮਾਰ ਨੂੰ ਫਾਂਸੀ ਦੀ ਮੰਗ ਕੀਤੀ।

ਰੇਲਵੇ ਦੇ ਏਰੀਆ ਮੈਨੇਜਰ ਅਸ਼ੋਕ ਸਲਾਰੀਆਂ ਤੇ ਸਟੇਸ਼ਨ ਮਾਸਟਰ ਭੂਸ਼ਨ ਧਰਨਾ ਛੇਤੀ ਸਮਾਪਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਧਰਨਾਕਾਰੀ ਚੋਪਈ ਸਾਹਿਬ ਦੇ ਪਾਠ ’ਤੇ ‘ਪਾਪੀ ਨੂੰ ਦੰਡ ਦਿਉ ਰੇ’ ਦੇ ਸ਼ਬਦ ਪੜ੍ਹਦੇ ਰਹੇ, ਜਿਸ ਕਾਰਨ ਸ਼ਾਨ-ਏ-ਪੰਜਾਬ ਨੂੰ 6.05 ’ਤੇ ਫਗਵਾੜਾ ਸਟੇਸ਼ਨ ਤੋਂ ਰਵਾਨਾ ਕੀਤਾ। ਇੰਨੇ ਨੂੰ ਜਨਸੇਵਾ ਗੱਡੀ ਜੋ ਅੰਮ੍ਰਿਤਸਰ  ਜਾ ਰਹੀ ਸੀ, ਦਾ ਇਥੇ ਪੁੱਜਣ ਦਾ ਸਮਾਂ 3.25 ਵਜੇ ਸੀ ਉਹ ਵੀ ਮੌਲੀ ਫਾਟਕ ’ਤੇ ਖੜ੍ਹੀ ਰਹੀ। ਆਖਿਰ ਉਸ ਨੂੰ ਕਰੀਬ 5.30 ਵਜੇ ਸਟੇਸ਼ਨ ਤੋਂ ਲਿਆਂਦਾ ਗਿਆ ਤੇ ਫਿਰ ਮੁਜ਼ਾਹਰਾਕਾਰੀਆਂ ਉਸ ਗੱਡੀ ਨੂੰ ਰੋਕ ਕੇ ਉਸ ਅੱਗੇ ਧਰਨਾ ਲਗਾ ਦਿੱਤਾ ਤੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਪੁਤਲੇ ਸਾੜੇ। ਇਸ ਮੁਜ਼ਾਹਰੇ ਕਾਰਨ ਕਰੀਬ ਅੱਧੀ ਦਰਜਨ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੋਈ। ਇਨ੍ਹਾਂ ਗੱਡੀਆਂ ਨੂੰ ਜਲੰਧਰ ਤੇ ਗੁਰਾਇਆਂ ਸਟੇਸ਼ਨਾਂ ’ਤੇ ਰੋਕਿਆ ਗਿਆ। ਇਨ੍ਹਾਂ ’ਚ ਅੰਮ੍ਰਿਤਸਰ-ਅੰਬਾਲਾ ਪੈਸੰਜਰ ਨੂੰ ਚਹੇੜੂ, ਬਨਾਰਸ-ਜੰਮੂ ਨੂੰ ਜਲੰਧਰ ਕੈਂਟ, ਦਿੱਲੀ-ਅੰਮ੍ਰਿਤਸਰ ਡੀਲੈਕਸ ਨੂੰ ਗੁਰਾਇਆਂ, ਛੱਤੀਸਗੜ੍ਹ ਨੂੰ ਜਲੰਧਰ ਰੋਕਿਆ ਗਿਆ।

ਇਨ੍ਹਾਂ ’ਚ ਅੰਮ੍ਰਿਤਸਰ-ਅੰਬਾਲਾ ਪੈਸੰਜਰ ਨੂੰ ਚਹੇੜੂ, ਬਨਾਰਸ-ਜੰਮੂ ਨੂੰ ਜਲੰਧਰ ਕੈਂਟ, ਦਿੱਲੀ-ਅੰਮ੍ਰਿਤਸਰ ਡੀਲੈਕਸ ਨੂੰ ਗੁਰਾਇਆਂ, ਛੱਤੀਸਗੜ੍ਹ ਨੂੰ ਜਲੰਧਰ ਰੋਕਿਆ ਗਿਆ।

ਇਸ ’ਚ ਸ਼ਾਮਲ ਜਥੇਬੰਦੀਆਂ ’ਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਅਕਾਲ ਸਟੂਡੈਂਟਸ ਫੈਡਰੇਸ਼ਨ, ਸ੍ਰੀ ਗੁਰੂ ਰਾਮ ਦਾਸ ਸੇਵਾ ਸਿਮਰਨ, ਗੁਰਮਤਿ ਪ੍ਰਚਾਰ ਮਿਸ਼ਨ ਟਰਸਟ, ਦਮਦਮੀ ਟਕਸਾਲ ਦੇ ਆਗੂ ਤੇ ਇਸਤਰੀ ਵਿੰਗ ਸ਼ਾਮਲ ਸੀ। ਇਸ ਮੁਜ਼ਾਹਰੇ ਦੌਰਾਨ ਇਥੋਂ ਦੇ ਅਕਾਲੀ ਤੇ ਭਾਜਪਾ ਆਗੂ ਪੂਰੀ ਤਰ੍ਹਾਂ ਗਾਇਬ ਸਨ। ਕੋਈ ਵੀ ਬਲਾਕ, ਜ਼ਿਲ੍ਹਾ ਪ੍ਰਧਾਨ ਵੀ ਹਾਜ਼ਰ ਨਹੀਂ ਸਨ। ਇਸ ਮੁਜ਼ਾਹਰੇ ’ਤੇ ਨਜ਼ਰ ਰੱਖਣ ਲਈ ਤਹਿਸੀਲਦਾਰ ਵਿਪਨ ਭੰਡਾਰੀ ਤੇ ਡੀਐਸਪੀ ਅਸ਼ਵਨੀ ਕੁਮਾਰ ਸਮੇਤ ਪੁਲੀਸ ਹਾਜ਼ਰ ਸੀ, ਪਰ ਧਰਨਾਕਾਰੀਆਂ ਨੂੰ ਧਰਨਾ ਜਲਦੀ ਸਮਾਪਤ ਕਰਨ ਲਈ ਕੋਈ ਵੀ ਯਤਨਸ਼ੀਲ ਨਹੀਂ ਸੀ, ਜਿਸ ਕਾਰਨ ਸਵਾਰੀਆਂ ਮੁਸ਼ਕਲ ’ਚ ਸਨ।


ਸੱਜਣ ਕੁਮਾਰ ਕੇਸ ਬਾਰੇ ਅਕਾਲੀ - ਭਾਜਪਾ ਵਫ਼ਦ ਰਾਸ਼ਟਰਪਤੀ ਨੂੰ ਮਿਲੇਗਾ

ਚੰਡੀਗੜ੍ਹ 6 ਮਈ (ਦਵਿੰਦਰ ਪਾਲ) :- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਇੱਥੇ ਮੀਟਿੰਗ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਅੰਦਰ ਸਾਕਾ ਨੀਲਾ ਤਾਰਾ ਦੀ ਯਾਦਗਾਰ ਤੋਂ ਪੈਦਾ ਹੋਏ ਵਿਵਾਦ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਦੇ ’ਤੇ ਵਿਚਾਰ ਚਰਚਾ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਹਦਾਇਤ ਕੀਤੀ ਗਈ ਹੈ ਕਿ ਦਮਦਮੀ ਟਕਸਾਲ ਨਾਲ ਗੱਲਬਾਤ ਕਰਕੇ ਇਸ ਵਿਵਾਦ ਦਾ ਨਿਬੇੜਾ ਤੁਰੰਤ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਪੱਖ ਰੱਖਿਆ ਕਿ ਯਾਦਗਾਰ ਦੇ ਬਾਹਰ ਸੰਤ ਭਿੰਡਰਾਂਵਾਲੇ ਸਮੇਤ ਜਿਨ੍ਹਾਂ ਹੋਰਨਾਂ ਦੇ ਨਾਮ ਲਿਖੇ ਗਏ ਹਨ, ਉਹ ਸ਼੍ਰੋਮਣੀ ਕਮੇਟੀ ਦੇ ਮਤੇ ਮੁਤਾਬਕ ਹਨ, ਫਿਰ ਵੀ ਇਹ ਮਾਮਲਾ ਹੱਲ ਕਰ ਲਿਆ ਜਾਵੇਗਾ।

ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ- ਭਾਜਪਾ  ਸੰਸਦ ਮੈਂਬਰਾਂ ਦਾ ਵਫ਼ਦ ’84 ਦੇ ਦੰਗਿਆਂ ਦੇ ਮੁੱਦੇ ’ਤੇ  ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ 8 ਮਈ ਨੂੰ ਮੁਲਾਕਾਤ ਕਰਕੇ ਮੰਗ ਪੱਤਰ ਦੇਵੇਗਾ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਮਿਲ ਕੇ ਮੰਗ ਕਰਨਗੇ ਕਿ ਸੱਜਣ ਕੁਮਾਰ ਦੇ ਮਾਮਲੇ ’ਤੇ ਸੀ.ਬੀ.ਆਈ. ਹਾਈ ਕੋਰਟ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਵੇ। ਸੂਤਰਾਂ ਦਾ ਦੱਸਣਾ ਹੈ ਕਿ ਪਾਰਟੀ ਨੇ ਧਰਨਿਆਂ ਪ੍ਰਦਰਸ਼ਨਾਂ ਦਾ ਦੌਰ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਤੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਗਰਮ ਹੋਣ ਲਈ ਕਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ’84 ਦੇ ਦੰਗਿਆਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਕਰਾਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸਾਂਝੀ ਪਟੀਸ਼ਨ ਦਾਇਰ ਕੀਤੀ ਜਾਵੇ।

ਸ਼੍ਰੋਮਣੀ ਅਕਾਲੀ ਦਲ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਤੇ ਰਾਜਨੀਤੀ ਭਖਾਈ ਰੱਖਣ ਦੀ ਰਣਨੀਤੀ ਬਣਾ ਲਈ ਹੈ। ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਵਿੱਚ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਾਕਾ ਨੀਲਾ ਤਾਰਾ ਦੀ ਯਾਦਗਾਰ, ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਵਿੱਚ ਪੈਦਾ ਹੋ ਰਹੀ ਧੜੇਬੰਦੀ, ਪਾਰਟੀ ਵਿਚਲੀਆਂ ਬਾਗੀ ਸੁਰਾਂ ਅਤੇ ਭਾਈਵਾਲ ਭਾਰਤੀ ਜਨਤਾ ਪਾਰਟੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨਾਂ ਦੀ ਵੰਡ ਦੇ ਰੱਫੜ ਦਾ ਮੁੱਦਾ ਵੀ ਵਿਚਾਰਿਆ ਗਿਆ ਪਰ ਕੇਂਦਰ ਬਿੰਦੂ ’84 ਦੇ ਦੰਗੇ ਹੀ ਰਹੇ। ਸੂਤਰਾਂ ਮੁਤਾਬਕ ਪਾਰਟੀ ਸਾਕਾ ਨੀਲਾ ਤਾਰਾ ਦੀ ਯਾਦਗਾਰ ਤੋਂ ਉੱਠੇ ਵਿਵਾਦ ਤੋਂ ਕਾਫ਼ੀ ਪ੍ਰੇਸ਼ਾਨ ਹੈ। ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦੀ ਮੀਟਿੰਗ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਦਿੱਲੀ ਦੇ ਹੋਰਨਾਂ ਆਗੂਆਂ ਮਨਜਿੰਦਰ ਸਿੰਘ ਸਿਰਸਾ ਤੇ ਅਵਤਾਰ ਸਿੰਘ ਹਿਤ  ਨੂੰ ਵੀ ਬੁਲਾਇਆ ਗਿਆ ਸੀ।  ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਕੌਮੀ ਮੁੱਦਾ ਬਨਾਉਣ ਦੀ ਤਾਕ ਵਿੱਚ ਹੈ। ਇਹੀ ਕਾਰਨ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਘਰਾਂ ਮੂਹਰੇ ਵੀ ਧਰਨਿਆਂ ਦੀ ਕੋਸ਼ਿਸ਼ ਕੀਤੀ ਗਈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਅਕਾਲੀ ਦਲ ਇਸ ਮੁੱਦੇ ਨੂੰ ਭਖ਼ਦਾ ਰੱਖਣਾ  ਚਾਹੁੰਦਾ ਹੈ ਕਿਉਂਕਿ ਇੱਕ ਇਹੋ ਮੁੱਦਾ ਹੈ ਜਿਸ ’ਤੇ ਕਾਂਗਰਸ ਬੁਰੀ ਤਰ੍ਹਾਂ ਘਿਰਦੀ ਨਜ਼ਰ ਆਉਦੀ ਹੈ। ਪਾਰਟੀ ਦਾ ਇਹ ਵੀ ਮੰਨਣਾ ਹੈ ਕਿ ਇਸ ਮੁੱਦੇ ਨੂੰ ਭਖਾਈ ਰੱਖਣ ਨਾਲ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਜੋ ਕਿ ਕੁੱਝ ਮਹੀਨਿਆਂ ਤੱਕ ਹੋਣੀਆਂ ਹਨ ਦੌਰਾਨ ਵੀ ਸਿਆਸੀ ਲਾਹਾ ਮਿਲ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿੱਚ ਪਿਛਲੀਆਂ ਚੋਣਾਂ ਦੌਰਾਨ ਤਿੰਨ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ’ਤੇ ਕਬਜ਼ਾ ਕਰ ਲੈਣ ਤੋਂ ਬਾਅਦ ਪਾਰਟੀ ਮਹਿਸੂਸ ਕਰ ਰਹੀ ਹੈ ਕਿ ਵਿਧਾਨ ਸਭਾ ਵਿੱਚ ਵੀ ਐਂਟਰੀ ਕੀਤੀ ਜਾ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਸੰਪਤੀ ਕਰ ਦੇ ਮੁੱਦੇ ’ਤੇ ਵੀ ਰਾਜਨੀਤੀ ਭਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੇਂਦਰ ਵੱਲੋਂ ਸੰਪਤੀ ਕਰ ਵਾਪਸ ਲੈ ਲਏ ਜਾਣ ਕਾਰਨ ਗਿÂਹ ਮੁੱਦਾ ਅਕਾਲੀ ਦਲ ਤੋਂ ਖੋਹਿਆ ਗਿਆ ਸੀ। ਕੋਰ ਕਮੇਟੀ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਤੋਤਾ ਸਿੰਘ, ਚਰਨਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਹਾਜ਼ਰ ਸਨ।


ਸਾਕਾ ਨੀਲਾ ਤਾਰਾ ਦੀ ਯਾਦਗਾਰ ਦੇ ਨਾਂ ਉੱਤੇ ਭਾਜਪਾ ਵਲੋਂ ਇਤਰਾਜ਼ ਜ਼ਾਹਰ

http://sameydiawaaz.com/Archive%20News/%5B2013%5D/05/07.05.2013%20-%2007.jpgਚੰਡੀਗੜ੍ਹ 6 ਮਈ :- ਭਾਰਤੀ ਜਨਤਾ ਪਾਰਟੀ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਾਕਾ ਨੀਲਾ ਤਾਰਾ ਦੀ ਯਾਦਗਾਰ ਦੇ ਬਾਹਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਂ ਲਿਖੇ ਜਾਣ ’ਤੇ ਇਤਰਾਜ਼ ਪ੍ਰਗਟਾਉਂਦਿਆਂ ਅਤਿਵਾਦ ਦੀ ਭੇਟ ਚੜ੍ਹੇ ਮਾਸੂਮਾਂ ਦੀ ਵੀ ਯਾਦ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਬਲਰਾਮਜੀ ਦਾਸ ਟੰਡਨ ਨੇ ਅੱਜ ਇੱਥੇ ਕਿਹਾ ਕਿ ਭਾਜਪਾ ਉਨ੍ਹਾਂ ਵਿਅਕਤੀਆਂ ਦੀ ਯਾਦਗਾਰ ਬਣਾਉਣ ਦੇ ਖਿਲਾਫ਼ ਹੈ, ਜਿਨ੍ਹਾਂ ਕਾਰਨ ਸੂਬਾ ਦੋ ਦਹਾਕੇ ਅਤਿਵਾਦ ਦੀ ਭੱਠੀ ਵਿੱਚ ਭੁੱਜਦਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕਰਕੇ ਇਸ ਮੁੱਦੇ ’ਤੇ ਰੁਖ਼ ਸਪੱਸ਼ਟ ਕੀਤਾ ਜਾ ਚੁੱਕਾ ਹੈ। ਸ੍ਰੀ ਟੰਡਨ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਅਤਿਵਾਦ ਦੇ ਕਾਲੇ ਦੌਰ ਦੌਰਾਨ ਜਿਨ੍ਹਾਂ 25 ਹਜ਼ਾਰ ਨਿਰਦੋਸ਼ਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ, ਉਨ੍ਹਾਂ ਦੀ ਢੁਕਵੀਂ ਯਾਦਗਾਰ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਗਰਮ ਕੁੱਝ ਜਥੇਬੰਦੀਆਂ ਬੇਸ਼ੱਕ ਇਸ ਯਾਦਗਾਰ ਦੇ ਬਾਹਰ ਸੰਤ ਭਿੰਡਰਾਂਵਾਲੇ ਅਤੇ ਹੋਰਨਾਂ ਦੇ ਨਾਂ ਬਰਕਰਾਰ ਰੱਖਣ ਲਈ ਬਜ਼ਿੱਦ ਹਨ ਪਰ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਦੇ ਪ੍ਰਭਾਵ ਥੱਲੇ ਨਹੀਂ ਆਉਣਾ ਚਾਹੀਦਾ ਕਿਉਂਕਿ ਇਹ ਲੋਕ ਸੂਬੇ ਦੀ ਸ਼ਾਂਤੀ ਭੰਗ ਕਰਨੀ ਚਾਹੁੰਦੇ ਹਨ। ਸ੍ਰੀ ਟੰਡਨ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਬੜੀਆਂ ਕੁਰਬਾਨੀਆਂ ਦੇ ਕੇ ਲਿਆਂਦਾ ਹੈ। ਸ਼ਾਂਤੀ ਦੇ ਮੁੱਦੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਤਿਵਾਦੀ ਕਿਸੇ ਦੇ ਸੱਕੇ ਨਹੀਂ ਤੇ ਅਤਿਵਾਦ ਦੇ ਦੌਰ ਦੌਰਾਨ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਖੱਬੀਆਂ ਪਾਰਟੀਆਂ ਸਭਨਾਂ ਦੀ ਲੀਡਰਸ਼ਿਪ ਦਾ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਕੁੱਝ ਤਾਕਤਾਂ ਪੰਜਾਬ ਵਿੱਚ ਹਿੰਦੂ ਭਾਈਚਾਰੇ ਨੂੰ ਤੋੜਨਾ ਚਾਹੁੰਦੀਆਂ ਹਨ, ਇਸ ਲਈ ਰਾਜਸੀ ਰਾਜਨੀਤਕ ਧਿਰਾਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਬਾਦਲ ਨੇ ਵਿਧਾਨ ਸਭਾ ਵਿੱਚ ਭਰੋਸਾ ਦਿੱਤਾ ਸੀ ਕਿ ਇਹ ਯਾਦਗਾਰ ਸਾਕਾ ਨੀਲਾ ਤਾਰਾ ਦੌਰਾਨ ਮਰੇ ਮਾਸੂਮ ਤੇ ਨਿਰਦੋਸ਼ ਵਿਅਕਤੀ ਜੋ ਜੂਨ 1984 ਵਿੱਚ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਨ ਮਨਾਉਣ ਆਏ ਸਨ, ਦੀ ਯਾਦ ਵਿੱਚ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਦਨ ਵਿੱਚ ਇਹ ਭਰੋਸਾ ਦੇ ਚੁੱਕੇ ਹਨ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਪੰਜਾਬ ਵਿੱਚ ਅਮਨ ਕਾਇਮ ਰੱਖਣ ਲਈ ਸਹੀ ਦਿਸ਼ਾ ਵਿੱਚ ਠੋਸ ਕਦਮ ਉਠਾਉਣਗੇ।


ਪਾਕਿਸਤਾਨੀ ਕੈਦੀ ਸਨਾਉੱਲਾ ਦੀ ਹਾਲਤ ਵਿੱਚ ਨਿਘਾਰ

 http://sameydiawaaz.com/Archive%20News/%5B2013%5D/05/07.05.2013%20-%2004.jpg

ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਪੀਜੀਆਈ ਵਿੱਚ ਦਾਖ਼ਲ ਕੈਦੀ ਸਨਾਉੱਲਾ ਦਾ ਹਾਲ - ਚਾਲ

ਪਤਾ ਕਰਨ ਲਈ ਐਡਵਾਂਸਡ ਟਰੌਮਾ ਸੈਂਟਰ ਪੁੱਜਦੇ ਹੋਏ (ਫੋਟੋ: ਐਸ. ਚੰਦਨ)

ਚੰਡੀਗੜ੍ਹ 6 ਮਈ :- ਪੀਜੀਆਈ ਵਿਚ ਦਾਖਲ ਪਾਕਿਸਤਾਨੀ ਕੈਦੀ ਸਨਾਉੱਲ੍ਹਾ ਰਾਂਝੇ ਦੀ ਹਾਲਤ ਵਿਗੜ ਗਈ ਹੈ। ਉਸ ਨੂੰ ਸਾਹ ਲੈਣ ’ਚ ਵਧੇਰੇ ਔਖ ਆਉਣ ਲੱਗੀ ਹੈ। ਪੀਜੀਆਈ ਵੱਲੋਂ ਜਾਰੀ ਮੈਡੀਕਲ ਬੁਲਿਟਨ ਵਿਚ ਕਿਹਾ ਗਿਆ ਹੈ ਕਿ ਉਸ ਦਾ ਤਾਪਮਾਨ ਅਤੇ ਬਲੱਡ ਸ਼ੂਗਰ ਲਾਗਤ ਗੋਤੇ ਖਾਣ ਲੱਗ ਪਏ ਹਨ। ਉਸ ਨੂੰ ਵੈਂਟੀਲੇਟਰ ਰਾਹੀਂ ਸਾਹ ਮੁੱਢ ਤੋਂ ਹੀ ਦਿਵਾਇਆ ਜਾ ਰਿਹਾ ਸੀ ਅਤੇ ਹਾਲਤ ਭਲ੍ਹਕੇ ਨਾਲੋਂ ਬਦਤਰ ਹੈ। ਅੱਜ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਐਡਵਾਂਸ ਟਰੌਮਾ ਸੈਂਟਰ ਦੇ ਆਈਸੀਯੂ ਵਿਚ ਸਨਾਉੱਲ੍ਹਾ ਦਾ ਹਾਲ-ਚਾਲ ਪੁੱਛਿਆ। ਨਿਊਰੋਸਰਜਰੀ ਵਿਭਾਗ ਦੇ ਮੁਖੀ ਐਸ.ਐਨ. ਮਥੂਰੀਆ ਅਤੇ ਆਈਸੀਯੂ ਦੇ ਇੰਚਾਰਜ ਪ੍ਰੋ. ਵਾਈ.ਕੇ. ਬਤਰਾ ਨੇ ਉਨ੍ਹਾਂ ਨੂੰ ਮਰੀਜ਼ ਦੇ ਦਾਖਲ ਹੋਣ ਤੋਂ ਲੈ ਕੇ ਅੱਜ ਦੇ ਹਾਲਾਤ ਅਤੇ ਇਲਾਜ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਪੀ.ਜੀ.ਆਈ. ਦੇ ਡਾਇਰੈਕਟਰ  ਪ੍ਰੋ. ਯੋਗੇਸ਼ ਚਾਵਲਾ ਅਤੇ ਮੈਡੀਕਲ ਸੁਪਰਡੈਂਟ ਪ੍ਰੋ. ਏ.ਕੇ. ਗੁਪਤਾ ਵੀ ਹਾਈ ਕਮਿਸ਼ਨਰ ਦੇ ਨਾਲ ਆਈਸੀਯੂ ਤੱਕ ਗਏ। ਸਨਾਉੱਲ੍ਹਾ, ਜਿਹੜਾ ਕਿ ਜੰਮੂ ਦੀ ਕੋਟ ਬਲਾਵਲ ਜੇਲ੍ਹ  ਵਿਚ ਉਮਰ ਕੈਦ ਭੁਗਤ ਰਿਹਾ ਸੀ, ਇਕ ਭਾਰਤੀ ਕੈਦੀ ਵੱਲੋਂ ਕੀਤੇ ਗਏ ਹਮਲੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ।

ਪੀਟੀਆਈ ਅਨੁਸਾਰ ਸਲਮਾਨ ਬਸ਼ੀਰ ਨੇ ਕਿਹਾ ਕਿ ਸਨਾਉੱਲ੍ਹਾ ਦੇ ਬਚਣ ਦੀ ਸੰਭਾਵਨਾ ਬਹੁਤ ਮੱਧਮ ਹੈ ਅਤੇ ਉਸ ਉੱਤੇ ਹੋਏ ਹਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਭੜਕਾਊ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਚਾਹੁੰਦੀ ਹੈ ਕਿ ਸਨਾਉੱਲਾ ਨੂੰ ਵਤਨ ਪਰਤਾ ਦਿੱਤਾ ਜਾਵੇ ਪਰ ਸਾਰਾ ਕੁਝ ਜ਼ਖ਼ਮੀ ਦੀ ਹਾਲਤ ਉੱਤੇ ਨਿਰਭਰ ਕਰਦਾ ਹੈ। ਉਂਜ, ਸਨਾਉੱਲਾ ਦੇ ਪਰਿਵਾਰ ਨੂੰ ਚੰਡੀਗੜ੍ਹ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।


ਕੋਲਾ ਘੁਟਾਲਾ

ਸੀ. ਬੀ. ਆਈ. ਦੇ ਹਲਫ਼ਨਾਮੇ ਨਾਲ ਫੇਰ ਘਿਰੀ ਸਰਕਾਰ

 http://sameydiawaaz.com/Archive%20News/%5B2013%5D/05/07.05.2013%20-%2002.jpg

ਨਵੀਂ ਦਿੱਲੀ 6 ਮਈ (ਆਰ. ਸੇਦੂਰਾਮਨ) :- ਸੀਬੀਆਈ ਦੇ ਡਾਇਰੈਕਟਰ ਨੇ ਅੱਜ ਸੁਪਰੀਮ ਕੋਰਟ ’ਚ ਇਹ ਇਕਬਾਲ ਕੀਤਾ ਕਿ ਕੋਲਾ ਘੁਟਾਲੇ ਦੀ ਜਾਂਚ ਬਾਰੇ ਖਰੜਾ ਰਿਪੋਰਟ ’ਚ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ, ਅਟਾਰਨੀ ਜਨਰਲ ਜੀ.ਈ. ਵਾਹਨਵਤੀ ਤੇ ਪ੍ਰਧਾਨ ਮੰਤਰੀ ਦੇ ਸਕੱਤਰੇਤ ਤੇ ਕੋਲਾ ਮੰਤਰਾਲੇ ਦੇ ਅਧਿਕਾਰੀਆਂ ਦੇ ਕਹਿਣ ’ਤੇ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ।

ਆਪਣੇ ਨੌਂ ਸਫ਼ਿਆਂ ਦੇ ਹਲਫ਼ਨਾਮੇ ਵਿੱਚ ਸੀਬੀਆਈ ਦੇ ਮੁਖੀ ਰਣਜੀਤ ਸਿਨਹਾ ਨੇ ਉਨ੍ਹਾਂ ਮੀਟਿੰਗਾਂ ਦੇ ਵੇਰਵੇ ਦਿੱਤੇ, ਜੋ ਜਾਂਚ ਏਜੰਸੀ ਦੇ ਅਧਿਕਾਰੀਆਂ ਨਾਲ ਕਾਨੂੰਨ ਮੰਤਰੀ, ਅਟਾਰਨੀ ਜਨਰਲ (ਏਜੀ), ਉਸ ਵੇਲੇ ਦੇ ਐਡੀਸ਼ਨਲ ਸਾਲਿਸਟਰ ਜਨਰਲ ਹਿਰੇਨ ਰਾਵਲ ਤੇ ਪ੍ਰਧਾਨ ਮੰਤਰੀ ਦੇ ਸਕੱਤਰੇਤ ਤੇ ਕੋਲਾ ਮੰਤਰਾਲੇ ਦੇ ਅਧਿਕਾਰੀਆਂ ਦੀਆਂ ਹੋਈਆਂ ਸਨ।

ਸਿਨਹਾ ਵੱਲੋਂ ਅਦਾਲਤ ਵਿੱਚ ਦਿੱਤਾ ਗਿਆ ਹਲਫ਼ਨਾਮਾ ਕਾਨੂੰਨ ਮੰਤਰੀ ਤੇ ਏਜੀ ਵੱਲੋਂ ਲਏ ਗਏ ਸਟੈਂਡ ਦੇ ਉਲਟ ਹੈ, ਜਿਨ੍ਹਾਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ ਕਿ ਉਨ੍ਹਾਂ ਨੇ ਰਿਪੋਰਟ ’ਚ ਤਬਦੀਲੀਆਂ ਲਈ ਕਿਹਾ ਸੀ। ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਰਿਪੋਰਟ ਦੇ ਖਰੜੇ ’ਚ ਜਿਹੜੀਆਂ ਤਬਦੀਲੀਆਂ ਕਾਨੂੰਨ ਮੰਤਰੀ ਤੇ ਵਾਹਨਵਤੀ ਦੇ ਸੁਝਾਵਾਂ ’ਤੇ ਕੀਤੀਆਂ ਗਈਆਂ ਸਨ, ਉਨ੍ਹਾਂ ਨਾਲ ਨਾ ਤਾਂ ਰਿਪੋਰਟ ਦਾ ਕੋਈ ਆਧਾਰ ਤੇ ਸਾਰ-ਤੱਤ ਬਦਲਿਆ ਤੇ ਨਾ ਹੀ ਜਾਂਚ ਦੇ ਢੰਗ ਦਾ ਫੋਕਸ ਬਦਲਿਆ ਸੀ। ਸਿਨਹਾ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਇਸ ਅਮਲ ਵਿੱਚ ਕਿਸੇ ਵੀ ਮਸ਼ਕੂਕ ਜਾਂ ਮੁਲਜ਼ਮ ਦੇ ਨਾਂ ਪ੍ਰਗਤੀ ਰਿਪੋਰਟ ’ਚੋਂ ਨਹੀਂ ਕੱਢੇ ਗਏ ਹਨ ਤੇ ਨਾ ਹੀ ਉਨ੍ਹਾਂ ਨੂੰ ਬਖ਼ਸ਼ਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਹੁਤੀਆਂ ਤਬਦੀਲੀਆਂ ਉਨ੍ਹਾਂ ਦੇ ਅਫ਼ਸਰਾਂ ਵੱਲੋਂ ਰਿਪੋਰਟ ਨੂੰ ਬਿਹਤਰ ਬਣਾਉਣ ਲਈ ਆਪਣੇ ਤੌਰ ’ਤੇ ਜਾਂ ਏਐਸਜੀ (ਰਾਵਲ) ਤੇ ਉਨ੍ਹਾਂ ਦੇ ਸਹਾਇਕ ਵਕੀਲ ਤੇ ਜਾਂ ਫਿਰ ਕਾਨੂੰਨ ਮੰਤਰੀ ਦੇ ਨਾਲ ਸਲਾਹ-ਮਸ਼ਵਰੇ ਮਗਰੋਂ ਕੀਤੀਆਂ ਗਈਆਂ ਸਨ। ਸ੍ਰੀ ਸਿਨਹਾ ਅਨੁਸਾਰ ਕੁਝ ਤਬਦੀਲੀਆਂ ਏਜੀ ਤੇ ਪੀਐਮਓ ਤੇ ਕੋਲਾ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਦਿੱਤੇ ਸੁਝਾਵਾਂ ’ਤੇ ਕੀਤੀਆਂ ਗਈਆਂ ਹਨ।

ਇਸ ਦੇ ਨਾਲ ਹੀ ਸੀਬੀਆਈ ਡਾਇਰੈਕਟਰ ਨੇ ਕਿਹਾ ਕਿ ਇਸ ਪੜਾਅ ’ਤੇ ਪੱਕੇ ਰੂਪ ’ਚ ਇਹ ਦੱਸਣਾ ਮੁਸ਼ਕਲ ਹੈ ਕਿ ਕਿਹੜੇ ਵਿਅਕਤੀ ਨੇ ਕਿਹੜੀ ਤਬਦੀਲੀ ਦਾ ਸੁਝਾਅ ਦਿੱਤਾ ਸੀ। ਜਾਂਚ ਏਜੰਸੀ ਦੇ ਮੁਖੀ ਨੇ ਕਾਨੂੰਨ ਮੰਤਰੀ, ਏਜੀ, ਪੀਐਮਓ ਤੇ ਕੋਲਾ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਸਲਾਹ ’ਤੇ ਅੰਤਿਮ ਰਿਪੋਰਟ ’ਚ ਕੀਤੀਆਂ ਗਈਆਂ ਕੁਝ ਤਬਦੀਲੀਆਂ ਦਾ ਹਵਾਲਾ ਵੀ ਦਿੱਤਾ ਹੈ। ਸ੍ਰੀ ਸਿਨਹਾ ਨੇ ਕੁਝ ਤਬਦੀਲੀਆਂ ਦਾ ਹਵਾਲਾ ਵੀ ਹਲਫ਼ਨਾਮੇ ਵਿੱਚ ਦਿੱਤਾ ਹੈ।

ਹਲਫ਼ਨਾਮੇ ’ਚ ਪੀਐਮਓ ਤੇ ਕੋਲਾ ਮੰਤਰਾਲੇ ਦੇ ਉਨ੍ਹਾਂ ਅਧਿਕਾਰੀਆਂ/ਮੋਹਰੀਆਂ ਦੇ ਨਾਂ ਵੀ ਦੱਸੇ ਹੋਏ ਹਨ, ਜਿਨ੍ਹਾਂ ਨੇ ਖਰੜਾ ਰਿਪੋਰਟ ’ਚ ਤਬਦੀਲੀਆਂ ਲਈ ਕਿਹਾ ਸੀ। ਏਜੰਸੀ ਮੁਖੀ ਨੇ ਦੱਸਿਆ ਕਿ ਸ਼ਤਰੂਘਨ ਸਿੰਘ ਤੇ ਏ.ਕੇ. ਭੱਲਾ, ਜੋ ´ਮਵਾਰ ਪੀਐਮਓ ਤੇ ਕੋਲਾ ਮੰਤਰਾਲੇ ’ਚ ਜੁਆਇੰਟ ਸਕੱਤਰ ਹਨ, ਉਹ ਏਜੰਸੀ ਦੇ ਅਧਿਕਾਰੀਆਂ ਨਾਲ ਉਦੋਂ ਤੋਂ ਸੰਪਰਕ ’ਚ ਸਨ, ਜਦੋਂ ਤੋਂ ਕੋਲਾ ਘੁਟਾਲੇ ਦੀ ਜਾਂਚ ਬਾਰੇ ਕੰਮ ਚੱਲ ਰਿਹਾ ਸੀ। ਅਚੇਤ ’ਚ ਹੋਈ ਕਿਸੇ ਵੀ ਭੁੱਲ-ਚੁੱਕ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਦਿਆਂ ਸ੍ਰੀ ਸਿਨਹਾ ਨੇ ਦੱਸਿਆ ਕਿ ਸੀਬੀਆਈ ਦੇ ਮੈਨੂਅਲ ’ਚ ਕਿਤੇ ਵੀ ਇਹ ਦਿਸ਼ਾ-ਨਿਰਦੇਸ਼ ਦਰਜ ਨਹੀਂ ਹਨ ਕਿ ਅਦਾਲਤ ਦੇ ਵਿਚਾਰ ਅਧੀਨ ਕਿਸੇ ਮਾਮਲੇ ਦੀ ਜਾਂਚ ਬਾਰੇ ਪ੍ਰਗਤੀ ਰਿਪੋਰਟ ਹੋਰਾਂ ਨਾਲ ਸਾਂਝੀ ਕਰਨੀ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਵਿਭਾਗੀ ਸਰਕੂਲਰ, ਸਰਕਾਰੀ ਹਦਾਇਤਾਂ ’ਚ ਵੀ ਇਹ ਕਿਧਰੇ ਦਰਜ ਨਹੀਂ ਹੈ।

ਉਸ ਨੇ ਕਿਹਾ ਕਿ ਸੀਬੀਆਈ ਅਧਿਕਾਰੀਆਂ ਨਾਲ ਉਪਰੋਕਤਾਂ ਦੀਆਂ ਮੀਟਿੰਗਾਂ ਦੇ ਵੇਰਵੇ ਵੀ ਕਿਧਰੇ ਦਰਜ ਨਹੀਂ ਹਨ ਤੇ ਇਹ ਹਲਫ਼ਨਾਮਾ ਉਨ੍ਹਾਂ ਦੀ ਤੇ ਉਨ੍ਹਾਂ ਦੇ ਅਫ਼ਸਰਾਂ ਦੀ ਯਾਦਦਾਸ਼ਤ ’ਤੇ ਆਧਾਰਤ ਹੈ।


ਸਰਕਾਰ ਸਿੱਧੇ ਜੁਆਬ ਤੋਂ ਟਾਲਾ ਵੱਟਦੀ ਰਹੀ

ਨਵੀਂ ਦਿੱਲੀ, 6 ਮਈ ਸਰਕਾਰ ਅੱਜ ਰਾਜ ਸਭਾ ਦਾ ਸਿੱਧਾ ਜੁਆਬ ਦੇਣੋਂ ਟਲਦੀ ਰਹੀ ਕਿ ਕੀ ਅਦਾਲਤਾਂ ’ਚ ਪੇਸ਼ ਕੀਤੀਆਂ ਜਾਣ ਵਾਲੀਆਂ ਸੀਬੀਆਈ ਦੀਆਂ ਪ੍ਰਗਤੀ ਰਿਪੋਰਟਾਂ ਪਹਿਲਾਂ ਸਰਕਾਰ ਵੱਲੋਂ ਜਾਂਚੀਆਂ-ਪਰਖੀਆਂ ਜਾਂਦੀਆਂ ਹਨ। ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਭਾਜਪਾ ਦੇ ਪ੍ਰਭਾਤ ਝਾਅ ਨੂੰ ਜੁਆਬ ਦਿੰਦਿਆਂ ਦੱਸਿਆ ਕਿ ਕਾਨੂੰਨ ਮੰਤਰਾਲਾ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਨੂੰ, ਮਾਮਲੇ ਦੇ ਅਦਾਲਤ ’ਚ ਜਾਣ ਤੋਂ ਪਹਿਲਾਂ ਕਾਨੂੰਨੀ ਸਲਾਹ ਦੇਣ ਦਾ ਅਧਿਕਾਰ ਰੱਖਦਾ ਹੈ।


ਰਿਸ਼ਵਤ ਕੇਸ: ਮਹੇਸ਼ ਕੁਮਾਰ ਸੀ. ਬੀ. ਆਈ. ਹਵਾਲੇ

http://sameydiawaaz.com/Archive%20News/%5B2013%5D/05/07.05.2013%20-%2003.jpg

ਨਵੀਂ ਦਿੱਲੀ: ਰਿਸ਼ਵਤ ਕੇਸ ਵਿੱਚ ਗ੍ਰਿਫਤਾਰ ਰੇਲਵੇ ਬੋਰਡ ਦੇ ਮੈਂਬਰ (ਸਟਾਫ) ਮਹੇਸ਼ ਕੁਮਾਰ ਨੂੰ ਅਦਾਲਤ ਨੇ ਤਿੰਨ ਦਿਨ ਲਈ ਸੀਬੀਆਈ ਦੇ ਸਪੁਰਦ ਕਰ ਦਿੱਤਾ ਹੈ। ਇਸ ਕੇਸ ਦਾ ਮੁੱਖ ਦੋਸ਼ੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦਾ ਭਾਣਜਾ ਵਿਜੈ ਸਿੰਗਲਾ ਹੈ। ਸੀਬੀਆਈ ਨੇ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ।  ਦਸ ਕਰੋੜ ਰੁਪਏ ਦੇ ਇਸ ਸੌਦੇ ਵਿੱਚ ਵਿਜੈ ਸਿੰਗਲਾ ਤੇ 6 ਹੋਰ ਜਣੇ ਗ੍ਰਿਫਤਾਰ ਹੋ ਚੁੱਕੇ ਹਨ। ਸੀਬੀਆਈ ਦੇ ਵਕੀਲ ਅਕਸ਼ੈ ਗੌਤਮ ਨੇ ਸੀਬੀਆਈ ਦੀ ਵਿਸ਼ੇਸ਼ ਜੱਜ ਸਵਰਨ ਕਾਂਤਾ ਸ਼ਰਮਾ ਨੂੰ ਦੱਸਿਆ ਕਿ ਮਹੇਸ਼ ਕੁਮਾਰ ਜਾਂਚ ਲਈ ਪੂਰਾ ਸਹਿਯੋਗ ਨਹੀਂ ਦੇ ਰਿਹਾ। ਉਹ ਪੁੱਛੇ ਗਏ ਸਵਾਲਾਂ ਦੇ ਢੁੱਕਵੇਂ ਉੱਤਰ ਨਹੀਂ ਦੇ ਰਿਹਾ।


ਪਾਕਿਸਤਾਨ ਵਿੱਚ ਚੋਣ ਰੈਲੀ ਦੌਰਾਨ ਧਮਾਕਾ, 15 ਹਲਾਕ

ਇਸਲਾਮਾਬਾਦ 6 ਮਈ :- ਪਾਕਿਸਤਾਨ ਦੇ ਖੁਰਮ ਕਬਾਇਲੀ ਇਲਾਕੇ ਵਿੱਚ ਜਮਾਇਤੇ - ਏ - ਇਸਲਾਮ-ਫਜ਼ਲ ਦੀ ਚੋਣ ਰੈਲੀ ਦੌਰਾਨ ਹੋਏ ਧਮਾਕੇ ਚ 15 ਜਣੇ ਮਾਰੇ ਗਏ। ਇਸ ਹਮਲੇ ’ਚ 70 ਤੋਂ ਵੀ ਵੱਧ ਲੋਕ ਫੱਟੜ ਹੋਏ ਹਨ। ਹਮਲਾ ਮਦਰੱਸੇ ਵਿੱਚ ਹੋਇਆ ਜਿਥੇ ਰੈਲੀ ਕੀਤੀ ਜਾ ਰਹੀ ਸੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz