ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

17 ਅਪ੍ਰੈਲ 2013

ਪ੍ਰੋ: ਭੁੱਲਰ ਦੀ ਹਾਲਤ ਬਹੁਤ ਤਰਸਯੋਗ, ਡਾਕਟਰਾਂ ਦਾ ਖੁਲਾਸਾ

ਦੋ ਦਿਨ ਚ ਖਾਧੀ ਸਿਰਫ 1 ਰੋਟੀ, ਮਿਲਣ ਦਾ ਸਮਾਂ ਵੀ 4 ਘੰਟਿਆਂ ਤੋਂ ਘਟਾ 10 ਮਿੰਟ ਕੀਤਾ

ਛੇਤੀ - ਛੇਤੀ ਹੈਲੀਕਾਪਟਰ ਮੰਗਵਾਓ ਮੈਂ ਮੀਟਿੰਗ ਤੇ ਜਾਣਾ ਹੈ - ਪ੍ਰੋ: ਭੁੱਲਰ

 http://sameydiawaaz.com/Archive%20News/%5B2013%5D/04/17.04.2013%20-%2005.jpg

ਚੰਡੀਗੜ੍ਹ 16 ਅਪ੍ਰੈਲ (ਗਗਨਦੀਪ ਸਿੰਘ ਸੋਹਲ) :- ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਕ ਤੇ ਸਰੀਰਕ ਸਥਿਤੀ ਇਨੀ ਕਮਜ਼ੋਰ ਹੈ ਕਿ ਉਹ ਨਾ ਤਾਂ ਖੁਦ ਦੇ ਸਹਾਰੇ ਖੜ੍ਹ ਸਕਦੇ ਹਨ ਤੇ ਨਾ ਹੀ ਉਹ ਖੁਦ ਨੂੰ, ਆਪਣੀ ਪਤਨੀ ਨੂੰ ਜਾਂ ਹੋਰ ਕਿਸੇ ਨੂੰ ਪਛਾਣਦੇ ਹਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਵਲੋਂ ਕੀਤਾ ਗਿਆ ਹੈ ।

ਇਸ ਸਬੰਧੀ ਇਕ ਦਾ ਇੰਡੀਅਨ ਐਕਸਪ੍ਰੈਸ ਚ ਛਪੀ ਰਿਪੋਰਟ ਅਨੁਸਾਰ ਪ੍ਰੋ. ਭੁੱਲਰ ਦੀ ਹਾਲਤ ਇਨੀ ਮਾੜੀ ਹੈ ਕਿ ਉਨ੍ਹਾਂ ਨੇ ਪਿਛਲੇ ਦੋ ਦਿਨਾਂ ਚ ਸਿਰਫ 1 ਰੋਟੀ, ਕੁਝ ਸਲਾਦ ਤੇ 2 ਗਲਾਸ ਦੁੱਧ ਹੀ ਪੀਤਾ ਹੈ । ਪ੍ਰੋ: ਭੁੱਲਰ ਦਾ ਇਸ ਵੇਲੇ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਅਲਾਈਡ ਸਾਇੰਸ (ਆਈਏਬੀਏਐਸ) ਵਿਖੇ ਇਲਾਜ ਕਰ ਰਹੇ ਡਾਕਟਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ 'ਉਨ੍ਹਾਂ ਦੀ ਮਾਨਸਿਕ ਸਥਿਤੀ ਐਨੀ ਖਰਾਬ ਹੋ ਚੁੱਕੀ ਹੈ ਕਿ ਉਹ ਅਕਸਰ ਸੋਚਦੇ ਹਨ ਕਿ ਉਹ ਦੇਸ਼ ਦੇ ਫਾਈਨਾਂਸ ਮੰਤਰੀ ਹਨ ਤੇ ਇਹ ਕਹਿੰਦੇ ਹਨ ਕਿ ਛੇਤੀ ਛੇਤੀ ਹੈਲੀਕਾਪਟਰ ਮੰਗਵਾਉ ਕਿਉਂਕਿ ਉਨ੍ਹਾਂ ਨੇ ਕਈ ਮੀਟਿੰਗਾਂ ਚ ਹਿੱਸਾ ਲੈਣਾ ਹੈ। ਕਈ ਵਾਰ ਉਹ ਸੋਚਦੇ ਹਨ ਕਿ ਉਹ ਆਪਣੇ ਪਿਤਾ ਦੇ ਨਾਲ ਹਨ ਤੇ ਉਨ੍ਹਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਇਹੀ ਨਹੀਂ ਭੁੱਲਰ ਆਪਣੇ ਕਮਰੇ ਤੋਂ ਬਾਹਰ ਵੀ ਨਹੀਂ ਨਿਕਲਦੇ ਕਿਉਂਕਿ ਉਹ ਕਹਿੰਦੇ ਹਨ ਕਿ ਜੇਕਰ ਉਹ ਕਮਰੇ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਕੋਈ ਚਾਕੂ ਮਾਰ ਦੇਵੇਗਾ।' ਭੁੱਲਰ ਦਾ ਇਲਾਜ ਕਰ ਰਹੇ ਇਕ ਹੋਰ ਡਾਕਟਰ ਅਮਿਤ ਸਕਸੈਨਾ ਦਾ ਕਹਿਣਾ ਹੈ ਕਿ 'ਕਈ ਵਾਰ ਭੁੱਲਰ ਚੀਕ ਕੇ ਕਹਿੰਦੇ ਹਨ ਕਿ ਉਨ੍ਹਾਂ ਨੇ ਦੀਵਾਰਾਂ ਤੇ ਖੂਨ ਲੱਗਿਆ ਦੇਖਿਆ ਹੈ। ਉਹ ਅਸਮਾਨ ਵੱਲ ਲਗਾਤਾਰ ਦੇਖਦੇ ਰਹਿੰਦੇ ਹਨ ਤੇ ਖੁਦ ਨਾਲ ਹੀ ਗੱਲਾਂ ਕਰਦੇ ਰਹਿੰਦੇ ਹਨ।'

ਡਾਕਟਰਾਂ ਅਨੁਸਾਰ ਭੁੱਲਰ ਮਾਨਸਕ ਤੇ ਸਰੀਰਕ ਹਾਲਤ ਇਸ ਵੇਲੇ ਇਨੀ ਮਾੜੀ ਹੈ ਕਿ ਉਹ ਉਨ੍ਹਾਂ ਨੂੰ ਛੇਤੀ ਡਿਸਚਾਰਜ ਕਰਨ ਬਾਰੇ ਸੋਚ ਨਹੀਂ ਸਕਦੇ।

ਦੂਜੇ ਪਾਸੇ ਪੁਲਸ ਨੇ ਉਨ੍ਹਾਂ ਨੂੰ ਮਿਲਣ ਦੇ ਸਮੇਂ ਚ ਵੀ ਭਾਰੀ ਕਟੌਤੀ ਕਰ ਦਿਤੀ ਹੈ। ਪਹਿਲਾਂ ਉਨ੍ਹਾਂ ਨੁੰ ਪਤਨੀ, ਵਕੀਲ ਜਾਂ ਹੋਰ ਰਿਸ਼ਤੇਦਾਰਾਂ ਦੇ ਮਿਲਣ ਲਈ 4 ਘੰਟੇ ਦਾ ਸਮਾਂ ਦਿਤਾ ਜਾਂਦਾ ਸੀ ਪਰ ਹੁਣ ਇਸ ਨੂੰ ਘਟਾਕੇ 10 ਮਿੰਟ ਹੀ ਕਰ ਦਿਤਾ ਗਿਆ ਹੈ। ਪਤਾ ਲੱਗਾ ਹੈ ਕਿ ਇਸ ਬਾਰੇ ਕੋਈ ਲਿਖਤੀ ਹੁਕਮ ਜਾਰੀ ਨਹੀਂ ਹੋਏ ਤੇ ਪੁਲਿਸ ਵਲੋਂ ਫਾਂਸੀ ਦੀ ਸਜਾ ਸੁਪਰੀਮ ਕੋਰਟ ਵਲੋਂ ਕਾਇਮ ਰੱਖੇ ਜਾਣ ਤੋਂ ਬਾਦ ਆਪਣੇ ਪੱਧਰ ਤੇ ਇਹ ਫੈਸਲਾ ਲਿਆ ਗਿਆ ਹੈ।


ਭੁੱਲਰ ਦੀ ਸਜ਼ਾ ਮੁਆਫੀ ’ਤੇ ਸਰਕਾਰ ਕਰੇਗੀ ਵਿਚਾਰ - ਸ਼ਿੰਦੇ

ਸਿਹਤ ਦੀ ਜਾਂਚ ਲਈ ਮੈਡੀਕਲ ਬੋਰਡ ਬਿਠਾਉਣ ਦਾ ਸੰਕੇਤ

 http://sameydiawaaz.com/Archive%20News/%5B2013%5D/04/17.04.2013%20-%2007.jpg

ਨਵੀਂ ਦਿੱਲੀ 16 ਅਪਰੈਲ :- ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਹੈ ਕਿ ਸਰਕਾਰ ਨੇ ਖਾਲਿਸਤਾਨੀ ਖਾੜਕੂ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ਼ ਕਰਨ ਦੀ ਮੰਗ ਉਪਰ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਮੰਗ ਉਪਰ ਵਿਚਾਰ ਕਰਾਂਗੇ।’’ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਭੁੱਲਰ ਦੀ ਫਾਂਸੀ ਦੀ ਸਜ਼ਾ ਰੋਕਣ ਲਈ ਰਾਹ ਲੱਭਣ ਲਈ ਬੇਨਤੀ ਕੀਤੀ ਸੀ। ਉਨ੍ਹਾਂ ਖਦਸ਼ਾ ਪ੍ਰਗਟਾਇਆ ਸੀ ਕਿ ਇਸ ਨਾਲ ਰਾਜ ’ਚ ਸ਼ਾਂਤੀ ਤੇ ਆਪਸੀ ਭਾਈਚਾਰਾ ਖ਼ਤਰੇ ਵਿੱਚ ਪੈ ਜਾਵੇਗਾ। ਇਸੇ ਦੌਰਾਨ ਸਰਕਾਰੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਸਰਕਾਰ ਭੁੱਲਰ ਦੇ ਸਿਹਤ ਦੀ ਜਾਂਚ ਲਈ ਮੈਡੀਕਲ ਬੋਰਡ ਬਿਠਾ ਸਕਦੀ ਹੈ। ਰਿਪੋਰਟਾਂ ਅਨੁਸਾਰ ਭੁੱਲਰ ਮਾਨਸਿਕ ਤੌਰ ’ਤੇ ਬਿਮਾਰ ਹੈ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦਿੱਤੇ ਮੰਗ ਪੱਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਭੁੱਲਰ ਦੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਮਾਨਸਿਕ ਤੌਰ ’ਤੇ ਅਸਥਿਰ ਹੈ ਤਾਂ ਉਸ ਨੂੰ ਫਾਂਸੀ ਨਹੀਂ ਦੇਣੀ ਚਾਹੀਦੀ। ਸੁਪਰੀਮ ਕੋਰਟ ਨੇ ਬੀਤੇ ਹਫਤੇ ਭੁੱਲਰ ਦੀ ਸਜ਼ਾ-ਏ-ਮੌਤ ਨੂੰ ਮੁਆਫ਼ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਅੱਜ ਇਸ ਸੰਵੇਦਨਸ਼ੀਲ ਮਾਮਲੇ ’ਤੇ ਚਰਚਾ ਕਰਨ ਲਈ ਸ੍ਰੀ ਸ਼ਿੰਦੇ ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਗੱਲਬਾਤ ਕੀਤੀ। ਭੁੱਲਰ ਦੀ ਸਜ਼ਾ ਮੁਆਫ਼ੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਵੀ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ ਜਾ ਰਹੀ ਹੈ। ਉਹ ਵੀ ਪਟੀਸ਼ਨ ’ਚ ਸਿਹਤ ਦਾ ਮੁੱਦਾ ਉਠਾ ਰਹੇ ਹਨ।


ਪੰਜਾਬ ਦੇ ਖੁਫੀਆ ਵਿੰਗ ਵੱਲੋਂ ਹਾਲਾਤ ’ਤੇ ਨਜ਼ਰ

ਚੰਡੀਗੜ੍ਹ 16 ਅਪਰੈਲ (ਤਰਲੋਚਨ ਸਿੰਘ) :- ਸੁਪਰੀਮ ਕੋਰਟ ਵਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਤੋਂ ਬਾਅਦ ਪੰਜਾਬ ਦੇ ਖੁਫੀਆ ਵਿੰਗ ਵਲੋਂ ਹਾਲਾਤ ਉਪਰ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਰ ਸੁਰੱਖਿਆ ਪ੍ਰਬੰਧ ਵੀ ਵਧਾ ਦਿੱਤੇ ਗਏ ਹਨ। ਦੂਸਰੇ ਪਾਸੇ ਪੰਜਾਬ ਪੁਲੀਸ ਦਾ ਕਹਿਣਾ ਹੈ ਕਿ ਰਾਜ ਵਿਚ ਕਿਸੇ ਤਰ੍ਹਾਂ ਦਾ ਤਣਾਅ ਵਾਲਾ ਮਾਹੌਲ ਨਹੀਂ ਹੈ ਅਤੇ ਪਿਛਲੇ ਦਿਨਾਂ ਤੋਂ ਵਾਧੂ ਸੁਰੱਖਿਆ ਕਰਮੀ ਕੇਵਲ ਨਵਰਾਤਿਆਂ ਆਦਿ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਤਾਇਨਾਤ ਕੀਤੇ ਗਏ ਹਨ ਤੇ ਇਸ ਦਾ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਨਾਲ ਕੋਈ ਲੈਣਾ-ਦੇਣਾ ਨਹੀਂ। ਪੁਲੀਸ ਸੂਤਰਾਂ ਅਨੁਸਾਰ ਪੰਜਾਬ ਵਿਚ ਬਾਰਡਰ ਸਕਿਓਰਟੀ ਫੋਰਸ (ਬੀਐਸਐਫ) ਸਮੇਤ ਪੰਜਾਬ ਆਰਮਡ ਪੁਲੀਸ (ਪੀਏਪੀ) ਅਤੇ ਇੰਡੀਅਨ ਰਿਜ਼ਰਵ ਬਟਾਲੀਅਨ (ਆਈਆਰਬੀ) ਨੂੰ ਨਵਰਾਤਿਆਂ ਮੌਕੇ ਮੰਦਰਾਂ ਆਦਿ ਵਿਚ ਸ਼ਰਧਾਲੂਆਂ ਦੀ ਭੀੜ ਨੂੰ ਮੁੱਖ ਰੱਖਦਿਆਂ ਤਾਇਨਾਤ ਕੀਤਾ ਹੈ। ਬੀਐਸਐਫ ਦੀਆਂ ਕੰਪਨੀਆਂ ਪਹਿਲਾਂ ਹੀ ਪੰਜਾਬ ਵਿਚ ਮੌਜੂਦ ਹਨ ਅਤੇ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੰਜ ਕੰਪਨੀਆਂ ਹੋਰ ਦਿੱਤੀਆਂ ਗਈਆਂ ਹਨ, ਜੋ ਅੰਮ੍ਰਿਤਸਰ, ਲੁਧਿਆਣੇ ਅਤੇ ਜਲੰਧਰ ਵਿਖੇ ਤਾਇਨਾਤ ਕੀਤੀਆਂ ਹਨ। ਪੁਲੀਸ ਹੈਡਕੁਆਰਟਰ ਵੱਲੋਂ ਖੁਫੀਆ ਵਿੰਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜ਼ਰੂਰ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਸਮੁੱਚੀ ਸਥਿਤੀ ਉਪਰ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਜਿਸ ਤਹਿਤ ਖੁਫੀਆ ਵਿੰਗ ਨੂੰ ਵੱਖ-ਵੱਖ ਸਿੱਖ ਧਿਰਾਂ ਦੀਆਂ ਮੀਟਿੰਗਾਂ ਦੀ ਪੜਚੋਲ ਕਰਨ ਲਈ ਕਿਹਾ ਗਿਆ ਹੈ। ਪ੍ਰੋਫੈਸਰ ਭੁੱਲਰ ਨੂੰ ਤੁਰੰਤ ਫਾਂਸੀ ਦੇਣ ਦੀ ਮੰਗ ਕਰਨ ਵਾਲੀਆਂ ਧਿਰਾਂ ਉਪਰ ਵੀ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਅਨੁਸਾਰ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਖਾਸ ਕਰਕੇ ਸਿੱਖ ਧਿਰਾਂ ਵੱਲੋਂ ਰਾਜ ਵਿਚ ਮੀਟਿੰਗਾਂ ਅਤੇ ਸੰਕੇਤਕ ਪ੍ਰਦਰਸ਼ਨਾਂ ਦੇ ਪ੍ਰੋਗਰਾਮ  ਜ਼ਰੂਰ ਕੀਤੇ ਜਾ ਰਹੇ ਹਨ ਪਰ ਇਹ ਕਿਸੇ ਤਰ੍ਹਾਂ ਵੀ ਰਾਜ ਦੇ ਅਮਨ ਤੇ ਕਾਨੂੰਨ ਲਈ ਚੁਣੌਤੀ ਨਹੀਂ ਹੈ।

ਏ. ਡੀ. ਜੀ. ਪੀ. ਸੁਰੱਖਿਆ ਦਿਨਕਰ ਗੁਪਤਾ, ਜਿਨ੍ਹਾਂ ਕੋਲ ਅੱਜਕੱਲ੍ਹ ਅਮਨ ਤੇ ਕਾਨੂੰਨ ਅਤੇ ਟ੍ਰੈਫਿਕ ਵਿੰਗ ਦੇ ਵੀ ਚਾਰਜ ਹਨ, ਨੇ ਦੱਸਿਆ ਕਿ ਰਾਜ ਵਿਚ ਅਰਧ - ਸੈਨਿਕ ਦਲਾਂ ਸਮੇਤ ਪੰਜਾਬ ਪੁਲੀਸ ਦੀ ਵਾਧੂ ਤਾਇਨਾਤੀ ਚੱਲ ਰਹੇ ਨਵਰਾਤਿਆਂ ਦੇ ਪ੍ਰੋਗਰਾਮਾਂ ਕਾਰਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਧੂ ਤਾਇਨਾਤੀ ਦਾ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੇ ਆਏ ਤਾਜ਼ੇ ਫੈਸਲੇ ਨਾਲ ਕੋਈ ਸਬੰਧ ਨਹੀਂ ਹੈ। ਇਹ ਇਕ ਰੁਟੀਨ ਪ੍ਰਕ੍ਰਿਆ ਹੈ ਅਤੇ ਰਾਜ ਵਿਚ ਡਰੱਗਜ਼ ਵਿਰੁੱਧ ਚਲਾਈ ਮੁਹਿੰਮ ਕਾਰਨ ਵੀ ਕਈ ਥਾਈਂ ਪੁਲੀਸ ਦੀ ਗਸ਼ਤ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਬੀਐਸਐਫ ਦੀਆਂ ਕੰਪਨੀਆਂ ਹਮੇਸ਼ਾ ਤਾਇਨਾਤ ਰਹਿੰਦੀਆਂ ਹਨ। ਉਂਜ ਪਿਛਲੇ ਦਿਨੀਂ ਬੀ. ਐਸ. ਐਫ ਦੀਆਂ ਪੰਜ ਹੋਰ ਕੰਪਨੀਆਂ ਜ਼ਰੂਰ ਆਈਆਂ ਹਨ ਅਤੇ ਪ੍ਰੋਫੈਸਰ ਭੁੱਲਰ ਦੇ ਮਾਮਲੇ ਵਿਚ ਤਾਜ਼ਾ ਆਏ ਫੈਸਲੇ ਕਾਰਨ ਖੁਫੀਆ ਵਿੰਗ ਨੂੰ ਸਰਗਰਮ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰੋਫੈਸਰ ਭੁੱਲਰ ਨੂੰ ਸਾਲ 1993 ਵਿਚ ਦਿੱਲੀ ਵਿਖੇ ਉਸ ਵੇਲੇ ਦੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਐਮ. ਐਸ. ਬਿੱਟਾ ਉਪਰ ਕੀਤੇ ਹਮਲੇ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਉਧਰ ਕਈ ਹਲਕਿਆਂ ਵਿਚ ਪੰਜਾਬ ਸਰਕਾਰ ਵੱਲੋਂ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਤੋਂ ਬਚਾਉਣ ਲਈ ਚਲਾਈ ਮੁਹਿੰਮ ਕਾਰਨ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਾਲ 2009 ਦੌਰਾਨ ਪੰਜਾਬ ਪੁਲੀਸ ਦੇ ਮੌਜੂਦਾ ਮੁਖੀ ਸੁਮੇਧ ਸਿੰਘ ਸੈਣੀ ਦੇ ਹੱਕ ਵਿਚ ਸੁਪਰੀਮ ਕੋਰਟ ’ਚ ਦਾਇਰ ਕੀਤੇ ਹਲਫਨਾਮੇ ਵਿਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਇਕ ਖਤਰਨਾਕ ਅਤਿਵਾਦੀ ਦੱਸਿਆ ਗਿਆ ਸੀ। ਜਿਸ ਵਿਚ ਪੰਜਾਬ ਸਰਕਾਰ ਨੇ ਰਾਜ ਵਿਚ ਅਤਿਵਾਦ ਖਿਲਾਫ ਸਫਲ ਲੜਾਈ ਲੜਨ ਵਾਲੇ ਸ੍ਰੀ ਸੈਣੀ ਵਰਗੇ ਪੁਲੀਸ ਅਫਸਰਾਂ ਉਪਰ ਅਪਰਾਧਿਕ ਮਾਮਲੇ ਦੀ ਪੜਤਾਲ ਚਲਾਉਣ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਆਈ. ਏ. ਐਸ. ਅਧਿਕਾਰੀ ਦਰਸ਼ਨ ਸਿੰਘ ਮੁਲਤਾਨੀ ਨੇ ਆਪਣੇ ਇੰਜਨੀਅਰ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਪੁਲੀਸ ਵੱਲੋਂ ਝੂਠੇ ਮੁਕਾਬਲੇ ਵਿਚ ਮਾਰਨ ਦਾ ਦੋਸ਼ ਲਾਇਆ ਸੀ। ਪੰਜਾਬ - ਹਰਿਆਣਾ ਹਾਈ ਕੋਰਟ ਨੇ ਇਹ ਮਾਮਲਾ ਸੀਬੀਆਈ ਹਵਾਲੇ ਕਰ ਦਿੱਤਾ ਸੀ ਅਤੇ ਅੱਗੋਂ ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਪ੍ਰੋਫੈਸਰ ਭੁੱਲਰ ਦੇ ਪਿਤਾ ਬਲਵੰਤ ਸਿੰਘ ਤੇ ਉਸ ਦੇ ਇਕ ਹੋਰ ਰਿਸ਼ਤੇਦਾਰ ਮਨਜੀਤ ਸਿੰਘ ਅਤੇ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਲਾਪਤਾ ਕਰਨ ਦੇ ਦੋਸ਼ਾਂ ਤਹਿਤ ਐਫ. ਆਈ. ਆਰ. ਦਰਜ ਕੀਤੀ ਸੀ। ਇਸੇ ਮਾਮਲੇ ਵਿਚ ਹੀ ਸ੍ਰੀ ਸੈਣੀ ਤੇ ਚੰਡੀਗੜ੍ਹ ਦੇ ਕੁਝ ਹੋਰ ਪੁਲੀਸ ਅਧਿਕਾਰੀਆਂ ਵਿਰੁੱਧ ਕੇਸ ਚੱਲ ਰਿਹਾ ਹੈ।


ਬੋਸਟਨ ਮੈਰਾਥਨ ਦੌਰਾਨ ਦੋ ਧਮਾਕੇ; 3 ਮੌਤਾਂ, 140 ਤੋਂ ਵੱਧ ਫੱਟੜ

 http://sameydiawaaz.com/Archive%20News/%5B2013%5D/04/17.04.2013%20-%2009.jpg

ਬੋਸਟਨ ਵਿਚ ਸੋਮਵਾਰ ਨੂੰ ਮੈਰਾਥਨ ਦੌੜ ਦੌਰਾਨ ਦੋ ਬੰਬ ਧਮਾਕਿਆਂ 'ਚ ਜ਼ਖ਼ਮੀ

ਹੋਈ ਮਹਿਲਾ ਨੂੰ ਹਸਪਤਾਲ ਲਿਜਾਣ ਲਈ ਉਠਾਉਣ ਦੀ ਕੋਸ਼ਿਸ਼ ਕਰ ਰਹੇ ਰਾਹਤ ਕਰਮਚਾਰੀ

 http://sameydiawaaz.com/Archive%20News/%5B2013%5D/04/16.04.2013%20-%2013.jpg

ਧਮਾਕੇ ਕਾਰਨ ਜ਼ਖ਼ਮੀ ਨੂੰ ਡਾਕਟਰੀ ਸਹਾਇਤਾ ਲਈ ਲਿਜਾ ਰਹੇ ਸਿਹਤ ਵਿਭਾਗ ਦੇ ਮੁਲਾਜ਼ਮ (ਫੋਟੋਆਂ: ਏ.ਪੀ.)

ਬੋਸਟਨ 16 ਅਪਰੈਲ :- ਦੁਨੀਆਂ ਭਰ ਵਿਚ ਮਸ਼ਹੂਰ ਅਮਰੀਕਾ ਦੀ ਬੋਸਟਨ ਮੈਰਾਥਨ ਦੀ ਜੇਤੂ ਲਾਈਨ ਨੇੜੇ ਦੌੜਾਕਾਂ ਨੂੰ ਉਤਸ਼ਾਹਤ ਕਰ ਰਹੀ ਭੀੜ ਵਿਚ ਬੀਤੇ ਦਿਨ ਦੋ ਬੰਬ ਧਮਾਕੇ ਹੋਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਤੇ 140 ਤੋਂ ਵੱਧ ਫੱਟੜ ਹੋ ਗਏ। ਧਮਾਕਿਆਂ ਵਿਚ ਕਿਸੇ ਭਾਰਤੀ ਦੇ ਮਰਨ ਜਾਂ ਫੱਟੜ ਹੋਣ ਦੀ ਖ਼ਬਰ ਨਹੀਂ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਘਟਨਾ ਮਗਰੋਂ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਧਮਾਕਿਆਂ ਮਗਰੋਂ ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ ਤੇ ਵਾਸ਼ਿੰਗਟਨ ‘ਚ ਚੌਕਸੀ ਵਧਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 42 ਕਿਲੋਮੀਟਰ ਬੋਸਟਨ ਮੈਰਾਥਨ ਦੀ ਜੇਤੂ ਲਾਈਨ ਕੋਲ ਸੈਂਕੜਿਆਂ ਦੀ ਗਿਣਤੀ ਵਿਚ ਭੀੜ ਦੌੜਾਕਾਂ ਦਾ ਉਤਸ਼ਾਹ ਵਧਾਉਣ ਲਈ ਖੜੀ ਸੀ। ਇਸ ਤੋਂ ਇਲਾਵਾ ਪੂਰੇ 42 ਕਿਲੋਮੀਟਰ ਦੇ ਰੂਟ ‘ਤੇ ਹਜਾਰਾਂ ਲੋਕ ਖੜੇ ਦੌੜਾਕਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਜੇਤੂ ਲਾਈਨ ਕੋਲ ਸੈਕਿੰਡਾਂ ਦੇ ਫਰਕ ਨਾਲ ਦੋ ਬੰਬ ਧਮਾਕੇ ਹੋ ਜਾਣਗੇ। ਧਮਾਕਿਆਂ ਮਗਰੋਂ ਉਥੇ ਹੀ ਚੀਕ-ਚਿਹਾਰਾ ਮਚ ਗਿਆ ਤੇ ਲੋਕ ਇਧਰ-ਉਧਰ ਭੱਜਣ ਲੱਗੇ। ਹਾਲੇ ਤਕ ਇਹ ਪਤਾ ਨਹੀਂ ਲੱਗਿਆ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ। ਵਾਈਟ ਹਾਊਸ ਦੇ ਅਧਿਕਾਰੀ ਅਨੁਸਾਰ ਉਹ ਇਸ ਨੂੰ ਅਤਿਵਾਦੀ ਕਾਰਾ ਮੰਨ ਕੇ ਚੱਲ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਦੋ ਧਮਾਕੇ ਸਿਰਫ਼ ਤੇ ਸਿਰਫ਼ ਅਤਿਵਾਦੀ ਕਾਰਵਾਈ ਵੱਲ ਇਸ਼ਾਰਾ ਕਰਦੇ ਹਨ। ਮਾਮਲੇ ਦੀ ਜਾਂਚ ਐਫਬੀਆਈ ਨੂੰ ਸੌਂਪ ਦਿੱਤੀ ਗਈ ਹੈ। ਉਹ ਇਸ ਗੱਲ ਦਾ ਪਤਾ ਲਗਾਏਗੀ ਕਿ ਇਹ ਕੋਈ ਸਾਜ਼ਿਸ਼ ਸੀ ਜਾਂ ਅਤਿਵਾਦੀ ਵਾਰਦਾਤ।

ਹਾਲੇ ਤਕ ਬੋਸਟਨ ਦੇ ਵੱਖ-ਵੱਖ ਹਸਪਤਾਲਾਂ ਵਿਚ 144 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ 42 ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਵਿਚ 8 ਬੱਚੇ ਵੀ ਸ਼ਾਮਲ ਹਨ। ਮੀਡੀਆ ਅਨੁਸਾਰ ਮਰਨ ਵਾਲਿਆਂ ਵਿਚ ਇਕ 8 ਸਾਲਾ ਬੱਚਾ ਵੀ ਹੈ। ਸੁਰੱਖਿਆ ਏਜੰਸੀਆਂ ਨੇ ਧਮਾਕਿਆਂ ਮਗਰੋਂ ਦੋ ਹੋਰ ਥਾਵਾਂ ਤੋਂ ਬੰਬ ਬਰਾਮਦ ਕੀਤੇ ਹਨ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਘਟਨਾ  ਨੂੰ ਸੰਵੇਦਨਹੀਣ ਕਰਾਰ ਦਿੱਤਾ ਹੈ।  ਧਮਾਕਿਆਂ ਮਗਰੋਂ ਸਾਊਦੀ ਅਰਬ ਦਾ ਫੱਟੜ ਇਕ ਨਾਗਰਿਕ ਬੋਸਟਨ ਹਸਪਤਾਲ ਵਿਚ ਸੁਰੱਖਿਆ ਅਧੀਨ ਹੈ, ਪਰ ਜਾਂਚ ਏਜੰਸੀਆਂ ਨੇ ਕਿਹਾ ਹੈ ਕਿ ਉਸ ਦਾ ਇਨ੍ਹਾਂ ਧਮਾਕਿਆਂ ਨਾਲ ਕੋਈ ਸਬੰਧ ਨਹੀਂ ਹੈ। ਧਮਾਕਿਆਂ ਮਗਰੋਂ ਓਬਾਮਾ ਨੇ ਗ੍ਰਹਿ ਸੁਰੱਖਿਆ ਮੰਤਰੀ ਲੀਜ਼ਾ ਮੋਨੈਕੋ ਨਾਲ ਵੀ ਗੱਲ ਕੀਤੀ ਹੈ।

ਬੋਸਟਨ ਵਿਖੇ ਬੰਬ ਧਮਾਕਿਆਂ ਮਗਰੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨਾਲ ਇਕਮੁੱਠਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਭੇਜੀ ਚਿੱਠੀ ਵਿਚ ਕਿਹਾ, ”ਇਸ ਦੁੱਖ ਦੀ ਘੜੀ ਵਿਚ ਭਾਰਤ ਤੁਹਾਡੇ ਨਾਲ ਖੜਾ ਹੈ।”

ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖਾਨੇ ਅਨੁਸਾਰ ਇਨ੍ਹਾਂ ਬੰਬ ਧਮਾਕਿਆਂ ਵਿਚ ਨਾ ਕਿਸੇ ਭਾਰਤੀ ਦੀ ਮੌਤ ਹੋਈ ਹੈ ਤੇ ਨਾ ਹੀ ਕੋਈ ਫੱਟੜ ਹੋਇਆ ਹੈ। ਨਿਊਯਾਰਕ ਵਿਚਲੇ ਭਾਰਤੀ ਕੌਂਸਲਖਾਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਆਪਣੇ ਸਕੇ-ਸਬੰਧੀਆਂ ਬਾਰੇ ਚਿੰਤਤ ਭਾਰਤੀ ਸਫ਼ਾਰਤਖਾਨੇ ਦੇ ਨੰਬਰ (001) 2029397000 ‘ਤੇ ਵੀ ਸੰਪਰਕ ਕਰ ਸਕਦੇ ਹਨ।

ਪਾਕਿਸਤਾਨ ਤਾਲਿਬਾਨ ਨੇ ਬੋਸਟਨ ਧਮਾਕਿਆਂ ਵਿਚ ਆਪਣੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਤਹਿਰੀਕ - ਏ - ਤਾਲਿਬਾਨ ਪਾਕਿਸਤਾਨ ਦੇ ਬੁਲਾਰੇ ਅਹਿਸਾਨੁੱਲਾ ਅਹਿਸਾਨ ਨੇ ਟੈਲੀਫੋਨ ‘ਤੇ ਦੱਸਿਆ ਕਿ ਉਨ੍ਹਾਂ ਦਾ ਇਨ੍ਹਾਂ ਧਮਾਕਿਆਂ ‘ਚ ਕੋਈ ਹੱਥ ਨਹੀਂ।”


ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਤੇ ਪੁਲਿਸ ਨੇ ਰਲ਼ਕੇ

ਕੀਤੀ ਸਪੈਸ਼ਲ ਟਰੇਨਰ ਅਧਿਆਪਕਾਂ ਦੀ ਅੰਨ੍ਹੇਵਾਹ ਕੁੱਟਮਾਰ

ਡੀ. ਐਸ. ਪੀ. ਹਰਮੀਕ ਸਿੰਘ ਵੀ ਕੁੱਟਮਾਰ ’ਚ ਸ਼ਾਮਲ

ਗਰਭਵਤੀ ਅਧਿਆਪਕਾਵਾਂ ਨੂੰ ਵੀ ਨਹੀਂ ਬਖ਼ਸ਼ਿਆ

http://sameydiawaaz.com/Archive%20News/%5B2013%5D/04/17.04.2013%20-%2002.jpg

http://sameydiawaaz.com/Archive%20News/%5B2013%5D/04/17.04.2013%20-%2003.jpg

ਬਰਨਾਲਾ 16 ਅਪਰੈਲ (ਜੀਵਨ ਰਾਮਗੜ੍ਹ) :- ਪੰਜਾਬ ਸਰਕਾਰ ਵੱਲੋਂ 31 ਮਾਰਚ ਨੂੰ ਨੌਕਰੀਓ ਫਾਰਗ ਕੀਤੇ ਸਪੈਸ਼ਲ ਟਰੇਨਰ ਅਧਿਆਪਕ ਅਧਿਆਪਕਾਵਾਂ ਨੇ ਅੱਜ ਬਰਨਾਲਾ ਦੇ ਚਿੰਟੂ ਪਾਰਕ ਵਿਖੇ ਮਾਲਵਾ ਜੋਨ ਪੱਧਰੀ ਰੈਲ ਕਰਨ ਉਪਰੰਤ ਸ਼ਹਿਰ ਦੇ ਵੱਖ ਵੱਖ ਬਾਜਾਰਾਂ ’ਚੋਂ ਰੋਸ ਮੁਜ਼ਾਹਰਾ ਕਰਦੇ ਹੋਏ ਜਦੋਂ ਮੁੱਖ ਬੱਸ ਅੱਡੇ ਦੇ ਗੇਟ ਅੱਗੇ ਜਾਮ ਲਗਾਉਣ ਪੁੱਜੇ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੇ ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਨੇ ਸਪੈਸ਼ਲ ਟਰੇਨਰਾਂ ਦੀ ਅੰਨ੍ਹੇਵਾਹ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਰੋਸ ਮੁਜ਼ਾਹਰੇ ਦੇ ਨਾਲ-ਨਾਲ ਆ ਰਹੀ ਪੁਲਿਸ ਪਾਰਟੀ ਨੇ ਕੁੱਟਮਾਰ ਕਰਨ ਵਾਲੇ ਕਰਿੰਦਿਆਂ ਨੂੰ ਰੋਕਣ ਦੀ ਬਜਾਇ ਖੁਦ ਵੀ ਅਧਿਆਪਕਾ ਤੇ ਅਧਿਆਪਕਾਵਾਂ ’ਤੇ ਡੀਐਸਪੀ ਹਰਮੀਕ ਸਿੰਘ ਦਿਉਲ ਸਮੇਤ ਪੁਲਿਸ ਮੁਲਾਜ਼ਮਾਂ ਨੇ ਮਾਰ ਕੁਟਾਈ ਸ਼ੁਰੂ ਕਰ ਦਿੱਤੀਆਂ। ਰੋਸ ਮਾਰਚ ’ਚ ਨਵਵਿਆਹੀਆਂ ਦੇ ਨਾਲ ਗਰਭਵਤੀ ਅਧਿਆਪਕਾਵਾਂ ਨੂੰ ਵੀ ਕਰਿੰਦਿਆਂ ਅਤੇ ਪੁਲਿਸ ਵਾਲਿਆਂ ਨੇ ਵਾਲਾਂ ਤੋਂ ਫੜ ਕੇ ਧੂਹ ਘੜੀਸ ਕੀਤੀ ਅਤੇ ਚੁੰਨੀਆਂ ਨੂੰ ਪੈਰਾਂ ’ਚ ਰੋਲ਼ਣ ਤੋਂ ਇਲਾਵਾ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਵੀ ਕੀਤਾ।

ਘਟਨਾਂ ਸਥਾਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ 31 ਮਾਰਚ ਤੋਂ ਨੌਕਰੀਓਂ ਫਾਰਗ ਕੀਤੇ ਜਾਣ ਸਦਕਾ ਬੇਰੁਜਗਾਰੀ ਦਾ ਸੰਤਾਪ ਹੰਢਾ ਰਹੇ ਜੋਨ ਮਾਲਵਾ ਦੇ ਸਪੈਸ਼ਲ ਟਰੇਨਰ ਅਧਿਆਪਕਾਂ/ਅਧਿਆਪਕਾਵਾਂ ਨੇ ਸਪੈਸ਼ਲ ਟਰੇਨਰ ਯੂਨੀਅਨ ਦੀ ਅਗਵਾਈ ਹੇਠ ਅੱਜ ਬਰਨਾਲਾ ਵਿਖੇ ਰੋਸ ਮਾਰਚ ਕਰਨ ਉਪਰੰਤ ਬਰਨਾਲਾ ਦੇ ਮੁੱਖ ਬੱਸ ਸਟੈਂਡ ’ਤੇ ਜਾਮ ਲਗਾ ਦਿੱਤਾ। ਜਿਉਂ ਹੀ ਅਧਿਆਪਕ ਆਧਿਆਪਕਾਵਾਂ ਜਾਮ ਲਗਾਇਆ ਤਾਂ ਬੱਸ ਸਟੈਂਡ ’ਚ ਨਿੱਜੀ ਬੱਸ ਟਰਾਂਸਪੋਰਟਰਾਂ ਦੇ ਕਰਿੰਦਿਆਂ ਵੱਲੋਂ ਧਰਨਾਕਾਰੀਆਂ ਦੀ ਅੰਨ੍ਹੇਵਾਹ ਕੁੱਟਮਾਰ ਸੁਰੂ ਕਰ ਦਿੱਤੀ ਅਤੇ ਬੈਠੇ ਅਧਿਆਪਕਾਵਾਂ ’ਤੇ ਬੱਸ ਡਰਾਇਵਰਾਂ ਤੇ ਕੰਡਕਟਰਾਂ ਵੱਲੋਂ ਜਾਮ ਨੂੰ ਤੋੜਕੇ ਧੱਕੇ ਨਾਲ ਪੁਲਿਸ ਮੁਲਾਜ਼ਮਾਂ ਦੇ ਰੋਕੇ ਜਾਣ ਦੇ ਬਾਵਜੂਦ ਬੱਸਾਂ ¦ਘਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਜਿਸ ਉਪਰੰਤ ਜਾਮਕਾਰੀਆਂ ਤੇ ਬੱਸਾਂ ਵਾਲਿਆਂ ’ਚ ਝੜਪ ਸੁਰੂ ਹੋ ਗਈ। ਨੌਬਤ ਹੱਥੋ ਪਾਈ ’ਤੇ ਪੁੱਜ ਗਈ। ਪੁਲਿਸ ਨੇ ਸਥਿਤੀ ਕੰਟਰੋਲ ਕਰਨ ਦੀ ਬਜਾਇ ਘਟਨਾ ਸਥਾਨ ’ਤੇ ਪੁੱਜੇ ਡੀਐਸਪੀ ਹਰਮੀਕ ਸਿੰਘ ਦਿਉਲ ਨੇ ਵੀ ਆਪਣੇ ਮੁਲਾਜਮਾਂ ਸਮੇਤ ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਦਾ ਸਾਥ ਦਿੰਦਿਆਂ ਟਰੇਨਰ ਅਧਿਆਪਕਾਂ ’ਤੇ ਮਾਰਕੁਟਾਈ ਤੇ ਡਾਂਗ ਵਰ੍ਹਾਈ। ਇਥੋਂ ਤੱਕ ਕਿ ਪ੍ਰਾਇਵੇਟ ਟਰਾਂਸਪੋਰਟਰਾਂ ਦੇ ਕਰਿੰਦਿਆਂ ਨੇ ਪੁਲਿਸ ਵਾਲਿਆਂ ਦੀਆਂ ਹੀ ਲਾਠੀਆਂ ਫੜ - ਫੜਕੇ ਸਰ੍ਹੇਆਮ ਅਧਿਆਪਕਾਵਾਂ ਤੇ ਕੁਟਾਪਾ ਚਾੜਿਆ ਤੇ ਭੱਦੀ ਸ਼ਬਦਾਵਲੀ ਦਾ ਪਯੋਗ ਕੀਤਾ। ਪੀੜਤਾਂ ਗਰਭਵਤੀ ਮਲਕੀਤ ਕੌਰ ਪਟਿਆਲਾ, ਨਵਵਿਆਹੀਆਂ ਜਸਪ੍ਰੀਤ ਕੌਰ ਭਦੌੜ, ਗੁਰਜੀਤ ਕੌਰ ਅਜੀਤ ਗੜ੍ਹ ਤੋਂ ਇਲਾਵਾ ਰਮਨ ਕੋਰ ਬਠਿੰਡਾ, ਜਗਨਜੀਤ ਕੌਰ ਰਾਮਪੁਰਾ, ਰੇਸ਼ਮਾ ਰਾਣੀ ਫਾਜਿਲਕਾ, ਬੇਅੰਤ ਕੌਰ ਮੁਕਤਸਰ, ਦਵਿੰਦਰ ਕੌਰ ਮੁਹਾਲੀ ਅਤੇ ਮਾਲਵਾ ਜੋਨ ਪ੍ਰਧਾਨ ਜਗਦੀਪ ਸਿੰਘ ਬਰਨਾਲਾ, ਬਰਿੰਦਰ ਸ਼ਰਮਾ ਪਟਿਆਲਾ, ਨੌਜਵਾਨ ਭਾਰਤ ਸਭਾ ਪੰਜਾਬ ਦੇ ਨਵਕਿਰਨ ਪੱਤੀ ਆਦਿ ਵੀ ਸ਼ਾਮਲ ਸਨ। ਇਸ ਮੌਕੇ ਡੀਐਸਪੀ ਹਰਮੀਕ ਸਿੰਘ ਦਿਉਲ, ਐਸ ਐਚਓ ਸਿਟੀ ਸਤੀਸ਼ ਕੁਮਾਰ, ਸੀਆਈਏ ਇੰਚਾਰਜ਼ ਬਲਜੀਤ ਸਿੰਘ ਸਮੇਤ ਭਾਰੀ ਗਿਣਤੀ ’ਚ ਪੁਲਿਸ ਕਰਮਚਾਰੀ ਹਾਜਰ ਸੀ।

ਇਸ ਘਟਨਾਂ ਉਪਰੰਤ ਸਪੈਸ਼ਲ ਟਰੇਨਰ ਅਧਿਆਪਕ ਆਪਣੇ ਸਘੰਰਸ਼ ਲਈ ਅੜੇ ਰਹੇ ਅਤੇ ਰੋਸ ਪ੍ਰਦਰਸ਼ਨ ਲਈ ਬਜਿੱਦ ਰਹੇ। ਪ੍ਰਾਇਵੇਟ ਟਰਾਂਸਪੋਰਟਰਾਂ ਦੇ ਕਰਿੰਦਿਆਂ ਨਾਲ ਮਿਲ ਕੇ ਬਰਨਾਲਾ ਪੁਲਿਸ ਵੱਲੋਂ ਕੀਤੀ ਗਈ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਦੇ ਸਪੈਸ਼ਲ ਟਰੇਨਰ ਅਧਿਆਪਕਾਂ ਦੀ ਕੀਤੀ ਕੁੱਟ ਮਾਰ ਦੀ ਘਟਨਾਂ ਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮਖ ਸਿੰਘ ਮਾਨ, ਡੀਟੀਐਫ਼ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਇਨਕਲਾਬੀ ਕੇਂਦਰ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਬੀਕੇਯੂ ਉਗਰਾਹਾਂ ਦੇ ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ, ਤਰਕਸੀਲ ਸੁਸਾਇਟੀ ਦੇ ਪੰਜਾਬ ਦੇ ਸੂਬਾ ਮੁਖੀ ਬਲਵਿੰਦਰ ਬਰਨਾਲਾ ਤੇ ਬੀਕੇਯੂ ਡਕੌਂਦਾ ਦੇ ਮਨਜੀਤ ਸਿੰਘ ਧਨੇਰ ਆਦਿ ਨੇ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਦੋਸ਼ੀਆਂ ਖਿਲਾਫ਼ ਪੁਲਿਸ ਕੇਸ ਦਰਜ਼ ਕਰਨ ਦੀ ਮੰਗ ਕੀਤੀ।


ਇਰਾਨ ਤੇ ਪਾਕਿਸਤਾਨ ਵਿੱਚ ਭੂਚਾਲ; 74 ਮੌਤਾਂ

ਪੂਰੇ ਉਤਰੀ ਭਾਰਤ ਨੂੰ ਵੀ ਲੱਗੇ ਝਟਕੇ, ਨੁਕਸਾਨ ਤੋਂ ਬਚਾਅ

 http://sameydiawaaz.com/Archive%20News/%5B2013%5D/04/17.04.2013%20-%2006.jpg

ਭੂਚਾਲ ਦੀ ਦਹਿਸ਼ਤ ਕਾਰਨ ਗੁੜਗਾਉਂ ਵਿੱਚ ਇਕ ਬਹੁਕੌਮੀ ਕੰਪਨੀ ਦੇ ਦਫਤਰ ਵਿਚੋਂ ਬਾਹਰ ਆਏ ਮੁਲਾਜ਼ਮ

ਤਹਿਰਾਨ 16 ਅਪਰੈਲ :- ਇਰਾਨ ’ਚ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ’ਚ ਅੱਜ ਭੂਚਾਲ ਆਉਣ ਨਾਲ ਕੋਈ 40 ਲੋਕ ਮਾਰੇ ਗਏ। ਪਾਕਿਸਤਾਨ ’ਚ ਵੀ ਭੂਚਾਲ ਦੀ ਹਿਲਜੁੱਲ ਵੱਡੇ ਪੱਧਰ ’ਤੇ ਹੋਈ ਤੇ ਉੱਥੇ ਇਸ ਨੇ 22 ਜਾਨਾਂ ਲੈ ਲਈਆਂ। ਭਾਰਤ ’ਚ ਵੀ ਵੱਖ-ਵੱਖ ਖੇਤਰਾਂ ’ਚ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਪਰ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਰਾਨ ਦੇ ਭੂਚਾਲ ਮਾਪਕ ਕੇਂਦਰ ਅਨੁਸਾਰ ਇਹ ਭੂਚਾਲ 7.5 ਪੈਮਾਨੇ ਦਾ ਸੀ ਤੇ ਇਸ ਦਾ ਕੇਂਦਰ ਸਰਾਵਨ ਨੇੜੇ ਸੀ। ਇਹ ਖੇਤਰ ਪਾਕਿਸਤਾਨੀ ਸਰਹੱਦ ਤੋਂ ਸਿਰਫ 48 ਕਿਲੋਮੀਟਰ ਦੂਰ ਹੈ ਤੇ ਇੱਥੇ ਆਬਾਦੀ ਬਹੁਤ ਘੱਟ ਹੈ। ਅਮਰੀਕਾ ਦੇ ਸਬੰਧਤ ਵਿਭਾਗ ਨੇ ਭੂਚਾਲ 7.8 ਪੈਮਾਨੇ ਦਾ ਤੇ 15.2 ਕਿਲੋਮੀਟਰ ਡੂੰਘਾ ਦੱਸਿਆ ਸੀ।


ਮਾਮਲਾ ਸੰਤ ਦਾਦੂਵਾਲ ਦੀ ਰਿਹਾਈ ਦਾ

ਬਠਿੰਡਾ ਪ੍ਰਸਾਸਨ ਤੇ ਪੁਲਿਸ ਨੇ ਹਾਈਕੋਰਟ ਦੇ ਸਰਚ ਵਾਰੰਟਾਂ ਦੀ ਪ੍ਰਵਾਹ ਨਹੀਂ ਕੀਤੀ

ਗਿਰਫਤਾਰੀਆਂ ਸਬੰਧੀ ਉਚ ਅਦਾਲਤ ਨੇ ਡੀ ਸੀ ਤੋਂ ਜਵਾਬ ਮੰਗਿਆ

ਬਠਿੰਡਾ (ਬੀ. ਐਸ. ਭੁੱਲਰ) :- ਪੰਜਾਬ ਦੀ ਬਾਦਲ ਸਰਕਾਰ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪਿਛਲੇ ਕਦੀ ਦਿਨਾਂ ਤੋ ਗੈਰ ਕਾਨੂੰਨੀ ਤਰੀਕੇ ਨਾਲ ਜੇਲ੍ਹ ਵਿਚ ਰਖਕੇ ਸਿਖ ਕੌਮ ਨੂੰ ਨੀਵਾਂ ਦਿਖਾਉਣ ਤੇ ਤੁਰ ਪਈ ਹੈ, ਕਿਉਂਕਿ ਬਾਬਾ ਦਾਦੂਵਾਲ ਨੇ ਲੰਬੇ ਸਮੇਂ ਤੋਂ ਸਿਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਜਦ ਕਿ ਬਾਕੀ ਸਾਰੇ ਬਾਬੇ ਬਾਦਲ ਦਲ ਦੀ ਈਂਨ ਮੰਨਕੇ ਹਿੰਦੂਤਵਾਂ ਵਿੱਚ ਸ਼ਾਮਿਲ ਹੋ ਗਏ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਦਾਦੂਵਾਲ ਦੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਾਰੀ ਕੀਤੇ ਸਰਚ ਵਰੰਟਾਂ ਦੀ ਵੀ ਬਠਿੰਡਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੋਈ ਪ੍ਰਵਾਹ ਨਹੀਂ ਕੀਤੀ। ਦੂਜੇ ਪਾਸੇ ਸੰਤ ਦਾਦੂਵਾਲ ਦੀ ਰਿਹਾਈ ਲਈ ਦਾਇਰ ਕੀਤੀ ਰਿੱਟ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਹੋਰ ਰਿੱਟ ਨਾਲ ਜੋੜਦਿਆਂ ਡਿਪਟੀ ਕਮਿਸਨਰ ਤੋਂ ਜਵਾਬ ਮੰਗਿਆ ਹੈ।

ਸ੍ਰ: ਮਾਨ ਨੇ ਕਿਹਾ ਕਿ ਪੰਚਾਇਤ ਚੋਣਾਂ ਅਤੇ ਲੋਕ ਸਭਾ ਦੀਆਂ ਚੋਣਾਂ ਨੇੜੇ ਹੋਣ ਕਰਕੇ ਬਾਦਲ ਹਕੂਮਤ ਪੰਥ ਵਿਰੋਧੀਆਂ, ਡੇਰੇਦਾਰਾਂ ਨੂੰ ਖੁਸ਼ ਕਰਕੇ ਵੋਟਾਂ  ਪ੍ਰਾਪਤ ਕਰਨ ਲਈ ਅਜਿਹੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਫਿਲਮ ‘ਸਾਡਾ ਹਕ’ ਤੇ ਪੰਜਾਬ ਵਿਚ ਚਲਣ ਤੇ ਪਾਬੰਦੀ ਲਗਾਉਣਾ ਇਸੇ ਕੜੀ ਦਾ ਇਕ ਹਿਸਾ ਹੈ। ਪ੍ਰੋ: ਦਵਿੰਦਰਪਾਲ ਭੁੱਲਰ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ੍ਰ: ਮਾਨ ਨੇ ਕਿਹਾ ਕਿ ਜੇਕਰ ਬਾਦਲ ਹਕੂਮਤ ਸਚ ਮੁਚ ਪ੍ਰੋ: ਭੁਲਰ ਨੂੰ ਫ਼ਾਂਸੀ ਦੇ ਫੰਦੇ ਤੋ ਬਚਾਉਣਾ ਚਾਹੁੰਦੀ ਹੈ ਤਾਂ ਕਿਉ ਨਹੀਂ ਪੰਜਾਬ ਅਸੈਬਲੀ ਵਿੱਚ ਭੁਲਰ ਦੀ ਫ਼ਾਂਸੀ ਦੀ ਸਜ਼ਾ ਮੁਆਫੀ ਲਈ ਮਤਾ ਪਾਸ ਕਰਦੀ। ਉਹਨਾਂ ਕਿਹਾ ਕਿ ਰਾਜ ਵਿੱਚ ਹਰ ਪਾਸੇ ਅਫਰਾ-ਤਫਰੀ, ਬਦਅਮਨੀ ਅਤੇ ਬੇਚੈਨੀ ਵਾਲਾ ਮਾਹੌਲ ਹੈ। ਜੇਕਰ ਕੋਈ ਵੀ ਧਿਰ ਜਾਂ ਮੁਲਾਜ਼ਮ ਆਪਣੇ ਹਕਾਂ ਲਈ ਸੰਘਰਸ਼ ਕਰਦੇ ਹਨ ਤਾਂ ਪੁਲਿਸ ਦੇ ਜ਼ਬਰ ਸਹਾਰੇ ਉਹਨਾਂ ਨੂੰ ਦਬਾਇਆ ਜਾਂਦਾ ਹੈ। ਪੰਜਾਬ ਵਿੱਚੋਂ ਰੂਲ ਆਫ਼ ਲਾਅ ਨਾਮ ਦੀ ਕੋਈ ਚੀਜ ਨਹੀਂ।

ਉਧਰ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਰਿੱਟ ਨੂੰ ਉੱਚ ਅਦਾਲਤ ਨੇ ਇੱਕ ਹੋਰ ਰਿੱਟ ਪਟੀਸਨ ਗੁਰਸੇਵਕ ਸਿੰਘ ਬਨਾਮ ਪੰਜਾਬ ਸਟੇਟ, ਜੋ ਕਿ ਬਠਿੰਡਾ ਵਿਖੇ ਧਰਨੇ ਲਾਉਣ ਤੋਂ ਰੋਕਣ ਲਈ ਕੀਤੀਆਂ ਗਈਆਂ ਗਿਰਫਤਾਰੀਆਂ ਵਿਰੁੱਧ ਦਾਇਰ ਕੀਤੀ ਗਈ ਸੀ, ਨਾਲ ਜੋੜਦਿਆਂ ਡਿਪਟੀ ਕਮਿਸਨਰ ਬਠਿੰਡਾ ਤੋਂ ਜਵਾਬ ਮੰਗਿਆ ਹੈ ਕਿ ਪਿਛਲੇ ਇੱਕ ਸਾਲ ਦੇ ਸਮੇਂ ਦੌਰਾਨ ਬਠਿੰਡਾ ਵਿਖੇ ਕਿਨੇ ਧਰਨੇ ਲੱਗੇ ਹਨ? ਕਿਨੇ ਵਿਅਕਤੀਆਂ ਦੀ ਧਰਨਿਆਂ ਸਬੰਧੀ ਗਿਰਫਤਾਰੀ ਹੋਈ ਅਤੇ ਉਹਨਾਂ ਨੂੰ ਰਿਹਾਅ ਕਰਨ ਲਈ ਕੀ ਤਰੀਕਾ ਅਪਣਾਇਆ ਗਿਆ ਸੀ?


ਪ੍ਰੋ: ਭੁੱਲਰ ਦੀ ਫਾਂਸੀ ਖਿਲਾਫ ਸਰਬੱਤ ਦਾ ਭਲਾ ਦਸਤਖਤੀ

ਲਹਿਰ ਚ ਜਰਮਨੀ ਦੇ ਗੁਰਦੁਆਰਾ ਪ੍ਰਬੰਧਕ ਹੋਏ ਸ਼ਾਮਿਲ

 http://sameydiawaaz.com/Archive%20News/%5B2013%5D/04/17.04.2013%20-%2011.JPG

ਜਰਮਨੀ 16 ਅਪ੍ਰੈਲ (ਸਰਦੂਲ ਸਿੰਘ ਸੇਖੋਂ) :- ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੇ ਤਖਤੇ ਤੋਂ ਬਚਾਉਣ ਲਈ ਦੇਸ਼ ਵਿਦੇਸ਼ ਵਿੱਚ ਵਸਦੀ ਸਾਰੀ ਸਿੱਖ ਕੌਮ ਵਲੋਂ ਆਰੰਭੀ ਦਸਤਖਤੀ ਮੁਹਿੰਮ ਚ ਸ਼ਾਮਿਲ ਹੋ ਕੇ ਸਾਬਤ ਕਰ ਦਿੱਤਾ ਹੈ ਕਿ ਸਾਰੀ ਕੌਮ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤੀ ਹਾਕਮਾਂ ਦੀ ਸਿੱਖ ਕੌਮ ਵਿਰੋਧੀ ਸੋਚ ਦਾ ਸ਼ਿਕਾਰ ਨਹੀਂ ਹੋਣ ਦੇਵੇਗਾ । ਪ੍ਰੋ: ਭੁੱਲਰ ਨੂੰ ਫਾਂਸੀ ਤੋਂ ਬਚਾਉਣ ਲਈ ਆਰੰਭੀ ਦਸਤਖਤੀ ਲਹਿਰ ਵਿੱਚ ਜਰਮਨੀ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਦਸਤਖਤ ਕਰਾਕੇ ਦਿੱਤੇ ।

ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਗੁਰੁ ਤੇਗ ਬਹਾਦਰ ਕਲੋਨ ਜਰਮਨੀ ਦੇ ਪ੍ਰਬੰਧਕਾਂ ਵਲੋਂ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਦਸਤਖਤ ਕਰਾਕੇ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਵਿਖੇ ਲੈ ਕੇ ਆਏ ਅਤੇ ਪ੍ਰਬੰਧਕਾ ਨੂੰ ਸੌਂਪਦਿਆਂ ਜਿੱਥੇ ਪਹਿਰੇਦਾਰ ਦੀ ਸ਼ਲਾਘਾ ਕੀਤੀ ਉੱਥੇ ਪ੍ਰੋ: ਭੁੱਲਰ ਦੀ ਫਾਂਸੀ ਖਿਲਾਫ ਫਰੈਂਕਫੋਰਟ ਵਿਖੇ ਬੁੱਧਵਾਰ ਨੂੰ ਹੋਣ ਵਾਲੇ ਮੁਜਾਹਰੇ ਵਿੱਚ ਵੱਧ ਤੋਂ ਵੱਧ ਸੰਗਤਾਂ ਲੈ ਕੇ ਪਹੁੰਚਣ ਦਾ ਭਰੋਸਾ ਦਿੱਤਾ । ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਕਲੋਨ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ ਪੇਲੀਆ, ਸਾਬਕਾ ਪ੍ਰਧਾਨ ਭਾਈ ਰੁਲਦਾ ਸਿੰਘ, ਗੁਰਦੁਆਰਾ ਗੁਰੂ ਨਾਨਕ ਨਿਵਾਸ ਐਸਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਜਨਰਲ ਸਕੱਤਰ ਭਾਈ ਮਹਿੰਦਰ ਸਿੰਘ ਨਾਗਪਾਲ, ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਜਥੇਦਾਰ ਸਤਨਾਮ ਸਿੰਘ ਬੱਬਰ, ਸਾਬਕਾ ਪ੍ਰਧਾਨ ਸਰਦੂਲ ਸਿੰਘ ਸੇਖੋਂ, ਜਰਨਲ ਸਕੱਤਰ ਭਾਈ ਹਰਪਾਲ ਸਿੰਘ, ਸਾਬਕਾ ਜਨਰਲ ਸਕੱਤਰ ਭਾਈ ਸੁਰਿੰਦਰ ਸਿੰਘ ਗੁਰੂ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਜਨਰਲ ਸਕੱਤਰ ਭਾਈ ਜਤਿੰਦਰਬੀਰ ਸਿੰਘ, ਬੱਬਰ ਖਾਲਸਾ ਜਰਮਨੀ ਦੇ ਮੀਤ ਜਥੇਦਾਰ ਭਾਈ ਰਜਿੰਦਰ ਸਿੰਘ ਬੱਬਰ, ਭਾਈ ਕਸ਼ਮੀਰਾ ਸਿੰਘ, ਭਾਈ ਸੁਰਜੀਤ ਸਿੰਘ ਨੰਦਾ ਆਦਿ ਹਾਜ਼ਰ ਸਨ, ਇਸ ਮੌਕੇ ਵੱਡੀ ਗਿਣਤੀ ਵਿੱਚ ਗੁਰੂ ਘਰ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਪਹੁੰਚੀਆਂ ਸੰਗਤਾਂ ਨੇ ਪ੍ਰੋ: ਭੁੱਲਰ ਦੀ ਰਿਹਾਈ ਲਈ ਪਹਿਰੇਦਾਰ ਦੀ ਦਸਤਖਤੀ ਮੁਹਿੰਮ ਚ ਸ਼ਾਮਿਲ ਹੋ ਕੇ ਦਸਤਖਤ ਕੀਤੇ ।


ਵਿਜੇਂਦਰ ਨੂੰ ਰਾਹਤ, ਡੋਪ ਟੈਸਟ ਨੈਗੇਟਿਵ

ਚਾਰ ਹੋਰ ਮੁੱਕੇਬਾਜ਼ ਵੀ ਪਾਕ - ਸਾਫ਼

http://sameydiawaaz.com/Archive%20News/%5B2013%5D/04/17.04.2013%20-%2008.jpg

ਨਵੀਂ ਦਿੱਲੀ 16 ਅਪਰੈਲ :- ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਹੈਰੋਇਨ ਸਣੇ ਹੋਰ ਪਾਬੰਦੀਸ਼ੁਦਾ ਪਦਾਰਥਾਂ ਲਈ ਨਾਡਾ ਵੱਲੋਂ ਕੀਤਾ ਗਿਆ ਡੋਪ ਟੈਸਟ ਨੈਗੇਟਿਵ ਆਇਆ ਹੈ। ਡਰੱਗਜ਼ ਮਾਮਲੇ ਵਿੱਚ ਫਸੇ ਇਸ ਮੁੱਕੇਬਾਜ਼ ਲਈ ਇਹ ਵੱਡੀ ਰਾਹਤ ਦੀ ਗੱਲ ਹੈ। ਖੇਡ ਮੰਤਰਾਲੇ ਨੇ ਅੱਜ ਇਥੇ ਕਿਹਾ ਕਿ ਪਾਬੰਦੀਸ਼ੁਦਾ ਪਦਾਰਥਾਂ ਲਈ ਵਿਜੇਂਦਰ ਦੇ ਲਏ ਖੂਨ ਤੇ ਪਿਸ਼ਾਬ ਦੇ ਨਮੂਨੇ ਜਾਂਚ ਮਗਰੋਂ ਨੈਗੇਟਿਵ ਆਏ ਹਨ, ਜਦਕਿ ਚਾਰ ਹੋਰ ਮੁੱਕੇਬਾਜ਼ਾਂ ਦੇ ਨਮੂਨੇ ਵੀ ਨੈਗੇਟਿਵ ਆਏ ਹਨ। ਮੰਤਰਾਲੇ ਵੱਲੋਂ ਇਥੇ ਜਾਰੀ ਬਿਆਨ ਅਨੁਸਾਰ, ‘‘ਵਿਜੇਂਦਰ ਤੇ ਚਾਰ ਹੋਰ ਮੁੱਕੇਬਾਜ਼ਾਂ ਦੇ ਪਾਬੰਦੀਸ਼ੁਦਾ ਪਦਾਰਥਾਂ ਲਈ ਮੁਕਾਬਲਿਆਂ ਤੋਂ ਬਗੈਰ ਲਏ ਗਏ ਨਮੂਨੇ ਦਾ ਡੋਪ ਟੈਸਟ ਨੈਗੇਟਿਵ ਪਾਇਆ ਗਿਆ। ਖਿਡਾਰੀਆਂ ਦੇ ਸਿਰਫ਼ ਖੂਨ ਤੇ ਪਿਸ਼ਾਬ ਦੀ ਜਾਂਚ ਕੀਤੀ ਗਈ ਸੀ। ਇਸ ਟੈਸਟ ਵਿੱਚ ਪਾਬੰਦੀਸ਼ੁਦਾ ਸਾਈਕੋਟਰੋਪਿਕ ਪਦਾਰਥ ਦੀ ਜਾਂਚ ਵੀ ਸ਼ਾਮਲ ਹੈ।’’ ਖੇਡ ਮੰਤਰਾਲੇ ਦੀ ਅਪੀਲ ਉਪਰ ਇਹ ਟੈਸਟ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਵੱਲੋਂ ਕੀਤੇ ਗਏ ਸਨ, ਜਿਸ ਵਿੱਚੋਂ ਇਹ ਮੁੱਕੇਬਾਜ਼ ਪਾਕ-ਸਾਫ਼ ਨਿਕਲੇ ਹਨ। ਯੁਵਕ ਤੇ ਖੇਡ ਮੰਤਰਾਲੇ ਨੇ ਅੱਜ ਕਿਹਾ, ‘‘ਸਾਨੂੰ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਖਿਡਾਰੀਆਂ ਤੋਂ ਜਿਹੜੇ ਨਮੂਨੇ ਲਏ ਗਏ ਹਨ, ਉਨ੍ਹਾਂ ਦੇ ਨਤੀਜਿਆਂ ਤੋਂ ਸਾਫ਼ ਹੋ ਗਿਆ ਹੈ ਕਿ ਉਹ ਪਾਕ ਸਾਫ਼ ਹਨ।’’ ਵਿਜੇਂਦਰ ਸਿੰਘ ਦਾ ਨਾਂ ਜ਼ੀਰਕਪੁਰ ਵਿੱਚ ਇਕ ਪਰਵਾਸੀ ਭਾਰਤੀ ਅਨੂਪ ਸਿੰਘ ਕਾਹਲੋਂ ਦੇ ਘਰ ਵਿੱਚੋਂ 7 ਮਾਰਚ ਨੂੰ ਬਰਾਮਦ ਹੋਈ 130 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ ’ਚ ਜੁੜ ਗਿਆ ਸੀ। ਕਾਹਲੋਂ ਦੇ ਘਰ ਦੇ ਨੇੜਿਓਂ ਹੀ ਵਿਜੇਂਦਰ ਦੀ ਪਤਨੀ ਦੀ ਕਾਰ ਵੀ ਬਰਾਮਦ ਹੋਈ ਸੀ। ਕਾਹਲੋਂ ਨੇ ਮੰਨਿਆ ਸੀ ਕਿ ਉਸ ਨੇ ਇਸ ਮੁੱਕੇਬਾਜ਼ ਤੇ ਉਸ ਦੇ ਸਾਥੀ ਮੁੱਕੇਬਾਜ਼ ਰਾਮ ਸਿੰਘ ਨੂੰ ਹੈਰੋਇਨ ਵੇਚੀ ਸੀ।


90 ਕਰੋੜ ਦੀ ਹੈਰੋਇਨ ਤੇ 4.87 ਲੱਖ ਦੀ ਜਾਅਲੀ ਕਰੰਸੀ ਬਰਾਮਦ

 http://sameydiawaaz.com/Archive%20News/%5B2013%5D/04/17.04.2013%20-%2010.jpg

ਬੀ. ਐਸ. ਐਫ. ਦੇ ਜਵਾਨ ਬਰਾਮਦ ਸਮੱਗਰੀ ਦਿਖਾਉਂਦੇ ਹੋਏ (ਫੋਟੋ: ਵਿਸ਼ਾਲ)

ਭਿੱਖੀਵਿੰਡ 16 ਅਪਰੈਲ :- ਇਥੇ ਬੀ. ਐਸ. ਐਫ. ਦੀ 80 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਵਲੋਂ ਭਾਰਤ ਦੀ ਸਰਹੱਦ ਅੰਦਰ ਨਸ਼ੇ ਅਤੇ ਜਾਅਲੀ ਕਰੰਸੀ ਦੀ ਵੱਡੀ ਖੇਪ ਭੇਜਣ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਇਸ ਸਬੰਧੀ ਬੀ. ਐਸ. ਐਫ. ਦੇ ਡੀ. ਆਈ. ਜੀ. ਰਵੀ ਯੋਸੇਫ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 3.45 ਵਜੇ ਬੀ. ਐਸ. ਐਫ. ਦੇ ਜਵਾਨ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਬੀ. ਓ. ਪੀ. ਰੱਤੋਕੇ ਅਧੀਨ ਪਿੱਲਰ ਨੰਬਰ 168/5 ਦੇ ਨਜ਼ਦੀਕ ਗੁਆਂਢੀ ਮੁਲਕ ਪਾਕਿਸਤਾਨ ਦੀ ਤਰਫੋਂ ਕੁਝ ਹਰਕਤ ਦਿਖਾਈ ਦਿੱਤੀ, ਜਿਸ ’ਤੇ ਬੀ. ਐਸ. ਐਫ. ਦੇ ਜਵਾਨਾਂ ਵਲੋਂ ਛਾਣਬੀਣ ਕਰਨ ’ਤੇ ਪਾਕਿਸਤਾਨ ਦੀ ਤਰਫੋਂ ਤਿੰਨ ਵਿਅਕਤੀ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਬੀ. ਐਸ. ਐਫ. ਦੇ ਜਵਾਨਾਂ ਨੇ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕੇ ਅਤੇ ਵਾਪਸ ਦੌੜ ਗਏ ।

ਸਵੇਰ ਹੁੰਦਿਆਂ ਜਦੋਂ ਜਵਾਨਾਂ ਨੇ ਕੰਡਿਆਲੀਆਂ ਤਾਰਾਂ ਦੇ ਕੋਲ ਜਾ ਕੇ ਤਲਾਸ਼ੀ ਲਈ ਤਾਂ ਉਥੋਂ 18 ਪੈਕੇਟ ਹੈਰੋਇਨ ਅਤੇ 4 ਲੱਖ 87 ਹਜ਼ਾਰ ਦੀ ਭਾਰਤੀ ਜਾਅਲੀ ਕਰੰਸੀ ਬਰਾਮਦ ਹੋਈ । ਬੀ. ਐਸ. ਐਫ. ਦੇ ਜਵਾਨਾਂ ਵਲੋਂ ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 90 ਕਰੋੜ ਰੁਪਏ ਦੱਸੀ ਜਾ ਰਹੀ ਹੈ । ਡੀ. ਆਈ. ਜੀ. ਨੇ ਦੱਸਿਆ ਕਿ ਇਹ ਸਮਗਲਿੰਗ ਦੀ ਖੇਪ ਜਿਸ ਦੇ ਖੇਤਾਂ ਵਿੱਚੋਂ ਮਿਲੀ ਹੈ, ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਇਸ ਮੌਕੇ ਮਦਨ ਲਾਲ ਕਮਾਂਡੈਂਟ, ਮਰਕਸ ਮਸੀਹ, ਅਸ਼ੋਕ ਕੁਮਾਰ, ਆਨੰਦ ਕੁਮਾਰ, ਦਿਲਬਾਗ ਸਿੰਘ ਡੀ. ਐਸ. ਪੀ. ਭਿੱਖੀਵਿੰਡ, ਬਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਬੀ. ਐਸ. ਐਫ. ਦੇ ਅਧਿਕਾਰੀ ਅਤੇ ਜਵਾਨ ਹਾਜ਼ਰ ਸਨ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz