ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

02 ਅਪ੍ਰੈਲ 2013

ਸ੍ਰੀ ਅਕਾਲ ਤਖਤ ਸਾਹਿਬ ਦੀ ਵੈਬਸਾਈਟ ਲਾਂਚ

 http://sameydiawaaz.com/Archive%20News/%5B2013%5D/04/02.04.2013%20-%2008.jpg

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅੰਮ੍ਰਿਤਸਰ ਵਿਖੇ

ਸ੍ਰੀ ਅਕਾਲ ਤਖਤ ਸਾਹਿਬ ਦੀ ਵੈਬਸਾਈਟ ਆਰੰਭ ਕਰਦੇ ਹੋਏ (ਫੋਟੋ: ਵਿਸ਼ਾਲ ਕੁਮਾਰ)

ਅੰਮ੍ਰਿਤਸਰ 1 ਅਪ੍ਰੈਲ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਵੱਲੋਂ ਦੇਸ਼-ਵਿਦੇਸ਼ ‘ਚ ਬੈਠੀ ਸਿੱਖ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਅਤੇ ਇਥੋਂ ਜਾਰੀ ਹੁੰਦੇ ਆਦੇਸ਼, ਸੰਦੇਸ਼ ਅਤੇ ਹੁਕਮਨਾਮਿਆਂ ਤੋਂ ਜਾਣੂੰ ਕਰਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਵੱਖਰੀ ਵੈੱਬਸਾਈਟ www.akaltakhatsahib.com ਜਾਰੀ ਕੀਤੀ ਗਈ ਹੈ, ਜਿਸ ਦਾ ਉਦਘਾਟਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ  ਕੀਤਾ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦੇਸ਼-ਵਿਦੇਸ਼ ‘ਚ ਬੈਠੀ ਸਿੱਖ ਸੰਗਤ ਦੀ ਚਿਰੋਕਣੀ ਮੰਗ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੂੰ ਇੰਟਰਨੈੱਟ ਨਾਲ ਜੋੜ ਦਿੱਤਾ ਗਿਆ ਹੈ।  ਵੈੱਬਸਾਈਟ ਦੇ ਮੁੱਖ ਪੰਨੇ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ (ਨੰਦੇੜ, ਮਹਾਰਾਸ਼ਟਰ) ਤੇ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਤਸਵੀਰਾਂ ਅਤੇ ਇਨ੍ਹਾਂ ਸਬੰਧੀ ਸੰਖੇਪ ਇਤਿਹਾਸ ਸ਼ਾਮਲ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਦੇ ਜਥੇਦਾਰ ਸਾਹਿਬਾਨ ਦਾ ਵੇਰਵਾ ਅਤੇ ਵੱਖ-ਵੱਖ ਸਮਿਆਂ ‘ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ, ਮਤੇ, ਸੰਦੇਸ਼ ਅਤੇ ਸਨਮਾਨ ਬਾਰੇ ਮੁਕੰਮਲ ਜਾਣਕਾਰੀ ਸ਼ਾਮਲ ਹੈ।

ਇਸ ਵੈੱਬਸਾਈਟ ਵਿਚ ਅੰਗਰੇਜ਼ੀ ਅਤੇ ਪੰਜਾਬੀ ਵਿਚ ਜਾਣਕਾਰੀ ਮਿਲ ਸਕੇਗੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੇ ਹੋਰ ਸਿਰਫ ਗੁਰਮੁਖੀ ਵਿਚ ਹਨ। ਇਹ ਹੁਕਮਨਾਮੇ, ਆਦੇਸ਼ ਅਤੇ ਸੰਦੇਸ਼ ਪੁਸਤਕ ਦੇ ਰੂਪ ਵਿਚ ਹਨ ਜੋ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਰੂਪ ਸਿੰਘ ਵੱਲੋਂ ਤਿਆਰ ਕੀਤੀ ਗਈ ਸੀ। ਇਸ ਪੁਸਤਕ ਵਿਚ ਪਿਛਲੇ 125 ਸਾਲਾਂ ਦੇ 151 ਹੁਕਮਨਾਮੇ ਹਨ ਅਤੇ ਇਨ੍ਹਾਂ ਵਿਚੋਂ ਸਭ ਤੋਂ ਪੁਰਾਣਾ ਹੁਕਮਨਾਮਾ 18 ਮਾਰਚ 1887 ਦਾ ਹੈ। ਸ੍ਰੀ ਰੂਪ ਸਿੰਘ ਵਲੋਂ ਲਿਖੀ ਗਈ ਇਹ ਪੁਸਤਕ ਇਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ, ਆਦੇਸ਼, ਸੰਦੇਸ਼ ਬਾਰੇ ਬਹੁਮੁੱਲਾ ਖਜ਼ਾਨਾ ਹੈ।

ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਵੈੱਬਸਾਈਟ ਸ੍ਰੀ  ਗੁਰਜੀਤ ਸਿੰਘ ਏ.ਐਨ.ਜੀ., ਆਈ.ਟੀ. ਸਾਲਿਊਸ਼ਨ ਵੱਲੋਂ ਤਿਆਰ ਕੀਤੀ ਗਈ ਹੈ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਕਰਨਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਸੰਧ, ਸਕੱਤਰ  ਰੂਪ ਸਿੰਘ,  ਪਰਮਜੀਤ ਸਿੰਘ ਸਰੋਆ, ਮੈਨੇਜਰ ਪ੍ਰਤਾਪ ਸਿੰਘ,  ਕੁਲਵਿੰਦਰ ਸਿੰਘ ਰਮਦਾਸ ਤੇ ਹੋਰ ਹਾਜ਼ਰ ਸਨ।


ਸਾਕਾ ਨੀਲਾ ਤਾਰਾ ਹਰਜਾਨਾ ਕੇਸ ਦੀ ਪੈਰਵਾਈ ਹੋਵੇਗੀ

http://sameydiawaaz.com/Archive%20News/%5B2013%5D/04/02.04.2013%20-%2009.jpg

ਅੰਮ੍ਰਿਤਸਰ 1 ਅਪ੍ਰੈਲ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਜੂਨ 1984 ‘ਚ ਹੋਏ ਫੌਜੀ ਹਮਲੇ ਸਾਕਾ ਨੀਲਾ ਤਾਰਾ ਸਮੇਂ ਹੋਏ ਵੱਡੇ ਜਾਨੀ ਮਾਲੀ ਨੁਕਸਾਨ ਦੇ ਮੁਆਵਜ਼ੇ ਲਈ ਕੇਂਦਰ ਸਰਕਾਰ ਖ਼ਿਲਾਫ਼ ਅਦਾਲਤ ‘ਚ ਦਾਇਰ ਕੀਤੇ ਇਕ ਹਜ਼ਾਰ ਕਰੋੜ ਰੁਪਏ ਦੇ ਹਰਜਾਨੇ ਦੇ ਕੇਸ ‘ਚ ਹੁਣ ਮੁੜ ਪੈਰਵਾਈ ਕਰਨ ਦਾ ਫੈਸਲਾ ਕਰ ਲਿਆ ਹੈ। ਕੇਸ ਦੀ ਪੈਰਵਾਈ ਲਈ 3 ਮਾਹਰ ਵਕੀਲਾਂ ਦੀ ਕਮੇਟੀ ਨਾਮਜ਼ਦ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਕੇਸ ਦੀ ਪੈਰਵਾਈ ਲਈ 3 ਮਾਹਰ ਵਕੀਲਾਂ ਦੀ ਕਮੇਟੀ ਬਣਾਈ ਗਈ ਹੈ, ਜਿਸ ਵਿਚ ਸੁਪਰੀਮ ਕੋਰਟ ਦੇ ਉਘੇ  ਵਕੀਲ ਐਚ.ਐਸ. ਫੂਲਕਾ, ਹਾਈ ਕੋਰਟ ਦੇ ਸੀਨੀਅਰ ਵਕੀਲ ਏ.ਪੀ.ਐਸ. ਆਹਲੂਵਾਲੀਆ ਅਤੇ ਭਾਰਤ ਸਰਕਾਰ ਦੇ ਸਾਬਕਾ ਕਾਨੂੰਨ ਸਕੱਤਰ ਐਡਵੋਕੇਟ ਰਘਬੀਰ ਸਿੰਘ ਸ਼ਾਮਲ ਹਨ। ਵਕੀਲਾਂ ਵੱਲੋਂ ਅਦਾਲਤ ਵਿਚ ਦਾਇਰ ਹਲਫੀਆ ਬਿਆਨ ਵਾਪਸ ਲਿਆ ਜਾਵੇਗਾ ਅਤੇ ਕੇਸ ਦੀ ਪੈਰਵਾਈ ਸ਼ੁਰੂ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਦਿੱਲੀ ‘ਚ ਕਾਨੂੰਨੀ ਮਾਹਰਾਂ ਅਤੇ ਸਿੱਖ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਕੀਤਾ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ 17 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਨੂੰ ਅੱਠ ਹਫਤੇ ਦਾ ਸਮਾਂ ਦਿੱਤਾ ਸੀ ਕਿ ਉਹ ਹਰਜਾਨੇ ਸਬੰਧੀ ਕੇਸ ਦੀ ਅਗਾਊਂ ਰਕਮ 15 ਮਾਰਚ ਤਕ ਅਦਾਲਤ ਵਿਚ ਜਮ੍ਹਾਂ ਕਰਾਉਣ ਲੇਕਿਨ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਫੈਸਲਾ ਲੈਣ ਵਿਚ ਦਿਖਾਈ ਢਿੱਲ ਮੱਠ ਕਾਰਨ ਇਹ ਸਮਾਂ ਲੰਘ ਗਿਆ ਹੈ। ਹੁਣ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਅਦਾਲਤੀ ਚਾਰਾਜੋਈ ਸ਼ੁਰੂ ਕੀਤੀ ਜਾਵੇਗੀ।  ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਗੁਰਚਰਨ ਸਿੰਘ ਟੌਹੜਾ ਵੱਲੋਂ ਇਸ ਸਬੰਧੀ ਮੁਫਲਿਸੀ ਦਾਅਵਾ 1985 ‘ਚ ਅੰਮ੍ਰਿਤਸਰ ਦੀ ਅਦਾਲਤ ਵਿਚ ਕੇਂਦਰ ਸਰਕਾਰ ਖ਼ਿਲਾਫ਼ ਦਾਇਰ ਕੀਤਾ ਸੀ। ਮਗਰੋਂ ਇਹ ਕੇਸ ਦਿੱਲੀ ਹਾਈ ਕੋਰਟ ਵਿਖੇ ਤਬਦੀਲ ਹੋ ਗਿਆ। ਇਸ ਕੇਸ ਦੀ ਲੰਮਾ ਸਮਾਂ ਕਾਰਵਾਈ ਚੱਲੀ ਅਤੇ ਇਸ ਦੌਰਾਨ ਅਦਾਲਤ ਨੇ ਸ਼੍ਰੋਮਣੀ ਕਮੇਟੀ ਨੂੰ 15  ਮਾਰਚ ਤਕ ਸਮਾਂ ਦਿੱਤਾ ਸੀ। ਇਸ ਕੇਸ ਦੀ ਪੈਰਵਾਈ ਲਈ ਜਥੇਦਾਰ ਟੌਹੜਾ, ਸਾਬਕਾ ਪ੍ਰਧਾਨ ਬਲਦੇਵ ਸਿੰਘ ਸਿਬੀਆ ਅਤੇ ਮਨਜੀਤ ਸਿੰਘ ਕਲਕੱਤਾ ਵੀ ਅਦਾਲਤ ਵਿਚ ਹਾਜ਼ਰੀ ਭਰਦੇ ਰਹੇ ਹਨ। ਸ੍ਰੀ ਸਿਬੀਆ ਅਤੇ ਸ੍ਰੀ ਕਲਕੱਤਾ ਨੇ ਸੁਝਾਅ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਕੇਸ ਨੂੰ ਹਰ ਸੂਰਤ ਵਿਚ ਲੜਨਾ ਚਾਹੀਦਾ ਹੈ ਅਤੇ ਲੋੜ ਪੈਣ ‘ਤੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਤਕ ਚਾਰਾਜੋਈ ਕਰਨੀ ਚਾਹੀਦੀ ਹੈ।


ਕੌਮੀ ਨਾਇਕ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਤੰਗ ਕਰਨ ਦੀਆਂ ਸਜਿਸ਼ਾਂ ਦੀ ਨਿਖੇਧੀ

http://sameydiawaaz.com/Archive%20News/%5B2013%5D/04/02.04.2013%20-%2010.jpg

ਲੰਡਨ 1 ਅਪ੍ਰੈਲ :- ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅੱਤ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਕੌਮੀ ਅਜਾਦੀ ਦੇ ਸੰਘਰਸ਼ ਵਿੱਚ ਵੱਡਮੁਲਾ ਯੋਗਦਾਨ ਪਾਉਣ ਵਾਲੇ ਕੌਮੀ ਨਾਇਕ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਅਗਲੇਰੇ ਦਿਨਾਂ ਵਿੱਚ ਤੰਗ ਕੀਤੇ ਜਾਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ । ਭਾਰਤ ਵਿੱਚ ਆਈ. ਬੀ. ਐਨ. ਨਾਮੀ ਇੱਕ ਪ੍ਰਾਈਵੇਟ ਟੀਵੀ ਚੈਨਲ ਸਿੱਖ ਵਿਰੋਧੀ ਲਾਬੀ ਦੇ ਇਸ ਕੰਮ ਵਿੱਚ ਖਾਸ ਯੋਗਦਾਨ ਪਾ ਰਿਹਾ ਹੈ । ਜਿਸ ਨੇ ਬੀਤੇ ਕੱਲ ਇਹ ਖਬਰ ਵੱਡੀ ਪੱਧਰ ਤੇ ਨਸ਼ਰ ਕੀਤੀ ਹੈ ਕਿ ਭਾਈ ਜਗਤਾਰ ਸਿੰਘ ਹਾਵਾਰਾ ਤਿਹਾਡ਼ ਜੇਹਲ ਵਿੱਚੋਂ ਮੋਬਾਇਲ ਫੋਨ ਦੇ ਜ਼ਰੀਏ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਸਿੱਖਾਂ ਦੇ ਸੰਪਰਕ ਵਿੱਚ ਹੈ । ਯੂਨਾਈਟਿਡ ਖਾਲਸਾ ਦਲ ਯੂ, ਕੇ. ਵਲੋਂ ਜਨਰਲ ਸਕੱਤਰ ਸ੍ਰ: ਲਵਸਿ਼ੰਦਰ ਸਿੰਘ ਡੱਲੇਵਾਲ ਨੇ ਇਸ ਨੂੰ ਸੋਚੀ ਸਮਝੀ ਸਾਜਿਸ਼ ਕਰਾਰ ਦਿੰਦਿਆਂ ਇਹੋ ਜਿਹੀਆਂ ਕੋਝੀਆਂ ਅਤੇ ਕਮੀਨੀਆਂ ਹਰਕਤਾਂ ਦੀ ਨਿਖੇਧੀ ਕੀਤੀ ਹੈ । ਇਹੋ ਜਿਹੀਆਂ ਅਧਾਰਹੀਣ ਅਤੇ ਝੂਠੀਆਂ ਖਬਰਾਂ ਫੈਲਾਉਣ ਦਾ ਮਕਸਦ ਭਾਈ ਹਾਵਾਰਾ ਲਈ ਮੁਸ਼ਕਲਾਂ ਪੈਦਾ ਕਰਨਾ ,ਉਸਨੂੰ ਹੋਰ ਝੂਠੇ ਕੇਸਾਂ ਵਿੱਚ ਫਸਾਉਣ ਦੇ ਨਾਲੋ ਨਾਲ ਵਿਦੇਸ਼ਾਂ ਵਿੱਚ ਸਿੱਖ ਹੱਕਾਂ ਹਿੱਤਾਂ ਅਤੇ ਕੌਮੀ ਅਜਾਦੀ ਦੀ ਗੱਲ ਕਰਨ ਵਾਲਿਆਂ , ਭਾਰਤ ਵਿੱਚ ਸਰਕਾਰੀ ਅੱਤਵਾਦ ਤੋਂ ਪੀਡ਼ਤ ਸਿੱਖ ਪਰਿਵਾਰਾਂ ਦੀ ਸਾਰ ਲੈਣ ਅਤੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਪੈਰਵਈ ਵਰਗੇ ਹੋ ਰਹੇ ਕਾਰਜਾਂ ਨੂੰ ਬੰਦ ਕਰਵਾਉਣ ਦੀ ਇੱਕ ਕਡ਼ੀ ਹੈ । ਗੌਰ ਤਲਬ ਹੈ ਕਿ ਇਸ ਖਬਰ ਵਿੱਚ ਕਿਹਾ ਗਿਆ ਹੈ ਕਿ ਭਾਈ ਹਾਵਾਰਾ ਇੰਗਲੈਂਡ, ਜਰਮਨੀ, ਪਾਕਿਸਤਾਨ ਆਦਿ ਮੁਲਕਾਂ ਵਿੱਚ ਜਿਹਨਾਂ ਸਿੱਖਾਂ ਨਾਲ ਸੰਪਰਕ ਵਿੱਚ ਉਹਨਾਂ ਵਿੱਚ ਇੰਗਲੈਂਡ ਤੋਂ ਭਾਈ ਜੋਗਾ ਸਿੰਘ ਯੂ. ਕੇ. ਅਤੇ ਭਾਈ ਬਲਵੀਰ ਸਿੰਘ ਬੈਂਸ ਸ਼ਾਮਲ ਹਨ । ਭਾਈ ਬੈਂਸ ਨੂੰ ਝੂਠੇ ਕੇਸ ਵਿੱਚ ਭਾਰਤ ਸਰਕਾਰ ਨੇ ਕਰੀਬ ਤਿੰਨ ਸਾਲ ਤਿਹਾਡ਼ ਜੇਹਲ ਵਿੱਚ ਬੰਦ ਕਰੀ ਰੱਖਿਆ ਸੀ ਅਤੇ ਹੁਣ ਉਹ ਸਿੰਘਾਂ ਦੀ ਮੱਦਦ ਨਾਲ ਸਿੱਖ ਪਰਿਜ਼ਨਰ ਆਫ ਵੈਲਫੇਅਰ ਨਾਮੀ ਰਜਿਸਟਰਡ ਚੈਰਿਟੀ ਚਲਾ ਰਹੇ ਹਨ । ਜਿਸ ਰਾਹੀਂ ਜੇਹਲਾਂ ਵਿੱਚ ਬੰਦ ਸਿੰਘਾਂ ਅਤੇ ਸ਼ਹੀਦ ਪਰਿਵਾਰਾਂ ਦੀ ਸਾਰ ਲਈ ਜਾ ਰਹੀ ਹੈ । ਇੱਕ ਪਾਸੇ ਭਾਰਤ ਦੀ ਕੇਂਦਰ ਅਤੇ ਪੰਜਾਬ ਦੀਆਂ ਸੂਬਾ ਸਰਕਾਰ ਸਿੱਖਾਂ ਤੇ ਜ਼ੁਲਮ ਢਾਹੁਣ ਵਾਲੇ ਕਾਤਲ ਦਰਿੰਦੇ ਪੁਲਸੀਆਂ ਦੀ ਪੁਸ਼ਤ ਪਨਾਹੀ ਕਰਦੀ ਹੋਈ ਉਹਨਾਂ ਨੂੰ ਸਰਕਾਰੀ ਤੌਰ ਤੇ ਵਿਸ਼ੇਸ਼ ਤਰੱਕੀਆਂ ਅਤੇ ਸਹੂਲਤਾਂ ਦੇ ਰਹੀ ਹੈ । ਅਗਰ ਸਿੱਖ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਜੇਹਲਾਂ ਵਿੱਚ ਬੰਦ ਕੌਮੀ ਯੋਧਿਆਂ ਦੀ ਕਿਰਤ ਕਰਕੇ ਮੱਦਦ ਕਰਦੇ ਹਨ ਤਾਂ ਸਿੱਖ ਵਿਰੋਧੀ ਮੀਡੀਏ ਅਤੇ ਸਰਕਾਰ ਨੂੰ ਉਹ ਅੱਤਵਾਦ ਉਭਾਰਨਾ ਲੱਗਦਾ ਹੈ ਜਦਕਿ ਅਸਲੀਅਤ ਵਿੱਚ ਅੱਤਵਾਦੀ ਭਾਰਤ ਸਰਕਾਰ ਅਤੇ ਇਸਦੇ ਪਾਲਤੂ ਟੁੱਕਡ਼ਬੋਚ ਹਨ ਜਿਹਨਾਂ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਹਮਲਾ ਕੀਤਾ ਅਤੇ ਕਰਵਾਇਆ, ਜਿਹਨਾਂ ਨੇ ਨਵੰਬਰ 1984 ਵਿੱਚ ਭਾਰਤ ਦੇ ਹਿੰਦੂ ਬਹੁਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਹਾਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾਡ਼ਿਆ, ਧੀਆਂ - ਭੈਣਾਂ ਨੂੰ ਬੇਪੱਤ ਕੀਤਾ ਅਤੇ ਜਿਹਨਾਂ ਪੁਲਸੀਆਂ ਨੇ ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਅਸਲ ਵਿੱਚ ਅੱਤਵਾਦੀ ਇਹ ਲੋਕ ਹਨ ਅਤੇ ਇਹ ਸਖਤ ਸਜ਼ਾਵਾਂ ਦੇ ਹੱਕਦਾਰ ਹਨ ।


ਲੋਕਾਂ ਨੇ ਸਾਥ ਨਾ ਦਿੱਤਾ ਤਾਂ ਭ੍ਰਿਸ਼ਟਾਚਾਰ ਖ਼ਿਲਾਫ਼ ਇਕੱਲਾ ਹੀ ਸਫ਼ਰ ਜਾਰੀ ਰੱਖਾਂਗਾ - ਅੰਨਾ ਹਜ਼ਾਰੇ

http://sameydiawaaz.com/Archive%20News/%5B2013%5D/04/02.04.2013%20-%2006.jpg

ਸਮਾਜ ਸੇਵੀ ਅੰਨਾ ਹਜ਼ਾਰੇ ਸੋਮਵਾਰ ਨੂੰ ਪੰਜਾਬ ਵਿੱਚ ਜਨਤੰਤਰ ਯਾਤਰਾ ਦੌਰਾਨ ਜਲੰਧਰ ਵਿੱਚ

ਦੇਵੀ ਤਲਾਬ ਮੰਦਰ ਵਿੱਚ ਮੱਥਾ ਟੇਕਣ ਪਿੱਛੋਂ ਯਾਤਰਾ ਦੇ ਅਗਲੇ ਪੜਾਅ ਲਈ ਰਵਾਨਾ ਹੁੰਦੇ ਹੋਏ (ਫੋਟੋ: ਸਰਬਜੀਤ ਸਿੰਘ)

ਲੁਧਿਆਣਾ 1 ਅਪ੍ਰੈਲ (ਸਤਿਬੀਰ ਸਿੰਘ) :- ਆਪਣੀਆਂ ਰੈਲੀਆਂ ਦੌਰਾਨ ਜੁੜੀ ਘੱਟ ਭੀੜ ਤੋਂ ਨਿਰਾਸ਼ ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਅੱਜ ਇਥੇ ਕਹਿਣਾ ਪਿਆ ਕਿ ਜੇ ਲੋਕ ਸਾਥ ਛੱਡ ਵੀ ਗਏ ਤਾਂ ਮੈਂ ਇਕੱਲਾ ਹੀ ਚੱਲਾਂਗਾ।

ਅੱਜ ਲੁਧਿਆਣਾ ਸ਼ਹਿਰ ਵਿਚ 6 ਵੱਖ ਵੱਖ ਥਾਵਾਂ ’ਤੇ ਹੋਏ ਸਮਾਗਮਾ ਵਿਚ ਅੰਨਾ ਹਜ਼ਾਰੇ ਉਮੀਦ ਮੁਤਾਬਕ ਭੀੜ ਇਕੱਠੀ ਕਰਨ ਤੋਂ ਅਸਮਰਥ ਦਿਖਾਈ ਦਿੱਤੇ। ਸ਼ਹਿਰ ਵਾਸੀਆਂ ਦੇ ਇਸ ਢਿੱਲੇ ਸਮਰਥਨ ਬਾਰੇ ਗੱਲ ਕਰਦਿਆਂ ਅੰਨਾ ਨੇ ਕਿਹਾ ਕਿ ਹੋ ਸਕਦੈ ਕਿ ਲੁਧਿਆਣਾ ਵਾਸੀ ਵੱਢੀ ਖੋਰੀ ਤੋਂ ਨਾ ਅੱਕੇ ਹੋਣ ਜਾਂ ਫਿਰ ਉਹ ਵੱਢੀ-ਖੋਰੀ ਦੇ ਖਿਲਾਫ ਨਿਤਰਨਾ ਹੀ ਨਹੀਂ ਚਾਹੁੰਦੇ।

ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਪ੍ਰਬੰਧਕ ਮੇਰੇ ਆਉਣ ਬਾਰੇ ਪ੍ਰਚਾਰ ਹੀ ਨਾ ਕਰ ਸਕੇ ਹੋਣ। ਅੱਜ ਸਵੇਰੇ ਅੰਨਾ ਨੇ ਜਲੰਧਰ ਬਾਈਪਾਸ ਸਥਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਦੁਆਲੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਪਰ ਉੱਥੇ ਵੀ 200 ਕੁਝ ਬੰਦਿਆਂ ਦਾ ਹੀ ਇਕੱਠ ਸੀ। ਇਹੋ ਹਾਲ ਨਾਮਧਾਰੀ ਸ਼ਹੀਦੀ ਸਮਾਰਕ ਅਤੇ ਸਿਵਲ ਹਸਪਤਾਲ ਵਿਚ ਹੋਏ ਪ੍ਰੋਗਰਾਮ ’ਚ ਵੇਖਣ ਨੂੰ ਮਿਲਿਆ।

ਗਿੱਲ ਚੌਕ ’ਚ ਯੂਨਾਈਟਿਡ ਸਾਈਕਲ ਹਾਲ ਜਿੱਥੇ ਅੰਨਾ ਦੀ ਪਾਰਟੀ ਜਨਤੰਤਰ ਮੋਰਚਾ ਵੱਲੋਂ ਲੋਕ ਇਕੱਠੇ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ, ਉੱਥੇ ਵੀ 100 ਕੁ ਆਦਮੀ ਸਨ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਨਵੀਂ ਦਿੱਲੀ ਵਿਚ ਜਨ ਸੰਸਦ ਬਣਾਉਣਗੇ ਅਤੇ ਨਵੀਂ ਨੀਤੀ ਨਿਰਧਾਰਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਹੀ ਲੋਕਤੰਤਰ ਦੀ ਪੂੰਜੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਵੋਟਾਂ ਵੇਲੇ ਉਮੀਦਵਾਰ ਨੂੰ ਰੱਦ ਕਰਨ ਦਾ ਅਧਿਕਾਰ ਪ੍ਰਾਪਤ ਹੋਣਾ ਚਾਹੀਦਾ ਹੈ।

ਇਸ ਮੌਕੇ ਜਨਰਲ ਬੀ.ਕੇ. ਸਿੰਘ ਨੇ ਕਿਹਾ ਕਿ ਭਾਰਤ ਦੀਆਂ ਕਈ ਸਟੇਟਾਂ ਵਿਚ ਮਾਓਵਾਦੀ ਲਗਾਤਾਰ ਆਪਣਾ ਪ੍ਰਭਾਵ ਵਧਾ ਰਹੇ ਹਨ ਜੋ ਕਿ ਹੁਣ ਤੱਕ ਦੀਆਂ ਸਰਕਾਰਾਂ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਭਾਰਤ ਵਾਸੀਆਂ ਨੂੰ ਲੋਕਤੰਤਰ ਹੋਣ ਦੇ ਬਾਵਜੂਦ ਵੀ ਬਰਾਬਰੀ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਦੀ ਇਸ ਲਹਿਰ ਵਿਚ ਚੱਲ ਰਹੇ ਨਾਅਰੇ ਨੂੰ ਬਦਲਣ ਦੀ ਲੋੜ ਹੈ, ‘‘ਅੰਨਾ ਹਜ਼ਾਰੇ ਅੱਗੇ ਵਧੋ, ਅਸੀਂ ਤੁਹਾਡੇ ਨਾਲ ਹਾਂ’ ਦੀ ਥਾਂਵੇਂ ਹੁਣ ਸਾਨੂੰ ‘ਅਸੀਂ ਅੱਗੇ ਵਧਾਂਗੇ, ਅੰਨਾ ਹਜ਼ਾਰੇ ਸਾਡਾ ਸਾਥ ਦਿਓ’ ਕਹਿਣ ਦੀ ਲੋੜ ਹੈ।

ਅੱਜ ਦੇ ਇਕ ਸਮਾਗਮ ’ਚ ਰੌਚਕ ਗੱਲ ਇਹ ਰਹੀ ਕਿ ਲਾਲ ਬੱਤੀ ਅਤੇ ਵੀ.ਆਈ.ਪੀ. ਸਭਿਆਚਾਰ ਦਾ ਵਿਰੋਧ ਕਰਨ ਵਾਲੇ ਅੰਨਾ ਹਜ਼ਾਰੇ ਕਮਾਂਡੋਂ ਅਤੇ ਭਾਰੀ ਭਰਕਮ ਸੁਰੱਖਿਆ ਨਾਲ ਲੈਸ ਨਜ਼ਰ ਆਏ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੁਰੱਖਿਆ ਮੁਹੱਈਆ ਕਰਵਾਈ ਹੈ, ਜਿਸ ਦੀ ਉਨ੍ਹਾਂ ਮੰਗ ਨਹੀਂ ਕੀਤੀ।

ਇਨ੍ਹਾਂ ਸਮਾਗਮਾਂ ਮੌਕੇ ਕਈ ਸਮਾਜ ਸੇਵੀ ਜਥੇਬੰਦੀਆਂ ਸਿਟੀਜ਼ਨ ਐਕਸ਼ਨ ਫੌਰਮ, ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ, ਸਮਾਲ ਸਕੇਲ ਇੰਡਸਟਰੀ ਅਤੇ ਟਰੇਡਰਜ਼ ਵਿਸ਼ਵ ਗੁਰੂ ਰਵਿਦਾਸ ਮਿਸ਼ਨ, ਅੰਨਾ ਜਲ ਸੇਵਾ ਟਰੱਸਟ, ਯੁਨਾਈਟਿਡ ਚਰਚ ਆਫ ਨਾਰਦਰਨ ਪੰਜਾਬ, ਹਿੰਦੂ ਉਥਾਨ ਪ੍ਰੀਸ਼ਦ, ਮਹਾ ਸਭਾ ਲੁਧਿਆਣਾ, ਚੌੜਾ ਬਾਜ਼ਾਰ ਸ਼ਾਪਕੀਪਰਜ਼ ਐਸੋਸੀਏਸ਼ਨ, ਆਲ ਟੈਂਪੂ ਯੂਨੀਅਨ ਅਤੇ ਕੋਰ ਕਮੇਟੀ ਮੈਂਬਰ ਜਨਤੰਤਰ ਮੋਰਚਾ ਦੇ ਕਾਰਕੁਨ ਹਾਜ਼ਰ ਸਨ।

ਮੁੱਲਾਂਪੁਰ ਦਾਖਾ, (ਪੱਤਰ ਪ੍ਰੇਰਕ): ਭ੍ਰਿਸ਼ਟਾਚਾਰ ਵਿਰੋਧੀ ਜਨ ਲੋਕਪਾਲ ਬਿੱਲ ਪਾਸ ਕਰਵਾਉਣ, ਚੋਣ ਸੁਧਾਰ ਅਤੇ ਵਰਤਮਾਨ ਸਮੇਂ ਦੌਰਾਨ ਦੇਸ਼ ਵਿੱਚ ਬਦਲਾਅ ਨੂੰ ਲੈ ਕੇ ਆਪਣੀ ਜਨਤੰਤਰ ਯਾਤਰਾ ’ਤੇ ਨਿਕਲੇ ਸਮਾਜ ਸੇਵੀ ਸ੍ਰੀ ਅੰਨਾ ਹਜ਼ਾਰੇ ਆਪਣੀ ਟੀਮ ਨਾਲ ਅੱਜ ਦੇਰ ਸ਼ਾਮ ਮੰਡੀ ਮੁੱਲਾਂਪੁਰ ਦਾਖਾ ਵਿਖੇ ਪੱੁਜੇ। ਜਿਨ੍ਹਾਂ ਦੇ ਸਵਾਗਤ ਲਈ ਬਾਬਾ ਸੂਰਤ ਸਿੰਘ ਖਾਲਸਾ, ਭਾਜਪਾ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਮੇਜਰ ਸਿੰਘ ਦੇਵਤਵਾਲ ਸਮੇਤ ਹੋਰ ਵਰਕਰਾਂ ਨੇ ਇੱਕ ਛੋਟਾ ਜਿਹਾ ਸਮਾਗਮ ਕੀਤਾ । ਇਸ ਸਮਾਗਮ ਦੌਰਾਨ ਸ੍ਰੀ ਅੰਨਾ ਹਜ਼ਾਰੇ ਨੇ ਕਿਹਾ ਕਿ ਦੇਸ਼ ਵਿੱਚ ਜਨਤਾ ਨੂੰ ਸੰਗਠਿਤ ਕਰਕੇ ਪਰਿਵਰਤਨ ਲਿਆ ਕੇ ਭ੍ਰਿਸ਼ਟਾਚਾਰ, ਲੁੱਟਮਾਰ ਅਤੇ ਲੋਕਪਾਲ ਬਿੱਲ ਪਾਸ ਕਰਵਾਉਣਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਸ੍ਰੀ ਅੰਨਾ ਹਜ਼ਾਰੇ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦਿਆ ਕਿਹਾ ਕਿ ਇਸ ਸਰਕਾਰ ਵਿੱਚ 163 ਦਾਗੀ ਮੰਤਰੀ, 15 ਮੰਤਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਉਸ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਚੰਗੇ ਕਾਨੂੰਨ ਦੀ ਨੀਅਤ ਹੀ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੀ 120 ਕਰੋੜ ਜਨਤਾ ਸੁੱਤੀ ਪਈ ਹੈ, ਪਰ ਉਹ 6 ਕਰੋੜ ਜਨਤਾ ਨੂੰ ਜਗਾ ਕੇ ਹੀ ਸੰਗਠਿਤ ਕਰਨਗੇ।


http://sameydiawaaz.com/Archive%20News/%5B2013%5D/04/02.04.2013%20-%2011.jpg


ਕੈਂਸਰ ਦੇ ਮਰੀਜ਼ਾਂ ਲਈ ਵੱਡੀ ਰਾਹਤ

ਸਵਿੱਸ ਕੰਪਨੀ ਦੀ ਅਪੀਲ ਸੁਪਰੀਮ ਕੋਰਟ ਵਲੋਂ ਖ਼ਾਰਜ

ਦਵਾਈ ਹੋਵੇਗੀ ਕਈ ਗੁਣਾ ਸਸਤੀ

http://sameydiawaaz.com/Archive%20News/%5B2013%5D/04/02.04.2013%20-%2002.jpg

ਨਵੀਂ ਦਿੱਲੀ 1 ਅਪ੍ਰੈਲ :- ਸਵਿਟਜ਼ਰਲੈਂਡ ਦੀ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਨੋਵਰਟੀਜ਼ ਏਜੀ ਅੱਜ ਸੁਪਰੀਮ ਕੋਰਟ ਵਿਚ ਬਲੱਡ ਕੈਂਸਰ ਦੀ ਦਵਾਈ ‘ਗਲਾਈਵੈਕ’/ ਗਲੀਵੈਕ  ਦੇ ਪੇਟੈਂਟ ਦੀ ਲੜਾਈ ਹਾਰ ਗਈ। ਇਹ ਅਦਾਲਤੀ ਲੜਾਈ ਸੱਤ ਸਾਲਾਂ ਤੋਂ ਚੱਲ ਰਹੀ ਸੀ। ਨੋਵਰਟੀਜ਼ ਦਾ ਦਾਅਵਾ ਸੀ ਕਿ ‘ਗਲਾਈਵੈਕ’ ਦੇ ਪੇਟੈਂਟ ਉਤੇ ਸਿਰਫ ਉਸ ਦਾ ਹੱਕ ਹੈ ਅਤੇ ਕੋਈ ਭਾਰਤੀ ਕੰਪਨੀ ਇਸੇ ਫਾਰਮੂਲੇ ਅਤੇ ਤੱਤਾਂ ਨਾਲ ਜੈਨਰਿਕ ਦਵਾਈਆਂ ਨਹੀਂ ਬਣਾ ਸਕਦੀ। ਸੁਪਰੀਮ ਕੋਰਟ ਨੇ ਇਹ ਦਲੀਲ ਰੱਦ ਕਰਦਿਆਂ ਕੰਪਨੀ ਦੀ ਪਟੀਸ਼ਨ ਖਾਰਜ ਕਰ ਦਿੱਤੀ।

ਜਸਟਿਸ ਆਫਤਾਬ ਆਲਮ ਤੇ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਨੇ ਸਵਿੱਸ ਕੰਪਨੀ ਦੇ ਇਸ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ ਕਿ ਬਲੱਡ ਕੈਂਸਰ ਦੀ ਦਵਾਈ ਤਿਆਰ ਕਰਨ ਦਾ ਹੱਕ ਸਿਰਫ ਉਸ ਨੂੰ ਹੈ ਕਿਉਂਕਿ ਇਸ ਦਵਾਈ ਵਿਚ ਇਕ ਨਵਾਂ ਤੱਤ ਵਰਤਿਆ ਗਿਆ ਹੈ ਜੋ ਕਿ ਇਸ ਕੰਪਨੀ ਨੇ ਖੋਜਿਆ। ਬੈਂਚ ਨੇ ਇਸ ਦਾਅਵੇ ਦੀ ਪੁਣਛਾਣ ਕੀਤੀ ਅਤੇ ਮਾਹਿਰਾਂ ਦੀਆਂ ਗਵਾਹੀਆਂ ਦੇ ਆਧਾਰ ‘ਤੇ ਆਪਣਾ ਨਿਰਣਾ ਦਿੱਤਾ। ਇਸ ਕਾਨੂੰਨੀ ਲੜਾਈ ‘ਤੇ ਦੁਨੀਆਂ ਭਰ ਦੀਆਂ ਦਵਾ-ਉਤਪਾਦਕ ਕੰਪਨੀਆਂ ਦੀਆਂ ਨਜ਼ਰਾਂ ਸਨ ਅਤੇ ਕਈ ਕੰਪਨੀਆਂ ਤੋਂ ਇਲਾਵਾ ਲੱਖਾਂ ਕੈਂਸਰ ਪੀੜਤਾਂ ਦਾ ਭਵਿੱਖ ਵੀ ਇਸ ਲੜਾਈ ਨਾਲ ਜੁੜਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਗਲਾਈਵੈਕ  ਦੀ ਇਕ ਮਹੀਨੇ ਦੀ ਖੁਰਾਕ ਦੀ ਕੀਮਤ 1.2 ਲੱਖ ਰੁਪਏ ਹੈ ਜਦੋਂਕਿ ਭਾਰਤੀ ਕੰਪਨੀਆਂ ਵੱਲੋਂ ਇਸੇ ਗੁਣਸੂਤਰ ਦੇ ਆਧਾਰ ‘ਤੇ ਤਿਆਰ ਕੀਤੀਆਂ ਜੈਨੇਰਿਕ ਦਵਾਈਆਂ ਦੀ ਮਹੀਨੇ ਦੀ ਖੁਰਾਕ 8 ਹਜ਼ਾਰ ਰੁਪਏ ਦੀ ਪੈਂਦੀ ਹੈ। ਨੋਵਰਟੀਜ਼ ਦੀ ਪਟੀਸ਼ਨ ਦਾ ਵਿਰੋਧ ਕਰਨ ਵਾਲੀਆਂ ਦੋ ਭਾਰਤੀ ਦਵਾ-ਉਤਪਾਦਕ ਕੰਪਨੀਆਂ- ਰਨਬੈਕਸੀ ਤੇ ਸਿਪਲਾ ਦੀ ਵਕੀਲ ਪ੍ਰਤਿਭਾ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੇਟੈਂਟ ਸਿਰਫ ਨਵੀਂ ਖੋਜੀ ਦਵਾਈ ‘ਤੇ ਦਿੱਤਾ ਜਾ ਸਕਦਾ ਹੈ, ਪਹਿਲਾਂ ਤੋਂ ਖੋਜੀ ਦਵਾਈ ਦੇ ਸੁਧਰੇ ਜਾਂ ਨਵ-ਸਿਰਜਿਤ ਰੂਪ ‘ਤੇ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਵਿਦੇਸ਼ੀ ਕੰਪਨੀਆਂ ਦੀਆਂ ਦਵਾਈਆਂ ਨੂੰ ਨਵੀਆਂ ਖੋਜਾਂ ਦੇ ਆਧਾਰ ‘ਤੇ ਪੇਟੈਂਟ ਹਾਸਲ ਹੈ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ।

ਆਪਣੇ ਫੈਸਲੇ ਵਿਚ ਬੈਂਚ ਨੇ ਕਿਹਾ ਕਿ ‘ਇਮੈਟੀਨਿਬ ਮੈਸੀਲੇਟ’ ਨੂੰ ਗਲਾਈਵੈਕ  ਵਿਚ ਮੁੱਖ ਤੱਤ ਵਜੋਂ ਵਰਤਿਆ ਗਿਆ ਹੈ। ਇਹ ਪਹਿਲਾਂ ਤੋਂ ਜਾਣਿਆ-ਪਛਾਣਿਆ ਤੱਤ ਹੈ ਅਤੇ ਨੋਵਰਟੀਜ਼ ਇਹ ਨਹੀਂ ਕਹਿ ਸਕਦੀ ਹੈ ਕਿ ਇਹ ਤੱਤ ਉਸ ਨੇ ਖੋਜਿਆ ਹੈ। ਨੋਵਰਟੀਜ਼ ਨੇ 2006 ਵਿਚ ਗਲਾਈਵੈਕ  ਲਈ ਪੇਟੈਂਟ ਵਾਸਤੇ ਅਰਜ਼ੀ ਦਿੱਤੀ ਸੀ। ਇਸ ਅਰਜ਼ੀ ਨੂੰ ਚੇਨਈ ਸਥਿਤ ਇੰਟਕਚੂਅਲ ਪ੍ਰਾਪਰਟੀ ਐਪੇਲੇਟ ਬੋਰਡ ਨੇ 2009 ਵਿਚ ਰੱਦ ਕਰ ਦਿੱਤਾ। ਇਸ ‘ਤੇ ਸਵਿੱਸ ਕੰਪਨੀ ਨੇ ਇਸ ਬੋਰਡ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਦਿੱਤੀ। ਸੁਪਰੀਮ ਕੋਰਟ ਵਿਚ ਨੋਵਰਟੀਜ਼ ਦੇ ਦਾਅਵਿਆਂ ਦਾ ਕਈ ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਨੇ ਵਿਰੋਧ ਕੀਤਾ।

ਕੀ ਸੀ ਕਾਨੂੰਨੀ ਲੜਾਈ

* ਨੋਵਰਟੀਜ਼ ਬਲੱਡ ਕੈਂਸਰ ਦੇ ਪੀੜਤਾਂ ਲਈ ਗਲਾਈਵੈਕ ਨਾਮੀ ਦਵਾਈ ਤਿਆਰ ਕਰਦੀ ਹੈ ਜੋ ਕਿ ਇਮੈਟੀਨਿਬ ਮੈਸੀਲੇਟ ਨਾਮੀ ਤੱਤ ‘ਤੇ ਆਧਾਰਤ ਹੈ।

* ਕੰਪਨੀ ਦਾ ਦਾਅਵਾ ਸੀ ਕਿ ਇਹ ਦਵਾਈ ਉਸ ਦੀ ਖੋਜ ਸੀ। ਇਸ ਲਈ ਇਸ ਦਾ ਪੇਟੈਂਟ ਉਸ ਨੂੰ ਮਿਲਣਾ ਚਾਹੀਦਾ ਹੈ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਕੋਈ ਹੋਰ ਕੰਪਨੀ ਭਾਰਤ ਵਿਚ ਇਹ ਦਵਾਈ ਤਿਆਰ ਨਹੀਂ ਕਰ ਸਕਦੀ।

* ਇਸ ਦਾਅਵੇ ਨੂੰ ਸੁਪਰੀਮ ਕੋਰਟ ਨੇ ਅਸਵੀਕਾਰ ਕੀਤਾ। ਸਰਵ-ਉੱਚ ਅਦਾਲਤ ਦਾ ਕਹਿਣਾ ਸੀ ਕਿ ਪੇਟੈਂਟ ਤਦੋਂ ਬਣਦਾ ਸੀ, ਜੇਕਰ ‘ਇਮੈਟੀਨਿਬ ਮੈਸੀਲੇਟ’ ਦੀ ਖੋਜ ਨੋਵਰਟੀਜ਼ ਨੇ ਕੀਤੀ ਹੁੰਦੀ। ਪਰ ਇਹ ਤੱਤ ਤਾਂ ਬਹੁਤ ਪਹਿਲਾਂ ਖੋਜਿਆ ਜਾ ਚੁੱਕਾ ਸੀ ਅਤੇ ਕਈ ਦਵਾਈਆਂ ਵਿਚ ਵਰਤਿਆ ਜਾ ਰਿਹਾ ਸੀ।

ਭਾਰਤ ਵਿਚ ਖੋਜ ‘ਤੇ ਧਨ ਨਹੀਂ ਖਰਚੇਗੀ ਨੋਵਰਟੀਜ਼

http://sameydiawaaz.com/Archive%20News/%5B2013%5D/04/02.04.2013%20-%2001.jpg

ਸੁਪਰੀਮ ਕੋਰਟ ਦੇ ਫੈਸਲੇ ਤੋਂ ਖਫ਼ਾ ਨੋਵਰਟੀਜ਼ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਭਾਰਤ ਵਿਚ ਨਵੇਂ ਉਤਪਾਦਨ ਤਾਂ ਲਿਆਂਦੀ ਰਹੇਗੀ ਪਰ ਨਵੀਆਂ ਦਵਾਈਆਂ ਦੀ ਖੋਜ ਤੇ ਵਿਕਾਸ ਉਪਰ ਧਨ ਖਰਚ ਨਹੀਂ ਕਰੇਗੀ। ਨੋਵਰਟੀਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਸ਼ਾਹਾਨੀ ਨੇ ਮੁੰਬਈ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਖੋਜ ਤੇ ਵਿਕਾਸ ਦਾ ਕੰਮ ‘ਸੁਖਾਵੀਆਂ ਥਾਵਾਂ’ ‘ਤੇ ਕੀਤਾ ਜਾਵੇਗਾ।


ਨਸ਼ਾ ਤਸਕਰਾਂ ਵਲੋਂ ਥਾਣੇਦਾਰ ਦੀ ਹੱਤਿਆ

http://sameydiawaaz.com/Archive%20News/%5B2013%5D/04/02.04.2013%20-%2003.jpg

ਥਾਣੇਦਾਰ ਗੁਰਦੇਵ ਸਿੰਘ ਦੀ ਪੁਰਾਣੀ ਫੋਟੋ (ਇਨਸੈੱਟ) ਅਤੇ ਉਸ ਦੀ ਪਤਨੀ ਘਟਨਾ ਸਥਾਨ ਨੇੜੇ ਵਿਰਲਾਪ ਕਰਦੀ ਹੋਈ (ਫੋਟੋ: ਮਲਕੀਅਤ ਸਿੰਘ)

ਫਗਵਾੜਾ 1 ਅਪ੍ਰੈਲ (ਜਸਬੀਰ ਸਿੰਘ ਚਾਨਾ) :- ਫਗਵਾੜਾ-ਜਲੰਧਰ ਸੜਕ ‘ਤੇ ਹਵੇਲੀ ਹੈਰੀਟੇਜ ਅੱਗੇ ਨਾਕੇ ‘ਤੇ ਤਾਇਨਾਤ ਸਦਰ ਥਾਣੇਦਾਰ ਗੁਰਦੇਵ ਸਿੰਘ ਦੀ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ ਵਰਨਾ ਕਾਰ ‘ਚ ਸਵਾਰ ਸਨ। ਉਹ ਘਟਨਾ ਬਾਅਦ ਜਲੰਧਰ ਵੱਲ ਫਰਾਰ ਹੋ ਗਏ। ਪੁਲੀਸ ਨੇ ਇਸ ਸਬੰਧ ‘ਚ ਡਿਊਟੀ ‘ਤੇ ਤਾਇਨਾਤ ਹੌਲਦਾਰ ਬਲਕਾਰ ਸਿੰਘ ਦੇ ਬਿਆਨਾਂ ‘ਤੇ ਧਾਰਾ 302, 307, 392, 25-54-59 ਅਧੀਨ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਮਝਿਆ ਜਾ ਰਿਹਾ ਹੈ ਕਿ ਦੋਸ਼ੀ ਡਰੱਗ ਮਾਫੀਏ ਨਾਲ ਸਬੰਧਤ ਹਨ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਥਾਣੇਦਾਰ ਗੁਰਦੇਵ ਸਿੰਘ (50 ਸਾਲ) ਆਪਣੇ ਸਾਥੀਆਂ ਸਮੇਤ ਗਸ਼ਤੀ ਗੱਡੀ ਪੀਬੀ 12 ਜੀ 8223 ‘ਤੇ ਜੀ.ਟੀ. ਰੋਡ ਉਪਰ ਗਸ਼ਤ ਕਰ ਰਹੇ ਸਨ। ਉਨ੍ਹਾਂ ਰਾਤੀਂ 12.45 ਵਜੇ ਹਵੇਲੀ ਅੱਗੇ ਨਾਕਾ ਲਗਾਇਆ ਹੋਇਆ ਸੀ। ਏਨੇ ਨੂੰ ਹਵੇਲੀ ਦੇ ਅੰਦਰੋਂ ਸ਼ੱਕੀ ਨੌਜਵਾਨ ਜਿਸ ਨੇ ਬੈਗ ਚੁੱਕਿਆ ਹੋਇਆ ਸੀ, ਬਾਹਰ ਵੱਲ ਆਇਆ। ਜਦੋਂ ਉਸ ਨੂੰ ਉਕਤ ਥਾਣੇਦਾਰ ਨੇ ਆਵਾਜ਼ ਮਾਰੀ ਤਾਂ ਉਹ ਭੱਜ ਪਿਆ। ਥਾਣੇਦਾਰ ਵੀ ਉਸ ਦੇ ਮਗਰ ਦੌੜ ਪਿਆ। ਹਵੇਲੀ ਦੇ ਸਾਹਮਣੇ ਬਣੇ ਪੁਲ ਦੇ ਹੇਠਾਂ ਜਾ ਕੇ ਉਹ ਗੁੱਥਮ-ਗੁੱਥਾ ਹੋ ਪਏ। ਇੰਨੇ ਨੂੰ ਹਮਲਾਵਰ ਦੇ ਤਿੰਨ ਸਾਥੀ ਜੋ ਹਵੇਲੀ ‘ਚ ਹੀ ਖਾਣਾ ਖਾਣ ਆਏ ਸਨ, ਉਹ ਆਪਣੀ ਕਾਰ ਪੀਬੀ 08-6162 ‘ਚ ਸਵਾਰ ਹੋ ਕੇ ਘਟਨਾ ਵਾਲੀ ਥਾਂ ‘ਤੇ ਪੁੱਜ ਗਏ। ਉਨ੍ਹਾਂ ਆਪਣੇ ਸਾਥੀ ਨੂੰ ਛੁਡਾਉਣ ਤੋਂ ਬਾਅਦ ਥਾਣੇਦਾਰ ਦੀ ਛਾਤੀ ਉਪਰ ਦੋ ਗੋਲੀਆਂ ਮਾਰ ਦਿੱਤੀਆਂ। ਇਕ ਛਾਤੀ ਤੇ ਦੂਜੀ ਪੇਟ ਦੀ ਇਕ ਸਾਈਡ ‘ਤੇ ਵੱਜੀ, ਇੰਨੇ ਨੂੰ ਉਸ ਦੇ ਨਾਲ ਡਿਊਟੀ ‘ਤੇ ਤਾਇਨਾਤ ਪੁਲੀਸ ਮੁਲਾਜ਼ਮ ਜਦੋਂ ਉੱਥੇ ਪੁੱਜੇ ਤਾਂ ਉਹ ਉਥੋਂ ਦੂਰ ਚਲੇ ਗਏ। ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਵੱਲ 7-8 ਫਾਇਰ ਕੀਤੇ ਤੇ ਜ਼ਖਮੀ ਥਾਣੇਦਾਰ ਨੂੰ ਗੱਡੀ ‘ਚ ਪਾ ਕੇ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।  ਦੱਸਿਆ ਜਾਂਦਾ ਹੈ ਕਿ ਥਾਣੇਦਾਰ ਦੇ ਕੋਲ ਡਿਊਟੀ ਮੌਕੇ ਰਿਵਾਲਵਰ ਨਹੀਂ ਸੀ। ਉਸ ਦਾ ਰਿਵਾਲਵਰ ਕੁਝ ਮਹੀਨੇ ਪਹਿਲਾਂ ਲੁਟੇਰਿਆਂ ਨੇ ਖੋਹ ਲਿਆ ਸੀ। ਪੁਲੀਸ ਵਿਭਾਗ ਨੇ ਉਸ ਨੂੰ ਦੁਬਾਰਾ ਰਿਵਾਲਵਰ ਨਹੀਂ ਦਿੱਤਾ। ਮ੍ਰਿਤਕ ਥਾਣੇਦਾਰ ਆਪਣੇ ਪਿੱਛੇ ਵਿਧਵਾ ਪਤਨੀ ਗੁਰਮੀਤ ਕੌਰ ਤੇ ਦੋ ਪੁੱਤਰ ਛੱਡ ਗਿਆ ਹੈ। ਇਨ੍ਹਾਂ ‘ਚੋਂ ਇਕ ਇਟਲੀ ਤੇ ਦੂਜਾ ਯੂ.ਕੇ. ਵਿਚ ਪੜ੍ਹਾਈ ਕਰਨ ਗਿਆ ਹੋਇਆ ਹੈ। ਥਾਣੇਦਾਰ ਸੁਲਤਾਨ (ਕਪੂਰਥਲਾ) ਦੇ ਪਿੰਡ ਕਰਮਜੀਤ ਪੁਰ ਦਾ ਰਹਿਣ ਵਾਲਾ ਸੀ।  ਐਸ.ਐਮ.ਓ. ਡਾ. ਰਾਜੀਵ ਗੁਪਤਾ ਨੇ ਦੱਸਿਆ ਕਿ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਡਾਕਟਰਾਂ ਦੇ ਬਣਾਏ ਗਏ ਬੋਰਡ ‘ਚ ਡਾਕਟਰ ਗੁਰਿੰਦਰ ਸਿੰਘ, ਡਾ. ਅਸ਼ੀਸ਼ ਜੇਤਨੀ ਤੇ ਰਜੇਸ਼ ਸ਼ਾਮਲ ਹਨ। ਬੋਰਡ ਵੱਲੋਂ ਕੀਤੇ ਪੋਸਟਮਾਰਟਮ ਦੌਰਾਨ ਮ੍ਰਿਤਕ ਦੇ ਸਰੀਰ ‘ਚੋਂ ਦੋ ਗੋਲੀਆਂ ਕੱਢ ਦਿੱਤੀਆਂ ਗਈਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਜਲੰਧਰ ਰੇਂਜ ਦੇ ਆਈ.ਜੀ. ਸ੍ਰੀਮਤੀ ਗੁਰਪ੍ਰੀਤ ਦਿਓ, ਆਈ.ਜੀ (ਟਰੈਫਿਕ) ਸ਼ਰਦ ਸੱਤਿਆ ਚੌਹਾਨ, ਐਸ.ਐਸ.ਪੀ. ਇੰਦਰਬੀਰ ਸਿੰਘ, ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ, ਡੀ.ਐਸ.ਪੀ. ਅਸ਼ਵਨੀ ਕੁਮਾਰ ਅਤੇ ਐਸ.ਐਚ.ਓ. ਸਦਰ ਰਵਿੰਦਰ ਸਿੰਘ ਮੌਕੇ ‘ਤੇ ਪੱਜੇ। ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦੋਸ਼ੀ ਜਲਦੀ ਹੀ ਕਾਬੂ ਕੀਤੇ ਜਾਣਗੇ। ਹਮਲਾਵਰ ਨੌਜਵਾਨ ਕਿਸੇ ਨਸ਼ਾ ਗੈਂਗ ਨਾਲ ਸਬੰਧਤ ਜਾਪਦੇ ਹਨ। ਐਸ.ਐਸ.ਪੀ. ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਸਿਵਲ ਹਸਪਤਾਲ ਜਾ ਕੇ ਮ੍ਰਿਤਕ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੁਲੀਸ ਮੁਲਾਜ਼ਮਾਂ ਦੇ ਕਤਲ ਹੋਣੇ ਵਧ ਗਏ ਹਨ। ਇਸ ਨਾਲ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ।


ਜ਼ਿਲ੍ਹਾ ਅਟਾਰਨੀ ਦੀ ਰਾਏ ਤੋਂ ਵਿਜੇਂਦਰ ਨੂੰ ਮਿਲੀ ਰਾਹਤ

http://sameydiawaaz.com/Archive%20News/%5B2013%5D/04/02.04.2013%20-%2004.jpg

ਫਤਿਹਗੜ੍ਹ ਸਾਹਿਬ 1 ਅਪ੍ਰੈਲ (ਸੰਜੇ ਬੰਬਰੂ) :- ਜ਼ਿਲ੍ਹਾ ਅਟਾਰਨੀ (ਕਾਨੂੰਨੀ) ਵੱਲੋਂ 484 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਤਸਕਰੀ ਦੇ ਕੇਸ ਵਿੱਚ ਮੁੱਕੇਬਾਜ਼ ਵਿਜੇਂਦਰ ਸਿੰਘ ਦੇ ਵਾਲਾਂ ਅਤੇ ਖੂਨ ਦੇ ਨਮੂਨੇ ਲੈਣ ਲਈ ਉਸ ਨੂੰ ਸੰਮਨ ਕਰਨ ਲਈ ਮੁਕਾਮੀ ਅਦਾਲਤ ਵਿੱਚ ਅਰਜ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਨਾਲ ਇਸ ਕੇਸ ਦੀਆਂ ਕੜੀਆਂ ਜੋੜਨ ਲੱਗੀ ਜ਼ਿਲ੍ਹਾ ਪੁਲੀਸ ਦੇ ਯਤਨਾਂ ਨੂੰ ਵੱਡਾ ਧੱਕਾ ਵੱਜਿਆ ਹੈ।

ਸੂਤਰਾਂ ਅਨੁਸਾਰ ਜ਼ਿਲ੍ਹਾ ਪੁਲੀਸ ਨੇ ਹਰਿਆਣਾ ਦੇ ਡੀਐਸਪੀ ਅਤੇ ਕੌਮਾਂਤਰੀ ਪੱਧਰ ਦੇ ਮੁੱਕੇਬਾਜ਼ ਵਿਜੇਂਦਰ ਨੂੰ ਫੌਜਦਾਰੀ ਸੰਘਤਾ ਦੀ ਧਾਰਾ 53 ਤਹਿਤ ਸੰਮਨ ਕਰਨ ਵਾਸਤੇ ਜ਼ਿਲ੍ਹਾ ਅਟਾਰਨੀ ਰਾਹੀਂ ਅਰਜ਼ੀ ਦਾਇਰ ਕਰਨ ਲਈ ਇੱਕ ਤਫਤੀਸ਼ੀ ਰਿਪੋਰਟ ਪੇਸ਼ ਕੀਤੀ ਸੀ ਪਰ ਡੀ.ਏ. ਨੇ ਇਸ ਟਿੱਪਣੀ ਸਹਿਤ ਰਿਪੋਰਟ ਵਾਪਸ ਭੇਜ ਦਿੱਤੀ ਕਿ ਕਾਨੂੰਨ ਤਹਿਤ ਨਮੂਨੇ ਤਾਂ ਹੀ ਲਏ ਜਾ ਸਕਦੇ ਹਨ ਜੇ ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਦੇ ਖ਼ਿਲਾਫ਼ ਦੋਸ਼ ਸਿੱਧ ਹੋ ਜਾਣ। ਸੂਤਰਾਂ ਮੁਤਾਬਕ ਪੁਲੀਸ ਦੇ ਇਸ ਕੇਸ ਵਿੱਚ ਵਿਜੇਂਦਰ ਦੀ ਮਿਲੀਭੁਗਤ ਸਿੱਧ ਕਰਨ ‘ਚ ਨਾਕਾਮ ਰਹਿਣ ਕਾਰਨ ਡੀ.ਏ. ਨੇ ਅਦਾਲਤ ਵਿੱਚ ਪਹੁੰਚ ਕਰਨ ਦੀ ਦਲੀਲ ਰੱਦ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਡੀਐਸਪੀ (ਡੀ.) ਅਸ਼ਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਫਤਿਹਗ੍ਹੜ ਸਾਹਿਬ ਪੁਲੀਸ ਦੀ ਇੱਕ ਟੀਮ ਲੰਘੀ 11 ਮਾਰਚ ਨੂੰ ਵਿਜੇਂਦਰ ਤੋਂ ਪੁੱਛ-ਪੜਤਾਲ ਕਰਨ ਲਈ ਪੰਚਕੂਲਾ ਪੁੱਜੀ ਸੀ ਜਦੋਂ ਉਸ ਨੇ ਆਪਣੇ ਵਾਲਾਂ ਤੇ ਖੂਨ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਪੁਲੀਸ ਦੇ ਇੱਕ ਹੈੱਡਕਾਂਸਟੇਬਲ ਰਾਮ ਸਿੰਘ ਵੱਲੋਂ ਇਸ ਕੇਸ ਦੀ ਤਫਤੀਸ਼ ਦੌਰਾਨ ਕੀਤੇ ਖੁਲਾਸਿਆਂ ਤੋਂ ਇਸ ਮਾਮਲੇ ਵਿੱਚ ਵਿਜੇਂਦਰ ਦਾ ਨਾਂ ਸਾਹਮਣੇ ਆਇਆ ਸੀ। ਰਾਮ ਸਿੰਘ ਨੇ ਦੱਸਿਆ ਕਿ ਉਹ ਤੇ ਵਿਜੇਂਦਰ ਨਸ਼ਾ ਤਸਕਰ ਅਨੂਪ ਸਿੰਘ ਕਾਹਲੋਂ ਨੂੰ ਮਿਲਦੇ ਰਹਿੰਦੇ ਸਨ ਅਤੇ ਉਹ ਦੋਵੇਂ ਹੈਰੋਇਨ ਲੈਂਦੇ ਵੀ ਸਨ। ਕਾਨੂੰਨੀ ਮਾਹਰਾਂ ਮੁਤਾਬਕ ਇਸ ਘਟਨਾ´ਮ ਤੋਂ ਵਿਜੇਂਦਰ ਨੂੰ ਕਾਫੀ ਰਾਹਤ ਮਿਲ ਸਕਦੀ ਹੈ ਜੋ ਵਾਰ ਵਾਰ ਕਾਹਲੋਂ ਨਾਲ ਰਾਬਤੇ ਤੋਂ ਖੰਡਨ ਕਰਦਾ ਰਿਹਾ। ਪੁਲੀਸ ਨੇ ਲੰਘੀ 3 ਮਾਰਚ ਨੂੰ ਕਾਹਲੋਂ ਨੂੰ ਗ੍ਰਿਫਤਾਰ ਕੀਤਾ ਸੀ।


ਖੇਡ ਮੰਤਰਾਲੇ ਵਲੋਂ ਨਾਡਾ ਨੂੰ ਵਿਜੇਂਦਰ ਦਾ ਡੋਪ ਟੈਸਟ ਕਰਾਉਣ ਦਾ ਹੁਕਮ

ਨਵੀਂ ਦਿੱਲੀ 1 ਅਪ੍ਰੈਲ :- ਡਰੱਗ ਵਿਵਾਦ ਨੂੰ ਖਤਮ ਕਰਨ ਦੀ ਮੁਹਿੰਮ ਤਹਿਤ ਖੇਡ ਮੰਤਰਾਲੇ ਨੇ ਅੱਜ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੂੰ ਤੁਰੰਤ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਡੋਪ ਟੈਸਟ ਕਰਾਉਣ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਜੇਂਦਰ ਸਿੰਘ ‘ਤੇ ਹੈਰੋਇਨ ਲੈਣ ਦੇ ਦੋਸ਼ ਲੱਗੇ ਹਨ। ਵਿਜੇਂਦਰ ਦਾ ਨਾਂ ਡਰੱਗ ਬਰਾਮਦਗੀ ਮਾਮਲੇ ‘ਚ ਆਉਣ ਤੋਂ ਇਕ ਮਹੀਨੇ ਬਾਅਦ ਅੱਜ ਖੇਡ ਮੰਤਰਾਲੇ ਨੇ ਇਸ ਮਾਮਲੇ ‘ਤੇ ਆਪਣਾ ਰੁਖ ਸਪਸ਼ਟ ਕਰਦਿਆਂ ਉਸ ਦਾ ਡੋਪ ਟੈਸਟ ਕਰਾਉਣ ਦਾ ਹੁਕਮ ਦਿੱਤਾ ਹੈ। ਨਾਡਾ ਦੇ ਡਾਇਰੈਕਟਰ ਜਨਰਲ ਮੁਕੁਲ ਚਟਰਜੀ ਨੂੰ ਭੇਜੇ ਗਏ ਹੁਕਮ ‘ਚ ਖੇਡ ਮੰਤਰਾਲੇ ਨੇ ਵਿਜੇਂਦਰ ਦਾ ਡੋਪ ਟੈਸਟ ਕਰਾਉਣ ਲਈ ਕਿਹਾ।


ਐਫ. ਸੀ. ਆਈ. ਦੇ ਗੁਦਾਮਾਂ ਵਿੱਚੋਂ ਹੋਰ ਕਣਕ ਬਰਾਮਦ ਕਰਨ ਦੀ ਲੋੜ - ਪਵਾਰ

http://sameydiawaaz.com/Archive%20News/%5B2013%5D/04/02.04.2013%20-%2005.jpg

ਨਵੀਂ ਦਿੱਲੀ 1 ਅਪ੍ਰੈਲ :- ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਅੱਜ ਮੰਨਿਆ ਕਿ ਕਣਕ ਦੀ ਖਰੀਦ ਰੁੱਤ ਦੌਰਾਨ ਭੰਡਾਰਣ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਨਾਲ ਹੀ ਕਿਹਾ ਕਿ ਭਾਰਤੀ ਖੁਰਾਕ  ਨਿਗਮ (ਐਫ. ਸੀ. ਆਈ.) ਦੇ ਗੁਦਾਮਾਂ ਵਿੱਚੋਂ ਹੋਰ ਕਣਕ ਬਰਾਮਦ ਕਰਨ ਦੀ ਗੁੰਜਾਇਸ਼ ਮੌਜੂਦ ਹੈ। ਉਨ੍ਹਾਂ ਕਿਹਾ ਕਿ ਹੋਰ ਕਣਕ ਬਰਾਮਦ ਕਰਕੇ ਹੀ ਅਸੀਂ ਨਵੀਂ ਫ਼ਸਲ ਦੇ ਭੰਡਾਰਣ ਲਈ ਥਾਂ ਜੁਟਾ ਸਕਦੇ ਹਾਂ।

ਸ੍ਰੀ ਪਵਾਰ ਨੇ ਖ਼ਬਰ ਏਜੰਸੀ ‘ਪੀ. ਟੀ.ਆਈ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਾਲੀ ਸਾਲ 2012-13 ਦੌਰਾਨ ਸਰਕਾਰ ਨੇ ਐਫਸੀਆਈ ਦੇ ਗੁਦਾਮਾਂ ਵਿੱਚੋਂ 95 ਲੱਖ ਟਨ ਕਣਕ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਮਿਕਦਾਰ ਵਿੱਚੋਂ 50 ਲੱਖ ਟਨ ਕਣਕ ਪ੍ਰਾਈਵੇਟ ਵਪਾਰੀਆਂ ਤੇ ਕੰਪਨੀਆਂ ਨੇ ਬਰਾਮਦ ਕੀਤੀ ਸੀ। ਉਨ੍ਹਾਂ ਮੰਨਿਆ ਕਿ ਇਹ ਕਣਕ ਅਜੇ ਸਮੁੰਦਰੀ ਜਹਾਜ਼ਾਂ ‘ਤੇ ਚੜ੍ਹਾ ਕੇ ਵਿਦੇਸ਼ਾਂ ਵਿਚ ਭੇਜਣੀ ਬਾਕੀ ਹੈ। ਉਨ੍ਹਾਂ ਮੰਨਿਆ ਕਿ ਵਪਾਰੀ ਵਰਗ ਇਹ ਕਣਕ ਚੁੱਕਣ ਪ੍ਰਤੀ ਢਿੱਲਮੱਠ ਦਿਖਾ ਰਿਹਾ ਹੈ ਅਤੇ ਸਰਕਾਰ ਵੱਲੋਂ ਨੀਅਤ ਭਾਅ ਮਹਿੰਗਾ ਦੱਸ ਰਿਹਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਦੇ ਯਤਨ ਜਾਰੀ ਹਨ। ਖੁਰਾਕ ਮੰਤਰਾਲੇ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਮਸਲਾ ਛੇਤੀ ਨਜਿੱਠਣ ਦੇ ਯਤਨ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਐਫਸੀਆਈ ਦੇ ਗੁਦਾਮਾਂ ਵਿੱਚੋਂ ਹੋਰ ਕਣਕ ਬਰਾਮਦ ਕੀਤੇ ਜਾਣ ਦੀ ਲੋੜ ਹੈ। 14 ਅਪਰੈਲ ਤੋਂ ਕਣਕ ਦੀ ਕਟਾਈ ਜ਼ੋਰਾਂ ‘ਤੇ ਸ਼ੁਰੂ ਹੋ ਜਾਵੇਗੀ। ਉਸ ਮਗਰੋਂ ਐਫਸੀਆਈ ਦੇ ਗੁਦਾਮਾਂ ਵਿਚ 5.4 ਕਰੋੜ ਟਨ ਕਣਕ ਪੁੱਜਣ ਦੀ ਸੰਭਾਵਨਾ ਹੈ। ਇਸ ਨੂੰ ਸੰਭਾਲਣ ਲਈ ਥਾਂ ਖਾਲੀ ਕਰਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿੱਥੇ ਇਸ ਵਾਰ ਕਣਕ ਦੀ ਬੰਪਰ ਪੈਦਾਵਾਰ ਹੋਵੇਗੀ, ਉੱਥੇ ਇਸੇ ਹਾੜ੍ਹੀ ਦੌਰਾਨ ਦਾਲਾਂ ਤੇ ਤੇਲ ਬੀਜਾਂ ਦੀ ਪੈਦਾਵਾਰ ਵੀ ਭਰਵੀਂ ਹੋਣ ਦੀ ਸੰਭਾਵਨਾ ਹੈ।


ਹਥਿਆਰਬੰਦ ਵਿਅਕਤੀਆਂ ਨੇ ਵਿਦਿਆਰਥਣਾਂ ਦੀ ਬੱਸ ਘੇਰੀ

http://sameydiawaaz.com/Archive%20News/%5B2013%5D/04/02.04.2013%20-%2007.jpg

ਫ਼ਰੀਦਕੋਟ ਵਿਖੇ ਕੋਤਵਾਲੀ ਸਾਹਮਣੇ ਖੜ੍ਹੀ ਕਾਲਜ ਬੱਸ (ਫੋਟੋ:ਜੱਸ)

ਫ਼ਰੀਦਕੋਟ 1 ਅਪ੍ਰੈਲ :- ਫਿਰੋਜ਼ਪੁਰ ਗਰੁੱਪ ਆਫ਼ ਕਾਲਜਿਜ਼, ਫਿਰੋਜ਼ਸ਼ਾਹ ਤੋਂ ਵਿਦਿਆਰਥਣਾਂ ਨੂੰ ਫ਼ਰੀਦਕੋਟ ਲਿਆ ਰਹੀ ਕਾਲਜ ਬੱਸ ਨੂੰ ਅੱਜ ਅੱਧੀ ਦਰਜਨ ਹਥਿਆਰਬੰਦ ਵਿਅਕਤੀਆਂ ਨੇ ਪਿੰਡ ਪਿੱਪਲੀ ਕੋਲ ਘੇਰ ਲਿਆ। ਵਿਦਿਆਰਥਣਾਂ ਅਨੁਸਾਰ ਹਮਲਾਵਰ ਮੋਟਰਸਾਈਕਲਾਂ ’ਤੇ ਆਏ ਅਤੇ ਉਨ੍ਹਾਂ ਦੇ ਮੂੰਹ ਢਕੇ ਹੋਏ ਸਨ।

ਬੱਸ ਚਾਲਕ ਭੁਪਿੰਦਰ ਸਿੰਘ ਵਾਸੀ ਡੱਗੋਰੋਮਾਣਾ ਨੇ ਦੱਸਿਆ ਕਿ ਹਮਲਾਵਰਾਂ ਨੇ ਬੱਸ ਅੱਗੇ ਮੋਟਰਸਾਈਕਲ ਸੁੱਟ ਦਿੱਤਾ ਜਿਸ ਕਾਰਨ ਉਸ ਨੂੰ ਬੱਸ ਰੋਕਣੀ ਪਈ। ਹਮਲਾਵਰਾਂ ਨੇ ਬੱਸ ਵਿੱਚ ਵੜਣ ਦੀ ਕੋਸ਼ਿਸ਼ ਕੀਤੀ ਪਰ ਬਾਰੀਆਂ ਬੰਦ ਹੋਣ ਕਾਰਨ ਉਹ ਬੱਸ ਅੰਦਰ ਨਹੀਂ ਆ ਸਕੇ। ਹਮਲਾਵਰਾਂ ਨੇ ਡਰਾਈਵਰ ’ਤੇ  ਸੋਟੀਆਂ ਨਾਲ ਹਮਲਾ ਕੀਤਾ। ਰੌਲਾ ਪੈਣ ’ਤੇ ਉਹ ਮੌਕੇ ਤੋਂ ਭੱਜ ਗਏ। ਬੱਸ ਚਾਲਕ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਬੱਸ ਫ਼ਰੀਦਕੋਟ ਤੋਂ ਚੱਲਣ ਲੱਗੀ ਸੀ ਤਾਂ ਕਾਲਜ ਦੇ ਇਕ ਵਿਦਿਆਰਥੀ ਨੇ ਕਥਿਤ ਤੌਰ ’ਤੇ ਆਪਣੇ ਦੋ ਸਾਥੀਆਂ ਨੂੰ ਬੱਸ ਵਿੱਚ ਬਿਠਾਉਣ ਦੀ ਜ਼ਿੱਦ ਕੀਤੀ ਪਰ ਕਾਲਜ ਦੇ ਵਿਦਿਆਰਥੀ ਨਾ ਹੋਣ ਕਾਰਨ ਉਨ੍ਹਾਂ ਨੂੰ ਬੱਸ ਵਿੱਚ ਨਹੀਂ ਬੈਠਣ ਦਿੱਤਾ ਗਿਆ। ਡਰਾਈਵਰ ਨੇ ਦੋਸ਼ ਲਾਇਆ ਕਿ ਇਸੇ ਵਿਦਿਆਰਥੀ ਨੇ ਹੀ ਆਪਣੇ ਸਾਥੀਆਂ ਨਾਲ ਬੱਸ ’ਤੇ ਹਮਲਾ ਕੀਤਾ ਹੈ। ਇਸ ਘਟਨਾ ਬਾਅਦ ਡਰਾਈਵਰ ਵਿਦਿਆਰਥਣਾਂ ਦੀ ਭਰੀ ਬੱਸ ਥਾਣੇ ਲੈ ਆਇਆ।

ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਡਰਾਈਵਰ ਦੀ ਸ਼ਿਕਾਇਤ ’ਤੇ ਬੱਸ ਨੂੰ ਰੋਕਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।


ਸਰਕਾਰੀ ਸਕੂਲ ਬੰਦ ਕਰਨ ਦੇ ਫੈਸਲੇ ਦੀ ਨਿਖੇਧੀ

ਹੁਸ਼ਿਆਰਪੁਰ 1 ਅਪ੍ਰੈਲ :- ਸੀ. ਪੀ. ਆਈ. (ਐਮ) ਦੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਮੱਟੂ, ਮਹਿੰਦਰ ਸਿੰਘ ਖੈਰੜ, ਗੁਰਬਖਸ਼ ਸਿੰਘ ਸੂਸ, ਜੀਤ ਸਿੰਘ ਅਤੇ ਖੁਸ਼ੀ ਰਾਮ ਨੇ ਪੰਜਾਬ ਸਰਕਾਰ ਦੇ ਸੂਬੇ ਵਿਚਲੇ 690 ਸਰਕਾਰੀ ਸਕੂਲ ਬੰਦ ਕਰਨ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਗਰੀਬ ਲੋਕਾਂ ਦੇ ਬੱਚਿਆਂ ਨੂੰ ਵਿਦਿਆ ਤੋਂ ਦੂਰ ਕਰ ਦੇਵੇਗਾ ਜਦੋਂਕਿ ਮਹਿੰਗਾਈ ਕਾਰਨ ਪਹਿਲਾਂ ਹੀ ਗਰੀਬ ਲੋਕਾਂ ਦੇ ਬਹੁਤ ਸਾਰੇ ਬੱਚੇ ਵਿਦਿਆ ਤੋਂ ਵਾਂਝੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਫ਼ੈਸਲੇ ਕੁੱਝ ਕੁ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਲਈ ਲਏ ਹਨ। ਉਨ੍ਹਾਂ ਸਿੱਖਿਆ ਮੰਤਰੀ ਵਲੋਂ ਇਹ ਕਹਿਣਾ ਕਿ ਇਹ ਫ਼ੈਸਲਾ ਉੱਚ ਪੱਧਰੀ ਕਮੇਟੀ ਵਲੋਂ ਤਸਦੀਕ ਕਰਨ ਉਪਰੰਤ ਹੀ ਲਿਆ ਜਾਵੇਗਾ, ਨੂੰ ਵੀ ਗੁੰਮਰਾਹਕੁੰਨ ਦੱਸਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਲੋਕ ਵਿਰੋਧੀ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਜੇ ਅਜਿਹਾ ਨਾ ਕੀਤਾ ਗਿਆ ਤਾਂ ਸੂਬੇ ਭਰ ਵਿਚ ਸੰਘਰਸ਼ ਛੇੜ ਦਿੱਤਾ ਜਾਵੇਗਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz