ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

01 ਅਪ੍ਰੈਲ 2013

ਜੇ ਪ੍ਰੋ: ਭੁੱਲਰ ਨੂੰ ਫਾਂਸੀ ਦਿੱਤੀ ਗਈ ਤਾਂ ਇਹ ਇੱਕ ਰਾਜਨੀਤਕ ਕਤਲ ਹੋਵੇਗਾ - ਪੰਚ ਪ੍ਰਧਾਨੀ

ਭੁੱਲਰ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਤੋਂ ਬਠਿੰਡਾ ਤੱਕ ਕੱਢਿਆ ਗਿਆ ਪ੍ਰਭਾਵਸ਼ਾਲੀ ਇਸਨਸਾਫ ਮਾਰਚ

http://sameydiawaaz.com/Archive%20News/%5B2013%5D/04/01.04.2013%20-%2013.jpg

ਬਠਿੰਡਾ 30 ਮਾਰਚ (ਕਿਰਪਾਲ ਸਿੰਘ, ਤੁੰਗਵਾਲੀ) :- ਜੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦਿੱਤੀ ਗਈ ਤਾਂ ਇਹ ਇੱਕ ਰਾਜਨੀਤਕ ਕਤਲ ਹੋਵੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਕੱਢੇ ਗਏ ਇਨਸਾਫ਼ ਮਾਰਚ ਦੀ ਸਮਾਪਤੀ ਉਪ੍ਰੰਤ ਅੱਜ ਇੱਥੇ ਭਾਰਤ ਸਰਕਾਰ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਦਿੱਤੇ ਇੱਕ ਯਾਦ ਪੱਤਰ ਦੇਣ ਸਮੇਂ ਕਹੇ। ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤ ਸਰਕਾਰ ਵੱਲੋਂ ਰਾਜਨੀਤਕ ਕਾਰਣਾਂ ਕਰਕੇ ਦਿੱਤੀ ਜਾ ਰਹੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਇੱਕ ਪ੍ਰਭਾਵਸ਼ਾਲੀ ਇਨਸਾਫ਼ ਮਾਰਚ ਕੱਢਿਆ ਗਿਆ। ਇਹ ਮਾਰਚ ਉਸ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਤੋਂ ਦੁਪਹਿਰ ਤਕਰੀਬਨ 12 ਵਜੇ ਸ਼ੁਰੂ ਹੋਇਆ ਤੇ ਪਿੰਡ ਜਲਾਲ, ਗੁਰੂਸਰ, ਹਮੀਰਗਡ਼੍ਹ, ਭਗਤਾ, ਕੋਠਾ ਗੁਰੂਕਾ, ਕਲਿਆਣ, ਨਥਾਣਾ, ਗੰਗਾ, ਨਾਥਪੁਰਾ, ਗਿੱਦਡ਼, ਢੇਲਵਾਂ, ਗੋਬਿੰਦਪੁਰਾ, ਬੀਬੀਵਾਲਾ ਤੋਂ ਹੁੰਦਾ ਹੋਇਆ ਸਾਢੇ ਤਿੰਨ ਵਜੇ ਸ਼ਾਮ ਨੂੰ ਬਠਿੰਡਾ ਸ਼ਹਿਰ ਪਹੁੰਚਿਆ। ਸਾਰੇ ਰਸਤੇ ਦੌਰਾਨ ਸੰਗਤਾਂ ਨੇ ਬਡ਼ੀ ਗਰਮਜੋਸ਼ੀ ਨਾਲ ਮਾਰਚ ਦਾ ਸਵਾਗਤ ਕੀਤਾ। ਪ੍ਰੋ: ਭੁੱਲਰ ਦਾ ਆਪਣਾ ਜੱਦੀ ਇਲਾਕਾ ਹੋਣ ਕਰਕੇ ਨੌਜਵਾਨਾਂ ਨੇ ਬਡ਼ੇ ਉਤਸ਼ਾਹ ਨਾਲ ਇਸ ਮਾਰਚ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਸਾਰਿਆਂ ਦੇ ਵਾਹਨਾਂ ’ਤੇ ਕੇਸ਼ਰੀ ਨਿਸ਼ਾਨ ਸਾਹਿਬ ਲੱਗੇ ਹੋਏ ਸਨ ਤੇ ਹੱਥਾਂ ਵਿੱਚ ਮਾਟੋ ਤੇ ਕੇਸਰੀ ਨਿਸ਼ਾਨ ਫਡ਼ੇ ਹੋਏ ਸਰਕਾਰ ਵਿਰੁੱਧ ਅਤੇ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਕੇ ਰਿਹਾ ਕਰਨ ਦੀ ਮੰਗ ਕਰਦੇ ਹੋਏ ਨਾਹਰੇ ਮਾਰ ਸਨ। ਮਿੰਨੀ ਸਕੱਤਰੇਤ ਦੇ ਸਾਹਮਮਣੇ ਡਾ: ਅੰਬੇਦਕਰ ਦੇ ਬੁੱਤ ਨਜ਼ਦੀਕ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਹੁੰਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਦੁਨੀਆਂ ਦੇ ਲਗਭਗ 71 ਫੀਸਦੀ ਮੁਲਕਾਂ ਨੇ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਹੈ ਪਰ ਭਾਰਤ ਸਰਕਾਰ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸਿਆਸੀ ਕਤਲ ਕਰਨ ਲਈ ਫਾਂਸੀ ਦੀ ਸਜ਼ਾ ਨੂੰ ਇੱਕ ਅਦਾਲਤੀ ਹਥਿਆਰ ਵਜੋਂ ਵਰਤ ਰਹੀ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਪ੍ਰੋ: ਭੁੱਲਰ ਦੀ ਆਖਰੀ ਅਪੀਲ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਰੱਦ ਕਰਕੇ ਉਸ ਨੂੰ ਚੁੱਪ ਚਪੀਤੇ ਫਾਂਸੀ ਦਿੱਤੀ ਜਾ ਸਕਦੀ ਹੈ ਪਰ ਸਾਡਾ ਸਾਰਿਆਂ ਦੇ ਏਕਾ ਤੇ ਸੰਗਤੀ ਰੂਪ ਵਿੱਚ ਸਰਾਕਰ ’ਤੇ ਪਾਇਆ ਗਿਆ ਦਬਾਅ ਉਸ ਨੂੰ ਮੌਤ ਦੇ ਮੂੰਹ ’ਚੋਂ ਬਚਾ ਸਕਦਾ ਹੈ ਕਿਉਂਕਿ ਉਸ ਵਿਰੁੱਧ ਲਾਈ ਗਈ ਕੋਈ ਵੀ ਧਾਰਾ ਉਸ ਨੂੰ ਫਾਂਸੀ ਦਿੱਤੇ ਜਾਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ। ਭਾਰਤੀ ਹਕੂਮਤ ਵਲੋਂ ਕਿਸੇ ਫਾਂਸੀ ਦੀ ਸਜ਼ਾ ਪ੍ਰਾਪਤ ਵਿਅਕਤੀ ਨੂੰ ਜਿਹਨਾਂ ਸੱਤ ਵਿਚੋਂ ਕਿਸੇ ਇਕ ਸ਼ਰਤ ਦੀ ਪੂਰਤੀ ਕਰਨ ਕਰਕੇ ਛੱਡ ਦਿੱਤਾ ਜਾਂਦਾ ਹੈ, ਪ੍ਰੋ ਭੁੱਲਰ ਉਹਨਾਂ ਸੱਤਾਂ ਵਿਚੋਂ 4 ਸ਼ਰਤਾਂ ਦੀ ਪੂਰਤੀ ਕਰਦੇ ਹਨ:

1. ਸੁਪਰੀਮ ਕੋਰਟ ਦੇ ਜੱਜਾਂ ਦੇ ਫੈਸਲੇ ਵਿਚ ਭਿੰਨਤਾ।

2. ਦੋਸ਼ਪੂਰਨ ਗਵਾਹੀਆਂ।

3. ਕਥਿਤ ਇਕਬਾਲੀਆ ਬਿਆਨ ਨੂੰ ਸਾਬਤ ਕਰਦੇ ਕਿਸੇ ਗਵਾਹ ਜਾਂ ਸਬੂਤ ਦੀ ਅਣਹੋਂਦ।

4. ਤਹਿਸ਼ੁਦਾ ਨਿਯਮਾਂ ਤੋਂ ਵੱਧ ਕਰੀਬ 18 ਸਾਲ ਲੰਬੀ ਕੈਦ ਦੇ ਨਾਲ ਪ੍ਰੋ ਭੁੱਲਰ ਦੀ ਮੌਜੂਦਾ ਸਰੀਰਕ ਤੇ ਮਾਨਸਕ ਅਸੰਤੁਲਨ।

ਪਰ ਇਨ੍ਹਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਫਾਸੀ ਦਿੱਤੇ ਜਾਣ ਦੇ ਕਾਰਣ ਇਹ ਹਨ ਕਿ ਉਹ ਇੱਕ ਗਿਣਤੀ ਸਿੱਖ ਫਿਰਕੇ ਨਾਲ ਸਬੰਧਤ ਹੈ, ਆਪਣੀ ਕੌਮ ਨਾਲ ਹੋ ਰਹੀ ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਂਦਾ ਹੈ, ਅਤੇ ਆਪਣੇ ਪਿਤਾ, ਮਾਸਡ਼ ਤੇ ਦੋਸਤ ਨੂੰ ਕਤਲ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸਜਾ ਦੀ ਮੰਗ ਕਰ ਰਿਹਾ ਹੈ। ਪ੍ਰੋ: ਭੁੱਲਰ ਨਾਲ ਕੀਤਾ ਜਾ ਰਿਹਾ ਧੱਕਾ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੇ ਧੱਕੇ ਦਾ ਪ੍ਰਤੀਕ ਹੈ ।

ਭਾਈ ਬਲਦੇਵ ਸਿੰਘ ਸਿਰਸਾ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਭਾਈ ਅਮਰੀਕ ਸਿੰਘ ਈਸਡ਼ੂ ਸਾਰੇ ਮੀਤ ਪ੍ਰਧਾਨ ਅਤੇ ਭਾਈ ਮਨਧੀਰ ਸਿੰਘ ਜਨਰਲ ਸਕੱਤਰ, ਭਾਈ ਦਰਸ਼ਨ ਸਿੰਘ ਜਗਾ ਰਾਮਤੀਰਥ, ਭਾਈ ਜਸਪਾਲ ਸਿੰਘ ਮੰਝਪੁਰ ਆਦਿਕ ਨੇ ਵੀ ਵੱਖ ਵੱਖ ਥਾਵਾਂ ’ਤੇ ਸੰਗਤਾਂ ਨੂੰ ਸੰਬੌਧਨ ਕਰਦੇ ਹੋਏ ਉਕਤ ਵੀਚਾਰ ਪ੍ਰਗਟ ਕੀਤੇ ।

ਜਿਲ੍ਹਾ ਮਜਿਸਟ੍ਰੇਟ ਵਲੋਂ ਨਾਇਬ ਤਹਿਸੀਲਦਾਰ ਨਥਾਣਾ ਸ਼੍ਰੀ ਕਮਲਪ੍ਰੀਤ ਸਿੰਘ ਨੇ ਕਾਰਜਕਾਰੀ ਮੈਜਿਸਟ੍ਰੇਟ ਵਜੋਂ ਭਾਈ ਹਰਪਾਲ ਸਿੰਘ ਚੀਮਾ ਤੋਂ ਯਾਦ ਪੱਤਰ ਪ੍ਰਾਪਤ ਕੀਤਾ। ਇਸ ਸਮੇਂ ਉਕਤ ਆਗੂਆਂ ਤੋਂ ਇਲਾਵਾ ਜਸਵੀਰ ਸਿੰਘ ਖੰਡੂਰ, ਜਰਨੈਲ ਸਿੰਘ ਹੁਸ਼ੈਨਪੁਰ, ਸੁਰਿੰਦਰ ਸਿੰਘ ਨਥਾਨਾ, ਓਂਕਾਰ ਸਿੰਘ ਭਦੌਡ਼, ਸਤਨਾਮ ਸਿੰਘ, ਬਲਵੀਰ ਸਿੰਘ ਬੱਧਨੀ, ਬਾਬਾ ਮਨਮੋਹਨ ਸਿੰਘ ਗੁੰਮਟਸਰ, ਲਖਵਿੰਦਰ ਸਿੰਘ ਸਧਾਣਾ, ਲਬਜਿੰਦਰ ਸਿੰਘ ਏਕਨੂਰ ਖ਼ਾਲਸਾ ਫੌਜ, ਸਰਬਜੀਤ ਸਿੰਘ ਘੁਮਾਣ (ਦਲ ਖ਼ਾਲਸਾ) ਬਾਬੂ ਸਿੰਘ ਕਾਨਗਡ਼੍ਹ, ਮਨਜੀਤ ਸਿੰਘ ਰਸੂਲਪੁਰ, ਗੁਰਮੀਤ ਸਿੰਘ ਸਮਾਣਾ, ਗੁਰਦੀਪ ਸਿੰਘ ਕਾਲਾਝਾਡ਼ ਆਦਿਕ ਵੀ ਭਾਈ ਚੀਮਾ ਦੇ ਨਾਲ ਸ਼ਾਮਲ ਸਨ ।


ਜਲ੍ਹਿਆਂਵਾਲਾ ਬਾਗ਼ ਤੋਂ ਅੰਨਾ ਦੀ ਜਨਤੰਤਰ ਯਾਤਰਾ ਸ਼ੁਰੂ

 ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਜਾਵੇਗੀ ਯਾਤਰਾ

 ਦੇਸ਼ ਨੂੰ ਇੱਕ ਹੋਰ ਕ੍ਰਾਂਤੀ ਦੀ ਲੋੜ - ਅੰਨਾ ਹਜ਼ਾਰੇ

http://sameydiawaaz.com/Archive%20News/%5B2013%5D/04/01.04.2013%20-%2007.jpg

 ਉੱਘੇ ਸਮਾਜ ਸੇਵਕ ਅੰਨਾ ਹਜ਼ਾਰੇ ਐਤਵਾਰ ਨੂੰ ਜਨਤੰਤਰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ

 ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋਏ (ਫੋਟੋ: ਵਿਸ਼ਾਲ ਕੁਮਾਰ)

ਅੰਮ੍ਰਿਤਸਰ 31 ਮਾਰਚ (ਜਗਤਾਰ ਸਿੰਘ ਲਾਂਬਾ) :- ਜਨਤੰਤਰ ਮੋਰਚਾ ਦੇ ਆਗੂ ਅਤੇ ਉੱਘੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਲਈ ਇਥੇ ਜਲ੍ਹਿਆਂਵਾਲਾ ਬਾਗ ਤੋਂ ‘ਜਨਤੰਤਰ ਯਾਤਰਾ’ ਸ਼ੁਰੂ ਕੀਤੀ। ਇਸ ਨੂੰ ਆਜ਼ਾਦੀ ਦੀ ਦੂਜੀ ਲੜਾਈ ਕਰਾਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ ਮੁਕਤ ਅਤੇ ਸ਼ਹੀਦਾਂ ਦੇ ਸੁਫਨਿਆਂ ਦਾ ਦੇਸ਼ ਸਿਰਜਣ ਲਈ ਮੋਰਚੇ ਨਾਲ ਜੁੜਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ‘ਅਗਿਆਨੀ ਲੋਕਾਂ’ ਦੀ ਕਾਰਵਾਈ ਸੀ। ਇਸ ਦੌਰਾਨ ਯਾਤਰਾ ਨੂੰ ਅੰਮ੍ਰਿਤਸਰ ਵਿੱਚ ਭਰਵਾਂ ਹੁੰਗਾਰਾ ਨਹੀਂ ਮਿਲਿਆ।

ਲਗਪਗ ਡੇਢ ਸਾਲ ਦੇਸ਼ ਭਰ ਵਿੱਚ ਘੁੰਮਣ ਵਾਲੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕਰਦਿਆਂ ਸ੍ਰੀ ਅੰਨਾ ਹਜ਼ਾਰੇ ਤੇ ਉਨ੍ਹਾਂ ਦੇ ਸਾਥੀਆਂ ਨੇ ਇਥੇ ਸ਼ਹੀਦੀ ਸਮਾਰਕ ’ਤੇ ਪ੍ਰਣ ਕੀਤਾ ਕਿ ਜਦੋਂ ਤਕ ਉਨ੍ਹਾਂ ਦਾ ਜੀਵਨ ਹੈ, ਉਹ ਦੇਸ਼, ਦੇਸ਼ ਵਾਸੀਆਂ ਅਤੇ ਸਮਾਜ ਦੀ ਭਲਾਈ ਲਈ ਜੰਗ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ। ਯਾਤਰਾ ਲਈ ਬਣਾਏ ਵਿਸ਼ੇਸ਼ ਵਾਹਨ ਦੀ ਛੱਤ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਗਾਂਧੀਵਾਦੀ ਆਗੂ ਨੇ ਆਖਿਆ ਕਿ ਉਨ੍ਹਾਂ ਇਹ ਯਾਤਰਾ ਜਲ੍ਹਿਆਂਵਾਲਾ ਬਾਗ ਤੋਂ ਇਸ ਲਈ ਸ਼ੁਰੂ ਕੀਤੀ ਹੈ ਕਿਉਂਕਿ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਵਾਲੀ ਧਰਤੀ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਹੀ ਦੇਸ਼ ਨੂੰ ਆਜ਼ਾਦੀ ਮਿਲੀ ਪਰ ਇਸ ਵੇਲੇ ਦੇਸ਼ ਵਿੱਚ ਭ੍ਰਿਸ਼ਟਾਚਾਰ, ਲੁੱਟ ਖਸੁੱਟ ਅਤੇ ਗੁੰਡਾਗਰਦੀ ਦਾ ਬੋਲਬਾਲਾ ਹੈ, ਜਿਸ ਤੋਂ ਹਰ ਕੋਈ ਦੁਖੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਬੁਰਾਈਆਂ ਦੇ ਖ਼ਾਤਮੇ ਲਈ ਅੱਜ ਦੂਜੀ ਲੜਾਈ ਦੀ ਸ਼ੁਰੂਆਤ ਕੀਤੀ ਹੈ, ਜੋ ਅਹਿੰਸਾ ਦੇ ਮਾਰਗ ’ਤੇ ਚਲਦਿਆਂ ਲੜੀ ਜਾਵੇਗੀ।   ਇਸ ਤੋਂ ਪਹਿਲਾਂ ਸ੍ਰੀ ਅੰਨਾ ਹਜ਼ਾਰੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਸੂਚਨਾ ਕੇਂਦਰ ਵਿੱਚ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਕਾ ਨੀਲਾ ਤਾਰਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਇਹ ‘ਅਗਿਆਨੀ ਲੋਕਾਂ’ ਦੀ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਧਰਮਾਂ ਦੇ ਲੋਕਾਂ ਦਾ ਸ਼ਰਧਾ ਸਥਾਨ ਹੈ। ਅਜਿਹੇ ਰੂਹਾਨੀ ਅਸਥਾਨ ’ਤੇ ਅਗਿਆਨੀ ਲੋਕ ਹੀ ਹਮਲਾ ਕਰ ਸਕਦੇ ਹਨ। ਸਿੱਖ ਕਤਲੇਆਮ ਦੇ ਮਾਮਲੇ ਵਿੱਚ ਹੁਣ ਤਕ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਰੱਬ ਦੇ ਘਰ ਵਿੱਚ ਦੇਰ ਹੈ, ਅੰਧੇਰ ਨਹੀਂ। ਇਕ ਦਿਨ ਦੋਸ਼ੀਆਂ ਨੂੰ ਜ਼ਰੂਰ ਸਜ਼ਾਵਾਂ ਮਿਲਣਗੀਆਂ।

ਗਾਂਧੀਵਾਦੀ ਆਗੂ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਉਨ੍ਹਾਂ ਨੂੰ ਆਪਣੀ ਜੰਗ ਜਾਰੀ ਰੱਖਣ ਲਈ ਨਵੀਂ ਤਾਕਤ ਮਿਲੀ ਹੈ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ, ਗੁਰਬਚਨ ਸਿੰਘ ਤੇ ਹੋਰਾਂ ਨੇ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਸ੍ਰੀ ਦੁਰਗਿਆਨਾ ਮੰਦਿਰ ਵਿੱਚ ਵੀ ਮੱਥਾ ਟੇਕਿਆ। ਇਸ ਦੌਰਾਨ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਵੀ.ਕੇ. ਸਿੰਘ ਨੇ ਆਖਿਆ ਕਿ ਮੋਰਚੇ ਵੱਲੋਂ ਪੰਜ ਮਹੀਨੇ ਬਾਅਦ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਜਨ ਸੰਸਦ ਸੱਦੀ ਜਾਵੇਗੀ, ਜਿਸ ਵਿੱਚ ਅਗਲੀ ਰਣਨੀਤੀ ਬਾਰੇ ਵਿਚਾਰ ਹੋਵੇਗਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਭਾਰਤ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਲਈ ਮੋਰਚੇ ਨੂੰ ਸਹਿਯੋਗ ਦੇਣ। ਇਸ ਤੋਂ ਪਹਿਲਾਂ ਮੌਲਾਨਾ ਸਈਅਦ ਜਿਲਾਨੀ ਕਤਾਲ ਅਤੇ ਸੰਤੋਸ਼ ਭਾਰਤੀ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ ਵੱਖ ਸੰਗਠਨਾਂ ਵੱਲੋਂ ਇਨ੍ਹਾਂ ਆਗੂਆਂ ਦਾ ਸਨਮਾਨ ਕੀਤਾ ਗਿਆ। ਯਾਤਰਾ ਵਿੱਚ ਸ਼ਾਮਲ ਲੋਕਾਂ ਨੇ ਤਿਰੰਗੇ ਝੰਡੇ ਚੁੱਕੇ ਹੋਏ ਸਨ ਅਤੇ ਨਾਅਰੇ ਲਾ ਰਹੇ ਸਨ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਵੀ ਅੱਜ ਇਥੇ ਸ੍ਰੀ ਅੰਨਾ ਹਜ਼ਾਰੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੇ ਵੇਰਵੇ ਭਾਵੇਂ ਨਹੀਂ ਮਿਲੇ ਪਰ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਖਿਆ ਕਿ ਸ੍ਰੀ ਕਮਲ ਸ਼ਰਮਾ ਬਜ਼ੁਰਗ ਗਾਂਧੀਵਾਦੀ ਆਗੂ ਨੂੰ ਆਪਣਾ ਆਦਰ ਸਤਿਕਾਰ ਭੇਟ ਕਰਨ ਲਈ ਗਏ ਸਨ।

ਰਈਆ (ਪੱਤਰ ਪ੍ਰੇਰਕ): ਜਨਤੰਤਰ ਯਾਤਰਾ ਦੌਰਾਨ ਸ੍ਰੀ ਅੰਨਾ ਹਜ਼ਾਰੇ ਨੇ ਇਥੇ ਦਾਣਾ ਮੰਡੀ ਵਿੱਚ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ ਅਤੇ ਲੁੱਟ ਖਸੁੱਟ ਦਾ ਰਾਜ ਹੈ। ਇਥੇ ਡੀਜ਼ਲ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਮਹਿੰਗਾ ਵੇਚਿਆ ਜਾ ਰਿਹਾ ਹੈ। ਕਿਸਾਨਾਂ ਨੂੰ ਜਿਣਸਾਂ ਦੇ  ਠੀਕ ਭਾਅ ਨਹੀਂ ਮਿਲ ਰਹੇ। ਇਸ ਮੌਕੇ ਸਮਾਜ ਸੇਵਕ ਸਭਾ ਰਈਆ ਤੇ ਵੱਖ ਵੱਖ ਜਥੇਬੰਦੀਆਂ ਨੇ ਸ੍ਰੀ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ।

ਕਪੂਰਥਲਾ, (ਨਿੱਜੀ ਪੱਤਰ ਪ੍ਰੇਰਕ): ਜਨਤੰਤਰ ਯਾਤਰਾ ਤਹਿਤ ਅੱਜ ਇੱਥੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਪੁੱਜੇ ਸਮਾਜ ਸੇਵਕ ਅਤੇ ਜਨਤੰਤਰ ਮੋਰਚੇ ਦੇ ਆਗੂ ਅੰਨਾ ਹਜ਼ਾਰੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਪੰਜਾਬ ਵਿੱਚ ਆ ਕੇ ਉਨ੍ਹਾਂ ਨੂੰ ਲੋਕ ਹੱਕਾਂ ਲਈ ਲੜਨ ਦੀ ਪ੍ਰੇਰਨਾ ਹੋਰ ਮਜ਼ਬੂਤੀ ਨਾਲ ਮਿਲੀ ਹੈ। 1965 ਦੀ ਭਾਰਤ ਪਾਕਿਸਤਾਨ ਜੰਗ ਵੇਲੇ ਉਨ੍ਹਾਂ ਦੇ ਸਮੂਹ ਸਾਥੀ ਸ਼ਹੀਦੀ ਪ੍ਰਾਪਤ ਕਰ ਗਏ ਸਨ ਪਰ ਉਨ੍ਹਾਂ ਦੀ ਜਾਨ ਬਚ ਗਈ ਸੀ। ਇਸ ਲਈ ਉਨ੍ਹਾਂ ਨੇ ਆਪਣੀ ਬਚੀ ਜ਼ਿੰਦਗੀ ਨੂੰ ਬੁਰਾਈ ਖ਼ਿਲਾਫ਼ ਅਤੇ ਲੋਕ ਹਿੱਤਾਂ ਲਈ ਲੜਨ ਦਾ ਪ੍ਰਣ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਇੱਕ ਹੋਰ ਕ੍ਰਾਂਤੀ ਦੀ ਲੋੜ ਹੈ। ਦੇਸ਼ ਵਿੱਚ 65 ਸਾਲਾਂ ਦੌਰਾਨ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਵਧੀ ਹੈ। ਉਨ੍ਹਾਂ ਦੁਹਰਾਇਆ ਕਿ ਜਦੋਂ ਤੱਕ ਦੇਸ਼ ਦੇ ਲੋਕ ਜਾਗਰੂਕ ਨਹੀਂ ਹੁੰਦੇ ਉਦੋਂ ਤੱਕ ਭ੍ਰਿਸ਼ਟ ਨਿਜ਼ਾਮ ਵਿੱਚ ਬਦਲਾਅ ਨਹੀਂ ਲਿਆਂਦਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਸਰਕਾਰ ਬਦਲਣ ਦੀ ਨਹੀਂ ਬਲਕਿ ਵਿਵਸਥਾ ਪਰਿਵਰਤਨ ਦੀ ਹੈ। ਉਹ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਵੱਖ ਵੱਖ ਕੋਨਿਆਂ ਵਿੱਚ ਜਾਣਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ।  ਇਸ ਕੰਮ ਨੂੰ ਡੇਢ ਸਾਲ ਲੱਗੇਗਾ ਅਤੇ ਇਸ ਤੋਂ ਬਾਅਦ ਰਾਮਲੀਲਾ ਮੈਦਾਨ ਵਿੱਚ ਜਨਸੰਸਦ ਬੁਲਾਈ ਜਾਵੇਗੀ, ਜਿਸ ਵਿਚ ਲੋਕਪਾਲ ਤੋਂ ਇਲਾਵ ਵੋਟ ਅਤੇ ਹੋਰ ਗੱਲਾਂ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਵੋਟ ਜਾਂ ਪੈਸੇ ਮੰਗਣ ਨਹੀਂ ਆਏ ਬਲਕਿ ਨੌਜਵਾਨਾਂ ਵਿੱਚ ਬਦਲਾਅ ਦੇਖਣ ਆਏ ਹਨ। ਇਸ ਮੌਕੇ ਵੱਡੀ ਗਿਣਤੀ ਲੋਕ ਸ੍ਰੀ ਅੰਨਾ ਹਜ਼ਾਰੇ ਨੂੰ ਸੁਣਨ ਵਾਸਤੇ ਆਏ।

ਰੈਲੀ ਨੂੰ ਸਾਬਕਾ ਜਨਰਲ ਬੀ.ਕੇ. ਸਿੰਘ, ਸਈਅਦ ਗੁਲਾਮ ਜਲਾਨੀ ਕਤਾਲ ਨੇ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਮੱਕੜ, ਜਰਨੈਲ ਸਿੰਘ ਡੋਗਰਾਂਵਾਲ, ਜਸਵਿੰਦਰ ਸਿੰਘ ਬੱਤਰਾ, ਹੀਰਾ ਲਾਲ ਧੀਰ, ਰਜੇਸ਼ ਪਾਸੀ, ਉਮੇਸ਼ ਸ਼ਾਰਦਾ, ਕਾਮਰੇਡ ਸੁਚਾ ਸਿੰਘ ਅਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ।

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜਨਤੰਤਰ ਮੋਰਚਾ ਦੇ ਆਗੂ ਅੰਨਾ ਹਜ਼ਾਰੇ ਜਿਊਂ ਹੀ ਦੇਸ਼ ਭਗਤ ਯਾਦਗਾਰ ਹਾਲ ਦੇ ਸਮਾਗਮ ਵਾਲੀ ਥਾਂ ’ਤੇ ਪਹੁੰਚੇ ਤਾਂ ਨੌਜਵਾਨਾਂ ਨੇ ਜ਼ੋਰਦਾਰ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਲੋਕ ਲਗਾਤਾਰ ਨਾਅਰੇ ਲਾ ਰਹੇ ਸਨ ‘ਅੰਨਾ ਹਜ਼ਾਰੇ ਜੀ ਤੁਮ ਸੰਘਰਸ਼ ਕਰੋ ਹਮ ਤੁਮਾਰੇ ਸਾਥ ਹੈਂ।’ ਸ਼ਹਿਰ ’ਚ ਦਾਖਲ ਹੋਣ ਸਮੇਂ ਵੀ ਮੋਟਰਸਾਈਕਲਾਂ ’ਤੇ ਚੜ੍ਹੇ ਨੌਜਵਾਨ ਉਨ੍ਹਾਂ ਦੀ ਅਗਵਾਈ ਕਰ ਰਹੇ ਸਨ। ਇਨ੍ਹਾਂ ਨੌਜਵਾਨਾਂ ਨੇ ਮੋਟਰਸਾਈਕਲਾਂ ’ਤੇ ਤਿਰੰਗੇ ਝੰਡੇ ਬੰਨੇ ਹੋਏ ਸਨ ਤੇ ਕਈਆਂ ਨੇ ਸਿਰ ’ਤੇ ਗਾਂਧੀਵਾਦੀ ਟੋਪੀਆਂ ਲਈਆਂ ਹੋਈਆਂ ਸਨ ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ‘ਮੈਂ ਵੀ ਅੰਨਾ।’

ਦੇਸ਼ ਭਗਤ ਯਾਦਗਾਰ ਹਾਲ ਦੇ ਆਲੇ ਦੁਆਲੇ ਵੱਡੀ ਪੱਧਰ ’ਤੇ ਪੰਜਾਬ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਹੋਏ ਸਨ। ਅੰਨਾ ਹਜ਼ਾਰੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ’ਚ ਸ਼ਾਮ 6 ਵਜ ਕੇ 40 ਮਿੰਟ ’ਤੇ ਪਹੁੰਚੇ ਜਿਥੇ ਉਨ੍ਹਾਂ ਨੇ ਆਪਣੇ 20 ਮਿੰਟ ਦੇ ਭਾਸ਼ਣ ’ਚ ਆਉਂਦੀਆਂ ਲੋਕ ਸਭਾ ਚੋਣਾਂ ’ਚ ਚੌਕਸੀ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਤੇ ਪੰਜ ਮਹੀਨੇ ਬਾਅਦ ਦਿੱਲੀ ’ਚ ਸੱਦੀ ਜਾ ਰਹੀ ਜਨ ਸੰਸਦ ’ਚ ਪਹੁੰਚਣ ਲਈ ਅਪੀਲ ਕੀਤੀ। ਉਨ੍ਹਾਂ ਇਹ ਵੀ ਸ਼ਪੱਸ਼ਟ ਕੀਤਾ ਕਿ ਜਨਤੰਤਰ ਮੋਰਚਾ ਕਦੇ ਚੋਣ ਨਹੀਂ ਲੜੇਗਾ ਸਗੋਂ ਦੇਸ਼ ਦੇ ਲੋਕਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਹੀ ਕਰਦਾ ਰਹੇਗਾ।

ਭਾਜਪਾ ਤੇ ਅਕਾਲੀ ਦਲ ਦੇ ਕੁਝ ਵਰਕਰ ਇਸ ਰੈਲੀ ’ਚ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ। ਹਾਲਾਂਕਿ ਸਮਾਗਮ ’ਚ ਆਸ ਮੁਤਾਬਿਕ ਹਾਜ਼ਰੀ ਘੱਟ ਹੀ ਸੀ।

ਸ੍ਰੀ ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਵੱਖ ਵੱਖ ਸੂਬਿਆਂ ਅਤੇ ਸ਼ਹਿਰਾਂ ਵਿੱਚ ਜਾਣਗੇ ਤੇ ਕੁੰਭਕਰਨੀ ਨੀਂਦ ਸੁੱਤੇ ਲੋਕਾਂ ਨੂੰ ਜਗਾਉਣਗੇ। ਲੋਕਾਂ ਨੂੰ ਮੋਰਚੇ ਦੇ 25 ਸੂਤਰੀ ਪ੍ਰੋਗਰਾਮ ਬਾਰੇ ਵੀ ਦੱਸਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੋਰਚਾ ਲੋਕਾਂ ਕੋਲੋਂ ਕੋਈ ਮਾਇਕ ਮਦਦ ਨਹੀਂ ਲਵੇਗਾ ਅਤੇ ਮੋਰਚੇ ਵਿੱਚ ਅਹੁਦੇ ਨਹੀਂ ਹੋਣਗੇ। ਜਨਤੰਤਰ ਮੋਰਚਾ ਕੋਈ ਚੋਣ ਨਹੀਂ ਲੜੇਗਾ ਅਤੇ ਨਾ ਕਿਸੇ ਸਿਆਸੀ ਪਾਰਟੀ ਨੂੰ ਸਮਰਥਨ ਦੇਵੇਗਾ। ਉਨ੍ਹਾਂ ਕਿਹਾ ਕਿ ਜਨਤੰਤਰ ਮੋਰਚਾ ਇਸ ਯਾਤਰਾ ਦੌਰਾਨ ਦੇਸ਼ ਭਰ ਵਿੱਚ ਛੇ ਕਰੋੜ ਲੋਕਾਂ ਨੂੰ ਆਪਣੇ ਨਾਲ ਜੋੜੇਗਾ। ਇਹ ਲੋਕ ਸ਼ਕਤੀ ਸਰਕਾਰ ਨੂੰ ਸੁਧਾਰ ਲਿਆਉਣ ਲਈ ਮਜਬੂਰ ਕਰੇਗੀ।


ਸੰਜੇ ਦੱਤ ਦੀ ਸਜ਼ਾ ਮੁਆਫੀ ਦਾ ਖ਼ਤ ਰਾਜਪਾਲ ਨੇ ਗ੍ਰਹਿ ਵਿਭਾਗ ਨੂੰ ਭੇਜਿਆ

http://sameydiawaaz.com/Archive%20News/%5B2013%5D/04/01.04.2013%20-%2010.jpg

ਮੁੰਬਈ 31 ਮਾਰਚ :- ਮਹਾਰਾਸ਼ਟਰ ਦੇ ਰਾਜਪਾਲ ਕੇ. ਸ਼ੰਕਰ ਨਰਾਇਣਨ ਨੇ ਸਮਾਜਵਾਦੀ ਪਾਰਟੀ ਆਗੂ ਅਮਰ ਸਿੰਘ ਵਲੋਂ ਅਦਾਕਾਰ ਸੰਜੇ ਦੱਤ ਦੀ ਸਜ਼ਾ ਮੁਆਫੀ ਲਈ ਲਿਖਿਆ ਖ਼ਤ ਸੂਬੇ ਦੇ ਗ੍ਰਹਿ ਮੰਤਰਾਲੇ ਦੇ ਹਵਾਲੇ ਕਰ ਦਿੱਤਾ ਹੈ । ਸ੍ਰੀ ਅਮਰ ਸਿੰਘ ਅਤੇ ਜਯਾ ਪ੍ਰਦਾ ਨੇ 26 ਮਾਰਚ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਸੰਜੇ ਦੱਤ ਦੀ ਸਜ਼ਾ ਮੁਆਫੀ ਲਈ ਬੇਨਤੀ ਕੀਤੀ ਸੀ।  ਸੰਜੇ ਦੱਤ ਨੂੰ 1993 ਮੁੰਬਈ ਧਮਾਕੇ ਕੇਸ ’ਚ ਪੰਜ ਸਾਲ ਦੀ ਸਜ਼ਾ ਸੁਣਾਈ  ਗਈ ਸੀ ਜਿਸ ਵਿਚੋਂ 18 ਮਹੀਨੇ ਦੀ ਸਜ਼ਾ ਉਹ ਪਹਿਲਾਂ ਹੀ ਭੁਗਤ ਚੁੱਕਾ ਹੈ ।


ਵਿਜੇਂਦਰ ਦੇ ਬਚਾਅ ਦੇ ਰਾਹ ਹੋਏ ਬੰਦ

ਕੇਸ ਦੀ ਤਫਤੀਸ਼ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ 19 ਪੁਲੀਸ ਮੁਲਾਜ਼ਮਾਂ ਨੂੰ ਤਰੱਕੀ

ਅਨੂਪ ਕਾਹਲੋਂ ਨਾਲ ਕਰੀਬੀ ਸਾਂਝ ਦੀ ਪੁਸ਼ਟੀ

ਪੁਲੀਸ ਵਲੋਂ ਹੋਰ ਨਸ਼ੀਲੇ ਤੱਤ ਬਰਾਮਦ

 http://sameydiawaaz.com/Archive%20News/%5B2013%5D/03/09.03.2013%20-%2008.jpg

ਚੰਡੀਗੜ੍ਹ, 31 ਮਾਰਚ :- ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਅਤੇ ਨਸ਼ਿਆਂ ਦਾ ਕਾਰੋਬਾਰੀ ਅਨੂਪ ਸਿੰਘ ਕਾਹਲੋਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਨ੍ਹਾਂ ਵਿਚਾਲੇ 80 ਦਫਾ ਫੋਨ ਉਤੇ ਗੱਲਬਾਤ ਹੋਈ। ਇਹ ਖੁਲਾਸਾ ਪੰਜਾਬ ਪੁਲੀਸ ਵੱਲੋਂ ਵਿਜੇਂਦਰ ਦੇ ਕਾਲ ਰਿਕਾਰਡ ਦੀ ਘੋਖ ਮਗਰੋਂ ਹੋਇਆ। ਡੀ.ਆਈ.ਜੀ. (ਲੁਧਿਆਣਾ ਰੇਂਜ) ਐਮ.ਐਫ. ਫਾਰੂਕੀ ਨੇ ਅੱਜ ਇਥੇ ਕਿਹਾ ਕਿ ਪੁਲੀਸ ਅਦਾਲਤ ਵਿਚ ਪਟੀਸ਼ਨ ਪਾ ਕੇ ਵਿਜੇਂਦਰ ਦੇ ਖੂਨ ਅਤੇ ਵਾਲਾਂ ਦਾ ਨਮੂਨਾ ਹਾਸਲ ਕਰਨ ਦੇ ਆਦੇਸ਼ ਦੇਣ ਦੀ ਮੰਗ ਕਰੇਗੀ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਸ ਨੇ ਹੈਰੋਇਨ ਲਈ ਸੀ ਜਾਂ ਨਹੀਂ। ਵਿਜੇਂਦਰ ਦਾ ਸਾਥੀ ਮੁੱਕੇਬਾਜ਼ ਰਾਮ ਸਿੰਘ ਪੜਤਾਲ ਦੌਰਾਨ ਦਾਅਵਾ ਕਰ ਚੁੱਕਿਆ ਹੈ ਕਿ ਉਸ (ਵਿਜੇਂਦਰ) ਨੇ ਵੀ ਹੈਰੋਇਨ ਲਈ ਸੀ। ਪੰਜਾਬ ਪੁਲੀਸ ਵੱਲੋਂ ਪੰਚਕੂਲਾ ਵਿਚ ਕੀਤੀ ਪੁੱਛ-ਪੜਤਾਲ ਦੌਰਾਨ ਵਿਜੇਂਦਰ ਨੇ ਆਪਣੇ ਖੂਨ ਅਤੇ ਵਾਲਾਂ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਹੈਰੋਇਨ ਸਮਗਲਿੰਗ ਵਿਚ ਆਪਣੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਸੀ।ਪੁਲੀਸ ਸੂਤਰਾਂ ਨੇ ਕਿਹਾ ਕਿ ਪਿਛਲੇ ਮਹੀਨਿਆਂ ਵਿਚ ਵਿਜੇਂਦਰ ਤੇ ਕਾਹਲੋਂ ਉਰਫ ਰੂਬੀ ਵਿਚਾਲੇ ਮੋਬਾਈਲ ਫੋਨ ਉਤੇ 80 ਵਾਰ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ  ਪਰਵਾਸੀ ਭਾਰਤੀ ਅਨੂਪ ਸਿੰਘ ਕਾਹਲੋਂ ਨੂੰ ਫਤਹਿਗੜ੍ਹ ਸਾਹਿਬ ਪੁਲੀਸ ਨੇ 3 ਮਾਰਚ ਨੂੰ 26 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਸੂਤਰਾਂ ਅਨੁਸਾਰ ਦੋਵਾਂ ਵਿਚਾਲੇ ਦਸ ਐਸ. ਐਮ. ਐਸ. ਵੀ ਹੋਏ, ਜਦੋਂਕਿ ਹਰੇਕ ਕਾਲ ਦਾ ਸਮਾਂ ਦੋ ਤੋਂ ਤਿੰਨ ਮਿੰਟ ਵਿਚਕਾਰ ਰਿਹਾ। ਹਰਿਆਣਾ ਪੁਲੀਸ ਦਾ ਡੀ.ਐਸ.ਪੀ. ਵਿਜੇਂਦਰ ਸਿੰਘ ਪਿਛਲੇ ਅਗਸਤ ਤੋਂ ਕਾਹਲੋਂ ਨਾਲ ਸੰਪਰਕ ਵਿਚ ਸੀ।

ਇਸੇ ਦੌਰਾਨ ਫਤਹਿਗੜ੍ਹ ਸਾਹਿਬ ਪੁਲੀਸ ਵੱਲੋਂ 10 ਕਿਲੋ ਨਸ਼ੀਲੇ ਪਦਾਰਥ ਆਈਸ (ਮੈਟਮ ਸੀਟਾਮਾਈਨ) ਅਤੇ ਇਸ ਨਸ਼ੇ ਨੂੰ ਬਣਾਉਣ ਲਈ ਵਰਤੀ ਜਾਂਦੀ 230 ਕਿਲੋ ਕੱਚੀ ਸਮੱਗਰੀ (ਸੂਡੋ ਫੈਡਰਾਈਨ) ਦੀ ਰਿਕਾਰਡ ਬਰਾਮਦਗੀ ਕੀਤੀ ਗਈ ਹੈ। ‘ਆਈਸ’ ਨਾਮੀ ਨਸ਼ੀਲੇ ਪਦਾਰਥ ਅਤੇ ਇਸ ਨੂੰ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਨੂੰ ਪਿਛਲੇ ਦਿਨੀਂ ਜ਼ਿਲ੍ਹਾ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਕੌਮਾਂਤਰੀ ਤਸਕਰ ਗਿਰੋਹ ਵੱਲੋਂ ਇੰਗਲੈਂਡ ਦੇ ਰਹਿਣ ਵਾਲੇ ਕੁਲਵੰਤ ਸਿੰਘ ਨਾਮੀ ਵਿਅਕਤੀ, ਜਿਸ ਨੂੰ 19 ਮਾਰਚ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਰਾਹੀਂ ਇੰਗਲੈਂਡ, ਕੈਨੇਡਾ ਅਤੇ ਹਾਲੈਂਡ ਭੇਜਿਆ ਜਾ ਰਿਹਾ ਸੀ। ਕੌਮਾਂਤਰੀ ਮੰਡੀ ਵਿੱਚ ਆਈਸ ਦੀ ਕੀਮਤ 5 ਕਰੋੜ ਰੁਪਏ ਪ੍ਰਤੀ ਕਿਲੋ ਹੈ ਅਤੇ ਇਸ ਨੂੰ ਬਨਾਉਣ ਲਈ ਵਰਤੀ ਜਾਂਦੀ ਕੱਚੀ ਸਮੱਗਰੀ ਤਕਰੀਬਨ 1 ਕਰੋੜ ਰੁਪਏ ਪ੍ਰਤੀ ਕਿਲੋ ਦੀ ਕੀਮਤ ਦੀ ਹੁੰਦੀ ਹੈ। ਜ਼ਿਲ੍ਹਾ ਪੁਲੀਸ ਵੱਲੋਂ ਸਤਿੰਦਰ ਸਿੰਘ ਉਰਫ਼ ਧੰਮਾ ਵਾਸੀ ਪੰਚਕੂਲਾ ਦੇ ਟਿਕਾਣੇ ’ਤੇ ਖੜੇ ਇੱਕ ਇਨੋਵਾ ਵਾਹਨ ਜੋ ਜਗਦੀਸ਼ ਭੋਲਾ ਨਾਲ ਸਬੰਧਤ ਹੈ, ਵਿੱਚੋਂ 3 ਕਿਲੋ ਆਈਸ ਅਤੇ 75 ਕਿਲੋ ਸੂਡੋ ਫੈਡਰਾਈਨ ਬਰਾਮਦ ਕੀਤੀ ਗਈ ਹੈ ਜਦੋਂਕਿ ਅਵਤਾਰ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ ਦੇ ਅਹਾਤੇ ਵਿੱਚ ਖੜ੍ਹੇ ਸਕੋਰਪੀਓ, ਜੋ ਉਸ ਦੇ ਭਰਾ ਦਾ ਹੈ, ਵਿਚੋਂ 2 ਕਿਲੋ ਆਈਸ ਅਤੇ 65 ਕਿਲੋ ਸੂਡੋ ਫੈਡਰਾਈਨ ਬਰਾਮਦ ਕੀਤੀ ਗਈ ਹੈ।

ਇਸੇ ਤਰ੍ਹਾਂ ਰਵੀਚਰਨ ਸਿੰਘ ਉਰਫ਼ ਰਵੀ ਦਿਓਲ ਵਾਸੀ ਸੰਗਰੂਰ ਦੇ ਟਿਕਾਣੇ ’ਤੇ 5 ਕਿਲੋ ਆਈਸ ਅਤੇ 90 ਕਿਲੋ ਸੂਡੋ ਫੈਡਰਾਈਨ ਬਰਾਮਦ ਹੋਏ। ਇਹ ਤਿੰਨੇ ਵਿਅਕਤੀ ਸਤਿੰਦਰ ਸਿੰਘ, ਅਵਤਾਰ ਸਿੰਘ ਅਤੇ ਰਵੀ ਦਿਓਲ ਭਗੌੜੇ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਥਾਈਂ ਪੁਲੀਸ ਪਾਰਟੀਆਂ ਭੇਜੀਆਂ ਗਈਆਂ ਹਨ। ਇਸ ਤੋਂ ਪਹਿਲਾਂ ਇਸੇ ਕੇਸ ਵਿੱਚ ਹੁਣ ਤੱਕ 28 ਕਿਲੋ 540 ਗ੍ਰਾਮ ਹੈਰੋਇਨ, 61 ਕਿਲੋ 300 ਗ੍ਰਾਮ ਸੂਡੋ ਫੈਡਰਾਈਨ, ਇਕ ਕਰੋੜ 15 ਲੱਖ ਰੁਪਏ ਭਾਰਤੀ ਕਰੰਸੀ ਦੇ ਰੂਪ ਵਿੱਚ ਅਤੇ 9 ਹਜ਼ਾਰ ਡਾਲਰ ਬਰਾਮਦ ਕੀਤੇ ਜਾ ਚੁੱਕੇ ਹਨ।

ਇਸੇ ਦੌਰਾਨ ਇਸ ਮਾਮਲੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 6 ਕਾਂਸਟੇਬਲਾਂ ਨੂੰ ਹੈੱਡ ਕਾਂਸਟੇਬਲ, 8 ਹੈੱਡ ਕਾਂਸਟੇਬਲਾਂ ਨੂੰ ਏ.ਐਸ.ਆਈ., 3 ਏ.ਐਸ.ਆਈਜ਼ ਨੂੰ ਸਬ ਇੰਸਪੈਕਟਰ ਅਤੇ 2 ਸਬ ਇੰਸਪੈਕਟਰਾਂ ਨੂੰ ਇੰਸਪੈਕਟਰ ਦਾ ਰੈਂਕ ਦਿੱਤਾ ਗਿਆ ਹੈ।


ਪਾਕਿਸਤਾਨ 'ਚ ਬੰਬ ਧਮਾਕਾ 2 ਲੋਕਾਂ ਦੀ ਮੌਤ - 6 ਜ਼ਖ਼ਮੀ

http://sameydiawaaz.com/Archive%20News/%5B2013%5D/04/01.04.2013%20-%2001.jpg

ਇਸਲਾਮਾਬਾਦ, 31 ਮਾਰਚ (ਏਜੰਸੀ)-ਅੱਜ ਪਾਕਿਸਤਾਨ ਦੇ ਉੱਤਰੀ-ਦੱਖਣੀ ਇਲਾਕੇ 'ਚ ਇਕ ਬੰਬ ਧਮਾਕੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ | ਇਸ ਧਮਾਕੇ 'ਚ ਅਵਾਮੀ ਰਾਸ਼ਟਰੀ ਪਾਰਟੀ ਨੇਤਾ ਅਦਨਾਨ ਵਾਜ਼ੀਰ ਦੇ ਪਾਰਟੀ ਸੰਮੇਲਨ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਬਾਨੂ ਜ਼ਿਲ੍ਹੇ ਦੇ ਵਲੀ ਨੂਰ ਇਲਾਕੇ 'ਚ ਚੱਲ ਰਿਹਾ ਸੀ | ਇਹ ਸੰਮੇਲਨ ਪਾਕਿਸਤਾਨ 'ਚ 11 ਮਈ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਹੋ ਰਿਹਾ ਸੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਲੋਕਾਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਇਸ ਧਮਾਕੇ ਨੂੰ ਰਿਮੋਟ ਕੰਟਰੋਲ ਦੁਆਰਾ ਅੰਜ਼ਾਮ ਦਿੱਤਾ ਗਿਆ | ਇਸ ਧਮਾਕੇ ਦੀ ਕਿਸੇ ਵੀ ਅੱਤਵਾਦੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ |


ਕੇਜਰੀਵਾਲ ਦੀ ਭੁੱਖ ਹੜਤਾਲ ਜਾਰੀ

 http://sameydiawaaz.com/Archive%20News/%5B2013%5D/03/21.03.2013%20-%2009.jpg

ਨਵੀਂ ਦਿੱਲੀ, 31 ਮਾਰਚ (ਏਜੰਸੀ)-ਅਰਵਿੰਦ ਕੇਜਰੀਵਾਲ ਦੀ ਭੁੱਖ ਹੜਤਾਲ ਦੇ ਅੱਜ 9ਵੇਂ ਦਿਨ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਕਿਹਾ ਕਿ ਦਿੱਲੀ ਵਾਸੀਆਂ ਤੋਂ ਇਕੱਠੇ ਕੀਤੇ ਗਏ 6.38 ਲੱਖ ਪੱਤਰ ਉਹ ਕੱਲ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਸੌਾਪਣਗੇ | ਪਾਰਟੀ ਦਾ ਦੋਸ਼ ਹੈ ਕਿ ਭਿ੍ਸ਼ਟਾਚਾਰ ਦੇ ਕਾਰਨ ਰਾਜਧਾਨੀ 'ਚ ਬਿਜਲੀ ਅਤੇ ਪਾਣੀ ਦੇ ਬਿੱਲ 'ਚ ਵਾਧਾ ਹੋਇਆ ਹੈ | ਬਿਆਨ 'ਚ ਕਿਹਾ ਗਿਆ ਹੈ ਕਿ ਬਿੱਲ ਨਾ ਜਮ੍ਹਾਂ ਕਰਨ ਦਾ ਫ਼ੈਸਲਾ ਲੈ ਚੁੱਕੇ ਦਿੱਲੀ ਵਾਸੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਅਤੇ ਹੁਣ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਤੈਅ ਕਰਨਾ ਹੈ ਕਿ ਉਹ ਜਨਤਾ ਦੀ ਆਵਾਜ਼ ਸੁਣੇਗੀ ਜਾਂ ਨਿੱਜੀ ਕੰਪਨੀਆਂ ਦਾ ਸਮਰਥਨ ਕਰੇਗੀ |


2015 ਤਕ ਬਰਤਾਨੀਆ ਨਹੀਂ ਛੱਡ ਸਕਦੇ ਅਸਾਂਜੇ

 http://sameydiawaaz.com/Archive%20News/%5B2013%5D/04/01.04.2013%20-%2002.jpg

ਲੰਡਨ 31 ਮਾਰਚ (ਏਜੰਸੀ) - ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਸਾਲ 2015 ਤੋਂ ਪਹਿਲਾਂ ਬਰਤਾਨੀਆ ਤੋਂ ਬਾਹਰ ਨਿਕਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ | ਅਸਾਂਜੇ ਪਿਛਲੇ ਜੂਨ ਮਹੀਨੇ ਤੋਂ ਲੰਡਨ ਸਥਿਤ ਇਕਵਾਡੋਰ ਦੇ ਦੂਤਘਰ 'ਚ ਰਹਿ ਰਹੇ ਹਨ | ਇਕਵਾਡੋਰ ਸਰਕਾਰ ਬਰਤਾਨੀਆ ਦੀ ਕੰਜਰਵੇਟਿਵ ਪਾਰਟੀ ਦੀ ਸਰਕਾਰ ਤੋਂ ਵਚਨ ਚਾਹੁੰਦੀ ਹੈ ਕਿ ਜੇਕਰ ਅਸਾਂਜੇ ਸਰੀਰਕ ਸੰਬੰਧ ਦੇ ਮੁਕੱਦਮੇ ਦਾ ਸਾਹਮਣਾ ਕਰਨ ਦੇ ਲਈ ਸਵੀਡਨ ਗਏ ਤਾਂ ਕੈਮਰਨ ਸਰਕਾਰ ਉਨ੍ਹਾਂ ਦੇ ਅਮਰੀਕੀ ਦੌਰੇ ਦਾ ਸਮਰਥਨ ਨਹੀਂ ਕਰੇਗੀ |


ਟੀਮ ਰਾਜਨਾਥ ਦੀ, ਦਬਦਬਾ ਮੋਦੀ ਦਾ

ਗੁਜਰਾਤ ਦਾ ਮੁੱਖ ਮੰਤਰੀ ਦੋ ਅਹਿਮ ਪੈਨਲਾਂ ’ਚ ਸ਼ਾਮਲ

ਹਮਾਇਤੀਆਂ ਨੂੰ ਵੀ ਮਿਲੇ ਉੱਚ ਅਹੁਦੇ

 http://sameydiawaaz.com/Archive%20News/%5B2013%5D/04/01.04.2013%20-%2006.jpg

ਰਾਜਨਾਥ ਤੇ ਨਰਿੰਦਰ ਮੋਦੀ ਨਿੱਘ ਨਾਲ ਮਿਲਦੇ ਹੋਏ (ਫੋਟੋ: ਪੀ.ਟੀ.ਆਈ.)

ਨਵੀਂ ਦਿੱਲੀ 31 ਮਾਰਚ :- ਭਾਜਪਾ ਨੇ ਆਗਾਮੀ ਲੋਕ ਸਭਾ ਚੋਣ ਦੇ ਮੱਦੇਨਜ਼ਰ ਅੱਜ ਆਪਣੀ ‘ਟੀਮ 2014’ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਸੰਸਦੀ ਬੋਰਡ ਵਿੱਚ ਸ਼ਾਮਲ ਕੀਤੇ ਜਾਣ ਨਾਲ ਕੌਮੀ ਪੱਧਰ ’ਤੇ ਉਨ੍ਹਾਂ ਦੀ ਵੱਡੀ ਭੂਮਿਕਾ ਦੀ ਤਸਵੀਰ ਸਾਫ ਹੋ ਗਈ। ਪਾਰਟੀ ਨੇ ਅੱਜ 203 ਮੈਂਬਰੀ ਕਾਰਜਕਾਰਨੀ ਵੀ ਐਲਾਨ ਦਿੱਤੀ। 62 ਸਾਲਾ ਸ੍ਰੀ ਮੋਦੀ ਨੂੰ ਪਾਰਟੀ ਦੀ ਸਭ ਤੋਂ ਤਾਕਤਵਰ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ਨਾਲ ਭਾਜਪਾ ਨੇ ਆਪਣੀ 74 ਮੈਂਬਰੀ ਨਵੀਂ ਟੀਮ ਦਾ ਐਲਾਨ ਵੀ ਕਰ ਦਿੱਤਾ। ਸ੍ਰੀ ਮੋਦੀ ਭਾਜਪਾ ਸ਼ਾਸਤ ਕਿਸੇ ਰਾਜ ਦੇ ਇੱਕੋ ਇੱਕ ਮੌਜੂਦਾ ਮੁੱਖ ਮੰਤਰੀ ਹਨ, ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ 2014 ਦੀਆਂ ਚੋਣਾਂ ’ਚ ਟਿਕਟਾਂ ਦੀ ਵੰਡ ਕਰੇਗੀ।  ਵਰਣਨਯੋਗ ਹੈ ਕਿ ਛੇ ਸਾਲ ਪਹਿਲਾਂ ਸ੍ਰੀ ਰਾਜਨਾਥ ਸਿੰਘ ਨੇ ਹੀ ਸ੍ਰੀ ਮੋਦੀ ਨੂੰ ਸੰਸਦੀ ਬੋਰਡ ਵਿੱਚੋਂ ਕੱਢਿਆ ਸੀ, ਅੱਜ ਬਦਲਦੇ ਹਾਲਾਤ ਦੇ ਮੱਦੇਨਜ਼ਰ ਉਹੀ ਉਨ੍ਹਾਂ ਨੂੰ ਵਾਪਸ ਲੈ ਕੇ ਆਏ।ਪਹਿਲਾਂ ਚਰਚਾ ਸੀ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਸੰਸਦੀ ਬੋਰਡ ਵਿੱਚ ਥਾਂ ਮਿਲੇਗੀ, ਪਰ ਬੋਰਡ ਵਿੱਚ ਖਾਲੀ ਇੱਕੋ ਇੱਕ ਸੀਟ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਹੈਟ੍ਰਿਕ ਮਾਰਨ ਵਾਲੇ ਸ੍ਰੀ ਮੋਦੀ ਲੈ ਗਏ। ਸ੍ਰੀ ਰਾਜਨਾਥ ਸਿੰਘ ਵੱਲੋਂ ਐਲਾਨੀ ਗਈ ਆਪਣੀ ਟੀਮ ਵਿੱਚ 12 ਮੀਤ ਪ੍ਰਧਾਨ, 10 ਜਨਰਲ ਸਕੱਤਰ, 15 ਸਕੱਤਰ ਤੇ 7 ਬੁਲਾਰੇ ਹਨ। ਇਸ ਤੋਂ ਇਲਾਵਾ 12 ਮੈਂਬਰੀ ਸੰਸਦੀ ਬੋਰਡ, 19 ਮੈਂਬਰੀ ਕੇਂਦਰੀ ਚੋਣ ਕਮੇਟੀ ਤੇ ਪੰਜ ਮੈਂਬਰੀ ਕੇਂਦਰੀ ਅਨੁਸ਼ਾਸਨ ਕਮੇਟੀ ਵੀ ਇਸ ਟੀਮ ਦਾ ਹਿੱਸਾ ਹੈ। ਅਹੁਦੇਦਾਰਾਂ ਦੀ ਸੂਚੀ ਵਿੱਚ ਸ੍ਰੀ ਮੋਦੀ ਦੀ ਛਾਪ ਨਜ਼ਰ ਆਉਂਦੀ ਹੈ, ਜਿਸ ਵਿੱਚ ਉਨ੍ਹਾਂ ਦੇ ਵਿਸ਼ਵਾਸਪਾਤਰ ਅਮਿਤ ਸ਼ਾਹ ਨੂੰ ਜਨਰਲ ਸਕੱਤਰ ਵਰਗਾ ਅਹਿਮ ਅਹੁਦਾ ਦਿੱਤਾ ਗਿਆ ਹੈ। ਸੋਹਰਾਬੂਦੀਨ ਝੂਠੇ ਮੁਕਾਬਲੇ ਦੀ ਸਾਜ਼ਿਸ਼ ਵਿੱਚ ਸੀ.ਬੀ.ਆਈ. ਵੱਲੋਂ ਮੁਲਜ਼ਮ ਬਣਾਏ ਸ਼ਾਹ ਨੂੰ ਗੁਜਰਾਤ ਦੇ ਗ੍ਰਹਿ ਮੰਤਰੀ ਦੀ ਕੁਰਸੀ ਛੱਡਣੀ ਪਈ ਸੀ, ਮੀਤ ਪ੍ਰਧਾਨ ਵਜੋਂ ਤਰੱਕੀ ਕਰਨ ਵਾਲੀ ਸਮਰਿਤੀ ਇਰਾਨੀ ਨੂੰ ਵੀ ਸ੍ਰੀ ਮੋਦੀ ਦਾ ਕਰੀਬੀ ਮੰਨਿਆ ਜਾਂਦਾ ਹੈ। ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੂੰ ਮੀਤ ਪ੍ਰਧਾਨ ਤੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਨ ਗਾਂਧੀ ਨੂੰ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ।

ਨਹਿਰੂ ਗਾਂਧੀ ਪਰਿਵਾਰ ਦੇ ਵਰੁਨ ਨੂੰ ਖਾਸ ਤਵੱਜੋ ਦਿੱਤੇ ਜਾਣਾ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਟ ਵਜੋਂ ਦੇਖਿਆ ਜਾ ਰਿਹਾ ਹੈ। ਵਰੁਨ ਦੇ ਨਾਂ ਦਾ ਐਲਾਨ ਹੁੰਦੇ ਸਾਰ ਹੀ ਪਾਰਟੀ ਵਿੱਚ ਵਿਰੋਧ ਪੈਦਾ ਹੋ ਗਿਆ ਹੈ। ਪਾਰਟੀ ਨੇਤਾ ਵਿਨੈ ਕਟਿਆਰ ਨੇ ਕਿਹਾ ਹੈ ਕਿ ‘ਗਾਂਧੀ’ ਨਾਂ ਦੀ ਬਦੌਲਤ ਵਰੁਨ ਅੱਗੇ ਆਇਆ ਹੈ। ਪਾਰਟੀ ਲੀਡਰਸ਼ਿਪ ਖ਼ਿਲਾਫ਼ ਬਾਗ਼ੀ ਰਹਿਣ ਵਾਲੇ ਯਸ਼ਵੰਤ ਸਿਨਹਾ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ। ਪਾਰਟੀ ਦੇ ਹੁਣ ਤਕ ਮੁੱਖ ਬੁਲਾਰੇ ਰਹੇ ਰਵੀਸ਼ੰਕਰ ਪ੍ਰਸਾਦ ਵੀ ਟੀਮ ਤੋਂ ਬਾਹਰ ਹਨ। ਇਸ ਲਈ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਉਹ ਰਾਜ ਸਭਾ ਵਿੱਚ ਉਪ ਨੇਤਾ ਹਨ ਤੇ ‘ਇੱਕ ਵਿਅਕਤੀ ਇੱਕ ਪਦ’ ਤਹਿਤ ਅਜਿਹਾ ਕੀਤਾ ਗਿਆ ਹੈ। ਪੁਰਾਣੀ ਟੀਮ ਦੇ ਮੀਤ ਪ੍ਰਧਾਨ ਨਜ਼ਮਾ ਹੈਪਤੁੱਲਾ, ਹੇਮਾ ਮਾਲਿਨੀ, ਸ਼ਾਂਤਾ ਕੁਮਾਰ ਅਤੇ ਜਨਰਲ ਸਕੱਤਰ ਵਸੁੰਧਰਾ ਰਾਜੇ ਨੂੰ ਵੀ ਨਵੀਂ ਟੀਮ ਵਿੱਚ ਥਾਂ ਨਹੀਂ ਮਿਲੀ। ਪਾਰਟੀ ਦੇ ਨਵੇਂ ਮੀਤ ਪ੍ਰਧਾਨ ਲਕਸ਼ਮੀਕਾਂਤਾ ਚਾਵਲਾ, ਸੀ.ਪੀ. ਠਾਕੁਰ, ਬਲਬੀਰ ਪੁੰਜ, ਸਤਪਾਲ ਮਲਿਕ, ਪ੍ਰਭਾਤ ਝਾਅ, ਬਿਜਿਆ ਚਕਰਵਰਤੀ, ਮੁਖਤਾਰ ਅੱਬਾਸ ਨਕਵੀ, ਕਿਰਨ ਮਹੇਸ਼ਵਰੀ ਹਨ। ਸ੍ਰੀ ਅਨੰਤ ਕੁਮਾਰ, ਥਾਵਰ ਚੰਦ ਗਹਿਲੋਤ, ਜੇ.ਪੀ. ਨੱਢਾ, ਧਰਮਿੰਦਰ ਪ੍ਰਧਾਨ, ਤਾਮਿਰ ਗਾਵ, ਰਾਜੀਵ ਪ੍ਰਤਾਪ ਰੂਡੀ ਤੇ ਮੁਰਲੀਧਰ ਰਾਓ ਜਨਰਲ ਸਕੱਤਰ ਹਨ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਦਾਨੰਦ ਗੌੜਾ ਨੂੰ ਵੀ ਮੀਤ ਪ੍ਰਧਾਨ ਬਣਾਇਆ ਗਿਆ ਹੈ। ਮਰਹੂਮ ਭਾਜਪਾ ਆਗੂ ਪ੍ਰਮੋਦ ਮਹਾਜਨ ਦੀ ਧੀ ਪੂਨਮ ਮਹਾਜਨ ਨੂੰ ਸਕੱਤਰ ਬਣਾਇਆ ਗਿਆ ਹੈ।

ਰਾਜ ਸਭਾ ’ਚ ਭਾਜਪਾ ਉਪ ਨੇਤਾ ਰਹੇ ਐਸ.ਐਸ. ਆਹਲੂਵਾਲੀਆ ਹੁਣ ਮੀਤ ਪ੍ਰਧਾਨ ਵਜੋਂ ਨਜ਼ਰ ਆਉਣਗੇ। ਦੁਰਗ ਤੋਂ ਲੋਕ ਸਭਾ ਮੈਂਬਰ ਸਰੋਜ ਪਾਂਡਿਆ ਭਾਜਪਾ ਮਹਿਲਾ ਮੋਰਚਾ ਦੀ ਕਮਾਨ ਸੰਭਾਲੇਗੀ। ਉਹ ਸਮਰਿਤੀ ਇਰਾਨੀ ਦੀ ਥਾਂ ਲੈਣਗੇ। ਅਨੁਰਾਗ ਠਾਕੁਰ ਪਹਿਲਾਂ ਵਾਂਗ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਰਹਿਣਗੇ।


ਝੁੱਗੀ ਨੂੰ ਅੱਗ ਲੱਗੀ, ਭੈਣ ਤੇ ਦੋ ਭਰਾਵਾਂ ਦੀ ਮੌਤ

ਬੱਚਿਆਂ ਨੂੰ ਛੱਡ ਕੇ ਝੁੱਗੀ ਤੋਂ ਬਾਹਰ ਦੌੜੇ ਮਾਪੇ

http://sameydiawaaz.com/Archive%20News/%5B2013%5D/04/01.04.2013%20-%2008.jpg

ਪੁਲੀਸ ਅਧਿਕਾਰੀ ਝੁੱਗੀ ਦੇ ਮਲਬੇ ਵੱਲ ਇਸ਼ਾਰਾ ਕਰਦਾ ਹੋਇਆ (ਫੋਟੋ: ਹਿਮਾਂਸ਼ੂ ਮਹਾਜਨ)

ਲੁਧਿਆਣਾ 31 ਮਾਰਚ (ਹਰਜੋਤ ਅਰੋੜਾ) :- ਨੇੜਲੇ ਪਿੰਡ ਭੱਟੀਆਂ ਵਿਖੇ ਅੱਜ ਰਾਤ ਢਾਈ ਵਜੇ ਇੱਕ ਝੁੱਗੀ ਨੂੰ ਅੱਗ ਲੱਗਣ ਕਾਰਨ ਤਿੰਨ ਸਕੇ ਭੈਣ-ਭਰਾਵਾਂ ਦੀ ਮੌਤ ਹੋ ਗਈ ਤੇ ਇੱਕ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ। ਮਰਨ ਵਾਲੇ ਬੱਚਿਆਂ ਦੀ ਪਛਾਣ ਸੋਨੂੰ (5), ਕਾਮਨਾ (14 ਮਹੀਨੇ) ਤੇ ਪਾਇਲ (3) ਵਜੋਂ ਹੋਈ ਹੈ। ਗੰਭੀਰ ਜ਼ਖ਼ਮੀ ਸੋਨੀਆ (7) ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ, ਜਿੱਥੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਬੱਚਿਆਂ ਦੇ ਪਿਤਾ ਕਮਲ (35) ਅਤੇ ਸੀਮਾ (30) ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 2.30 ਵਜੇ ਵਾਪਰੀ ਜਦੋਂ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੱਕਦਮ ਫੈਲਣ ਕਰਕੇ ਧੂੰਏਂ ਕਾਰਨ ਉਹ ਬੱਚਿਆਂ ਨੂੰ ਅੰਦਰ ਹੀ ਛੱਡ ਕੇ ਬਾਹਰ ਭੱਜ ਆਏ। ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ। ਝੁੱਗੀ ਦੇ ਨਾਲ ਹੀ ਰਹਿਣ ਵਾਲੇ ਅਮਨ ਨੇ ਦੱਸਿਆ ਕਿ ਝੁੱਗੀ ’ਚ ਮੋਮਬੱਤੀ ਦੇ ਪਿਘਲਣ ਤੋਂ ਬਾਅਦ ਉਸ ਦੇ ਥੱਲੇ ਪਏ ਸਟੂਲ ਨੂੰ ਅੱਗ ਲੱਗੀ ਤੇ ਬਾਅਦ ’ਚ ਝੁੱਗੀ ਅੱਗ ਦੀ ਲਪੇਟ ਵਿੱਚ ਆ ਗਈ। ਅੱਗ ਐਨੀ ਛੇਤੀ ਫੈਲੀ ਕਿ ਕੋਈ ਵੀ ਬੱਚਿਆਂ ਨੂੰ ਬਚਾ ਨਾ ਸਕਿਆ। ਥਾਣਾ ਲਾਡੋਵਾਲ ਦੇ ਐਸ.ਐਚ.ਓ.  ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਬੱਚਿਆਂ ਦੇ ਪਿਤਾ ਨੂੰ 8500 ਰੁਪਏ ਇਲਾਜ ਲਈ ਦਿੱਤੇ ਨੇ ਦੱਸਿਆ ਕਿ ਝੁੱਗੀ ਪਰਾਲੀ ਤੇ ਤਰਪਾਲ ਤੋਂ ਬਣੀ ਹੋਈ ਸੀ ਜਿਸ ਨੇ ਬਹੁਤ ਜਲਦੀ ਅੱਗ ਫੜ ਲਈ। ਸਰਪੰਚ ਹਜੂਰੀ ਬਾਗ ਕਲੋਨੀ ਵਿਨੋਦ ਮਲਹੋਤਰਾ, ਬਲਾਕ ਸਮਿਤੀ ਮੈਂਬਰ ਹਰਬੰਸ ਲਾਲ ਅਤੇ ਸਮਾਜ ਸੇਵਕ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਘਟਨਾ ਨਾਲ ਇਲਾਕੇ ’ਚ ਸੋਗ ਹੈ। ਇਹ ਪਰਿਵਾਰ ਬਹੁਤ ਗਰੀਬ ਹੈ ਤੇ ਕੁਝ ਦਿਨ ਪਹਿਲਾਂ ਹੀ ਇੱਥੇ ਆਇਆ ਸੀ।


ਕਣਕ ਭੰਡਾਰ ਤੇ ਖ਼ਰੀਦ ਸਮੱਸਿਆ ਲਈ ਕੇਂਦਰ ਜ਼ਿੰਮੇਵਾਰ: ਬਾਦਲ

ਮੁੱਖ ਮੰਤਰੀ ਵਲੋਂ ਪੰਚਾਇਤਾਂ ਸਰਬ ਸੰਮਤੀ ਨਾਲ ਚੁਣਨ ਦਾ ਸੱਦਾ

http://sameydiawaaz.com/Archive%20News/%5B2013%5D/04/01.04.2013%20-%2009.jpg

ਮੋਗਾ-ਫਿਰੋਜ਼ਪੁਰ-ਅੰਮ੍ਰਿਤਸਰ ਬਾਈਪਾਸ ਦਾ ਨੀਂਹ ਪੱਥਰ ਰੱਖਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਫੋਟੋ: ਰੱਤੀਆਂ)

ਮੋਗਾ 31 ਮਾਰਚ :- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਖ਼ਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਖਰੀਦੀ ਕਣਕ ਅਜੇ ਤੱਕ ਗੁਦਾਮਾਂ ਵਿੱਚੋਂ ਨਾ ਚੁੱਕਣ ਕਾਰਨ ਨਵੀਂ ਕਣਕ ਸਟੋਰ ਕਰਨ ਵਿੱਚ ਮੁਸ਼ਕਲ ਆਵੇਗੀ। ਇਸ ਲਈ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ।ਪਿੰਡ ਖੋਸਾ ਪਾਂਡੋ ਵਿਖੇ ਸੰਗਤ ਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਹ ਕਈ ਵਾਰ ਕੇਂਦਰ ਸਰਕਾਰ ਕੋਲ ਇਸ ਮੁਸ਼ਕਲ ਦਾ ਹੱਲ ਕਰਨ ਲਈ ਪਹੁੰਚ ਕਰ ਚੁੱਕੇ ਹਨ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਣਕ ਦੀ ਸੰਭਾਲ ਕਰਨ ਲਈ ਹਰ ਸੰਭਵ ਉਪਰਾਲਾ ਕਰੇਗੀ ਅਤੇ ਕਿਸਾਨ ਵੀ ਇਸ ਮੁਸ਼ਕਲ ਦੇ ਹੱਲ ਵਿੱਚ ਸਹਿਯੋਗ ਦੇਣ। ਪਹਿਲੀ ਅਪਰੈਲ ਤੋਂ ਕਣਕ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਹਾਲਾਂਕਿ ਮੰਡੀਆਂ ਵਿੱਚ ਕਣਕ ਤਕਰੀਬਨ ਇਕ ਹਫ਼ਤਾ ਲੇਟ ਆਉਣ ਦੀ ਉਮੀਦ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਵਾਰ ਮੌਸਮ ਚੰਗਾ ਹੋਣ ਕਰਕੇ ਸੂਬੇ ਵਿੱਚ ਕਣਕ ਦੀ ਪੈਦਾਵਾਰ ਵਧੇਗੀ। ਮੁੱਖ ਮੰਤਰੀ ਨੇ ਮੋਗਾ-ਫ਼ਿਰੋਜ਼ਪੁਰ ਰੋਡ ਤੋਂ ਮੋਗਾ-ਅੰਮ੍ਰਿਤਸਰ ਰੋਡ ਨੂੰ ਮਿਲਾਉਣ ਲਈ 5.91 ਕਰੋੜ ਦੀ ਲਾਗਤ ਨਾਲ ਬਣਨ ਵਾਲੇ 5.64 ਕਿਲੋਮੀਟਰ ਲੰਮੇ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਿਆ।ਪੰਚਾਇਤੀ ਚੋਣਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਪੰਚਾਇਤੀ ਚੋਣਾਂ ਸ਼ਾਂਤੀ ਪੂਰਵਕ ਕਰਾਉਣ ਲਈ ਸਰਕਾਰ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਪੰਚਾਇਤਾਂ ਸਰਬਸੰਮਤੀ ਨਾਲ ਚੁਣਨ। ਵਾਰਡਬੰਦੀ ਨੀਤੀ ਦੇ ਵਿਰੋਧ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਤਾਂ ਹਰ ਕੰਮ ਵਿੱਚ ਨੁਕਤਾਚੀਨੀ ਕਰਨੀ ਹੁੰਦੀ ਹੈ, ਚਾਹੇ ਉਹ ਕਿੰਨਾ ਵੀ ਚੰਗਾ ਕੰਮ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਵਾਰਡਬੰਦੀ ਬਾਰੇ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਇਹ ਤੈਅ ਸਮੇਂ ’ਤੇ ਕਰਨਾ ਚਾਹੀਦਾ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਅਕਾਲੀ-ਭਾਜਪਾ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਸਿਹਤ ਸਹੂਲਤਾਂ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਆਪਣਾ ਧਿਆਨ ਕੇਂਦਰਤ ਕੀਤਾ ਹੋਇਆ ਹੈ, ਜਿਸ ਦੀ ਬਦੌਲਤ ਪੰਜਾਬ ਜੋ ਪਹਿਲਾਂ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚੋਂ 14ਵੇਂ ਸਥਾਨ ’ਤੇ ਹੁੰਦਾ ਸੀ, ਹੁਣ ਪਹਿਲੇ ਸਥਾਨ ਉਤੇ ਆ ਗਿਆ ਹੈ। ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਲਈ ਵੀ ਭਾਰਤ ਸਰਕਾਰ ਦੀ ਇਕ ਏਜੰਸੀ ਨੇ ਪੰਜਾਬ ਨੂੰ ਅੱਵਲ ਦਰਜਾ ਦਿੱਤਾ ਹੈ।ਸ੍ਰੀ ਬਾਦਲ ਨੇ ਕਿਹਾ ਕਿ ਮੋਗਾ ਵਿੱਚ ਸੰਗਤ ਦਰਸ਼ਨਾਂ ਦੌਰਾਨ ਲੋਕਾਂ ਦੀਆਂ ਆਮ ਮੁਸ਼ਕਲਾਂ ਗੰਦੇ ਪਾਣੀ ਦਾ ਨਿਕਾਸ, ਧਰਮਸ਼ਾਲਾ, ਲਿੰਕ ਸੜਕਾਂ ਦੀ ਮੁਰੰਮਤ, ਬਿਜਲੀ, ਨਹਿਰੀ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਇਲਾਵਾ ਸਮਾਜ ਭਲਾਈ ਸਕੀਮਾਂ ਆਦਿ ਦੇ ਮਸਲੇ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ 95 ਫੀਸਦ ਮੁਸ਼ਕਲਾਂ ਦਾ ਮੌਕੇ ’ਤੇ ਹੀ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਬਾਕੀ ਮੰਗਾਂ ਪੂਰੀਆਂ ਕਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਲਈ 1700 ਕਰੋੜ ਰੁਪਏ ਦੀ ਵਿਆਪਕ ਯੋਜਨਾ ਸ਼ੁਰੂ ਕੀਤੀ ਹੈ।ਸ੍ਰੀ ਬਾਦਲ ਨੇ ਪਿੰਡ ਦੁਨੇਕੇ, ਬੁੱਕਣਵਾਲਾ, ਮੋਠਾਂਵਾਲੀ, ਸਾਫੂਵਾਲਾ, ਘੱਲ ਕਲਾਂ, ਰੱਤੀਆਂ, ਸਲੀਣਾਂ ਅਤੇ  ਖੋਸਾ ਪਾਂਡੋ ਤੋਂ ਇਲਾਵਾ ਮੋਗਾ ਸ਼ਹਿਰ ਦੇ ਵਾਰਡ ਨੰਬਰ 4, 6, 8, 9 ਤੇ 10 ਵਿੱਚ ਸੰਗਤ ਦਰਸ਼ਨ ਦੌਰਾਨ 2 ਕਰੋੜ ਰੁਪਏ ਤੋਂ ਵੱਧ ਦੀ ਗਰਾਂਟ ਵੰਡੀ। ਇਸ ਮੌਕੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ  ਜਥੇਦਾਰ ਤੋਤਾ ਸਿੰਘ ਤੇ ਜੋਗਿੰਦਰ ਪਾਲ ਜੈਨ, ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ, ਨਿਧੜਕ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਪ੍ਰਮੁੱਖ ਸਕੱਤਰ ਕੇ.ਜੀ.ਐਸ. ਚੀਮਾ, ਡੀ.ਸੀ. ਅਰਸ਼ਦੀਪ ਸਿੰਘ ਥਿੰਦ, ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਤੂਰ ਅਤੇ ਐਸ.ਪੀ. ਦਿਲਬਾਗ ਸਿੰਘ ਪੰਨੂ ਹਾਜ਼ਰ ਸਨ।


ਕੁੜੀਆਂ ਦੇ ਕਾਲਜ ਨੇੜੇ ਚਲਦੇ ਨੇ ਸ਼ਰਾਬ ਦੇ ਦੌਰ

http://sameydiawaaz.com/Archive%20News/%5B2013%5D/04/01.04.2013%20-%2011.jpg

ਲੜਕੀਆਂ ਦੇ ਕਾਲਜ ਨਾਲ ਬਣਿਆਬਰਨਾਲਾ ਕਲੱਬ

ਬਰਨਾਲਾ 31 ਮਾਰਚ (ਰਵਿੰਦਰ ਰਵੀ) :- ਇਥੇ ਸਰਕਾਰੀ ਜ਼ਮੀਨ ’ਤੇ ਅਮੀਰਾਂ ਲਈ ਬਣੇ ਬਰਨਾਲਾ ਕਲੱਬ ਵਿੱਚ ਰੋਜ਼ਾਨਾ ਬੇਨਿਯਮੀਆਂ ਦੇ ਖੁਲਾਸੇ ਹੋ ਰਹੇ ਹਨ।  ਨਿਯਮਾਂ ਨੂੰ ਛਿੱਕੇ ਟੰਗ ਕੇ ਉਸਾਰੀ ਕਲੱਬ ਦੀ ਬਹੁਮੰਤਵੀ ਤਿੰਨ ਮੰਜ਼ਿਲਾਂ ਇਮਾਰਤ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਹੁਣ ਇਸ ਕਲੱਬ ਨੂੰ ਗਲਤ ਤਰੀਕੇ ਨਾਲ ਸ਼ਰਾਬ ਦਾ ਲਾਇਸੈਂਸ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ। ਆਬਕਾਰੀ ਅਤੇ ਕਰ ਵਿਭਾਗ ਵੱਲੋਂ  ਨਿਯਮਾਂ ਨੂੰ ਅੱਖੋਂ ਪਰੋਖੇ ਕਰ ਕੇ ਇਸ ਕਲੱਬ ਨੂੰ ਸ਼ਰਾਬ ਵਰਤਾਉਣ ਦਾ ਲਾਇਸੈਂਸ ਦਿੱਤਾ ਗਿਆ ਹੈ। ਆਬਕਾਰੀ ਵਿਭਾਗ ਦੇ ਰਿਕਾਰਡ ਅਨੁਸਾਰ ਇਸ ਕਲੱਬ ਨੂੰ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਹਾਰਡ ਲਿੱਕਰ ਅਤੇ ਬੀਅਰ ਦੀ ਵਿਕਰੀ ਦਾ ਲਾਇਸੈਂਸ ਜਾਰੀ ਕੀਤਾ ਹੋਇਆ ਹੈ। ਚਾਰ ਏਕੜ ਵਿੱਚ ਫੈਲੇ ਇਸ ਕਲੱਬ ਦੀਆਂ ਕੰਧਾਂ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਨਾਲ ਲਗਦੀਆਂ ਹਨ। ਇਸ ਕਾਲਜ ਵਿੱਚ 1500 ਤੋਂ ਜ਼ਿਆਦਾ ਲੜਕੀਆਂ ਪੜ੍ਹ ਰਹੀਆਂ ਹਨ। ਕਾਲਜ ਦੇ ਹੋਸਟਲ ਵਿੱਚ ਕਈ ਅਧਿਆਪਕਾਵਾਂ ਸਮੇਤ 40 ਦੇ ਕਰੀਬ ਵਿਦਿਆਰਥਣਾਂ  ਰਹਿ ਰਹੀਆਂ ਹਨ। ਇਸ ਕਲੱਬ ਨਾਲ ਹੋਸਟਲ ਦੀ ਕੰਧ ਸਾਂਝੀ ਹੈ। ਕਲੱਬ ਦੀ ਬਾਹਰਲੀ ਕੰਧ ਨਾਲ ਹੀ ਕਾਲਜ ਪ੍ਰਿੰਸੀਪਲ ਦੀ ਰਿਹਾਇਸ਼ ਹੈ।ਆਬਕਾਰੀ ਵਿਭਾਗ ਦੇ ਨਿਯਮਾਂ ਅਨੁਸਾਰ ਜਦੋਂ ਕਿਸੇ ਹੋਟਲ, ਰੈਸਟੋਰੈਂਟ ਜਾਂ ਕਲੱਬ ਨੂੰ ਸ਼ਰਾਬ ਪਿਲਾਉਣ ਦਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਤਾਂ ਪਹਿਲਾਂ ਇਹ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਉਸ ਦੇ 50 ਮੀਟਰ ਦੇ ਘੇਰੇ ਅੰਦਰ ਕੋਈ ਸਕੂਲ, ਕਾਲਜ ਜਾਂ ਧਾਰਮਿਕ ਸਥਾਨ ਨਾ ਹੋਵੇ। ਅਮੀਰਾਂ ਦੇ ਇਸ ਕਲੱਬ ਦੇ ਮਾਮਲੇ ਵਿੱਚ ਇਨ੍ਹਾਂ ਸਾਰੇ ਨਿਯਮਾਂ ਨੂੰ ਦਰਕਿਨਾਰ ਕਰ ਕੇ ਸ਼ਰਾਬ ਪਿਲਾਉਣ ਦਾ ਲਾਇਸੈਂਸ ਜਾਰੀ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਇਸ ਕਲੱਬ ਦੇ ਕੁੱਲ 743 ਮੈਂਬਰ ਹਨ, ਜਿਨ੍ਹਾਂ ਨੂੰ  ਸ਼ਰਾਬ ਵਰਤਾਉਣ ਬਦਲੇ 150000 ਰੁਪਏ ਲਾਇਸੈਂਸ ਫੀਸ ਭਰੀ ਗਈ ਸੀ ਅਤੇ ਵੱਖ ਵੱਖ ਬਰਾਂਡ ਦੀ ਸ਼ਰਾਬ ਖਰੀਦਣ ਲਈ ਆਬਕਾਰੀ ਵਿਭਾਗ ਕੋਲ 303275 ਰੁਪਏ ਪਰਮਿਟ ਫ਼ੀਸ ਭਰੀ ਗਈ ਹੈ। ਕਲੱਬ ਨੇ ਬਾਕੀ ਚੀਜ਼ਾਂ ਸਮੇਤ ਸ਼ਰਾਬ ਦਾ ਬਣਦਾ ਟੈਕਸ ਵੀ ਜਮ੍ਹਾਂ ਕਰਾਇਆ ਹੈ। ਸ਼ਹਿਰ ਦੇ ਵਿਚਕਾਰ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਸਥਿਤ ਬਰਨਾਲਾ ਕਲੱਬ ਸ਼ਹਿਰ ਦੇ ਅਮੀਰਾਂ ਦਾ ਪ੍ਰਮੁੱਖ ਮਨੋਰੰਜਨ ਸਥਾਨ ਮੰਨਿਆ ਜਾਂਦਾ ਹੈ। ਕਦੇ ਸ਼ਹਿਰ ਦੇ ਲੋਕਾਂ ਦਾ ਪ੍ਰਮੁੱਖ ਖੇਡ ਮੈਦਾਨ ਰਹੇ ਇਸ ਸਪੋਰਟਸ ਕਲੱਬ ਦਾ ਨਾਂ ਵੀ ਬਦਲ ਦਿੱਤਾ ਗਿਆ ਤਾਂ ਜੋ ਆਮ ਲੋਕਾਂ ਦੀ ਇਸ ਕਲੱਬ ਤੱਕ ਪਹੁੰਚ ਸੀਮਤ ਕੀਤੀ ਜਾ ਸਕੇ। ਕਲੱਬ ਦੀ ਮੈਂਬਰਸ਼ਿਪ ਫੀਸ 70000 ਰੁਪਏ ਹੈ। ਗਜ਼ਟਿਡ ਅਫ਼ਸਰਾਂ ਅਤੇ ਕੁੱਝ ਖਾਸ ਵਰਗ ਦੇ ਲੋਕਾਂ ਨੂੰ ਮੈਂਬਰਸ਼ਿੱਪ ਫੀਸ ਵਿੱਚ ਕਾਫੀ ਰਿਆਇਤ ਦਿੱਤੀ ਜਾਂਦੀ ਹੈ। ਵੈਸੇ ਤਾਂ ਇਹ ਇਕ ਸਪੋਰਟਸ  ਅਤੇ ਫੈਮਲੀ ਕਲੱਬ ਹੈ ਜਿਸ ਵਿੱਚ ਮੈਂਬਰਾਂ ਲਈ ਕਾਫੀ ਖੇਡ ਸਹੂਲਤਾਂ ਵੀ ਮੌਜੂਦ ਹਨ ਪਰ ਹੁਣ ਇਸ ਕਲੱਬ ਦੀ ਅਸਲ ਪਛਾਣ ਰੈਸਟੋਰੈਂਟ ਅਤੇ ਖਾਸ ਕਰ ਕੇ ਇੱਥੇ ਵਰਤਾਈ ਜਾਂਦੀ ਸ਼ਰਾਬ ਬਣ ਗਈ ਹੈ। ਸ਼ਾਮ ਵੇਲੇ ਇਸ ਕਲੱਬ ਅੰਦਰ ਸ਼ਰਾਬ ਦੇ ਦੌਰ ਚਲਦੇ ਹਨ ਜੋ ਦੇਰ ਰਾਤ ਤੱਕ ਜਾਰੀ ਰਹਿੰਦੇ ਹਨ।ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾਈ ਪ੍ਰਧਾਨ ਗੁਰਬਖ਼ਸ ਕੌਰ ਸੰਘਾ, ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਅਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਨੇ ਕਿਹਾ ਕਿ ਸਰਕਾਰ ਇਕ ਪਾਸੇ ਤਾਂ ਨੰਨ੍ਹੀ ਛਾਂ ਵਰਗੀਆਂ ਸਕੀਮਾਂ ਚਲਾ ਕੇ ਲੋਕਾਂ ਨੂੰ ਲੜਕੀਆਂ ਦੇ ਹੱਕਾਂ ਪ੍ਰਤੀ ਜਾਗਰੂਕ ਕਰ ਰਹੀ ਹੈ ਪਰ ਦੂਜੇ ਪਾਸੇ ਲੜਕੀਆਂ ਦੇ ਕਾਲਜ ਨਜ਼ਦੀਕ ਬਣੇ ਬਰਨਾਲਾ ਕਲੱਬ ਨੂੰ ਸ਼ਰਾਬ ਪਿਲਾਉਣ ਦਾ ਲਾਇਸੈਂਸ ਜਾਰੀ ਕਰ ਕੇ ਮਹਿਫ਼ਲਾਂ ਸਜਾਉਣ ਦੀ ਇਜ਼ਾਜਤ ਦੇ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਕਲੱਬ ਦਾ ਤੁਰੰਤ ਲਾਇਸੈਂਸ ਰੱਦ ਕੀਤਾ ਜਾਵੇ।ਇਸ ਬਾਰੇ ਈ.ਟੀ.ਓ. ਐਸ.ਪੀ. ਪਹੂਜਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਜੇਕਰ ਵਿਭਾਗੀ ਨਿਯਮਾਂ ਦੇ ਉਲਟ ਬਰਨਾਲਾ ਕਲੱਬ ਨੂੰ ਲਾਇਸੈਂਸ ਜਾਰੀ ਕੀਤਾ ਗਿਆ ਹੈ ਤਾਂ ਇਸ ਦੀ ਪੜਤਾਲ ਕੀਤੀ ਜਾਵੇਗੀ। ਕਲੱਬ ਦੀ ਚੇਅਰਪਰਸਨ ਡਿਪਟੀ ਕਮਿਸ਼ਨਰ ਡਾ.ਇੰਦੂ ਮਲਹੋਤਰਾ ਨੇ ਮੰਨਿਆ ਕਿ ਇਸ ਕਲੱਬ ਵਿੱਚ ਸ਼ਰਾਬ ਵਰਤਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਨਿਯਮਾਂ ਤੋਂ ਉਲਟ ਹੈ ਤਾਂ ਉਨ੍ਹਾਂ ਵੱਲੋਂ ਆਬਕਾਰੀ ਤੇ ਕਰ ਵਿਭਾਗ ਅਤੇ ਕਲੱਬ ਦੇ ਅਹੁਦੇਦਾਰਾਂ ਤੋਂ ਇਸ ਦੀ ਰਿਪੋਰਟ ਮੰਗਵਾ ਕੇ ਪੜਤਾਲ ਕੀਤੀ ਜਾਵੇਗੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz